ਚਾਅ ਬਣਿਆ ਰਹਿਣਾ ਜ਼ਰੂਰੀ ਐ! ਮੇਰਾ ਵੀ..ਤੁਹਾਡਾ ਵੀ!!!

ਸਾਹਿਬ ਸਿੰਘ

(ਸਮਾਜ ਵੀਕਲੀ)

ਮੁੰਬਈ ਫਿਲਮ ਇੰਡਸਟਰੀ ਦਾ ਇਕ ਕਿੱਸਾ ਮੇਰੇ ਦਿਲ ਦੇ ਬਹੁਤ ਕਰੀਬ ਐ..ਦੋ ਐਕਟਰਾਂ ਦਾ ਕਿੱਸਾ..ਉਹਨਾਂ ਦੇ ਨਾਮ ਨਹੀਂ ਲੈਣੇ..ਕਿਉਂਕਿ ਅੱਜਕੱਲ੍ਹ ਕੋਈ ਪਤਾ ਨਹੀਂ ਕੌਣ ਕਿਹਦੇ ਨਾਮ ਤੋਂ ਗੱਲ ਘੁਮਾ ਕੇ ਪਾਸੇ ਲੈ ਜਾਵੇ..ਕਿੱਸਾ ਇਵੇਂ ਵਾਪਰਿਆ..ਇਕ ਐਕਟਰ ਨਵਾਂ ਨਵਾਂ ਪ੍ਰਸਿੱਧ ਹੋਇਆ ਸੀ..ਖੂਬ ਚਰਚਾ ‘ਚ ਸੀ..ਇਕ ਫਿਲਮ ਦੇ ਸੈੱਟ ‘ਤੇ ਤਿੰਨ ਕੁ ਘੰਟੇ ਦੇਰ ਨਾਲ ਪਹੁੰਚਣਾ ਉਹਨੇ ਆਪਣਾ ਹੱਕ ਸਮਝਿਆ..ਜਦੋਂ ਸੈੱਟ ‘ਤੇ ਪਹੁੰਚਿਆ ਤਾਂ ਉਥੇ ਸੁਪਰ ਸਟਾਰ ਐਕਟਰ ਵੈਨਿਟੀ ਤੋਂ ਬਾਹਰ ਇਕ ਕੁਰਸੀ ‘ਤੇ ਬੈਠਾ ਕੁੱਝ ਪੜ੍ਹ ਰਿਹਾ ਸੀ..

ਸੁਪਰ ਸਟਾਰ ਦੇ ਚਿਹਰੇ ‘ਤੇ ਲੰਬੀ ਨਕਲੀ ਦਾਹੜੀ ਲੱਗੀ ਹੋਈ ਸੀ ਤੇ ਉਹ ਇਕ ਪੁਰਾਣੇ ਕੰਬਲ ਦੀ ਬੁੱਕਲ ਮਾਰ ਕੇ ਬੈਠਾ ਸੀ..ਨਵੇਂ ਸਟਾਰ ਨੇ ਪੁੱਛਿਆ ,” ਤੁਸੀਂ ਏਨੀ ਜਲਦੀ ਤਿਆਰ ?..ਕਿਉਂ !”..ਸੁਪਰ ਸਟਾਰ ਦੇ ਜਵਾਬ ਦੇ ਦੋ ਹਿੱਸੇ ਸਨ..ਪਹਿਲਾ ” ਮੇਰੀ ਇਹ ਪੂਰੀ ਦਿਹਾੜੀ ਇਹਨਾਂ ਨੂੰ ਸਮਰਪਿਤ ਹੈ..ਕੰਮ ਕਰਵਾਉਣ ਜਾਂ ਨਾ..ਮੈਂ ਆਪਣਾ ਫਰਜ਼ ਨਿਭਾ ਰਿਹਾਂ!”..ਦੂਜਾ ” ਮੈਨੂੰ ਕਿਰਦਾਰ ਨਿਭਾਉਣ ਦਾ ਚਾਅ ਐ..ਆਈ ਐਮ ਐਕਸਾਈਟਡ!”..ਨਵਾਂ ਸਟਾਰ ਅੱਖਾਂ ਨੀਵੀਂਆਂ ਕਰ ਇਕ ਪਾਸੇ ਤੁਰ ਗਿਆ !

ਇਹ ਚਾਅ ਹੀ ਬੰਦੇ ਨੂੰ ਖਿੱਚੀ ਫਿਰਦੈ..ਕੱਲ੍ਹ ਜਦੋਂ ਬੰਗਾ ਵਲ ਨੂੰ ਰੁਖਸਤ ਹੋਇਆ ਤਾਂ ਸਰੀਰ ‘ਚ ਅਵੱਲਾ ਕਰੰਟ ਸੀ..ਵਾਰ ਵਾਰ ਆਪਣੀ ਹਾਕੀ ਤੇ ਬਾਕੀ ਸਮਾਨ ਚੈੱਕ ਕਰਾਂ..ਤਿੰਨ ਚਾਰ ਵਾਰ ਬਾਹਰਲੇ ਬੂਹੇ ਵਲ ਗਿਆ ..ਇਹ ਦੇਖਣ ਕਿ ਗੱਡੀ ਆ ਗਈ ਜਾਂ ਨਹੀਂ ..ਮੇਰਾ ਹਾਸਾ ਨਿਕਲ ਗਿਆ ..ਸ਼ੀਸ਼ੇ ਅੱਗੇ ਖੜ੍ਹ ਕੇ ਆਪਣੇ ਆਪ ਨੂੰ ਦੇਖਿਆ ,” ਠੀਕ ਤਾਂ ਹੈਂ ਸਾਹਿਬ ਸਿਆਂ!?..ਜੁਆਕਾਂ ਵਾਂਗ ਕਿਉਂ ਭੁੜਕ ਰਿਹੈੰ!”..ਪਰ ਅੰਦਰੋਂ ਏਦਾਂ ਲਗਦਾ ਸੀ ਜਿਵੇਂ ਪਹਿਲੀ ਵਾਰ ਸ਼ੋਅ ‘ਤੇ ਜਾਣਾ ਹੋਵੇ..ਇਕੋ ਈ ਤਾਂ ਸ਼ੋਅ ਕੈੰਸਲ ਕਰਨਾ ਪਿਆ ਸੀ..ਲਗਦਾ ਏਦਾਂ ਸੀ ਜਿਵੇਂ ਪਤਾ ਨਹੀਂ ਕਦੋਂ ਦਾ ਸਟੇਜ ਨੂੰ ਤਰਸ ਰਿਹੈੰ!..

ਤਲਵੰਡੀ ਫੱਤੂ ਪਹੁੰਚਿਆ ਤਾਂ ਨੌਜਵਾਨ ਚਾਅ ‘ਚ ਭੱਜੇ ਫਿਰਨ..ਪਿੰਡ ਦੇ ਬਾਹਰ ਹੀ ਗੱਡੀ ਰੋਕ ਲਈ ..ਕਹਿੰਦੇ ਰੁਕ ਜਾਓ, ਅਸੀਂ ਲੈਣ ਆ ਰਹੇ ਹਾਂ ..ਤੇ ਜਦੋਂ ਲੈਣ ਆਏ ਤਾਂ ਪਲਸ ਮੰਚ ਦਾ ਪ੍ਰਧਾਨ ਬਾਈ ਅਮੋਲਕ ਸਿੰਘ ਬਾਹਾਂ ਫੈਲਾਅ ਕੇ ਖੜ੍ਹਾ ਸੀ..ਕੋਈ ਮਿਸ਼ਰੀ ਭੇਂਟ ਕਰ ਰਿਹੈ..ਕੋਈ ਫਲ..ਕੋਈ ਦੁੱਧ..ਪਰ ਮੇਰਾ ਧਿਆਨ ਮੰਚ ਵਲ ਹੈ..ਜਲਦ ਤੋਂ ਜਲਦ ਨਾਟਕ ਸ਼ੁਰੂ ਕਰਨਾ ਚਾਹੁੰਦਾ ਹਾਂ ..ਗਲ਼ੇ ਦਾ ਇਮਤਿਹਾਨ ਵੀ ਤਾਂ ਲੈਣਾ ਸੀ..ਅਮੋਲਕ ਬਾਈ ਸਮਝ ਗਿਆ ..ਦੁੱਧ ਵਿਚੇ ਛੱਡ ਮੰਚ ‘ਤੇ ਜਾ ਚੜ੍ਹਿਆ ਤੇ ਪੰਜ ਮਿੰਟ ‘ਚ ਭੂਮਿਕਾ ਬੰਨ੍ਹ ਕੇ ਲੱਛੂ ਕਬਾੜੀਆ ਨੂੰ ਸੱਦ ਮਾਰੀ..ਲੱਛੂ ਹਾਜ਼ਰ ਹੈ ਜੀ..ਸਣੇ ਲਛਮਣ ਸਿੰਘ ਦੇ..ਸਣੇ ਆਪਣੀ ਮਾਂ ਪ੍ਰਸਿੰਨੀ ਦੇ ਲੱਕ ਦਰਦ ਦੇ..ਸਣੇ ਆਪਣੇ ਬਾਪ ਝਲਮਣ ਸਿੰਘ ਦੇ ਘੰਡ ‘ਚ ਫਸੀ ਚੀਖ ਦੇ..ਸਣੇ ਆਪਣੀ ਮਿੰਦੀ ਦੇ ਸਿਰ ‘ਤੇ ਚੁੱਕੀ “ਖਰੀਦੀ ਹੋਈ ਪੰਡ” ਦੇ…ਸਣੇ ਆਪਣੇ ਸ਼ਿੰਦੇ ਪੁੱਤ ਦੀ ਕਵਿਤਾਵਾਂ ਵਾਲ਼ੀ ਕਾਪੀ ਦੇ..ਸਣੇ ਕਬਾੜ ਦੇ…………..!

ਇਮਤਿਹਾਨ ਸੰਪੰਨ ਹੋਇਆ ..ਦਰਸ਼ਕਾਂ ਨੇ ਰੱਜਵੇਂ ਅੰਕ ਦੇ ਕੇ ਤੋਰਿਆ..ਖੱਬੇ ਪਾਸੇ ਬੈਠੀਆਂ ਲਗਭਗ ਦੋ ਸੌ ਮਾਵਾਂ ਭੈਣਾਂ ਧੀਆਂ ਜਦ ਕਿਸੇ ਸੰਵਾਦ ‘ਤੇ ਟਿਕਾਅ ਕੇ ਤਾੜੀ ਮਾਰਦੀਆਂ ਤਾਂ ਜਾਪਦੈ..ਮੈਰਿਟ ‘ਚ ਆ ਗਿਆਂ..ਰਾਤ ਦੇ ਹਨੇਰੇ ‘ਚ ਚੌਫੇਰੇ ਪਸਰੀ ਚੁੱਪ ‘ਚ ਜਦ ਨਾਟਕ ਦੇ ਸੰਵਾਦ ਗੂੰਜਦੇ ਐ ਤਾਂ ..ਤੁਹਾਨੂੰ ਕਿਵੇਂ ਦੱਸਾਂ ਮੈਨੂੰ ਕਿਨਾ ਚਾਅ ਚੜ੍ਹ ਜਾਂਦਾ …ਮੈਨੂੰ ਇਹ ਦ੍ਰਿਸ਼ ਹੀ ਬਹੁਤ ਪਿਆਰਾ ਲਗਦੈ..34 ਸਾਲਾਂ ਤੋਂ ਇਸ ਦ੍ਰਿਸ਼ ਦਾ ਸਰੂਰ ਕੈਮ ਐ

..ਪਿੰਡ ਇਸ ਦ੍ਰਿਸ਼ ‘ਚ ਬਹੁਤ ਸਿਆਣਾ ਤੇ ਸਾਊ ਜਾਪਦੈ..ਫਿਕਰਮੰਦ ਵੀ ਤੇ ਜਿਮੇਵਾਰ ਵੀ..ਮੇਰੇ ਪੰਜਾਬ ਦੇ ਪਿੰਡਾਂ ਨੂੰ ਇਹ ਦ੍ਰਿਸ਼ ਵਾਰ ਵਾਰ ਸਿਰਜਣ ਦੀ ਲੋੜ ਐ..ਹੂੜਮੱਤ ਤੇ ਸਵੈ ਬਰਬਾਦੀ ਦੇ ਇਸ ਦੌਰ ‘ਚ ਤਾਂ ਹੋਰ ਵੀ ਜ਼ਿਆਦਾ ਲੋੜ ਐ..
ਖੈਰ ਮੈਂ ਹੁਣ ਠੀਕ ਹਾਂ …ਚੜ੍ਹਦੀ ਕਲਾ ‘ਚ..ਚਾਅ ਬਰਕਰਾਰ ਐ..ਧੰਨਵਾਦ ਤਲਵੰਡੀ ਫੱਤੂ ਵਾਲ਼ੇ ਨੌਜਵਾਨੋ..ਤੇ ਸਮੂਹ ਪਿੰਡ ਵਾਸੀਓ..ਸਮਝਦਾਰੀਆਂ ਬਣੀਆਂ ਰਹਿਣ!
ਚਾਅ ਨਾਲ ਓਤਪੋਤ

ਸਾਹਿਬ ਸਿੰਘ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਏਹੁ ਹਮਾਰਾ ਜੀਵਣਾ ਹੈ -278
Next articleਸ਼ਾਇਰ ਕੰਵਰ ਇਕਬਾਲ ਸਿੰਘ ਨੇ ਪੰਜਾਬ ਦੇ ਖਜ਼ਾਨਾ ਮੰਤਰੀ ਸ੍ਰ. ਹਰਪਾਲ ਸਿੰਘ ਚੀਮਾ ਨਾਲ ਕੀਤੀ ਵਿਸ਼ੇਸ਼ ਮੁਲਾਕਾਤ