(ਸਮਾਜ ਵੀਕਲੀ)
ਲੁਧਿਆਣਾ ਪੁਰਾਣੇ ਸਮਿਆਂ ਤੋਂ ਗੀਤ ਸੰਗੀਤ ਤੇ ਸਾਹਿਤ ਰਚਣ ਵਿੱਚ ਸੰਸਾਰ ਭਰ ਵਿੱਚ ਮੋਢੀ ਰਿਹਾ ਹੈ। ਜੇ ਦੇਖਿਆ ਜਾਵੇ ਲੁਧਿਆਣੇ ਦੇ ਆਸ ਪਾਸ ਤੋਂ ਬਹੁਤ ਵੱਡੇ ਗੀਤਕਾਰ ਤੇ ਸਾਹਿਤਕਾਰ ਹੋਏ ਹਨ , ਤੇ ਉਹਨਾਂ ਦੀਆ ਪੈੜਾਂ ਤੇ ਚਲਦਿਆਂ ਹੋਇਆਂ ਅੱਜ ਕੱਲ੍ਹ ਵੀ ਬਹੁਤ ਕਲਮਾਂ ਇਸੇ ਖੇਤਰ ਤੋਂ ਚਰਚਾ ਵਿੱਚ ਹਨ। ਪੰਜਾਬੀ ਸਾਹਿਤ ਦਾ ਮਾਣ ਬਣ ਰਹੀਆਂ ਇਹਨਾਂ ਕਲਮਾਂ ‘ਚ ਅੱਜ ਕੱਲ੍ਹ ਇੱਕ ਕਲਮ ‘ਨਾਬਰੀ ਦਾ ਗੀਤ ‘ ਸੰਗ੍ਰਹਿ ਲਿਖਣ ਵਾਲੀ ਕਲਮ ਜਗਤਾਰ ਸਿੰਘ ਹਿੱਸੋਵਾਲ ਵੀ ਹੈ। ਇਹ ਕਲਮ ਥੋੜੇ ਜਿਹੇ ਸਮੇਂ ਚ ਵੱਡੀਆਂ ਸਾਹਿਤਕ ਪੁਲਾਘਾਂ ਪੁੱਟ ਕੇ ਮੂਹਰਲੀ ਕਤਾਰ ਵਿੱਚ ਆਪਣਾ ਨਾਮ ਦਰਜ਼ ਕਰਵਾ ਚੁੱਕੀ ਹੈ।ਇਸ ਕਲਮ ਦਾ ਜੀਵਨ ਪੇਂਡੂ ਕਲਚਰ ਨਾਲ ਸਬੰਧਤ ਹੈ । ਅਤੇ ਛੋਟੇ ਹੁੰਦਿਆਂ ਤੋਂ ਹੀ ਮੇਹਨਤਕਸ਼ ਲੋਕਾਂ ਦੇ ਜੀਵਨ ਦੇ ਦਰਦ ਨੂੰ ਪਛਾਨਣ ਵਾਲਾ ਰਿਹਾ ਹੈ।ਉਸਨੇ ‘ਨਾਬਰੀ ਦਾ ਗੀਤ’ ਪੁਸਤਕ ਦੀਆਂ ਰਚਨਾਵਾਂ ਵਿਚ ਏਸੇ ਸੋਚ ਨੂੰ ਕਵਿਤਾਵਾਂ ਰਾਹੀਂ ਉਜਾਗਰ ਕੀਤਾ ਹੈ ।
ਕਵਿਤਾਵਾਂ ਪੜ੍ਹਦਿਆਂ ਇਹ ਇਹ ਸੁਆਲ ਮਨ ਮਸਤਕ ਵਿਚ ਸਹਿਜ ਹੀ ਉੱਭਰਦੇ ਹਨ ਕਿ ਅਜ਼ਾਦੀ ਕੀ ਸੀ ? ਅਤੇ ਆਜ਼ਾਦੀ ਤੋਂ ਬਾਅਦ ਆਜ਼ਾਦੀ ਦਾ ਨਿੱਘ ਮੇਹਨਤਕਸ ਲੋਕਾਂ ਨੇ ਮਾਣਿਆ ਕਿ ਨਹੀਂ ? ਇਹ ਤਾਂ ਸਪਸ਼ਟ ਹੈ ਕਿ ਪੂੰਜ਼ੀਪਤੀ ਲੋਕ ਹੋਰ ਸਰਮਾਏਦਾਰ ਹੋ ਗੲੇ ਹਨ। ਅਤੇ ਗਰੀਬ ਦੀ ਜ਼ਿੰਦਗੀ ਵੱਡੇ ਸਰਮਾਏਦਾਰੀ ਦੇ ਹੱਥਾਂ ਦੀ ਮੁਹਤਾਜ਼ ਬਣ ਕੇ ਰਹਿ ਗਈ ਹੈ ।ਇਹ ਸੱਭ ਕੁਝ ਕਵੀ ਨੇ ‘ਨਾਬਰੀ ਦਾ ਗੀਤ’ ਵਿੱਚ ਸੁੱਚੇ ਮੋਤੀਆਂ ਦੀ ਮਾਲਾ ਵਾਂਗ ਢੁਕਵੀਆਂ ਕਵਿਤਾਵਾਂ ਵਿਚ ਪਰੋਇਆ ਹੈ। ਆਓ ਇਸ ਕਲਮ ਤੋਂ ਚੋਣਵੀਆਂ ਕਵਿਤਾਵਾਂ ਦੀ ਵੰਨਗੀ ਤੇ ਝਾਤ ਪਾਉਦੇਂ ਹਾਂ –
***
ਕਵਿਤਾ ‘ਨਾਬਰੀ ਦਾ ਗੀਤ’ ਵਿੱਚੋਂ
ਮੈਂ ਤਾਂ ਚੜ੍ਹਦੇ ਸੂਰਜ ਦੀ ਲਾਲੀ ਹਾਂ,
ਤਪ ਜਾਵਾਂਗਾ ਜੇਠ ਹਾੜ੍ਹ ਦੀ
ਦੁਪਹਿਰ ਵਾਂਗ,
ਸੋਚੋ ਜਰਾ,
ਤੁਸੀਂ ਆਪਣੇ ਆਪ ਦਾ ਕੀ ਕਰੋਗੇ।
ਮੈਂ ਤਾਂ ਨਾਬਰੀ ਦਾ ਗੀਤ ਹਾਂ,
ਇਸ ਨਾਬਰੀ ਦੇ ਗੀਤ ਦਾ ਕੀ ਕਰੋਗੇ ?
ਫਿਰ ਅੰਦਰਲਾ ਹਾਉਕਾ
ਕਰਵਟ ਲੈਂਦਾ ਹੈ
“ਯਾ ਮੌਲਾ
ਕਦੀ ਤਾਂ ਇਧਰ ਵੀ ਨਜ਼ਰ ਕਰ
ਮੈਂ ਕਿੱਥੇ ਕਿੱਥੇ ਥਾਹ ਪਾਵਾਂ,
ਪੁਸ਼ਤ ਦਰ ਪੁਸ਼ਤ
ਸਫ਼ਰ ਇਸ ਟੀਸ ਦਾ ਹੈ ਕਿ
ਮੁੱਕਦਾ ਹੀ ਨਹੀਂ।
***
ਕਵਿਤਾ ‘ਵਿਰਾਸਤ’ ਵਿੱਚੋਂ
ਅੱਜ ਪਿੰਡੋਂ ਖ਼ਬਰ ਆਈ ਹੈ
ਪੀਤੂ ਹਮੇਸ਼ਾ ਲਈ ਤੁਰ ਗਿਆ ਹੈ
ਅੱਧਾ ਅਧੂਰਾ।
ਅੱਧਾ ਤਾਂ ਉਹ ਉਦੋਂ ਹੀ ਤੁਰ ਗਿਆ ਸੀ
ਜਦੋਂ ਜ਼ਿਮੀਂਦਾਰ ਦੇ ਖੇਤ ਵਿੱਚ ਕਣਕ ਕੱਢਦਿਆਂ
ਉਸਦੀਆਂ ਦੋਵੇਂ ਬਾਹਵਾਂ
ਹੜੰਬੇ ਵਿੱਚ ਆ ਗਈਆਂ।
ਖਿੰਡ ਗਈਆਂ ਕਣਕ ਦੇ ਬੋਹਲ਼ ਤੇ,
ਤੂੜੀ ਦੇ ਢੇਰ ਤੇ।
***
ਕਵਿਤਾ ‘ਉਧਾਲਾ’ ਵਿੱਚੋ
ਤਕਰੀਰਾਂ ਤਾਂ ਹੁੰਦੀਆਂ ਨੇ
ਵਕਤੀ ਸਵਾਰਥ ਜਾਂ ਮਾਅਰਕੇਬਾਜੀ।
ਅੱਵਲ ਅੱਲ੍ਹਾ ਨੂਰ ਉਪਾਇਆ
ਜਾਂ ਬੇਗਮਪੁਰਾ ਸਹਰ ਕੋ ਨਾਉ
ਕਿਸੇ ਹੋਰ ਦੇਸ਼,
ਹੋਰ ਸਮਾਜ ਦੀਆਂ ਗੱਲਾਂ ਨੇ।
ਇਹ ਤਾਂ,
ਸ਼ਾਸ਼ਤਰਾਂ ਵਿੱਚ ਹੀ ਸ਼ੋਭਦੀਆਂ ਨੇ।
***
ਕਵਿਤਾ ‘ਵਤਨ ਪ੍ਰਸਤੀ ਦਾ ਸਬਕ਼ ‘ ਵਿੱਚੋਂ
ਉਹ ਖੂਨ ਜਿਸਦੀ ਹੋਂਦ ਵਿੱਚ
ਸਰਬੰਸਦਾਨੀ ਦੀ ਵੰਗਾਰ ਹੋਵੇ,
ਜਿੰਨ੍ਹਾਂ ਹਰ ਸੱਖਣੇ ਚੁੱਲ੍ਹੇ ਲਈ
ਦੇਸ਼ ਦੇ ਸਿਰ ਤੋਂ
ਭੁੱਖ ਦਾ ਸੁਆਲ ਮੇਟ,
ਲਾਇਆ ਅੰਨ ਦਾ ਢੇਰ ਹੋਵੇ,
ਜਿੰਨ੍ਹਾਂ ਦੇ ਹਲਾਂ ਦੀ ਅਜੇ ਵੀ
ਨਾ ਹੋਈ ਨੋਕ ਖੁੰਡ੍ਹੀ,
ਜਿੰਨ੍ਹਾਂ ਦੇ ਪੁੱਤਾਂ ਦੀ ਹਾਲੇ ਵੀ
ਸਰਹੱਦ ਤੋਂ ਆਉੰਦੀ ਹੈ
ਤਿਰੰਗੇ ‘ਚ ਲਾਸ਼ ਲਿਪਟੀ
ਉਨ੍ਹਾਂ ਨੂੰ ਵਤਨ ਪ੍ਰਸਤੀ ਦਾ
ਤੁਸੀਂ ਕੀ ਸਬਕ ਸਿਖਾਉੰਗੇ।
ਜਗਤਾਰ ਸਿੰਘ ਹਿੱਸੋਵਾਲ ਇੱਕ ਕਵੀ ਤੇ ਕਹਾਣੀਕਾਰ ਤੌਰ ਤੇ ਸਾਹਮਣੇ ਉੱਭਰਕੇ ਆਇਆ ਹੈ। ਜੇ ਕਹਾਣੀਆਂ ਦੀ ਗੱਲ ਕਰੀਏ ਤਾਂ ਕਹਾਣੀਆ ਸਮਾਜਿਕ ਤੇ ਪੇਡੂੰ ਵਿਸ਼ੇ ਉਪਰ ਹਨ ਜੋ ਅੱਜਕਲ੍ਹ ਸਮੇਂ ਦਾ ਵਰਤਾਰਾ ਚਲ ਰਿਹਾ ਹੈ ।ਉਹਨਾਂ ਵਿਸ਼ਿਆ ਨੂੰ ਹੀ ਛੋਹਦਾਂ ਹੈ ਜੋ ਸਚੇਤ ਤੇ ਸੇਧ ਦੇਣ ਦਾ ਕੰਮ ਕਰ ਜਾਂਦੇ ਹਨ। ਜਗਤਾਰ ਸਿੰਘ ਹਿੱਸੋਵਾਲ ਸਮੇਂ ਦੀ ਹਿੱਕ ਤੇ ਸਵਾਰ ਹੋ ਕੇ ਲਿਖਣ ਦਾ ਆਦੀ ਵੀ ਹੈ ਜੋ ਸਮੇਂ ਚ ਵਾਪਰ ਰਹੀਆਂ ਘਟਨਾਵਾਂ ਨੂੰ ਵੀ ਆਪਣੀ ਸੋਚ ਮੁਤਾਬਕ ਕਹਾਣੀ ਜਾਂ ਕਵਿਤਾ ਦੇ ਰੂਪ ਚ ਲਿਖਦਾ ਹੈ।
ਪੁਲੀਸ ਮਹਿਕਮੇ ਵਿਚ ਨੌਕਰੀਂ ਤੇ ਬਿਰਾਜਮਾਨ ਹੋਣ ਕਰਕੇ ਜਗਤਾਰ ਸਿੰਘ ਹਿੱਸੋਵਾਲ ਨੇ ਇਹ ਵੀ ਸਿੱਧ ਕਰ ਵਿਖਾਇਆ ਹੈ ਕਿ ਕਾਵਿ ਕਲਾ ਕਿਸੇ ਕਿੱਤੇ ਜਾਂ ਖੇਤਰ ਦੀ ਗ਼ੁਲਾਮ ਨਹੀਂ ਇਹ ਇਹ ਵਿਰਸੇ ਚ ਪਰਮਾਤਮਾ ਦੀ ਦਿੱਤੀ ਹੋਈ ਦਾਤ ਕਲਾ ਹੈ। ‘ਨਾਬਰੀ ਦਾ ਗੀਤ’ ਪੁਸਤਕ ਨੂੰ ਪੜਨ ਤੇ ਪਤਾ ਲੱਗਾ ਕੇ ਇਸ ਕਲਮ ਤੋਂ ਪਹਿਲਾਂ ਵੀ ਇੱਕ ਪੁਸਤਕ ਲਿਖੀ ਗਈ ਹੈ।
‘ਬੋਧ ਗਯਾ ਤੋਂ ਗਿਆਨ ਦੀ ਧਾਰਾ’ ਇਸ ਪੁਸਤਕ ਦੇ ਸਿਰਲੇਖ ਤੋਂ ਮਹਿਸੂਸ ਹੁੰਦਾਂ ਹੈ ਕਿ ਇਸ ਵਿੱਚ ਜ਼ਰੂਰ ਗਾਗਰ ਵਿੱਚ ਸਾਗਰ ਬੰਦ ਕੀਤਾ ਹੋਏਗਾ ਕਿਉਂਕਿ ਇਹ ਏਸ਼ੀਆ ਦੇ ਚਾਨਣ ਗੌਤਮ ਬੁੱਧ ਦੇ ਜੀਵਨ ਦੇ ਆਧਾਰ ਤੇ ਹੈ ਤੇ ਸੁੱਚੇ ਮੋਤੀਆਂ ਦੇ ਨਾਮ ਹੇਠ ਦੋ ਸਾਲ ਅਜੀਤ ਅਖਬਾਰ ਵਿੱਚ ਛਪਦੀ ਰਹੀ ਹੈ ।ਇਸ ਕਿਤਾਬ ਦਾ ਦੂਜਾ ਐਡੀਸ਼ਨ ਕੀਤਾ ਜਾ ਰਿਹਾ ਹੈ। ਇਹ ਲੇਖਕ ਦੀ ਸੋਚ ਨੂੰ ਸੂਖ਼ਮ ਤੇ ਆਤਮਿਕ ਬਿਬੇਕ ਬੁੱਧ ਦਾ ਪਰਗਟਾਵਾ ਕਰਦੀ ਹੈ।
ਜਗਤਾਰ ਸਿੰਘ ਹਿੱਸੋਵਾਲ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਸਭਿਆਚਾਰਕ ਮੰਚ ਮੁੱਲਾਂਪੁਰ ਦੀ ਸਥਾਪਨਾ ਵੀ ਕੀਤੀ ਹੈ। ਜਗਤਾਰ ਸਿੰਘ ਹਿੱਸੋਵਾਲ ਵਲੋਂ ਲੌਕਡਾਊਨ ਦੌਰਾਨ ਬਣਾਈਆਂ ਲਘੂ ਫ਼ਿਲਮਾਂ ‘ਮਾਸਕ- ਇੱਕ ਸੁਨੇਹਾ ‘ ਅਤੇ ‘ ਦਰਦ ਤੋਂ ਰੌਸ਼ਨੀ ਤੱਕ ‘ ਅਤੇ ਕਵਿਤਾ ਬਾਪੂ ਵਾਂਗ ਖਤਮ ਨਹੀਂ ਹੋਵਾਂਗਾ ਦੇ ਅਧਾਰਿਤ ਲਘੂ ਫ਼ਿਲਮ ‘ਬਾਪੂ’ ਯੂ ਟਿਊਬ ਤੇ ਦੇਖੀ ਜਾ ਸਕਦੀ ਹੈ। ਹਾਲ ਹੀ ਗਾਇਕਾ ਰਿਮਝਿਮ ਕਾਂਸਲ ਵਲੋਂ ਗਾਇਆ ਗੀਤ ‘ਵੇ ਰਾਜਿਆ’ ਯੂ ਟਿਊਬ ਤੇ ਸੁਣਿਆ ਜਾ ਸਕਦਾ ਹੈ। ਜਗਤਾਰ ਸਿੰਘ ਹਿੱਸੋਵਾਲ ਪੰਜਾਬੀ ਮਾਂ ਬੋਲੀ ਨੂੰ ਪੂਰਨ ਸਮਰਪਿਤ ਹੈ ਤੇ ਸਾਹਿਤ ਨੂੰ ਇਸ਼ਕ ਕਰਨ ਵਾਲੀ ਮਾਣਮੱਤੀ ਸਖਸ਼ੀਅਤ ਹੈ।
ਲੇਖਕ ਜਗਤਾਰ ਸਿੰਘ ਹਿੱਸੋਵਾਲ ਦਾ ਜਨਮ ਬਹੁਤ ਹੀ ਗਰੀਬ ਪਰ ਮਿਹਨਤਕਸ਼ ਪਰਿਵਾਰ ਸਵ. ਸ. ਦਰਬਾਰਾ ਸਿੰਘ ਅਤੇ ਮਾਤਾ ਸਵ. ਸ੍ਰੀਮਤੀ ਨਸੀਬ ਕੌਰ ਦੇ ਘਰ ਪਿੰਡ ਹਿੱਸੋਵਾਲ ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ ਅਤੇ ਹੁਣ ਉਹ ਸਿੰਗਲਾ ਇਨਕਲੇਵ, ਮੁੱਲਾਂਪੁਰ ਵਿਖੇ ਆਪਣੀ ਬਹੁਤ ਹੀ ਸੁਘੜ ਸਿਆਣੀ ਪਤਨੀ ਸ੍ਰੀਮਤੀ ਲਖਵੀਰ ਕੌਰ ਅਤੇ ਬੇਟਿਆਂ ਹਰਮਨਜੀਤ ਸਿੰਘ ਅਤੇ ਗੁਰਿੰਦਰਜੀਤ ਸਿੰਘ ਨਾਲ ਰਹਿ ਰਿਹਾ ਹੈ।
ਹਿੱਸੋਵਾਲ ਦਾ ਕਹਿਣਾ ਹੈ ਕਿ ਉਸ ਦੇ ਮਨ ਅੰਦਰ ਉਕਾਬ ਵਾਂਗ ਉੱਡਣ ਦੀ ਇੱਛਾ ਹੈ। ਉਸਦੀਆਂ ਬਹੁਤ ਸਾਰੀਆਂ ਯੋਜਨਾਵਾਂ ਹਨ । ਕਾਮਨਾ ਕਰਦੇ ਹਾਂ ਕਿ ਹਿੱਸੋਵਾਲ ਨੂੰ ਅੱਗੇ ਵਧਣ ਲਈ ਸ਼ਕਤੀ ਅਤੇ ਸਮਰੱਥਾ ਬਖਸ਼ਿਸ਼ ਕਰੇ। ਭਵਿੱਖ ਵਿੱਚ ਇਸ ਕਲਮ ਤੋਂ ਸਾਹਿਤਕ ਜਗਤ ਨੂੰ ਬਹੁਤ ਉਮੀਦਾਂ ਹਨ। ਮੈਂ ਆਸ ਕਰਦਾ ਆਂ ਇਹ ਕਲਮ ਸਹਿਤਕ ਬਲੰਦੀਆਂ ਨੂੰ ਛੂਹਦੀਂ ਹੋਈ ਇਸੇ ਤਰਾਂ ਅੱਗੇ ਵਧਦੀ ਜਾਵੇ।
ਗੁਰਚਰਨ ਸਿੰਘ ਧੰਜ਼ੂ ਪਟਿਆਲਾ
99144 63576
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly