11ਮਾਰਚ ਨੂੰ ਕਵਿੱਤਰੀ ਅਨੰਤ ਗਿੱਲ ਭਲੂਰ ਪੜ੍ਹੇਗੀ  ‘ਆਲ ਇੰਡੀਆ ਰੇਡੀਓ ਬਠਿੰਡਾ’ ਤੋਂ ਆਪਣੀ ਕਵਿਤਾ 

ਮੋਗਾ/ਭਲੂਰ  (ਬੇਅੰਤ ਗਿੱਲ) ’35 ਅੱਖਰ ਲੇਖਕ ਮੰਚ ਭਲੂਰ’ ਅਤੇ ‘ਨੌਜਵਾਨ ਸਾਹਿਤ ਸਭਾ ਭਲੂਰ’ ਦੀ ਮੋਹਰੀ ਤੇ ਸਰਗਰਮ ਕਵਿੱਤਰੀ ਅਨੰਤ ਗਿੱਲ ਪਿਛਲੇ ਲੰਬੇ ਸਮੇਂ ਤੋਂ ਨਿਰੰਤਰ ਸਾਹਿਤਕ ਸਫ਼ਰ ‘ਤੇ ਚੱਲਦਿਆਂ ਆਪਣੀਆਂ ਮਿਆਰੀ ਤੇ ਖ਼ੂਬਸੂਰਤ ਰਚਨਾਵਾਂ ਸਦਕਾ ਚਰਚਾ ਵਿੱਚ ਹੈ। ਉਸਦੀ ਕਵਿਤਾ ਅਕਸਰ ਹੀ ਪੰਜਾਬੀ ਦੇ ਅਖ਼ਬਾਰਾਂ , ਰਸਾਲਿਆਂ ਅਤੇ ਮੈਗਜ਼ੀਨਾਂ ਵਿਚ ਪ੍ਰਕਾਸ਼ਿਤ ਹੋ ਰਹੀ ਹੈ। ਪਾਕਿਸਤਾਨ ਦੇ ਉਰਦੂ ਰਸਾਲਿਆਂ ਵਿਚ ਵੀ ਉਸਨੂੰ ਛਪਣ ਦਾ ਮਾਣ ਪ੍ਰਾਪਤ ਹੈ। ਉਸਦੀ ਕਵਿਤਾ ਨੂੰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਰੰਗ ਚੜ੍ਹਿਆ ਹੋਇਆ ਹੈ। ਉਸਦੀ ਕਵਿਤਾ ਵਿਚ ਲੋਕਾਈ ਦਾ ਦਰਦ ਝਲਕਦਾ ਹੈ। ਉਸਦੀ ਕਵਿਤਾ ਵਿਚ ਕਿਰਤੀਆਂ, ਕਿਸਾਨਾਂ, ਮਜ਼ਦੂਰਾਂ ਤੇ ਲਿਤਾੜੇ ਹੋਏ ਲੋਕਾਂ ਦੇ ਦੁੱਖਾਂ, ਤਕਲੀਫਾਂ ਤੇ ਪੀੜਾਂ ਦਾ ਜ਼ਿਕਰ ਆਮ ਮਿਲਦਾ ਹੈ। ਜ਼ਿਕਰਯੋਗ ਹੈ ਕਿ ਸ਼ਾਇਰਾ ਅਨੰਤ ਗਿੱਲ ਦੀ ਪੁਸਤਕ ‘ਪੈਰਾਂ ਹੇਠਲਾ ਅੰਬਰ’ ਨਾਂਅ ਹੇਠ ਜਲਦ ਪ੍ਰਕਾਸ਼ਿਤ ਹੋ ਰਹੀ ਹੈ।
ਇੱਥੇ ਗੱਲਬਾਤ ਦੌਰਾਨ ‘ਨੌਜਵਾਨ ਸਾਹਿਤ ਸਭਾ ਭਲੂਰ’ ਅਤੇ ’35 ਅੱਖਰ ਲੇਖਕ ਮੰਚ ਭਲੂਰ’ ਦੇ ਨੁਮਾਇੰਦੇ ਕਹਾਣੀਕਾਰ ਜਸਕਰਨ ਲੰਡੇ ਅਤੇ ਲੇਖਕ ਸਤਨਾਮ ਸ਼ਦੀਦ ਸਮਾਲਸਰ ਨੇ ਕਿਹਾ ਕਿ ਸ਼ਾਇਰਾ ਅਨੰਤ ਗਿੱਲ ‘ਔਰਤ ਦੀ ਅਸਲ ਆਜ਼ਾਦੀ’ ਦੇ ਅਰਥਾਂ ਨੂੰ ਚੰਗੀ ਤਰਾਂ ਸਮਝਦੀ ਹੈ, ਉਹ ਮਰਦਾਂ ਨੂੰ ਮਿਹਣੇ ਮਾਰਨ ਲਈ ਨਹੀਂ ਸਗੋਂ ਸਮਾਜ ਨੂੰ ਬਿਹਤਰ ਤੇ ਖ਼ੂਬਸੂਰਤ ਬਣਾਉਣ ਲਈ ਕਲਮ ਚੁੱਕਦੀ ਹੈ। ਉਹ ਨਿੱਤ ਦਿਨ ਲੁੱਟੀ ਜਾ ਰਹੀ ‘ਕਿਰਤ’ ਬਾਬਤ ਮਿਹਨਤਕਸ਼ ਕਾਮਿਆਂ ਨੂੰ ਜਾਗਰੂਕ ਕਰਨ ਲਈ ਕਲਮ ਚੁੱਕਦੀ ਹੈ। ਸਮੇਂ ਦੇ ਹਾਕਮਾਂ ਨੂੰ ‘ਪੰਜਾਬ ਦੀ ਮਿੱਟੀ ਦੇ ਪੁੱਤ’ ਬਣਕੇ ਚੱਲਣ ਦਾ ਹੋਕਾ ਦਿੰਦੀ ਹੈ। ਕਵਿੱਤਰੀ ਅਨੰਤ ਗਿੱਲ ਲਈ ਕਵਿਤਾ ਲਿਖਣਾ ‘ਸ਼ੌਕ’ ਨਹੀਂ, ਕਵਿਤਾ ਲਿਖਣਾ ਉਸਦਾ ਜਨੂੰਨ ਹੈ, ਜਜ਼ਬਾ ਹੈ। ਹੈਂਕੜਬਾਜਾਂ, ਵਿਹਲੜਾਂ ਅਤੇ ਅਨਿਆਂ ਦੇ ਪੁਜਾਰੀਆਂ ਖਿਲਾਫ਼ ਕਵਿਤਾ ਲਿਖਣ ਨੂੰ ਉਹ ਆਪਣਾ ‘ਫਰਜ਼’ ਆਖਦੀ ਹੈ। ਉਸਦਾ ਮੰਨਣਾ ਹੈ ਕਿ ਕਲਮ ਦੀ ਜੁਅੱਰਤ ਵਿੱਚੋਂ ਯੋਧੇ, ਸੂਰਮੇ, ਮਹਾਂਬਲੀ ਤੇ ਦਲੇਰ ਜਨਮਦੇ ਹਨ। ਕਲਮ ਹੀ ਝੂਠ ਖ਼ਿਲਾਫ਼ ਅਵਾਜ਼ ਬੁਲੰਦ ਕਰਨ ਦੀ ਸ਼ਕਤੀ ਦੇ ਸੋਮੇ ਪ੍ਰਦਾਨ ਕਰਦੀ ਹੈ।
ਜਾਣਕਾਰੀ ਅਨੁਸਾਰ ਦੱਸ ਦੇਈਏ ਕਿ ਮਿਤੀ 11 ਮਾਰਚ 2024 ਦਿਨ ਸੋਮਵਾਰ ਨੂੰ ਆਪਣੇ ਪਿੰਡ ਭਲੂਰ ਦੀ ਮਿੱਟੀ ਨਾਲ ਮੋਹ ਰੱਖਣ ਵਾਲੀ ਕਵਿੱਤਰੀ ਅਨੰਤ ਗਿੱਲ ਵੱਲੋਂ ‘ਆਲ ਇੰਡੀਆ ਰੇਡੀਓ ਬਠਿੰਡਾ’ ਤੋਂ ਆਪਣੀ ਕਵਿਤਾ ਪੇਸ਼ ਕੀਤੀ ਜਾਵੇਗੀ। ਦੱਸਣਾ ਬਣਦਾ ਹੈ ਕਿ ਖੇਤੀਬਾੜੀ ਵਿਕਾਸ ਮੰਤਰਾਲਾ ਭਾਰਤ ਸਰਕਾਰ ਵੱਲੋਂ ਇਕ ਵਿਸ਼ਾਲ ਕਿਸਾਨ-ਵਾਣੀ ਕਵੀ ਦਰਬਾਰ ਕਰਵਾਇਆ ਜਾ ਰਿਹਾ ਹੈ ਅਤੇ ਇਸਨੂੰ ਵਿਕਾਸ ਮੰਤਰਾਲਾ ਦੁਆਰਾ ਸਪੌਂਸਰ ਕੀਤਾ ਗਿਆ ਹੈ। ਸ੍ਰੀ ਬਲਜੀਤ ਸ਼ਰਮਾ ਇਸ ਪ੍ਰੋਗਰਾਮ ਦੇ ਪ੍ਰੋਡਿਊਸਰ ਹਨ। ਕਵੀ ਦਰਬਾਰ ਦੇ ਇਸ ਗਰੁੱਪ ਵਿਚ ਕਵਿੱਤਰੀ ਅਨੰਤ ਗਿੱਲ ਭਲੂਰ ਤੋਂ ਇਲਾਵਾ ਨਾਮਵਰ ਕਵੀ ਕੁਮਾਰ ਜਗਦੇਵ ਸਿੰਘ, ਨਾਮਵਰ ਫ਼ਿਲਮੀ ਗੀਤਕਾਰ ਕੁਲਦੀਪ ਸਿੰਘ ਕੰਡਿਆਰਾ, ਗੁਰਪਿਆਰ ਹਰੀ ਨੌਂ, ਜਸਕਰਨ ਮੱਤਾ, ਰਾਜਬੀਰ ਮੱਤਾ, ਹੈਰੀ ਭੋਲੂਵਾਲਾ ਅਤੇ ਲਾਲੀ ਟਿੱਬੇ ਹਰੀ ਨੌਂ ਆਪਣੀਆਂ ਰਚਨਾਵਾਂ ਨਾਲ ਸਾਂਝ ਪਾਉਣਗੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਅੱਜ ਸਮਾਲਸਰ ਦੇ ਟੂਰਨਾਮੈਂਟ ਦੌਰਾਨ ਡਾ. ਰਾਜ ਦੁਲਾਰ  ਸੇਖਾ ਕਲਾਂ ਅਤੇ ਈਸ਼ ਪੁਰੀ ਦਾ ਹੋਵੇਗਾ ਵਿਸ਼ੇਸ਼ ਸਨਮਾਨ 
Next articleਮਾਣੋਂ ਜ਼ਿੰਦਗੀ ਦੀਆਂ ਖੁਸ਼ੀਆਂ: