HOME ਕਵਿਤਾਵਾਂ/ਮੂਲ ਚੰਦ ਸ਼ਰਮਾ

ਕਵਿਤਾਵਾਂ/ਮੂਲ ਚੰਦ ਸ਼ਰਮਾ

ਮੂਲ ਚੰਦ ਸ਼ਰਮਾ

 (ਸਮਾਜ ਵੀਕਲੀ) 

ਜਿਸਮਾਨੀ ਹਾਰ ਉੱਤੇ ਮਾਨਸਿਕ ਜਿੱਤ
—————————————–
ਸਾਡੀ ਇੱਕ ਸਲਾਹ ਹੈ ਹਾਕਮ ਨੂੰ ,
ਤੇਰਾ ਸਾਡੇ ਬਾਝੋਂ ਨਈਂ ਸਰਨਾ ।
ਜਿਹੜੇ ਮੌਤ ਕੋਲ਼ੋਂ ਵੀ ਡਰਦੇ ਨਈਂ ,
ਉਹਨਾਂ ਹੋਰ ਕਿਸੇ ਤੋਂ ਕੀ ਡਰਨਾ।
ਆ ‘ਗੀ ਤੇਰੇ ‘ਚ ਰੂਹ ਔਰੰਗੇ ਦੀ ,
ਅਸੀਂ ਗੁਰੂ ਦਸ਼ਮੇਸ਼ ਦੇ ਧੀ ਪੁੱਤ ਹਾਂ ;
ਜਿਸਮਾਂ ਪੱਖੋਂ ਭਾਵੇਂ ਹਾਰ ਜਾਈਏ ,
ਪਰ ਜ਼ਿਹਨੀਂ ਤੌਰ ‘ਤੇ ਨਈਂ ਹਰਨਾ।

ਸਾਡੀ ਆਪਣੀ ਹੀ ਖ਼ੁਦਗ਼ਰਜ਼ੀ ਨੇ
————————————
ਅਸੀਂ ਸੜਕਾਂ ਕਰ ਕਰ ਚੌੜੀਆਂ ਅਸਲੀ ਰੁੱਖ ਗੁਆ ਲਏ ਨੇ।
ਵਿਹੜੇ ਵੀ ਖਾਲੀ ਕਰ ਲਏ ਗਮਲਿਆਂ ਵਿੱਚ ਸਜਾ ਲਏ ਨੇ।
ਖੇਤਾਂ ਵਿੱਚ ਝੋਨਾ ਲਾ ਲਾ ਕੇ ਜੜ੍ਹ ਤੋਂ ਹੀ ਸੁਕਾਅ ਲਏ ਨੇ ।
ਨਦੀਆਂ ਵਿੱਚੋਂ ਰੇਤਾ ਕੱਢ ਕੱਢ ਕੇ ਦਰਿਆ ਬਣਾ ਲਏ ਨੇ ।
ਉੱਤੋਂ ਬੰਬ ਧਮਾਕੇ ਕਰ ਕਰ ਕੇ ਪਰਬਤ ਵੀ ਹਿਲਾ ਲਏ ਨੇ ।
ਕਦੇ ਡੋਬੇ ਨਾਲ਼ ਕਦੇ ਸੋਕੇ ਨਾਲ਼ ਖ਼ੁਦ ਨੂੰ ਰੋਗ ਲਵਾ ਲਏ ਨੇ।
ਅਸੀਂ ਅਪਣੇ ਆਗੂ ਚੋਰ ਲੁਟੇਰੇ ਠੱਗ ਬਣਾ ਲਏ ਨੇ ।
ਉਨ੍ਹਾਂ ਸੇਵਾਦਾਰਾਂ ਨੇ ਅਪਣੇ ਸਿਰ ‘ਤੇ ਤਾਜ ਸਜਾ ਲਏ ਨੇ ।
ਅਸੀਂ ਮਹਿਲ ਮੁਨਾਰੇ ਏਕੇ ਦੇ ਖ਼ੁਦ ਆਪ ਹੀ ਢਾਹ ਲਏ ਨੇ ।
ਕਦੇ ਇੱਕ ਚੁੱਲ੍ਹਾ ਹੁੰਦਾ ਸੀ ਹੁਣ ਅਣਗਿਣਤ ਬਣਾ ਲਏ ਨੇ ।

ਇਹ ਕਹਿਣ ਵਿਰੋਧੀ ਪਾਰਟੀਆਂ
———————————–
ਜੋ ਆਮ ਤੋਂ ਬਣ ‘ਗੇ ਖ਼ਾਸ ,
ਉਹ ਛਾਤੀਆਂ ਤਣਦੇ ਜਾਂਦੇ ਨੇ ।
ਬਾਕੀ ਦੇ ਲੱਲੀ ਛੱਲੀ ਤਾਂ ,
ਝਾਰਨੇ ਵਿੱਚੋਂ ਛਣਦੇ ਜਾਂਦੇ ਨੇ ।
ਹਰ ਇੱਕ ਸੀਟ ਲਈ ਚੋਣ ,
ਹੁੰਦੀ ਹੈ ਦੌਲਤ ਮੰਦ ਦੀ ਹੀ ;
ਤਾਈਓਂ ਅਰਬਾਂਪਤੀ ਵੀ ,
ਆਮ ਆਦਮੀ ਬਣਦੇ ਜਾਂਦੇ ਨੇ ।

ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037

 

Previous articleਗੀਤ ਸਾਹਿਤ ਦੀ ਮੁਢਲੀ ਵਿਧਾ – ਬਲਬੀਰ ਦਿਲਦਾਰ
Next articleਲੀਗਲ ਅਵੇਅਰਨੈਸ ਮੰਚ ਨੇ ਜੱਜ ‘ਤੇ ਚੱਪਲ ਸੁੱਟਣ ਵਾਲੇ ਦੋਸ਼ੀ ਵਕੀਲ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ