(ਸਮਾਜ ਵੀਕਲੀ)
ਗੀਤਾਂ ਦੇ ਵਣਜਾਰੇ ਨੂੰ
———————–
ਪਿਛਲੇ ਜਨਮ ਦਾ ਜਿਵੇਂ
ਕੋਈ ਕਰਜ਼ ਉਤਾਰਿਆ ਹੈ ।
ਤੇਰਾ ਆਪਣੇ ਖੰਡਰ ਉੱਤੇ
ਮਹਿਲ ਉਸਾਰਿਆ ਹੈ ।
ਕਿਉਂਕਿ ਅਸੀਂ ਮੁਰੀਦ ਹਾਂ
ਤੇਰੇ ਮੁਹੱਬਤੀ ਗੀਤਾਂ ਦੇ ;
ਤੈਨੂੰ ਪੜ੍ਹਿਆ ਸੁਣਿਆਂ ਵੇਖਿਆ
ਚੰਗੀ ਤਰ੍ਹਾਂ ਨਿਹਾਰਿਆ ਹੈ ।
ਝਾਂਜਰ ਬਨਾਮ ਬਿੰਦੀ
———————–
ਕਿਸਮਤ ਲਿਖੀ ਨਈਓਂ ਜਾਂਦੀ ,
ਸਗੋਂ ਬਣਾਈ ਜਾਂਦੀ ਐ ।
ਇੱਜ਼ਤ ਆਪੇ ਨਈਂ ਮਿਲਦੀ ,
ਸਗੋਂ ਕਮਾਈ ਜਾਂਦੀ ਐ ।
ਝਾਂਜਰ ਕਈ ਹਜ਼ਾਰਾਂ ਦੀ ,
ਤਾਂ ਵੀ ਪੈਰਾਂ ਵਿੱਚ ਪੈਂਦੀ ;
ਬਿੰਦੀ ਦੋ ਕੁ ਰੁਪਈਆਂ ਦੀ ,
ਮੁੱਖ ‘ਤੇ ਲਾਈ ਜਾਂਦੀ ਐ ।
ਥਾਂ ਥਾਂ ‘ਤੇ ਫਿਰਦੇ ਰਾਵਣ
————————–
ਆਪੇ ਬਣੇਂ ਫਿਰਦੇ ਹਾਂ ਵਿਸ਼ਵ ਦੇ ਗੁਰੂ ,
ਲੱਗੀ ਮੌਜ ਮਿੱਤਰੋ ।
ਜੇਲ੍ਹਾਂ ਥਾਣਿਆਂ ‘ਚ ਪਏ ਉੱਬਲ਼ਦੇ ਤੇਲ ,
ਵਾਲ਼ੇ ਹੌਜ ਮਿੱਤਰੋ ।
ਕਾਗ਼ਜ਼ਾਂ ਦੇ ਰਾਵਣਾਂ ਨੂੰ ਫੂਕ ਫੂਕ ਕੇ ,
ਦਿਲ ਖ਼ੁਸ਼ ਕਰ ਲੈਂਦੇ ।
ਹਰ ਪਿੰਡ ਸ਼ਹਿਰ ਵਿੱਚ ਰਾਵਣਾਂ ਦੀ ,
ਫਿਰਦੀ ਐ ਫੌਜ ਮਿੱਤਰੋ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037


