(ਸਮਾਜ ਵੀਕਲੀ)
ਮਾਘੀ
ਆਓ ਜੁਝਾਰੂ ਸਿੰੰਘੋਂ ਮਾਘੀ ਦੀ ਸਾਂਝ ਪਾਈਏ
ਮਾਈ ਭਾਗੋ ਜੀ ਦੀ ਤੁਹਾਨੂੰ ਗੱਲ ਸੁਣਾਈਏ।
ਨਿੱਤ ਦੀਆਂ ਜੰਗਾਂ ਤੋਂ ਸਿੰਘ ਡਾਹਢੇ ਤੰਗ ਸੀ ਆਏ
ਭੁੱਖੇ ਨਾ ਲੜ ਹੁੰਦਾ ਮਹਾ ਸਿੰਘ ਕਹਿ ਗੱਲ ਮੁਕਾਏ ।।
ਭਾਈ ਮਹਾ ਸਿੰਘ ਨੇ ਬੇਦਾਵਾ ਗੁਰੂ ਸਾਹਿਬ ਨੂੰ ਫੜ੍ਹਾਇਆ
ਸਣੇ ਸਾਥੀਆਂ ਸ੍ਰੀ ਆਨੰਦਪੁਰ ਸਾਹਿਬ ਤੋਂ ਪੰਧ ਮੁਕਾਇਆ।
ਘਰ ਅੱਪੜੇ ਜਦ ਮਾਈ ਭਾਗੋ ਜੀ ਨੇ ਜ਼ਮੀਰ ਝੰਜੋੜਿਆ
ਮਾਈ ਜੀ ਦੀ ਵੰਗਾਰ ਨੇ ਸਿੰਘਾਂ ਨੂੰ ਮੁੜ ਰਣ ਮੋੜਿਆਂ।।
ਸਿੰਘਾਂ ਨੇ ਮੁੜ ਖਿਦਰਾਣੇ ਦੀ ਢਾਬ ਮੋਰਚੇ ਜਾ ਸੀ ਗੱਡੇ
ਮੁਗ਼ਲ ਵੈਰੀਆਂ ਦਾ ਕਾਲ ਬਣ ਮੌਤ ਰੂਪੀ ਤੋਹਫੇ ਵੰਡੇ।
ਅੰਤ ਨੂੰ ਸਿੰਘਾਂ ਨੇ ਵਿੱਚ ਰਣ ਮੈਦਾਨੇ ਸ਼ਹਾਦਤ ਸੀ ਪਾਈ
ਇਤਿਹਾਸ ਵਿੱਚ ਇਬਾਰਤ ਰੱਤ ਆਪਣੇ ਨਾਲ ਖੁਣਵਾਈ।।
ਦਸਮ ਪਾਤਸ਼ਾਹ ਨੇ ਪਾੜ ਬੇਦਾਵਾ ਸੀ ਮੁਕਤ ਕਰਾਇਆ
ਮੁਕਤਿਆਂ ਦੀ ਕੁਰਬਾਨੀ ਤੋਂ ਸ੍ਰੀ ਮੁਕਤਸਰ ਸਾਹਿਬ ਅਖਵਾਇਆ।।
ਧੀਆਂ ਵਾਲੀ ਲੋਹੜੀ
ਆਓ ਸਮਾਜ ਦੀ ਰਲ ਬਦਲੀਏ ਨੁਹਾਰ
ਧੀਆਂ ਨੂੰ ਕਰੀਏ ਸਮਰਪਿਤ ਤਿਉਹਾਰ।
ਪੁੱਤਰਾਂ ਦੀ ਲੋਹੜੀ ਖੁਸ਼ੀ ਖੁਸ਼ੀ ਮਨਾਓ
ਧੀਆਂ ਦੀ ਲੋਹੜੀ ਦੀ ਪਿਰਤ ਵੀ ਪਾਓ।।
ਧੀ-ਪੁੱਤ ਤਾਂ ਰੱਬ ਦੀਆਂ ਬਖਸ਼ੀਆਂ ਦਾਤਾਂ
ਘਰ ਮਹਿਕਾਂਉਦੇ ਵਾਂਗ ਕੀਮਤੀ ਸੌਗਾਤਾਂ।
ਧੀਆਂ ਦੀ ਵੀ ਵੰਡੀਏ ਰਲ ਮਿਲ ਕੇ ਲੋਹੜੀ
ਭੁੱਗਾ, ਮੂੰਗਫਲੀ ਅਤੇ ਗੁੜ ਦੀ ਰਿਓੜੀ ।।
ਐਤਕੀ ਦੀ ਲੋਹੜੀ ਧੀਆਂ ਦੇ ਕਰੀਏ ਚਾਅ
ਇਨ੍ਹਾਂ ਸੰਗ ਹੀ ਮਾਪਿਆਂ ਦੇ ਚਲਦੇ ਸਾਹ।
ਧੀਆਂ ਨੂੰ ਖੂਬ ਸਾਰੇ ਹੀ ਵਿੱਦਿਆ ਪੜ੍ਹਾਈਏ
ਕੁੱਲ ਵਿੱਚ ਗਿਆਨ ਦਾ ਦੀਪ ਜਗਾਈਏ।।
ਡਾ. ਸੁਰਿੰਦਰਪਾਲ ਸਿੰਘ
ਸ੍ਰੀ ਅੰਮ੍ਰਿਤਸਰ ਸਾਹਿਬ।



