ਕਵਿਤਾਵਾਂ

(ਸਮਾਜ ਵੀਕਲੀ)
ਵਹਿਣ ਪਏ ਦਰਿਆ 
———————-
ਨੈਣ ਕਿਸੇ ਦੇ ਕਿਸੇ ਨੂੰ ਠੱਗ ਜਾਂਦੇ ,
ਨਖ਼ਰਾ ਕਿਸੇ ਦਾ ਕਿਸੇ ਨੂੰ ਠੱਗ ਜਾਂਦਾ ।
ਰੰਗ ਰੂਪ ਜਵਾਨੀ ਦਾ ਸੇਕ ਡਾਢਾ ,
ਬਾਲ਼ ਕਿਸੇ ਦੇ ਕਾਲ਼ਜੇ ਅੱਗ ਜਾਂਦਾ  ।
ਰਹਿਣ ਜਾਗਦੇ ਦੁਖੀ ਬਿਮਾਰ ਬੰਦੇ ,
ਸੌਂ ਸਾਰਾ ਹੀ ਜਦੋਂ ਹੈ ਜੱਗ ਜਾਂਦਾ  ।
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ ,
ਵਹਿਣ ਆਪੇ ਦਰਿਆਵਾਂ ਦਾ ਵਗ ਜਾਂਦਾ ।
ਇੱਕ , ਇੱਕ ਗਿਆਰਾਂ 
————————
ਵਿਹਲੜ ਬੰਦੇ ਦੀ ਘਰੇਂ ਨਾ ਕਦਰ ਹੁੰਦੀ ,
ਮਿਹਨਤ ਵਾਲ਼ੇ ਦੇ ਸਦਾ ਪੌ ਬਾਰਾਂ ਹੁੰਦੇ ।
ਰਿਸ਼ਤੇਦਾਰ ਵੀ ਕੋਈ ਗ਼ਰੀਬ ਦਾ ਨਈਂ ,
ਪੈਸੇ ਵਾਲ਼ੇ ਦੇ ਯਾਰ ਹਜ਼ਾਰਾਂ ਹੁੰਦੇ  ।
ਜੀਹਨੇ ਸ਼ਾਮ ਨੂੰ ਫੀਮ ਤੇ ਭੁੱਕੀ ਦੇਣੀ  ,
ਓਸ ਬੰਦੇ ਦੇ ਗਵਾਹ ਅਠਾਰਾਂ ਹੁੰਦੇ  ।
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ  ,
ਇੱਕ ‘ਕੱਲਾ ਤੇ ਦੋ ਨੇ ਗਿਆਰਾਂ ਹੁੰਦੇ  ।
ਸੂਰਜ ਦੀ ਲੋਅ 
—————–
ਆਦੀ ਹੁੰਦੇ ਜੋ ਕਾਲ਼ਿਆਂ ਧੰਦਿਆਂ ਦੇ  ,
ਦੇਸ਼  ਕੌਮ  ਦੇ  ਵੈਰੀ  ਨੇ  ਉਹ  ਹੁੰਦੇ  ।
ਜਿਹੜੇ  ਹੋਰਾਂ ਨੂੰ ਚੇਤਨਾ ਵੰਡਦੇ  ਨੇ  ,
ਬੰਦੇ ਚੜ੍ਹਦੇ ਹੋਏ ਸੂਰਜ ਦੀ ਲੋਅ ਹੁੰਦੇ ।
ਬਹੁਤਾ ਚਿਰ ਨਾ ਧੁੰਦ ਦਿਆਂ ਬੱਦਲਾਂ ਤੋਂ ,
ਸੂਰਜ  ਚੰਨ  ਸਿਤਾਰੇ  ਲਕੋਅ  ਹੁੰਦੇ  ।
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ  ,
ਸੋਟਾ  ਮਾਰਿਆਂ ਪਾਣੀ ਨਾ ਦੋ  ਹੁੰਦੇ  ।
( ਕਾਵਿ ਸੰਗ੍ਰਹਿ ” ਪੱਥਰ ‘ਤੇ ਲਕੀਰਾਂ ” ਵਿੱਚੋਂ )
 ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
 9914836037
Previous articleਗ਼ਜ਼ਲ
Next articleਤੂੰ ਮਿਲ ਗਈ