ਕਵਿਤਾਵਾਂ

ਅਮਰ ਸ਼ਹੀਦ 
—————-
ਮਰਦ ਹੋਣ ਦਲੇਰ ਸੰਘਰਸ਼ ਕਰਦੇ ,
ਹੁੰਦੇ ਡਰੂ ਜੋ ਖ਼ੁਦਕੁਸ਼ੀ ਕਰ ਜਾਂਦੇ ।
ਫੜ੍ਹਾਂ ਫ਼ੋਕੀਆਂ ਮਾਰਦੇ ਦੋਸਤਾਂ ਵਿੱਚ ,
ਘਰ ਆਪਣੀ ਤੀਵੀਂ ਤੋਂ ਡਰ ਜਾਂਦੇ ।
ਵਾਰ ਪਿੱਠ ‘ਤੇ ਕਰਨ ਜੋ ਮਿੱਤਰਾਂ ਦੇ ,
ਉਹ ਤਾਂ ਜਿੱਤ ਕੇ ਬਾਜ਼ੀਆਂ ਹਰ ਜਾਂਦੇ ।
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ ,
ਅਮਰ ਹੁੰਦੇ ਜੋ ਦੇਸ਼ ਲਈ ਮਰ ਜਾਂਦੇ ।
ਟਿੱਚਰ ਕਰੀਏ ਨਾ 
——————-
ਪਿਛਲੀ ਉਮਰ ਵਿੱਚ ਜਾ ਕੇ ਇਹ ਕੰਮ ਦਿੰਦਾ,
ਰੱਖੀਏ ਸਾਂਭ ਕੇ ਸਦਾ ਸਰੀਰ ਤਾਈਂ ।
ਪਹਿਲਾਂ ਆਪਣੇ ਦੋਸ਼ ਚਤਾਰ ਲਈਏ ,
ਦੋਸ਼ ਦੇਈਏ ਨਾ ‘ਕੱਲੀ ਤਕਦੀਰ ਤਾਈਂ ।
ਬਹੁਤੇ ਅੱਧ ਵਿਚਕਾਰ ਹੀ ਛੱਡ ਜਾਂਦੇ ,
ਸਾਰੇ ਨਿਭਦੇ ਨਾ ਯਾਰ ਅਖੀਰ ਤਾਈਂ ।
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ ,
ਟਿੱਚਰ ਕਰੀਏ ਨਾ ਕਿਸੇ ਫ਼ਕੀਰ ਤਾਈਂ ।
ਜੰਗਲਾਂ ਦੇ ਰਾਹ 
—————–
ਚੀਜ਼ ਨਕਦ ਜੇ ਲੈਣ ਦੀ ਪਹੁੰਚ ਹੋਵੇ ,
ਕਦੇ ਭੁੱਲ ਕੇ ਵੀ ਨਾ ਉਧਾਰ ਲਈਏ ।
ਉਹ ਤੋਂ ਚੱਜ ਦੀ ਨਹੀਂ ਉਮੀਦ ਹੁੰਦੀ ,
ਠੱਗ ਚੋਰ ਦੇ ਕੋਲ਼ ਨਾ ਕਦੇ ਬਹੀਏ ।
ਹੋਵੇ  ਕੌੜੀ  ਕੁਸੈਲੀ਼  ਜਾਂ  ਬੇ-ਚੱਜੀ  ,
ਗੱਲ ਮੂਰਖ਼ ਦੀ ਹੋਵੇ ਤਾਂ ਸਹਿ ਲਈਏ ।
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ ,
ਖ਼ਾਲੀ ਹੱਥ ਨਾ ਜੰਗਲ ਦੇ ਰਾਹ ਪਈਏ ।
( ਕਾਵਿ ਸੰਗ੍ਰਹਿ ” ਪੱਥਰ ‘ਤੇ ਲਕੀਰਾਂ ” ਵਿੱਚੋਂ )
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037
Previous articleਜ਼ਿਲ੍ਹਾ ਪੱਧਰੀ ਪ੍ਰਾਇਮਰੀ 28 ਕਿਲੋ ਕੁਸ਼ਤੀ ਖੇਡ ਮੁਕਾਬਲਿਆਂ ਵਿੱਚ ਵਾਂਦਰ ਪੱਤੀ ਸਕੂਲ ਦੀ ਝੰਡੀ, ਨੰਨ੍ਹੇ ਹਿੰਮਤ ਨੇ ਕੀਤੀ ਕਮਾਲ
Next articleਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ਸ਼ਾਨੋ ਸ਼ੌਕਤ ਨਾਲ ਹੋਈਆਂ ਸੰਪੰਨ, ਬਲਾਕ ਬਠਿੰਡਾ ਨੇ ਓਵਰ ਆਲ ਟਰਾਫੀ ਜਿੱਤੀ