ਪੰਜਾਬ ‘ਚ ਹੜ੍ਹਾਂ ਦੀ ਮਾਰ

ਨਛੱਤਰ ਸਿੰਘ ਭੋਗਲ

(ਸਮਾਜ ਵੀਕਲੀ)

ਹੜ੍ਹਾਂ ‘ਚ ਡੁੱਬ ਚੱਲਿਆ ਪੰਜਾਬ
ਕੋਈ ਤਾਂ ਹੀਲਾ ਕਰੋ ਜਨਾਬ,
ਅਰਦਾਸ, ਦੁਆਵਾਂ ਕੁਝ ਨਹੀਂ ਖੋਹਣਾ
ਨਵੀਂ ਕਰੋ ਕੋਈ ਜੁਗਤ ਤਿਆਰ।

ਜਾਨ-ਮਾਲ ਹੈ ਰੁੜ੍ਹਦਾ ਜਾਂਦਾ
ਅੰਨ ਸਮੱਗਰੀ ਥੁੜਦਾ ਜਾਂਦਾ,
ਜਾਨ ਤੋਂ ਕਈ ਹੱਥ ਧੋਅ ਬੈਠੇ
ਪਈ ਚੰਦਰੇ ਮੀਂਹ ਦੀ ਮਾਰ।

ਤੰਤਰ-ਮੰਤਰ ਕਰਨ ਵਾਲਿਓ
ਰੱਬ ਦੀ ਚੌਂਕੀ ਭਰਨ ਵਾਲਿਓ,
ਉਸ ਨਾਲ ਸਿੱਧੀ ਗੱਲ ਕਰੋ ਹੁਣ
ਦੇਹ-ਧਾਰੀਆਂ ਨੂੰ ਹੈ ਵੰਗਾਰ।

ਉਹ ਜੋ ਨੀਲੀ ਛਤਰੀ ਵਾਲਾ
ਘਟ-ਘਟ ਦੀ ਸੱਭ ਜਾਨਣ ਵਾਲਾ,
ਲੱਗਦਾ ਛਤਰੀ ਚੋਅ ਗਈ ਉਹਦੀ
ਮੀਂਹ ਵਰਸਾਇਆ ਮੂਸਲਾਧਾਰ।

ਅੱਜ ਨਾ ਦੇਵਤੇ ਹੋਏ ਸਹਾਈ
ਡਰਦੇ ਬੈਠੇ ਜਾਨ ਬਚਾਈ,
ਕਿਉਂ ਨਾ ਆਣ ਸਹਾਈ ਹੋਏ
ਜੋ ਸਨ ਬਹੁ-ਵੱਡੇ ਅਵਤਾਰ।

ਰੱਬ ਦੇ ਨਾਲ ਜ਼ਿਹਨਾਂ ਦੀ ਯਾਰੀ
ਅੱਜ ਕਿਉਂ ਬੈਠੇ ਨੇਂ ਚੁੱਪ ਧਾਰੀ,
ਐਸੀ ਕੋਈ ਕਰਾਮਾਤ ਵਿਖਾ ਕੇ
ਪੰਜਾਬ ਤੇ ਕਰ ਦਿਓ ਪਰਉਪਕਾਰ ।

ਚੁੱਪ ਕਿਉਂ ਨੇਂ ਵੇਦ ਗ੍ਰੰਥ,
ਜਟਾਵਾਂ ਧਾਰੀ ਸੰਤ, ਮਹੰਤ,
ਬਾਬਿਓ ਖੋਲ ਕੇ ਜ਼ਰਾ ਸਮਾਧੀ
ਕਰੋ ਪੰਜਾਬ ਦੇ ਬੇੜੇ ਪਾਰ।

ਪੱਥਰਾਂ ਵਿੱਚ ਜੀਅ ਜੰਤ ਉਗਾਵੇ
ਮਦਦ ਲਈ ਅੱਜ ਕਿਉਂ ਨਾ ਆਵੇ,
ਸਰਬੱਤ ਕਲਾ ਸੰਪੂਰਨ ਹੈ ਜੋ
ਅੱਜ ਕਿਉਂ ਬੈਠਾ ਉਹ ਚੁੱਪ ਧਾਰ।

ਭਗਤ ਬੈਠੇ ਜੋ ਚੌਂਕੜੇ ਮਾਰੀ
ਲੀਲਾ ਕੋਈ ਵਰਤਾਓ ਨਿਆਰੀ,
ਸ਼ਾਇਦ ਧੁੰਨ ਕੋਈ ਨਿੱਕਲ ਆਵੇ
ਐਸੀ ਕੰਨ ‘ਚ ਫੂਕ ਤਾਂ ਮਾਰ।

ਭਾਖੜਾ ਡੈਮ ਦਾ ਅੱਥਰਾ ਬਹਿੜਾ
ਛਡਾ ਦੇ ਸਾਡਾ ਇਸ ਤੋਂ ਖਹਿੜਾ,
ਸਿੰਗਾਂ ਤੇ ਚੁੱਕਣ ਨੂੰ ਆਉਂਦਾ
ਖੁੱਲਾ ਛੱਡ ਦਏ ਜਦ ਸਰਕਾਰ।

ਜੇ ਨਾ ਕੀਤਾ ਕੋਈ ਚਾਰਾ
ਖ਼ੁਰ ਜਾਊ ਪੰਜਾਬ ਪਿਆਰਾ,
ਪੱਲੇ ਰਹਿ ਜਾਣਾ ਪਛਤਾਵਾ
ਜੇ ਨਾ ਕੀਤੀ ਸੋਚ ਵਿਚਾਰ।

ਨੇਤਾ ਜੀ ਜ਼ਰਾ ਕੁਰਸੀ ਛੱਡੋ
ਪੰਜਾਬ ਨੂੰ ਬਿਪਤਾ ਵਿੱਚੋਂ ਕੱਢੋ,
ਲਾਂਭੇ ਹੋ ਜਾਓ ਕੁਰਸੀ ਛੱਡ ਕੇ
ਜੇ ਨਹੀਂ ਕਰਨੇ ਕੋਈ ਸੁਧਾਰ।

ਚੋਣਾਂ ਲੱੜਕੇ ਬਣੇ ਵਿਜੇਤਾ
ਦਿੱਲੀ ਜਾਂ ਪੰਜਾਬ ਦੇ ਨੇਤਾ,
ਨਛੱਤਰ ਭੋਗਲ ਮਿਹਣੇ ਮਾਰੇ
ਤਿਆਗੋ ਚੌਧਰ ਨਾਲ ਪਿਆਰ।

ਲੇਖਕ:- ਨਛੱਤਰ ਸਿੰਘ ਭੋਗਲ
“ਭਾਖੜੀਆਣਾ”(U.K)

Previous articleਇੰਟਰਨੈਸ਼ਨਲ ਕਬੱਡੀ ਕੁਮੈਂਟੇਟਰ ਬੀਰ੍ਹਾ ਰੈਲਮਾਜਰਾ ਨੂੰ ਸਦਮਾ 
Next articleਵਿਧਾਇਕ ਕਾਕਾ ਬਰਾੜ ਵੱਲੋਂ 16ਵੇਂ ਰਾਜ ਪੱਧਰੀ ਪੁਰਸਕਾਰ ਸਮਾਗਮ ਤੇ ਵਿਰਾਸਤ ਮੇਲੇ ਸਬੰਧੀ ਪੋਸਟਰ ਜਾਰੀ