(ਸਮਾਜ ਵੀਕਲੀ)
ਆਇਆ ਸਾਂਝਾਂ ਦਾ ਤਿਉਹਾਰ
——————————–
ਨਵਾਂ ਮਹੀਨਾ , ਨਵਾਂ ਸਾਲ ਅਤੇ ਹੋਲੀ ਦਾ ਤਿਉਹਾਰ ।
ਮੌਸਮ ਵਿੱਚ ਤਬਦੀਲੀ ਖੇਤੀਂ ਆਈ ਨਵੀਂ ਬਹਾਰ ।
ਚੰਨ ਚਾਨਣੀ ਪੂਰਨਮਾਸ਼ੀ ਖ਼ੁਸ਼ੀਆਂ ਖੇੜੇ ਵੰਡੇ ।
ਨਫ਼ਰਤ ਨੇੜੇ ਢੁੱਕ ਸਕੇ ਨਾ ਸਭ ਨੂੰ ਵੰਡੀਏ ਪਿਆਰ ।
**************************************
ਤੂੰ ਬਣਜਾ ਮੇਰਾ ਤੇ ਮੈਂ ਤੇਰੀ ਹਮਜੋਲੀ ਵੇ ਸੱਜਣਾ ।
ਕੋਈ ਘੋਲ਼ ਅਜੇਹਾ ਰੰਗ ਖੇਡੀਏ ਹੋਲੀ ਵੇ ਸੱਜਣਾ ।
ਜੇ ਤੂੰ ਜਾਣੇਂ ਮੈਨੂੰ ਬਰੋਬਰ ਦੀ ਇਨਸਾਨ ਹਮੇਸ਼ਾ ਹੀ ;
ਤਾਂ ਮੈਂ ਸਮਝਾਂ ਖ਼ੁਦ ਨੂੰ ਤੇਰੇ ਘਰ ਦੀ ਗੋਲੀ ਵੇ ਸੱਜਣਾ ।
ਬਾਬੇ ਰੁਲ਼ਦੂ ਨਾਲ਼ ਕੁੱਝ ਗੱਲਾਂ
——————————-
ਸਵੇਰੇ ਜਦੋਂ ਅੰਬ ਚੂਪੇ ਸੀ ,
ਤੈਨੂੰ ਆਖਿਆ ਸੀ ਗੁਠਲੀ਼ਆਂ ਲਾ ਲੈ ।
ਦੁਪਹਿਰ ਵੇਲ਼ੇ ਲਾਈਆਂ ਬੇਰੀਆਂ,
ਹੁਣ ਕੰਡਿਆਂ ਤੋਂ ਪੱਗ ਪੜਵਾ ਲੈ ।
ਹੈ ਜ਼ਿੰਦਗੀ ਦੀ ਸ਼ਾਮ ਢਲ਼ ‘ਗੀ ,
ਇੱਕ ਵੇਲ ਨਾ ਅੰਗੂਰਾਂ ਵਾਲ਼ੀ ਲਾਈ ;
ਤੂੰ ਕਿੱਕਰਾਂ ਦੇ ਬੀਜ ਬੀਜੇ ਸੀ ,
ਤੁੱਕੇ ਝਾੜ ਝਾੜ ਬੱਕਰੀ ਨੂੰ ਪਾ ਲੈ ।
ਸਾਡੇ ਸਿਆਸੀ ਆਗੂਆਂ ਨੇ
——————————
ਦੇਸ਼ ਦੀ ਚੜ੍ਹਦੀ ਉਮਰ ਦੀ ਸ਼ਕਤੀ ,
ਪੁੱਠੇ ਰਸਤੇ ਪਾ ਦਿੱਤੀ ।
ਕੁੱਝ ਤਾਂ ਨਸ਼ਿਆਂ ਦੇ ਵਿੱਚ ਲਾ ‘ਤੀ ,
ਤੇ ਕੁੱਝ ਬਾਹਰ ਭਜਾ ਦਿੱਤੀ।
ਆਪਣੇ ਧੀਆਂ ਪੁੱਤਰ ਬਣਾ ਲਏ ,
ਮਾਲਕ ਅਪਣੀ ਕੁਰਸੀ ਦੇ ;
ਬਾਕੀ ਜਨਤਾ ਸਸਤੇ ਭਾਅ ਦੇ ,
ਆਟੇ ਦਾਲ਼ ‘ਤੇ ਲਾ ਦਿੱਤੀ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037