ਲੇਖਕ- ਜੋਬਨ ਖਹਿਰਾ

(ਸਮਾਜ ਵੀਕਲੀ) ਜੋਬਨ ਖਹਿਰਾ ਦੀ ਇਹ ਕਿਤਾਬ ਬਰਕਤ ਪਬਲੀਕੇਸ਼ਨ ਵੱਲੋਂ ਛਾਪੀ ਗਈ ਹੈ। ਇਸ ਦੇ ਕੁੱਲ ਪੰਨੇ 104 ਹਨ। ਇਸ ਕਿਤਾਬ ਦੀ ਸ਼ੁਰੂਆਤ ਇੱਕ ਲਾਈਨ “ਬਦਨਾਮੀ ਦੇ ਗਾਰੇ ਨਾਲ ਕਦੇ ਇੱਜਤਾਂ ਦੇ ਮਹਿਲ ਨਈਂ ਉਸਰਦੇ” ਨਾਲ਼ ਹੁੰਦੀ ਹੈ। ਇਹ ਕਿਤਾਬ ਹਰ ਉਸ ਇਨਸਾਨ ਨੂੰ ਸਮਰਪਿਤ ਹੈ ਜੋ ਇੱਜ਼ਤ ਤੇ ਆਜ਼ਾਦੀ ਨਾਲ ਜਿਉਂਣਾ ਲੋਚਦਾ। ਇਹ ਕਿਤਾਬ ਤੋਂ ਪਹਿਲਾਂ ਐਡੀਸ਼ਨ 2024 ‘ਚ ਕੀਤਾ ਗਿਆ ਤੇ ਇਸ ਦੀ ਕੀਮਤ 200 ਰੱਖੀ ਗਈ ਜੋ ਕਿ ਜਾਇਜ਼ ਹੈ।
ਜਲੀਲਪੁਰ ਦੀ ਵਾਕਫੀਅਤ ਇਹਨਾਂ ਸਤਰਾਂ ਤੋਂ ਹੋਂ ਜਾਂਦੀ ਹੈ।
……
ਜਲੀਲਪੁਰ ਇੱਕ ਵੱਡੇ ਸ਼ਹਿਰ ਦਾ ਨਿੱਕਾ ਜਿਹਾ ਉਹ ਹਿੱਸਾ ਜਿੱਥੇ ਜਿਸਮਾਂ ਦੀ ਫਰਮਾਇਸ਼ ਤੋਂ ਪਹਿਲਾਂ ਨੁਮਾਇਸ਼ ਹਾਜ਼ਰ ਹੁੰਦੀ ਹੈ। ਇੱਥੇ ਇੱਜਤਦਾਰਾਂ ਦੇ ਪਾਏ ਇੱਜ਼ਤ ਦੇ ਨਕਾਬ ਕੁਝ ਸਕਿੰਟਾਂ ‘ਚ ਲਹਿ ਜਾਂਦੇ ਹਨ। ਇੰਨੇ ਸ਼ਰੀਫ ਬੰਦਿਆਂ ਦੀ ਸ਼ਰੀਫੀ ਨੂੰ ਪਰਖਿਆ ਜਾਂਦਾ। ਇੱਥੇ ਆਦਮੀ ਅਣਜਾਣ ਬਣ ਕੇ ਆਉਂਦੇ ਹਨ ਤੇ ਆਪਣੇ ਹਵਸ ਮਿਟਾ ਕੇ ਅਣਜਾਣ ਬਣ ਕੇ ਇਥੋਂ ਚਲੇ ਜਾਂਦੇ ਹਨ। ਕੋਈ ਕਿਸੇ ਦਾ ਨਾਂ ਤੱਕ ਨਹੀਂ ਪੁੱਛਦਾ। ਗੁੰਡੇ- ਬਦਮਾਸ਼ ਤੋਂ ਲੈ ਕੇ ਚੰਗੇ ਪੇਸ਼ੇਵਰ ਕਿੱਤਿਆਂ ਦੇ ਲੋਕ ਇੱਥੇ ਆ ਕੇ ਆਪਣੀ ਤੜਫ ਦੂਰ ਕਰਦੇ ਨੇ। ਇਹ ਜਲੀਲਪੁਰ ਇੱਕ ਵੱਡੇ ਨਗਰ ‘ਚ ਵਸੀ ਛੋਟੀ ਜਿਹੀ ਨਗਰੀ, ਕਈ ਰੂਹਾਂ ਦੇ ਉਜੜਨ ਤੋਂ ਬਾਅਦ ਬਣੀ ਹੈ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ, ਜਲੀਲਪੁਰ ਨਾਮ ਇਸ ਕਿਤਾਬ ਦਾ ਢੁਕਵਾਂ ਨਾਮ ਹੈਂ। ਇਹਨਾਂ ਸਤਰਾਂ ਤੋਂ ਸਾਨੂੰ ਇਸ ਕਿਤਾਬ ਦੇ ਵਿਸ਼ੇ ਦਾ ਪਤਾ ਚੱਲ ਜਾਂਦਾ। ਸਲਮਾਂ ਇਸ ਕਹਾਣੀ ਦੀ ਮੁੱਖ ਪਾਤਰ ਹੈ।
ਇਹ ਕਿਤਾਬ ਵੇਸਵਾਗਿਰੀ ‘ਚ ਘਿਰੀਆਂ ਔਰਤਾਂ ਦੀ ਜ਼ਿੰਦਗੀ ਨੂੰ ਨੇੜੇ ਤੋਂ ਦਿਖਾਇਆ ਗਿਆ। ਸਮਾਜ ਉਹਨਾਂ ਲਈ ਕੀ ਨਜ਼ਰੀਆ ਰੱਖਦਾ ਅਸਲ ਵਿੱਚ ਉਹ ਔਰਤਾਂ ਕਿਵੇਂ ਦੀਆਂ ਹੁੰਦੀਆਂ ਹਨ, ਉਹਨਾਂ ਦੀਆਂ ਪਰੇਸ਼ਾਨੀਆਂ ਕੀ ਹਨ, ਉਹਨਾਂ ਦੀ ਮਾਨਸਿਕ ਹਾਲਤ ਕੀ ਹੈ, ਇਹ ਸਭ ਜਲੀਲਪੁਰ ਦੀ ਮੁੱਖ ਕਹਾਣੀ ਹੈ ਪਰ ਇਸ ਵਿੱਚ ਇੱਕ ਹੋਰ ਵਿਸ਼ੇ ਨੂੰ ਬੜੇ ਗੰਭੀਰਤਾ ਨਾਲ ਛੋਹਿਆ ਗਿਆ ਤੇ ਉਹ ਹੈ ਸਮਲਿੰਗੀ ਆਕਰਸ਼ਣ। ਜੋ ਅੱਜ ਦਾ ਭਖਦਾ ਹੋਇਆ ਵਿਸ਼ਾ ਵੀ ਹੈ। ਇਹਨਾਂ ਦੋ ਵਿਸ਼ਿਆਂ ਨੂੰ ਲੈ ਕੇ ਲੇਖਕ ਦੁਆਰਾ ਇੱਕ ਬਹੁਤ ਸੋਹਣੇ ਤਰੀਕੇ ਨਾਲ ਕਹਾਣੀ ਨੂੰ ਸਿਰਜਿਆ ਗਿਆ। ਬੇਸ਼ੱਕ ਇਸ ਨੂੰ ਨਾਵਲ ਦਾ ਰੂਪ ਦਿੱਤਾ ਗਿਆ ਪਰ ਇਸ ਵਿੱਚ ਇੱਕ ਨਵੀਂ ਵਿਧਾ ਲੇਖਕ ਵੱਲੋਂ ਲਿਖਣ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਨਾਵਲ ਨੂੰ ਬਿਲਕੁਲ ਜਿਵੇਂ ਨਾਟਕ ਜਾਂ ਇਕਾਂਗੀ ਲਿਖਿਆ ਜਾਂਦਾ,ਉਸ ਤਰ੍ਹਾਂ ਲਿਖਿਆ ਗਿਆ। ਲੇਖਕ ਵੱਲੋਂ ਇਸ ਕਿਤਾਬ ਦੇ ਅੰਤ ਵਿੱਚ ਆਪਣੇ ਵਿਚਾਰ ਰੱਖੇ ਨੇ ਤੇ ਇੱਥੇ ਉਹਨਾਂ ਨੇ ਦੱਸਿਆ ਕਿ ਉਹਨਾਂ ਵੱਲੋਂ ਇਹ ਕੋਸ਼ਿਸ਼ ਇਸ ਲਈ ਕੀਤੀ ਗਈ ਹੈ ਕਿ ਪਾਠਕਾਂ ਨੂੰ ਇਹ ਗੱਲ ਸੌਖਿਆਂ ਸਮਝ ਆਵੇ ਕਿ ਕਿਹੜੀ ਗੱਲ ਕਿਸ ਪਾਤਰ ਨੇ ਕਹੀ ਹੈ। ਇਸ ਵਿੱਚੋਂ ਕਿੰਨੇ ਕਾਮਯਾਬ ਰਹਿੰਦੇ ਨੇ ਇਹ ਤਾਂ ਪਾਠਕ ਹੀ ਦੱਸਣਗੇ। ਕਹਾਣੀ ਨੂੰ ਬਹੁਤ ਸੋਹਣੇ ਤਰੀਕੇ ਨਾਲ ਨਿਭਾਇਆ ਗਿਆ ਪਾਤਰ ਚਿਤਰਣ ਨੂੰ ਬਹੁਤ ਕਮਾਲ ਦਾ ਹੈ। ਕਿਤਾਬ ਨੂੰ ਇੱਕ ਵਾਰ ਜੇ ਪੜ੍ਨਾ ਸ਼ੁਰੂ ਕਰਦੇ ਆਂ ਤਾਂ ਕਹਾਣੀ ਨੂੰ ਛੱਡਣ ਨੂੰ ਦਿਲ ਨਹੀਂ ਕਰਦਾ, ਜੇ ਅਸੀਂ ਇੱਕ ਵਾਰ ਕਿਤਾਬ ਰੱਖ ਵੀ ਦਿੰਦੇ ਆ ਤਾਂ ਦੁਬਾਰਾ ਉਸਨੂੰ ਜਰੂਰ ਚੱਕਾਂਗੇ। ਸੋ ਇਹ ਇੱਕ ਲੇਖਕ ਦੀ ਕਾਮਯਾਬੀ ਹੁੰਦੀ, ਇਹ ਲਿਖਤ ਇਸ ‘ਚ ਪੂਰੀ ਤਰਾਂ ਕਾਮਯਾਬ ਹੈ ਕਿ ਇੱਕ ਵਾਰ ਕਿਤਾਬ ਪੜਨ ਤੇ ਛੱਡੀ ਨਹੀਂ ਜਾ ਸਕਦੀ। ਵੇਸਵਾਵਾਂ ਤੇ ਕਾਫੀ ਕਿਤਾਬਾਂ ਆ ਚੁੱਕੀਆਂ ਨੇ ਪਰ ਇਸ ਵਿੱਚ ਜੋ ਮੈਨੂੰ ਸਭ ਤੋਂ ਜਿਆਦਾ ਚੰਗਾ ਲੱਗਾ ਉਹ ਹੈ,ਸਮਲਿੰਗੀ ਆਕਰਸ਼ਣ ਤੇ ਬਹੁਤ ਗੰਭੀਰਤਾ ਨਾਲ ਲਿਖਿਆ ਗਿਆ। ਨਿਮਰਾਂ ਪਾਤਰ ਦੇ ਜ਼ਰੀਏ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਬੇਸ਼ੱਕ ਅਸੀਂ ਸਮਲਿੰਗੀ ਨੂੰ ਮਜ਼ਾਕ ਦਾ ਪਾਤਰ ਬਣਾ ਦਿੰਨੇ ਆ ਤਾ ਇਹ ਸਾਡੀ ਜਿਹੜੀ ਮਾਨਸਿਕਤਾ ਸਹੀ ਨਹੀਂ ਹੈ। ਉਹਨਾਂ ਦੀ ਮਨੋਸਥਿਤੀ ਦਾ ਵਰਣਨ ਕੀਤਾ ਗਿਆ ਉਹ ਕਿਵੇਂ ਕਿਸੇ ਨੂੰ ਪਾਗਲਪਨ ਦੀ ਹੱਦ ਤੱਕ ਚਾਹ ਸਕਦੇ ਨੇ ਇਸ ਦਾ ਵਰਨਣ ਕੀਤਾ ਗਿਆ। ਕਿਵੇਂ ਨਿਮਰਾ ਕਈ ਕਤਲ ਕਰ ਦਿੰਦੀ ਹੈ ਸਿਰਫ ਇਸ ਲਈ ਕਿ ਉਹ ਕਿਸੇ ਨੂੰ ਬਹੁਤ ਪਿਆਰ ਕਰਦੀ ਹ ਤੇ ਉਸ ਦੇ ਨੇੜੇ ਕਿਸੇ ਨੂੰ ਬਰਦਾਸ਼ਤ ਨਹੀਂ ਕਰ ਸਕਦੀ। ਇਹ ਸੱਚਾਈ ਵੀ ਹੈ ਕਿਉਂਕਿ ਹੋਰ ਵੀ ਬਹੁਤ ਸਾਰੀਆਂ ਸੱਚੀਆਂ ਘਟਨਾਵਾਂ ਦਾ ਵਰਣਨ ਮਿਲਦਾ ਕਿ ਇਹ ਲੋਕ ਇਸ ਹੱਦ ਤੱਕ ਕਿਸੇ ਨੂੰ ਚਾਹੁੰਦੇ ਨੇ ਕਿ ਉਸ ਦੇ ਨੇੜੇ ਢੁੱਕਣ ਵਾਲਿਆਂ ਦਾ ਕਤਲ ਤੱਕ ਕਰ ਸਕਦੇ ਨੇ। ਇਹ ਵੀ ਹੁਣ ਸਾਡੇ ਸਮਾਜ ਦਾ ਇੱਕ ਹਿੱਸਾ ਨੇ ਪਰ ਜ਼ੁਲਮ ਜੁਲਮ ਹੀ ਹੁੰਦਾ ਬੇਸ਼ਕ ਉਹ ਕਿਸੇ ਵੱਲੋਂ ਵੀ ਕੀਤਾ ਗਿਆ ਹੋਵੇ। ਮੈਨੂੰ ਉਹਨਾਂ ਦੀਆਂ ਇਹ ਸਤਰਾਂ ਬਹੁਤ ਸੋਹਣੀਆਂ ਲੱਗੀਆਂ *ਸਮਾਜ ਤੇ ਹਰ ਵਰਗ ਹਰ ਇਨਸਾਨ ਦਾ ਸਨਮਾਨ ਕਰਨਾ ਸਾਡੀ ਜਿੰਮੇਵਾਰੀ ਹੈ ਤੇ ਫਰਜ਼ ਵੀ, ਕਈ ਦੇਸ਼ ਸਮਲਿੰਗਤਾਂ ਨੂੰ ਕਾਨੂੰਨੀ ਮਾਨਤਾ ਦੇ ਚੁੱਕੇ ਹਨ ਕਿਉਂਕਿ ਚਾਹਤ ਕਿਸੇ ਵੀ ਬੰਧਨ ਤੋਂ ਮੁਕਤ ਹੁੰਦੀ ਹੈ। ਹਾਂ,ਇਹ ਜਰੂਰ ਹੈ ਕਿ ਕਿਸੇ ਵੀ ਹਾਰ ਚ ਕਿਸੇ ਦਾ ਨੁਕਸਾਨ ਹੋਣਾ ਜਾਂ ਕਰਨਾ ਤੁਹਾਡੀ ਚਾਹਤ ਨੂੰ ਸਾਰਥਕ ਸਿੱਧ ਨਹੀਂ ਕਰ ਸਕਦਾ। ਜ਼ੁਲਮ ,ਜ਼ੁਲਮ ਹੀ ਹੁੰਦਾ,ਉਹ ਚਾਹੇ ਭਾਵਨਾਵਾਂ ‘ਚ ਬਹਿ ਕੇ ਹੀ ਕਿਉਂ ਨਾ ਕੀਤਾ ਗਿਆ ਹੋਵੇ।
ਬਹੁਤ ਸੋਹਣੀ ਸ਼ਾਇਰੀ ਨਾਲ਼ ਕਿਤਾਬ ਦੀ ਰੋਚਕ ਤਾਂ ਹੋਰ ਵੱਧ ਜਾਂਦੀ ਹੈਂ।
*ਕਹਿਤੇ ਹੈਂ ਨਾ ਕਿ ਇਸ਼ਕ ਮੇਂ ਸਭ ਜਾਇਜ਼ ਹੋਤਾ ਹੈ
ਇਸ਼ਕ ਕੇ ਲੀਏ, ਇਸ਼ਕ ਕੇ, ਇਸ਼ਕ ਕਾ ਕਤਲ,
ਕਿਆ ਨਜਾਇਜ਼ ਹੋਤਾ ਹੈਂ?*
ਇਸ ਵਿੱਚ ਜੋ ਪਾਤਰਾਂ ਦੀ ਸ਼ਬਦਾਵਲੀ ਹਿੰਦੀ ਅਤੇ ਉਰਦੂ ਵਰਤੀ ਗਈ ਹੈ। ਲੇਖਕ ਦੀ ਆਪਣੀ ਸ਼ਬਦਾਵਲੀ ਪੰਜਾਬੀ ਹੈਂ ਇਸ ਨੂੰ ਅਸੀਂ ਹਿੰਦੀ, ਪੰਜਾਬੀ ਅਤੇ ਉਰਦੂ ਤਿੰਨ ਭਾਸ਼ਾਵਾਂ ਦੀ ਸ਼ਬਦਾਵਲੀ ਦਾ ਮਿਸ਼ਰਨ ਕਹਿ ਸਕਦੇ ਹਾਂ।
ਜਲੀਲਪੁਰ ਵਿੱਚ ਲੇਖਕ ਨੇ ਸਮਲਿੰਗਤਾ ਅਤੇ ਵੇਸਵਾਗਿਰੀ ਦੋ ਵਿਸ਼ਿਆਂ ਨੂੰ ਲੈ ਕੇ ਇਹ ਨਾਵਲ ਲਿਖਿਆਂ, ਜੋ ਉਹ ਸਮਝਾਉਣਾ ਚਾਹੁੰਦਾ, ਉਸ ‘ਚ ਪੂਰੀ ਤਰ੍ਹਾਂ ਕਾਮਯਾਬ ਰਿਹਾ।
ਸਾਨੂੰ ਕਿਸੇ ਦਾ ਵੀ,ਕਿਸੇ ਵੀ ਕਾਰਨ ਕਰਕੇ ਅਪਮਾਨ ਨਹੀਂ ਕਰਨਾ ਚਾਹੀਦਾ। ਸਭ ਨੂੰ ਸਨਮਾਨ ਦੇਣਾ ਇੱਕ ਤੰਦਰੁਸਤ ਸਮਾਜ ਦੀ ਨਿਸ਼ਾਨੀ ਹੁੰਦਾ। ਹਰ ਇੱਕ ਦੀਆਂ ਭਾਵਨਾਵਾਂ ਦਾ ਆਦਰ ਕਰਨਾ ਚਾਹੀਦਾ ਹੈ। ਵੇਸਵਾਵਾਂ ਤੇ ਸਮਲਿੰਗੀਆਂ ਨੂੰ ਸਮਾਜ ਦੀ ਮੁੱਖ ਧਾਰਾ ਤੋਂ ਬਾਹਰ ਸਮਝ ਕੇ ਉਹਨਾਂ ਨਾਲ਼ ਬੁਰਾ ਵਿਵਹਾਰ ਕਰਨਾ ਵੀ ਇੱਕ ਤਰ੍ਹਾਂ ਦਾ ਜ਼ੁਲਮ ਹੀ ਹੈ। ਕੋਈ ਵੀ ਆਪਣੀ ਖੁਸ਼ੀ ਨਾਲ ਇਸ ਤਰ੍ਹਾਂ ਦਾ ਕੋਈ ਕੰਮ ਨਹੀਂ ਕਰਦਾ ਹੁੰਦਾ ਜਿਸ ਨਾਲ ਉਸਨੂੰ ‘ਘਟੀਆ’ ਦਾ ਰੁਤਬਾ ਮਿਲੇ।
ਵੇਸਵਾਵਾਂ ਤੇ ਸਮਲਿੰਗੀ ਦੀਆਂ ਭਾਵਨਾਵਾਂ, ਉਹਨਾਂ ਦੀ ਮਾਨਸਿਕ ਸਥਿਤੀ, ਉਹਨਾਂ ਦੀਆਂ ਮਾਨਸਿਕ, ਸਮਾਜਿਕ ਅਤੇ ਰਾਜਨੀਤਿਕ ਪ੍ਰੇਸ਼ਾਨੀਆਂ, ਸਾਡੇ ਸਮਾਜ ਦੀ ਉਹਨਾਂ ਲਈ ਸੋਚ, ਵਿਵਹਾਰ ਅਤੇ ਉਹਨਾਂ ਤੇ ਪ੍ਰਭਾਵ ਨੂੰ ਬਖੂਬੀ ਦਰਸਾਇਆ ਗਿਆ। ਮੈਂ ਲੇਖਕ ਨੂੰ ਇਸ ਕਿਰਤ ਦੀ ਬਹੁਤ ਬਹੁਤ ਵਧਾਈ ਦਿੰਦੀ ਹੈ ਤੇ ਸਰਾਹਣਾ ਕਰਦੀ ਹਾਂ ਕਿ ਉਹਨਾਂ ਨੇ ਬਹੁਤ ਸੋਹਣੇ ਵਿਸ਼ਿਆਂ ਨੂੰ ਲੈ ਕੇ ਬਹੁਤ ਸੋਹਣੇ ਕਿਤਾਬ ਲਿਖੀ ਹੈਂ।
ਅੰਤਿਮ ਪੰਨਾ
ਦੀਵਾਨਾ ਕਰ ਦੇਤੀ ਹੈ ਇਸ਼ਕ ਕੀ ਦੀਵਾਨਗੀ
ਪਰਵਾਨਾ ਕਰ ਦਿੱਤੀ ਹੈ ਇਸ਼ਕ ਕੀ ਪ੍ਰਵਾਨਗੀ
ਨਾਮੋਸ਼ ਔਰ ਖਾਮੋਸ਼ ਰਹਕਰ ਐ ਮਹਿਬੂਬ
ਵੀਰਾਨ ਕਰ ਦਿੱਤੀ ਹੈ ਇਸ਼ਕ ਕੀ ਰਵਾਨਗੀ।
ਮੈਂ ਪਾਠਕਾਂ ਨੂੰ ਇਹ ਕਿਤਾਬ ਪੜ੍ਹਨ ਦੀ ਗੁਜਾਰਿਸ਼ ਕਰਦੀ ਹਾਂ।
•ਦਿਲਪ੍ਰੀਤ ਗੁਰੀ•



