ਭਾਰਤੀ ਭਾਸ਼ਾਵਾਂ ਸਾਹਿਤ ਦਰਮਿਆਨ ਪੁਲ ਦਾ ਕੰਮ ਕਰਦੀਆਂ ਹਨ – ਡਾਕਟਰ ਸਿਰਸਾ
ਬਰਨਾਲਾ (ਸਮਾਜ ਵੀਕਲੀ) (ਚੰਡਿਹੋਕ) ਬੀਤੇ ਦਿਨੀਂ ਪ੍ਰਗਤੀਸ਼ੀਲ ਲੇਖਕ ਸੰਘ ਦੀ ਬਰਨਾਲਾ ਇਕਾਈ ਨੇ ਸਥਾਨਕ ਐਸ ਡੀ ਕਾਲਜ ਵਿਖੇ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਨੂੰ ਸਮਰਪਿਤ ਕਰਦਿਆਂ ਹਿਮਾਚਲ ਪ੍ਰਦੇਸ਼ ਦੇ ਪ੍ਰਸਿੱਧ ਸ਼ਾਇਰ ਦੇਵੇਂਦਰ ਧਰ ਦਾ ਰੂਬਰੂ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਉੱਘੇ ਆਲੋਚਕ ਡਾਕਟਰ ਸੁਖਦੇਵ ਸਿੰਘ ਸਿਰਸਾ ਨੇ ਕੀਤੀ ਅਤੇ ਡਾਕਟਰ ਜੋਗਿੰਦਰ ਸਿੰਘ ਨਿਰਾਲਾ ਬਤੌਰ ਮੁੱਖ ਮਹਿਮਾਨ, ਹਰਜਤਿੰਦਰ ਪਾਲ ਗੁਪਤਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਆਏ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਪਰਲੇਸ ਪੰਜਾਬ ਦੇ ਪ੍ਰਧਾਨ ਸੁਰਜੀਤ ਜੱਜ ਨੇ ਕਿਹਾ ਕਿ ਇਹ ਸਮਾਗਮ ਇਸ ਕਰਕੇ ਮਹੱਤਵਪੂਰਨ ਹੈ ਕਿ ਚੈਪਟਰ ਮਿੱਤਰਤਾ ਰਾਹੀਂ ਭਾਰਤੀ ਭਾਸ਼ਾਵਾਂ ਬਾਰੇ ਨਿਰੋਈ ਸੋਚ ਨੂੰ ਲੈਕੇ ਆਰੰਭ ਹੋਇਆ। ਕੁਲਦੀਪ ਸਿੰਘ ਦੀਪ ਸਕੱਤਰ ਪਰਲੇਸ ਨੇ ਦੇਵੇਂਦਰ ਧਰ ਦੀ ਜਾਣ ਪਹਿਚਾਣ ਕਰਵਾਉਂਦਿਆਂ ਕਿਹਾ ਕਿ ਕਵੀ ਹਿਮਾਚਲ ਦੇ ਸੱਭਿਆਚਾਰ ਨੂੰ ਆਪਣੀ ਕਵਿਤਾ ਰਾਹੀਂ ਉਜਾਗਰ ਕਰਦਾ ਹੈ। ਸ਼ਾਇਰ ਧਰ ਨੇ ਆਪਣੀ ਕਵਿਤਾ ਦੀ ਸਿਰਜਣਾ ਬਾਰੇ ਬੋਲਦਿਆਂ ਕਿਹਾ ਕਿ ਇਹ ਕੋਈ ਕੁਦਰਤੀ ਵਰਤਾਰਾ ਹੈ ਜਿਸ ਨੂੰ ਬਿਆਨ ਕਰਨਾ ਮੁਸ਼ਕਿਲ ਹੈ। ਉਹਨਾਂ ਆਪਣੇ ਜੀਵਨ ਦੇ ਸੰਘਰਸ਼ ਤੋਂ ਲੈਕੇ ਨੌਕਰੀ ਦੌਰਾਨ ਆਈਆਂ ਮੁਸ਼ਕਿਲਾਂ ਬਾਰੇ ਵੀ ਵਿਸਥਾਰ ਸਹਿਤ ਦਸਿਆ। ਉਹਨਾਂ ਹਿਮਾਚਲ ਪ੍ਰਦੇਸ਼ ਦੀ ਸੰਸਕ੍ਰਿਤੀ ਅਤੇ ਸੰਘਰਸ਼ ਦੀਆਂ ਕਵਿਤਾਵਾਂ ਪੇਸ਼ ਕੀਤੀਆਂ। ਡਾਕਟਰ ਜੋਗਿੰਦਰ ਸਿੰਘ ਨਿਰਾਲਾ ਨੇ ਪਰਲੇਸ ਨੂੰ ਮੁਨਸ਼ੀ ਪ੍ਰੇਮ ਚੰਦ ਦੇ ਨਕਸ਼ੇ ਕਦਮਾਂ ਤੇ ਤੁਰਨ ਵਾਲੀ ਸੰਸਥਾ ਕਿਹਾ। ਹਰਜਤਿੰਦਰ ਪਾਲ ਗੁਪਤਾ ਨੇ ਚੈਪਟਰ ਮਿੱਤਰਤਾ ਦੀ ਸ਼ੁਰੂਆਤ ਤੇ ਵਧਾਈ ਦਿੱਤੀ। ਪਰਲੇਸ ਪੰਜਾਬ ਦੇ ਕਨਵੀਨਰ ਸ਼ਾਇਰ ਤਰਸੇਮ ਨੇ ਚੈਪਟਰ ਮਿੱਤਰਤਾ ਪ੍ਰੋਜੈਕਟ ਬਾਰੇ ਦੱਸਿਆ ਕਿ ਅਸੀਂ ਅਕਸਰ ਭਾਰਤੀ ਭਾਸ਼ਾਵਾਂ ਦੇ ਲੇਖਕਾਂ ਨੂੰ ਮਿਲਣੋਂ ਵਿਰਵੇ ਰਹਿ ਜਾਂਦੇ ਹਾਂ। ਇਸ ਪ੍ਰੋਜੈਕਟ ਰਾਹੀਂ ਭਾਰਤੀ ਭਾਸ਼ਾ ਦੇ ਜਿਸ ਲੇਖਕ ਨੂੰ ਮਿਲਾਂਗੇ ਹੀ ਨਹੀਂ ਸਗੋਂ ਉਥੋਂ ਦੇ ਸਾਹਿਤ, ਸਮਾਜ ਅਤੇ ਸੱਭਿਆਚਾਰ ਬਾਰੇ ਵੀ ਜਾਣਕਾਰੀ ਪ੍ਰਾਪਤ ਕਰੇਆ ਕਰਾਂਗੇ। ਡਾਕਟਰ ਸਿਰਸਾ ਨੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਦੇਵੇਂਦਰ ਧਰ ਹਿਮਾਚਲ ਖੇਤਰ ਦੇ ਵੱਡੇ ਸ਼ਾਇਰ ਅਤੇ ਚਿੰਤਕ ਹਨ। ਜਿਨ੍ਹਾਂ ਨੇ ਹਿਮਾਚਲ ਦੇ ਸੰਘਰਸ਼ ਨੂੰ, ਸੰਸਕ੍ਰਿਤੀ ਨੂੰ ਆਪਣੀ ਕਵਿਤਾ ਵਿਚ ਫੈਲਾਇਆ ਹੈ। ਉਹਨਾਂ ਕਿਹਾ ਕਿ ਧਰ ਦੀ ਕਵਿਤਾ ਸਮਾਜ ਵਿਚ ਵਾਪਰ ਰਹੇ ਅਸਾਵੇਂ ਮਾਹੌਲ ਚਿੰਨਿਤ ਨਹੀਂ ਕਰਦੀ ਬਲਕਿ ਲੋਕਾਂ ਨੂੰ ਆਪਣੇ ਨਾਲ ਲੈਕੇ ਤੁਰਦੀ ਹੈ। ਇਸ ਕਵਿਤਾ ਵਿਚੋਂ ਲੋਕ ਵੇਦਨਾ ਭਰਪੂਰ ਰੂਪ ਵਿੱਚ ਉਜਾਗਰ ਹੁੰਦੀ ਹੈ। ਉਹਨਾਂ ਭਾਰਤੀ ਭਾਸ਼ਾਵਾਂ ਨੂੰ ਸਾਹਿਤ ਦਰਮਿਆਨ ਪੁਲ ਦਸਿਆ। ਇਸ ਦੌਰਾਨ ਤ੍ਰੈਮਾਸਿਕ ਰਸਾਲਾ ਤਾਸਮਨ ਦਾ ਸਤਾਰਵਾਂ ਅੰਕ ਲੋਕ ਅਰਪਣ ਕੀਤਾ। ਨਾਵਲਕਾਰ ਓਮ ਪ੍ਰਕਾਸ਼ ਗਾਸੋ, ਡਾਕਟਰ ਤਰਸਪਾਲ ਕੌਰ ਅਤੇ ਮੇਜਰ ਸਿੰਘ ਗਿੱਲ ਨੇ ਅਜਿਹੇ ਸਮਾਗਮ ਨੂੰ ਲੇਖਕਾਂ ਲਈ ਊਰਜਾਵਾਨ ਪ੍ਰੇਰਣਾ ਕਿਹਾ। ਸਮਾਗਮ ਦੇ ਦੂਜੇ ਭਾਗ ਵਿਚ ਰਾਮ ਸਰੂਪ ਸ਼ਰਮਾ, ਡਾਕਟਰ ਸੰਪੂਰਨ ਸਿੰਘ ਟੱਲੇਵਾਲੀਆ, ਇਕਬਾਲ ਕੌਰ ਉਦਾਸੀ, ਹਾਕਮ ਸਿੰਘ ਰੂੜੇਕੇ, ਤੇਜਾ ਸਿੰਘ ਤਿਲਕ, ਭੋਲਾ ਸਿੰਘ ਸੰਘੇੜਾ, ਡਾਕਟਰ ਹਰਿਭਗਵਾਨ, ਜੰਗੀਰ ਸਿੰਘ ਦਿਲਬਰ, ਦਰਸ਼ਨ ਸਿੰਘ ਚੀਮਾ, ਰਾਜਿੰਦਰ ਸ਼ੌਂਕੀ, ਰਘਬੀਰ ਸਿੰਘ ਗਿੱਲ, ਡਾਕਟਰ ਹਰੀਸ਼, ਕੁਲਵਿੰਦਰ ਕੌਸ਼ਲ, ਪਵਨ ਪਰਿੰਦਾ, ਐਸ ਐਸ ਗਿੱਲ, ਗੁਰਮੇਲ ਰੁੜੇਕੇ, ਕੁਲਦੀਪ ਭੁੱਲਰ, ਰਾਜਿੰਦਰ ਕੁਮਾਰ, ਰਬਿੰਦਰ ਸ਼ਰਮਾ, ਜਗਜੀਤ ਕੌਰ ਢਿੱਲਵਾਂ, ਜੰਗ ਸਿੰਘ ਫੱਟੜ, ਦਰਸ਼ਨ ਗੁਰੂ, ਡਾਕਟਰ ਭੁਪਿੰਦਰ ਸਿੰਘ ਬੇਦੀ ਆਦਿ ਅਦੀਬਾਂ ਨੇ ਕਵੀ ਦਰਬਾਰ ਵਿੱਚ ਉਚੇਚੇ ਤੌਰ ਤੇ ਭਾਗ ਲਿਆ।



