ਕਵਿਤਾ “ਮੱਘਦਾ ਸੂਰਜ” 

ਕੁਲਦੀਪ ਸਿੰਘ ਸਾਹਿਲ

         (ਸਮਾਜ ਵੀਕਲੀ)
ਸਾਡੇ ਵਿਹੜੇ ਮੱਘਦਿਆ ਸੁਰਜਾ
ਤੇਰੀ ਠੰਡੀ ਹੋ ਗਈ ਧੁੱਪ
ਦਿਨੇ ਹਨੇਰਾ ਵੇਖਕੇ
ਤੂੰ ਵੀ ਹੋ ਗਿਆ ਚੁੱਪ।
ਸਾਡੇ ਵਿਹੜੇ ਵੱਸੀਆਂ ਬਾਰਿਸ਼ਾਂ
ਸਾਡੇ ਚੋਵੇ ਕੱਚੀ ਛੱਤ
ਸਾਡੇ ਘਰ ਨਾ ਢਾਵੀਂ ਪਾਣਿਆਂ
ਇਹਦੀ ਨੀਂਹ ਵਿੱਚ ਸਾਡੀ ਰੱਤ।
ਸਾਡੇ ਵਿਹੜੇ ਆਉਂਦੇ ਵੈਦ ਨੀ
ਸਾਡੇ ਪੁਛਦੇ ਆ ਕੇ ਦੁੱਖ
ਸਾਡੇ ਪੀਲੇ ਮੂੰਹ ਨੀ ਵੇਖਦੇ
ਸਾਨੂੰ ਕੋਹਿਆ ਕੜਮੀ ਭੁੱਖ।
ਸਾਡੇ ਵਿਹੜੇ ਧੁਖੀਆਂ ਧੂਣੀਆਂ
ਸਾਡੇ ਸੜਦੇ ਅੱਲੜ੍ਹ ਚਾਅ
ਸਾਡੇ ਅੱਖੀਂ ਕੋਸੇ ਨੀਰ ਵੇ
ਸਾਡੇ ਸੀਨੇ ਅੰਦਰ ਤਾਅ।
ਸਾਡੇ ਵਿਹਿੜੀਓ ਦਿੱਲੀ ਦੂਰ ਏ
ਸਾਨੂੰ ਅੰਬੋ ਮਿਲਿਆ ਸੱਕ
ਸਾਡੇ ਤਨ ਤੇ ਲੀਰਾਂ ਪਾਟੀਆਂ
ਸਾਡੇ ਬੁੱਚੇ ਕੰਨ ਤੇ ਨੱਕ।
ਸਾਡੇ ਵਿਹੜੇ ਜੰਮੀਆਂ ਕੰਜਕਾਂ
ਬਾਬਲ ਆਖੇ ਪੁੱਤ
ਸਾਡੀ ਮਾਂ ਨੂੰ ਪੈਂਦੇ ਹੌਲ ਨੇ
ਜਿਉ ਜਿਉ ਕਰਦੀ ਗੁੱਤ।
ਸਾਡੇ ਵਿਹੜੇ ਉਗੀਆਂ ਬੇਰੀਆਂ
ਤਾਹੀਓਂ ਵੱਟੇ ਮਾਰੇ ਜੱਗ
ਸਿਰ ਤੋਂ ਖੁਲਕੇ ਬੇਲੀਆ
ਸਾਡੇ ਗਲ ਵਿੱਚ ਆ ਗਈ ਪੱਗ।
ਸਾਡੇ ਵਿਹੜੇ ਦੱਸ ਖਾਂ ਹਾਕਮਾਂ
ਸਾਨੂੰ ਕਿਸ ਦਿਨ ਲੱਭਣਾ ਰੱਜ
ਸਾਡੇ ਖਾਲੀ ਰੋਣ ਭਰੋਲੜੇ
ਸਾਡੇ ਵੈਣ ਕਰੇਂਦੇ ਛੱਜ।

ਕੁਲਦੀਪ ਸਿੰਘ ਸਾਹਿਲ
9417990040

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਕਵਿਤਾ “ਪੈਸਾ”
Next article        ਬਨਾਰਸੀ ਦਾਸ