ਕਵਿਤਾ ਪੁੱਛੇ
ਪੁੱਛੇ ਕਵਿਤਾ ਕਿੰਝ ਆਵਾਂ
ਘੁੱਪ ਹਨ੍ਹੇਰੀ ਰਾਤਾਂ ਵਿੱਚ
ਮਨਾਂ ਵਿੱਚ ਨਿਰਾਸ਼ਾ ਦਾ ਹਨ੍ਹੇਰਾ
ਕੋਈ ਰਾਹ ਵਿਖਾਉਂਦਾ ਨਹੀਂ ਦਿਸਦਾ
ਜ਼ੁਲਮ ਜ਼ਬਰ ਦਾ ਜ਼ੋਰ
ਘਟਾ ਚੜ੍ਹੀ ਘਨਘੋਰ
ਮਨਾਂ ਵਿੱਚ ਡਰ ਦਾ ਸ਼ੋਰ
ਕੋਈ ਤੇਗ ਲਿਸ਼ਕਾਉਂਦਾ ਨਹੀਂ ਦਿਸਦਾ
ਖੁੰਝ ਗਈ ਮਨੁੱਖਤਾ ਰਾਹਾਂ ਤੋਂ
ਪਾਪਾਂ ਦੀ ਘੁੰਮਣ ਘੇਰੀ ਨੇ
ਮਨੁੱਖ ਉਲਝਾਇਆ ਮੇਰੀ ਮੇਰੀ ਨੇ
ਤੂੰ ਦੀ ਬਾਤ ਕੋਈ ਪਾਉਂਦਾ ਨਹੀਂ ਦਿਸਦਾ
ਸਬਰ ਸਿਦਕ ਧਰਦਾ ਨਹੀਂ
ਜਿਵੇਂ ਧੱਕਾ ਕੀਤੇ ਬਿਨ ਸਰਦਾ ਨਹੀਂ
ਰੂਹ ਕੁਰਲਾਉਂਦੀ ਹੈ ਹਰਦਮ
ਕੋਈ ਦਰਦ ਵੰਡਾਉਂਦਾ ਨਹੀਂ ਦਿਸਦਾ
ਕਵਿਤਾ ਪੁੱਛੇ ਮੈਂ ਆਵਾਂ ਕਿੰਜ
ਤੇਰੇ ਦਿਲ ਦੀਆਂ ਬਾਤਾਂ ਪਾਵਾਂ ਕਿੰਜ
ਇਹ ਦੁਨੀਆਂ ਘੁੱਪ ਹਨ੍ਹੇਰੀ ਏ
ਦੀਵਾ ਕੋਈ ਚਾਨਣ ਚਮਕਾਉਂਦਾ ਨਹੀਂ ਦਿਸਦਾ
ਹਰਪ੍ਰੀਤ ਕੌਰ ਸੰਧੂ