ਕਵਿਤਾ

ਰਜਨੀ ਸ਼ਰਮਾ
(ਸਮਾਜ ਵੀਕਲੀ) 
ਕਮਾਲ ਹੈ 
ਜੋ ਰੂਹ ਦੇ ਵਿੱਚ ਉਤਰ ਗਈ ਉਹ ਆਸ਼ਿਕੀ ਕਮਾਲ ਹੈ।

ਖ਼ੁਦੀ ਨੂੰ ਜੋ ਮਿਟਾ ਰਹੀ ਉਹ ਬੰਦਗ਼ੀ ਕਮਾਲ ਹੈ।
 ਮਲਾਲ ਕੋਈ ਵੀ ਨਹੀਂ, ਨਾ ਕੋਈ ਹੈ ਸਵਾਲ ਪਰ,
ਸਨਮ ਦਾ ਹੀ ਖ਼ਿਆਲ ਹੈ,ਇਹ ਇਸ਼ਕ ਵੀ ਕਮਾਲ ਹੈ।
ਭਲੇ ਹੀ ਮੇਰੇ ਮੁੱਖ ਤੇ ਨੇ ਇਹ ਉਮਰ ਦੇ ਨਿਸ਼ਾਨ ਅੱਜ,
ਤੂੰ ਦੇਖ ਅੱਜ ਵੀ ਇਸ਼ਕ ਦੀ ਇਹ ਤਾਜ਼ਗੀ ਕਮਾਲ ਹੈ।
ਤੇਰੇ ਹੀ ਇਸ਼ਕ ਨੇ ਛੁੜਾਏ ਮੇਰੇ ਦੈਰ ਤੇ ਹਰਮ,
ਕਮਾਲ ਦੀਨ ਹੈ ਤੇਰਾ ਤੇ ਕਾਫ਼ਰੀ ਕਮਾਲ ਹੈ।
ਖਫ਼ਾ ਤੇਰਾ ਇਹ ਹੋ ਕੇ ਵੀ ਨਜ਼ਰ ਚੁਰਾ ਕੇ ਵੇਖਣਾ,
ਹਸੀਨ ਹਰ ਅਦਾ, ਤੇਰੀ ਨਰਾਜ਼ਗੀ ਕਮਾਲ ਹੈ।
ਤਲੀ ਤੇ ਸੀਸ ਧਰ ਕੇ ਜੋ ਵੀ ਇਮਤਿਹਾਨ ਦੇ ਗਏ,
ਕਜ਼ਾ ਵੀ ਕਹਿ ਗਈ ਇਨ੍ਹਾਂ ਦੀ ਜ਼ਿੰਦਗੀ ਕਮਾਲ ਹੈ।
ਹਕੂਮਤਾਂ ਦੇ ਨਾਲ਼ ਖਹਿ ਕੇ ਲਿਖ ਰਹੀ ਹੈ ਜੋ ਕਲਮ,
ਕਮਾਲ ਉਹ ਅਦੀਬ ਉਸਦੀ ਸ਼ਾਇਰੀ ਕਮਾਲ ਹੈ।
ਨਵੇਂ ਖਿਆਲ ਤੇ ਨਵੇਂ – ਨਵੇਂ ਨੇ ਇਸਦੇ ਜਾਵੀਏ,
ਨਜ਼ਰ ਤੇਰੀ ਤੇ ਹੋ ਰਹੀ ਗ਼ਜ਼ਲ ਬੜੀ ਕਮਾਲ ਹੈ।
ਜੋ ਧੋ ਰਿਹਾ ਹੈ ਕਾਲਖਾਂ ਚਿਰਾਗ ਦਿਲ ਦਾ ਬਾਲ਼ ਕੇ,
ਉਸੇ ਤੋਂ ਜਲ ਰਹੀ ਹੈ ਕਿਉਂ ਇਹ ਰੌਸ਼ਨੀ ਕਮਾਲ ਹੈ।
!!ਰਜਨੀ ਸ਼ਰਮਾ!!
Previous articleਸ਼ੁਭ ਸਵੇਰ ਦੋਸਤੋ
Next articleਬੱਤੀ ਵਾਲਿਆ।