(ਸਮਾਜ ਵੀਕਲੀ)
ਜਾਓ ਬੱਦਲ਼ੋ! ਮਾਪ ਲਿਆਓ!
ਜਾ ਕੇ ਉਸਦੀਆਂ ਵੰਗਾਂ ਦੇ
ਜਿਸਦੇ ਬੂਹੇ ਸਾਵਣ ਬੈਠਾ
ਥਾਣ ਖਿਲਾਰੀ ਰੰਗਾਂ ਦੇ!
ਉਹ ਤਿੱਤਲੀ ਫੁੱਲਾਂ ਤੋਂ ਡਰਦੀ
ਕੰਡੇ ਉੱਤੇ ਬਹਿੰਦੀ ਏ
ਹਵਾ ਨੂੰ ਉਸਦਾ ਪਰ ਚੁੰਮਣ ਦੀ
ਰੀਝ ਲੁਕਾਉਣੀ ਪੈਂਦੀ ਏ!
ਉਸਨੇ ਖੱਬੇ ਗੁੱਟ ‘ਚ ਪਾਇਆ
ਕੰਗਣ ਹੈ ਇੱਕ ਚਾਂਦੀ ਦਾ
ਮੈਂ ਇੱਕ ਫੋਟੋ ਲੈ ਰੱਖਿਆ ਹੈ
ਭੁੱਜੀਆਂ ਖਿੱਲਾਂ ਖਾਂਦੀ ਦਾ!
ਮੁਲਾਕਾਤ ਵਿਚ ਹੋਈਆਂ ਗੱਲਾਂ
ਅਜਬ ਕਹਾਣੀ ਹੁੰਦੀਆਂ ਨੇ
ਉਸਦੇ ਪੈਰ ਨੂੰ ਲਹਿਰਾਂ ਛੂਹ ਕੇ
ਪਾਣੀ-ਪਾਣੀ ਹੁੰਦੀਆਂ ਨੇ!
ਉਹ ਹੈ ਨੂਰ, ਨੂਰ ਦੀ ਜਾਈ,
ਨੂਰੀ ਉਸਦਾ ਚੇਹਰਾ ਏ
ਪਤਾ ਕਰੋ! ਉਸ ਨੂਰ ਦੇ ਵਿੱਚੋਂ
ਕਿੰਨਾ ਹਿੱਸਾ ਮੇਰਾ ਏ?
ਮੈਂ ਅੰਬਰ ‘ਚੋਂ ਚੁਟਕੀ ਭਰ ਕੇ
ਉਸਦੇ ਸਿਰ ਨੂੰ ਕੱਜਣਾ ਏ
ਉਸਦੇ ਮੱਥੇ ਤਾਰਾ ਲੱਗਾ
ਕਿੱਡਾ ਸੋਹਣਾ ਲੱਗਣਾ ਏ!
ਕੁਦਰਤ ਨੇ ਵੀ ਉਸਦੇ ਹੱਕ ‘ਚ
ਖੜ੍ਹ ਕੇ ਸਿਫਤਾਂ ਕਰੀਆਂ ਨੇ
ਕਣੀਆਂ ਪੈਰੀਂ ਝਾਂਜਰ ਪਾ ਕੇ
ਮਿੱਟੀ ਦੇ ਵਿੱਚ ਵਰ੍ਹੀਆਂ ਨੇ!
ਮੈਂ ਤਾਂ ਚਾਹ ਦੀ ਚੁਸਕੀ ਲੈਂਦਾ
ਉਸਦੇ ਬਾਰੇ ਲਿਖਦਾ ਹਾਂ,
ਉਰਦੂ ਵਰਗੀ ਨਜ਼ਮ ਦੇ ਕੋਲ਼ੋਂ
ਵੱਲ ਇਸ਼ਕ ਦੇ ਸਿਖਦਾ ਹਾਂ!
~ ਰਿੱਤੂ ਵਾਸੂਦੇਵ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly