ਪਲੂਟੋ

ਹਰਪ੍ਰੀਤ ਕੌਰ ਸੰਧੂ
 (ਸਮਾਜ ਵੀਕਲੀ)-ਜ਼ਿੰਦਗੀ ਦੇ ਹਿੱਸੇ ਜਦੋਂ ਜ਼ਿੰਦਗੀ ਨਾਲੋਂ ਕੱਟ ਜਾਂਦੇ ਹਨ ਤਾਂ ਬਹੁਤ ਔਖਾ ਲੱਗਦਾ ਹੈ। ਪਲੂਟੋ ਮੇਰਾ ਇਲਬਰੋਡੋਰ ਮੇਰੀ ਜ਼ਿੰਦਗੀ ਦਾ ਇੱਕ ਮਜਬੂਤ ਹਿੱਸਾ ਸੀ। ਮੇਰੇ ਪਤੀ ਬੈਂਗਲੌਰ ਵਿੱਚ ਪੋਸਟਿਡ ਸਨ ਜਦੋਂ ਅਸੀਂ ਪਲੂਟੋ ਨੂੰ ਲੈ ਕੇ ਆਏ।
ਪਲੂਟੋ ਦਾ ਸਾਡੀ ਜ਼ਿੰਦਗੀ ਵਿੱਚ ਆਉਣਾ ਕੁਦਰਤ ਵੱਲੋਂ ਇੱਕ ਚਮਤਕਾਰ ਸੀ। ਜਿਸ ਬੰਦੇ ਨੂੰ ਡੌਗ ਲੈਣ ਲਈ ਭੇਜਿਆ ਸੀ ਉਸਨੇ ਕਿਸੇ ਹੋਰ ਕੋਲੋਂ ਗੋਲਡਨ ਰਿਟਰੀਵਰ ਲੈਣਾ ਸੀ। ਪਰ ਉਹ ਬੰਦਾ ਮੌਕੇ ਤੇ ਪਹੁੰਚ ਨਾ ਸਕਿਆ। ਮੈਨੂੰ ਅਜੇ ਵੀ ਯਾਦ ਹੈ ਕਿ ਮੈਨੂੰ ਫੋਨ ਆਇਆ ਮੈਡਮ ਉਹ ਡੌਗ ਨਹੀਂ ਮਿਲ ਰਿਹਾ ਪਰ
ਇੱਕ ਬਹੁਤ ਪਿਆਰਾ ਲਬਰੇਡੌਰ ਬੱਚਾ ਦੇਖਿਆ ਹੈ ਜੇ ਤੁਸੀਂ ਕਹੋ ਤਾਂ ਇਸ ਨੂੰ ਲੈ ਆਵਾਂ। ਮੇਰੇ ਮੂੰਹੋਂ ਇਕਦਮ ਨਿਕਲਿਆ ਕਿ ਹਾਂ ਤੁਸੀਂ ਇਸ ਨੂੰ ਲੈ ਆਓ।
ਉਸਦੇ ਆਉਣ ਤੋਂ ਪਹਿਲਾਂ ਹੀ ਮੈਂ ਉਸਦਾ ਨਾਮ ਪਲੂਟੋ ਰੱਖ ਲਿਆ। ਮੇਰੇ ਪਤੀ ਵਾਰ-ਵਾਰ ਦਫਤਰ ਚੋਂ ਫੋਨ ਕਰਕੇ ਪੁੱਛ ਰਹੇ ਸਨ ਕਿ ਕੀ ਪਲੂਟੋ ਆ ਗਿਆ। ਜਦੋਂ ਘਰ ਪਹੁੰਚਿਆ ਤਾਂ ਜਿਵੇਂ ਰੌਣਕ ਹੀ ਛਾ ਗਈ। ਸਾਡੀ ਬਟਾਲੀਅਨ ਦਾ ਹਰ ਇੱਕ ਬੰਦਾ ਉਸਨੂੰ ਦੇਖਣ ਆਇਆ।
ਆਪਣੀ ਪਿਆਰੇ ਜਿਹੇ ਮੂੰਹ ਤੇ ਪਿਆਰੇ ਜਿਹੇ ਵਿਹਾਰ ਨਾਲ ਪਲੂਟੋ ਹਰ ਇੱਕ ਦਾ ਚਹੇਤਾ ਬਣ ਗਿਆ। ਇੱਕ ਹੋਰ ਅਫਸਰ ਜੋ ਸਾਡੇ ਨਾਲ ਵਾਲੇ ਕੁਆਟਰ ਵਿੱਚ ਰਹਿੰਦੇ ਸਨ ਉਹਨਾਂ ਦੀ ਪਤਨੀ ਜਦੋਂ ਵੀ ਕੱਲੀ ਹੁੰਦੀ ਤਾਂ ਫੋਨ ਕਰ ਦਿੰਦੀ ਕਿ ਇਸ ਨੂੰ ਮੇਰੇ ਕੋਲ ਭੇਜ ਦਿਓ। ਦੋ ਦਿਨਾਂ ਵਿੱਚ ਹੀ ਪਲੂਟੋ ਲਈ ਛੋਟੇ ਛੋਟੇ ਗੱਦੇ ਬਣਾਏ ਗਏ। ਪਤਾ ਨਹੀਂ ਕਿੰਨੇ ਖਿਲਾਉਣੇ ਅਸੀਂ ਉਸ ਵਾਸਤੇ ਲੈ ਕੇ ਆਏ।
ਮੇਰੇ ਨਾਲ ਉਸ ਬੱਚੇ ਦਾ ਜੁੜਾਵ ਬਹੁਤ ਵੱਖਰਾ ਸੀ। ਉਹ ਇੱਕ ਮਿੰਟ ਵੀ ਮੈਨੂੰ ਅੱਖਾਂ ਤੋਂ ਪਰੇ ਨਾ ਹੋਣ ਦਿੰਦਾ। ਜੇ ਮੈਂ ਬਾਥਰੂਮ ਵੀ ਜਾਂਦੀ ਤਾਂ ਉਹ ਬਾਹਰ ਬੈਠਾ ਰੋਂਦਾ ਰਹਿੰਦਾ। ਮੈਂ ਤਿੰਨ ਮਹੀਨੇ ਦੀ ਛੁੱਟੀ ਤੇ ਉੱਥੇ ਰਹੀ। ਇਸੇ ਦਰਮਿਆਨ ਮੇਰੇ ਪਤੀ ਦੀ ਬਦਲੀ ਜਲੰਧਰ ਹੋ ਗਈ। ਹੁਣ ਮਸਲਾ ਅਸੀਂ ਪਲੂਟੋ ਨੂੰ ਕਿਵੇਂ ਲਿਆਇਆ ਜਾਵੇ।
ਪਰ ਇਸ ਦਾ ਹੱਲ ਵੀ ਸੌਖਾ ਹੀ ਨਿਕਲ ਆਇਆ ਅਸੀਂ ਆਪਣੀ ਕਾਰ ਪਟਿਆਲੇ ਭੇਜਣੀ ਸੀ ਜਿਸ ਵਿੱਚ ਪਲੂਟੋ ਨੂੰ ਡਰਾਈਵਰ ਦੇ ਨਾਲ ਭੇਜ ਦਿੱਤਾ ਗਿਆ। ਚਾਰ ਦਿਨ ਲੱਗੇ ਇਸ ਸਫਰ ਵਿੱਚ। ਅਸੀਂ ਪਹਿਲਾਂ ਹੀ ਘਰ ਪਹੁੰਚ ਚੁੱਕੇ ਸੀ। ਡਰਾਈਵਰ ਦਾ ਫੋਨ ਆਇਆ ਕਿ ਉਹ ਪਟਿਆਲੇ ਪਹੁੰਚ ਚੁੱਕਾ ਹੈ। ਸਾਡਾ ਇੱਕ ਹੋਰ ਬੰਦਾ ਵੀ ਉਸਦੇ ਨਾਲ ਸੀ।
ਮੇਰੇ ਪਤੀ ਸਕੂਟਰ ਲੈ ਕੇ ਉਹਨਾਂ ਨੂੰ ਰਸਤਾ ਦਿਖਾਉਣ ਲਈ ਗਏ। ਹੈਰਾਨੀ ਦੀ ਗੱਲ ਇਹ ਸੀ ਕਿ ਜਿਵੇਂ ਹੀ ਉਹ ਘਰ ਪਹੁੰਚੇ ਤੇ ਉਹਨਾਂ ਨੇ ਪਲੂਟੋ ਨੂੰ ਕਾਰ ਵਿੱਚੋਂ ਉਤਾਰਿਆ ਤਾਂ ਉਹ ਬਿਨਾਂ ਮੈਨੂੰ ਦੇਖੇ ਭੱਜ ਕੇ ਮੇਰੀ ਮੰਮੀ ਦੀ ਗੋਦ ਵਿੱਚ ਜਾ ਬੈਠਾ। ਬਸ ਉਸ ਦਿਨ ਤੋਂ ਉਹ ਮੰਮੀ ਦਾ ਹੀ ਹੋ ਗਿਆ। ਉਸ ਦਿਨ ਤੋਂ ਲੈ ਕੇ ਉਸ ਦੀ ਜ਼ਿੰਦਗੀ ਦੇ ਅਖੀਰਲੇ ਦਿਨ ਤੱਕ ਉਸਨੇ ਇੱਕ ਮਿੰਟ ਲਈ ਵੀ ਕਦੀ ਮੰਮੀ ਦਾ ਵਸਾਹ ਨਹੀਂ ਕੀਤਾ।
ਅਸੀਂ ਜਲੰਧਰ ਸ਼ਿਫਟ ਕਰ ਗਏ ਤੇ ਪਲੂਟੋ ਪਿੱਛੇ ਪਟਿਆਲਾ ਹੀ ਰਹਿ ਗਿਆ। ਮੇਰਾ ਮਨ ਸੀ ਕਿ ਕੁਝ ਦਿਨਾਂ ਬਾਅਦ ਜਦੋਂ ਸਾਨੂੰ ਘਰ ਮਿਲ ਜਾਵੇਗਾ ਤਾਂ ਅਸੀਂ ਉਸਨੂੰ ਨਾਲ ਲੈ ਜਾਵਾਂਗੇ। ਪਰ ਮੇਰੇ ਪਿਤਾ ਨੇ ਉਸ ਨੂੰ ਭੇਜਣ ਤੋਂ ਸਾਫ ਇਨਕਾਰ ਕਰ ਦਿੱਤਾ। ਪਲੂਟੋ ਹੁਣ ਘਰ ਦਾ ਲਾਡਲਾ ਬੱਚਾ ਸੀ।
ਸਾਡੇ ਘਰ ਵਿੱਚ ਪਹਿਲਾਂ ਵੀ ਸੀਜ਼ਰ ਦੇ ਹੋਣ ਕਰਕੇ ਥੋੜੀ ਮੁਸ਼ਕਿਲ ਆ ਰਹੀ ਸੀ। ਪਲੂਟੋ ਸੀਜ਼ਰ ਨਾਲ ਖੇਡਣਾ ਚਾਹੁੰਦਾ ਸੀ ਪਰ ਸੀਜ਼ਰ ਉਸ ਤੋਂ ਖਾਰ ਖਾਂਦਾ ਸੀ। ਉਸ ਨੂੰ ਇੰਝ ਲੱਗਦਾ ਸੀ ਕਿ ਮੇਰਾ ਪਿਆਰ ਵੰਡ ਦਿੱਤਾ ਗਿਆ। ਮੰਮੀ ਨੇ ਪਲੂਟੋ ਨੂੰ ਇੱਕ ਪਾਸੇ ਤੋ ਕਰਕੇ ਲੈ ਜਾਣਾ। ਪਲੂਟੋ ਨੇ ਰਾਤ ਨੂੰ ਮੰਮੀ ਦੇ ਨਾਲ ਹੀ ਸੌਣਾ।
ਉਹ ਸਵੇਰੇ ਤੜਕਸਾਰ ਉੱਠ ਜਾਂਦਾ ਤੇ ਮੰਮੀ ਉਸਨੂੰ ਬਾਹਰ ਬਗੀਚੇ ਵਿੱਚ ਕੱਢ ਦਿੰਦੇ। ਉਹ ਇੱਕ ਇੱਕ ਪੱਤੇ ਨੂੰ ਇੱਕ ਇੱਕ ਫੁੱਲ ਨੂੰ ਸੁੰਘਦਾ ਦੇਖਦਾ ਤੇ ਖੇਡਦਾ ਰਹਿੰਦਾ। ਚੁਸਤੀ ਫੁਰਤੀ ਦਾ ਸੁਮੇਲ ਸੀ ਉਹ। ਪਿਆਰਾ ਜਿਹਾ ਮੂੰਹ ਤੇ ਭੋਲੀਆਂ ਭੋਲੀਆਂ ਜਿਹੀਆਂ ਸ਼ਰਾਰਤਾਂ। ਉਹ ਸਾਡੇ ਘਰ ਦੀ ਰੌਣਕ ਬਣ ਗਿਆ ਸੀ। ਹੁਣ ਸੀਜ਼ਰ ਨੇ ਵੀ ਉਸ ਨਾਲ ਦੋਸਤੀ ਕਰ ਲਈ ਸੀ। ਦੋਹਾਂ ਦਾ ਬੜਾ ਮੇਲ ਸੀ।
ਹੌਲੀ ਹੌਲੀ ਪਲੂਟੋ ਘਰ ਦੀ ਜਿੰਦ ਜਾਨ ਬਣ ਗਿਆ। ਸਮੱਸਿਆ ਇਹ ਸੀ ਕਿ ਉਹ ਮੰਮੀ ਨੂੰ ਕਿਤੇ ਜਾਣ ਨਹੀਂ ਦਿੰਦਾ ਸੀ। ਜੇ ਮੰਮੀ ਨੇ ਕਦੀ ਗੁਆਂਢੀਆਂ ਦੇ ਘਰ ਵੀ ਚਲੇ ਜਾਣਾ ਤਾਂ ਉਸਨੇ ਗੇਟ ਵਿੱਚ ਬੈਠੇ ਰਹਿਣਾ। ਉਸਨੂੰ ਬਥੇਰਾ ਕਹਿਣਾ ਕਿ ਅੰਦਰ ਆ ਜਾ ਪਰ ਨਹੀਂ ਜਦ ਤੱਕ ਮੰਮੀ ਵਾਪਸ ਨਹੀਂ ਆਉਂਦੇ ਉਹ ਉੱਥੇ ਹੀ ਬੈਠਾ ਰਹਿੰਦਾ। ਮੰਮੀ ਨੂੰ ਵੀ ਉਸ ਨਾਲ ਇੱਕ ਅਜੀਬ ਤਰ੍ਹਾਂ ਦਾ ਮੋਹ ਹੋ ਗਿਆ ਸੀ ਕਿ ਉਹ ਕਦੀ ਕਿਤੇ ਜਾਂਦੇ ਹੀ ਨਹੀਂ ਸਨ। ਉਹਨਾਂ ਨੂੰ ਲੱਗਦਾ ਸੀ ਕਿ ਪਲੂਟੋ ਪਿੱਛੋਂ ਪਰੇਸ਼ਾਨ ਹੋਵੇਗਾ।
ਮੈਂ ਜਦੋਂ ਸਕੂਲ ਜਾਂਦੀ ਤਾਂ ਉਹ ਗੇਟ ਤੱਕ ਮੈਨੂੰ ਹਰ ਰੋਜ਼ ਛੱਡਣ ਜਾਂਦਾ। ਮੇਰੇ ਵਾਪਸ ਆਉਣ ਦੇ ਸਮੇਂ ਉਹ ਪੋਰਚ ਵਿੱਚ ਬੈਠਾ ਮੈਨੂੰ ਉਡੀਕ ਰਿਹਾ ਹੁੰਦਾ। ਮੈਨੂੰ ਉਸ ਵਿੱਚ ਆਪਣਾ ਸਭ ਕੁਝ ਨਜ਼ਰ ਆਉਂਦਾ ਸੀ। ਜਦੋਂ ਦੁਪਹਿਰੇ ਮੈਂ ਘਰ ਆ ਜਾਣਾ ਤਾਂ ਉਸਨੇ ਗਰਮੀਆਂ ਵਿੱਚ ਰੋਣ ਲੱਗਣਾ ਕਿ ਹੁਣ ਏਸੀ ਚਲਾਓ। ਇਹ ਉਸ ਦੀ ਕਮਜ਼ੋਰੀ ਸੀ। ਜੇਕਰ ਕਿਤੇ ਬਿਜਲੀ ਚਲੀ ਜਾਣੀ ਤਾਂ ਉਸਨੇ ਦੂਜੇ ਕਮਰੇ ਵਿੱਚ ਦੇਖਣ ਜਾਣਾ ਕਿ ਉੱਥੇ ਏਸੀ ਚੱਲ ਰਿਹਾ ਹੈ ਕਿ ਨਹੀਂ।
ਖਾਣ ਪੀਣ ਵਿੱਚ ਦਹੀਂ ਖਾਣ ਦਾ ਬਹੁਤ ਸ਼ੌਕੀਨ ਸੀ। ਮੰਮੀ ਨੇ ਵੱਡਾ ਕੌਲਾ ਭਰ ਕੇ ਦਹੀਂ ਦਾ ਜਮਾਉਣਾ ਤੇ ਸਾਰਾ ਹੀ ਉਸਨੂੰ ਖਵਾ ਦੇਣਾ। ਜਦੋਂ ਆਪ ਰੋਟੀ ਖਾਣ ਲੱਗਣਾ ਆਪਣੀ ਕੌਲੀ ਵੀ ਉਸਨੂੰ ਦੇ ਦੇਣੀ ਕਿ ਕੋਈ ਗੱਲ ਨਹੀਂ ਪਲੂਟੋ ਤੂੰ ਖਾ ਲੈ। ਇੱਕ ਅਜੀਬ ਜਿਹਾ ਰਿਸ਼ਤਾ ਸੀ ਦੋਹਾਂ ਦਾ।
ਮੈਂ ਅਕਸਰ ਦੇਖਣਾ ਕਿ ਮੇਰੇ ਬਾਥਰੂਮ ਵਿੱਚ ਜਿਸ ਟੱਬ ਵਿੱਚ ਪਾਣੀ ਪਿਆ ਹੈ ਉਸ ਵਿੱਚ ਹਰ ਰੋਜ਼ ਮਿੱਟੀ ਪਈ ਹੁੰਦੀ ਹੈ। ਕਈ ਦਿਨ ਮੈਨੂੰ ਸਮਝ ਨਾ ਆਈ। ਇੱਕ ਦਿਨ ਮੈਂ ਦੇਖਿਆ ਕਿ ਪਲੂਟੋ ਮਿੱਟੀ ਵਿੱਚ ਖੇਡ ਕੇ ਆਉਂਦਾ ਹੈ ਤੇ ਆਪਣੇ ਪੈਰ ਵਾਰੀ ਵਾਰੀ ਉਸ ਪਾਣੀ ਵਿੱਚ ਪਾ ਕੇ ਆਪਣੇ ਪੈਰ ਧੋ ਲੈਂਦਾ ਹੈ। ਉਸ ਦੀ ਚੁਸਤੀ ਫੁਰਤੀ ਕਮਾਲ ਦੀ ਸੀ।
ਜਦੋਂ ਉਹ ਸਾਲ ਦਾ ਸੀ ਤਾਂ ਉਸਨੂੰ ਦੌਰੇ ਪੈਣ ਲੱਗੇ। ਇਹ ਦੌਰੇ ਇੰਜ ਹੁੰਦੇ ਸਨ ਜਿਵੇਂ ਮਿਰਗੀ ਦਾ ਦੌਰਾ ਹੋਵੇ। ਮੈਂ ਉਸਨੂੰ ਬਹੁਤ ਡਾਕਟਰਾਂ ਕੋਲ ਦਿਖਾਇਆ ਪਰ ਸਭ ਨੇ ਕਿਹਾ ਇਸ ਦਾ ਕੋਈ ਇਲਾਜ ਨਹੀਂ ਹੈ। ਪਰਹੇਜ਼ ਵਜੋਂ ਉਹਨਾਂ ਨੇ ਗੋਲੀਆਂ ਜਰੂਰ ਦਿੱਤੀਆਂ। ਪਰ ਜਦੋਂ ਕਦੀ ਵੀ ਪਲੂਟੋ ਬਿਮਾਰ ਹੁੰਦਾ ਤਾਂ ਮਨ ਬਹੁਤ ਪਰੇਸ਼ਾਨ ਹੋ ਜਾਂਦਾ। ਕਈ ਵਾਰ ਰੱਬ ਤੇ ਵੀ ਗੁੱਸਾ ਆਉਂਦਾ ਕਿ ਉਸ ਬੇਜ਼ੁਬਾਨ ਜੀਵ ਨੂੰ ਅਜਿਹੀ ਬਿਮਾਰੀ ਕਿਉਂ ਦੇ ਰਿਹਾ ਹੈ।
ਉਸਦੀ ਬਿਮਾਰੀ ਦੇ ਡਰ ਕਰਕੇ ਵੀ ਅਸੀਂ ਕਦੇ ਉਸ ਨੂੰ ਇਕੱਲਾ ਨਹੀਂ ਛੱਡਦੇ ਸੀ। ਕੋਈ ਨਾ ਕੋਈ ਘਰ ਜਰੂਰ ਉਸ ਕੋਲ ਰਹਿੰਦਾ। ਹੌਲੀ ਹੌਲੀ ਉਹ ਬੱਦਲਾਂ ਦੀ ਆਵਾਜ਼ ਤੋਂ ਵੀ ਡਰਨ ਲੱਗਾ। ਜਦੋਂ ਕਦੇ ਮੀਂਹ ਪੈਣਾ ਤਾਂ ਉਸਨੇ ਡਰ ਕੇ ਲੁਕ ਜਾਣਾ। ਦਿਵਾਲੀ ਦੇ ਦਿਨਾਂ ਵਿੱਚ ਤਾਂ ਉਹ ਬਹੁਤ ਹੀ ਪਰੇਸ਼ਾਨ ਹੁੰਦਾ ਸੀ।। ਪਟਾਕਿਆਂ ਦੀ ਆਵਾਜ਼ ਤੋਂ ਉਹ ਬਹੁਤ ਡਰਦਾ ਸੀ।
ਕੁਝ ਸਾਲ ਬਾਅਦ ਅਸੀਂ ਸਮੋਕੀ ਨੂੰ ਲੈ ਆਏ। ਪਲੂਟੋ ਨੇ ਇੱਕ ਦਿਨ ਵੀ ਓਪਰਾ ਨਹੀਂ ਕੀਤਾ। ਉਸਨੇ ਇਸ ਮੌਕੇ ਨੂੰ ਆਪਣੇ ਛੋਟੇ ਭਰਾ ਵਾਂਗ ਅਪਣਾ ਲਿਆ। ਉਹ ਆਪਣੇ ਖਾਣੇ ਵਿੱਚੋਂ ਥੋੜਾ ਜਿਹਾ ਖਾਣਾ ਸਮੋਕੀ ਲਈ ਜਰੂਰ ਛੱਡਦਾ। ਦੋਹਾਂ ਦੀ ਕਦੇ ਲੜਾਈ ਨਹੀਂ ਹੋਈ। ਇੱਕ ਨੇ ਪਾਣੀ ਪੀਣਾ ਤਾਂ ਦੂਜੇ ਨੇ ਪਿੱਛੇ ਖੜੇ ਰਹਿਣਾ। ਇਹ ਦੇਖ ਕੇ ਮੈਂ ਅਕਸਰ ਸੋਚਦੀ ਕਿ ਕਹਿੰਦੇ ਨੇ ਕੁੱਤਾ ਕੁੱਤੇ ਦਾ ਵੈਰੀ ਪਰ ਇਹ ਝੂਠ ਸਾਬਿਤ ਕਰ ਦਿੱਤਾ ਸੀ ਇਹਨਾਂ ਦੋਹਾਂ ਨੇ। ਬਹੁਤ ਹੀ ਪਿਆਰ ਨਾਲ ਰਹਿੰਦੇ ਸਨ।
ਜੇ ਕਦੀ ਇੱਕ ਨੂੰ ਗੁੱਸੇ ਹੋਣਾ ਤਾਂ ਦੂਜੇ ਨੇ ਅੱਗੋਂ ਸਾਨੂੰ ਬੋਲਣਾ। ਇੱਕ ਦੂਜੇ ਨੂੰ ਕੁਝ ਵੀ ਕਹਿਣ ਨਹੀਂ ਦਿੰਦੇ ਸਨ। ਹੌਲੀ ਹੌਲੀ ਜਿਵੇਂ ਜਿਵੇਂ ਉਮਰ ਵੱਧਦੀ ਗਈ ਪਲੂਟੋ ਦਾ ਤੁਰਨਾ ਫਿਰਨਾ ਥੋੜਾ ਮੁਸ਼ਕਿਲ ਹੋ ਰਿਹਾ ਸੀ। ਉਸਨੂੰ ਅਰਥਰਾਈਟਸ ਦੀ ਪ੍ਰੋਬਲਮ ਹੋ ਗਈ ਸੀ। ਪਰ ਫਿਰ ਵੀ ਜਦੋਂ ਮੰਮੀ ਆਪਣੀ ਖੂੰਡੀ ਚੱਕ ਕੇ ਤੁਰਦੇ ਤਾਂ ਉਹ ਨਾਲ ਹੀ ਤੁਰ ਪੈਂਦਾ।
ਮੇਰੇ ਪਿਤਾ ਦੀ ਮੌਤ ਤੋਂ ਬਾਅਦ 15 ਦਿਨ ਪਲੂਟੋ ਨੇ ਕੁਝ ਨਾ ਖਾਧਾ। ਉਹ ਹਰ ਵੇਲੇ ਉਹਨਾਂ ਦੀ ਵੀਲ ਚੇਅਰ ਕੋਲ ਬੈਠਾ ਰੋਂਦਾ ਰਹਿੰਦਾ। ਇੱਕ ਜਾਨਵਰ ਇਸ ਦਰਦ ਨੂੰ ਕਿਸ ਤਰ੍ਹਾਂ ਮਹਿਸੂਸ ਕਰਦਾ ਹੈ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ। ਹੌਲੀ ਹੌਲੀ ਆਪਣੀ ਚਾਲੇ ਚੱਲਦਾ ਚਲਦਾ ਵਕਤ ਬਹੁਤ ਅੱਗੇ ਆ ਗਿਆ ਸੀ।
ਪਰ ਪਲੂਟੋ ਠੀਕ ਸੀ ਬੇਸ਼ੱਕ ਉਸ ਤੋਂ ਤੁਰ ਫਿਰ ਨਹੀਂ ਹੁੰਦਾ ਸੀ। ਅਸੀਂ ਕਈ ਵਾਰ ਹੱਸਦੇ ਵੀ ਸੀ ਕਿ ਜੇ ਇਸ ਨੂੰ ਉਠਾਉਣਾ ਹੋਵੇ ਤਾਂ ਬਸ ਮੰਮੀ ਨੂੰ ਸਿਰ ਤੇ ਚੁੰਨੀ ਲੈਣ ਨੂੰ ਕਹੋ ਤੇ ਇਹ ਤੁਰ ਪਵੇਗਾ।
ਇੱਕ ਦਿਨ ਪਲੂਟੋ ਨੂੰ ਸਵੇਰੇ ਸਵੇਰੇ ਉਲਟੀ ਆਈ। ਮੈਨੂੰ ਲੱਗਾ ਕਿ ਸਰਦੀ ਦਾ ਮੌਸਮ ਹੈ ਹੋ ਸਕਦਾ ਹੈ ਠੰਡ ਲੱਗ ਗਈ ਹੋਵੇ। ਪਰ ਦੂਸਰੇ ਦਿਨ ਵੀ ਉਸ ਨੂੰ ਉਲਟੀਆਂ ਲੱਗੀਆਂ ਹੀ ਰਹੀਆਂ। ਮੈਂ ਡਾਕਟਰ ਕੋਲ ਗਈ ਤਾਂ ਡਾਕਟਰ ਨੇ ਉਸਦਾ ਟੈਸਟ ਕਰਵਾਉਣ ਲਈ ਕਿਹਾ। ਉਸਨੂੰ ਵਾਇਰਲ ਨਿਮੋਨੀਆ ਸੀ। ਡਾਕਟਰ ਨੇ ਵਿਸ਼ਵਾਸ ਦਿਵਾਇਆ ਕਿ ਉਹ ਜਲਦ ਹੀ ਠੀਕ ਹੋ ਜਾਵੇਗਾ।
ਮੈਂ ਘਰ ਹੀ ਉਸਦੇ ਇੰਜੈਕਸ਼ਨ ਲਗਾ ਦਿੱਤੇ। ਪਲੂਟੋ ਕਦੀ ਵੀ ਕਾਰ ਵਿੱਚ ਨਹੀਂ ਬੈਠਦਾ ਸੀ। ਉਸ ਦੇ ਮਨ ਵਿੱਚ ਇਹ ਡਰ ਘਰ ਕਰ ਬੈਠਾ ਸੀ ਕਿ ਮੈਨੂੰ ਕਿਤੇ ਛੱਡ ਆਉਣਗੇ। ਇਕਦਮ ਸ਼ਾਮ ਦੇ 5 ਵਜੇ ਪਲੂਟੋ ਉੱਠਿਆ ਤੇ ਸਾਰੇ ਵਿਹੜੇ ਵਿੱਚ ਉਸਨੇ ਚੱਕਰ ਲਗਾਇਆ। ਹਰ ਉਹ ਥਾਂ ਜਿੱਥੇ ਉਹ ਬੈਠਦਾ ਸੀ ਉਸ ਥਾਂ ਤੇ ਉਹ ਬੈਠਿਆ। ਫਿਰ ਉਹ ਮੇਰੇ ਕਮਰੇ ਵਿੱਚ ਆ ਕੇ ਉਸ ਥਾਂ ਤੇ ਬੈਠ ਗਿਆ ਜਿੱਥੇ ਉਹ ਨਿੱਕਾ ਹੁੰਦਾ ਸੌਂਦਾ ਸੀ। ਪਿਤਾ ਜੀ ਦੀ ਮੌਤ ਤੋਂ ਬਾਅਦ ਤਾਂ ਉਹ ਮੰਮੀ ਦੇ ਨਾਲ ਹੀ ਰਹਿੰਦਾ ਸੀ।
ਬਸ ਉੱਥੇ ਬੈਠ ਕੇ ਫਿਰ ਉਸ ਤੋਂ ਉੱਠ ਨਹੀਂ ਹੋਇਆ। ਉਹ ਬਹੁਤ ਔਖੇ ਔਖੇ ਸਾਹ ਲੈ ਰਿਹਾ ਸੀ। ਫਿਰ ਵੀ ਮੈਨੂੰ ਯਕੀਨ ਸੀ ਕਿ ਉਹ ਠੀਕ ਹੋ ਜਾਵੇਗਾ। ਅਚਾਨਕ ਉਸਦੇ ਸਾਹਾਂ ਦੀ ਆਵਾਜ਼ ਆਉਣੀ ਬੰਦ ਹੋ ਗਈ। ਦੇਖਿਆ ਤਾਂ ਪਲੂਟੋ ਇੱਕ ਨਵੀਂ ਜ਼ਿੰਦਗੀ ਵਿੱਚ ਜਾਗਣ ਲਈ ਸੌ ਚੁੱਕਾ ਸੀ।
ਉਹ ਜਾਂਦਾ ਹੋਇਆ ਸਾਡੇ ਘਰ ਚੋਂ ਜਿਵੇਂ ਬਰਕਤ ਹੀ ਲੈ ਗਿਆ। ਘਰ ਵਿੱਚ ਦਿਲ ਨਹੀਂ ਲੱਗਦਾ। ਹਰ ਪਾਸਾ ਸੁੰਨਾ ਸੁੰਨਾ ਮਹਿਸੂਸ ਹੁੰਦਾ ਹੈ। ਇੰਜ ਲੱਗਦਾ ਹੈ ਜਿਵੇਂ ਸਭ ਕੁਝ ਹੁੰਦਿਆਂ ਵੀ ਕੁਝ ਵੀ ਨਹੀਂ ਹੈ। ਪਲੂਟੋ ਦੀ ਮਿ੍ਤਿਕ ਦੇਹ ਨੂੰ ਬਗ਼ੀਚੇ ਦੇ ਬਿਲਕੁਲ ਵਿਚਕਾਰ ਦਬਾ ਦਿੱਤਾ ਗਿਆ।
ਉਸ ਦੇ ਉੱਪਰ ਬਹੁਤ ਸਾਰੇ ਫੁੱਲ ਲਾ ਦਿੱਤੇ ਗਏ। ਹੁਣ ਜਦੋਂ ਵੀ ਕੋਈ ਨਵਾਂ ਫੁੱਲ ਖਿੜਦਾ ਹੈ ਤਾਂ ਉਸ ਵਿੱਚ ਪਲੂਟੋ ਦਾ ਭੋਲਾ ਜਿਹਾ ਮੂੰਹ ਦਿਖਾਈ ਦਿੰਦਾ ਹੈ।
ਅਕਸਰ ਸੋਚਦੀ ਹਾਂ ਕਿ ਜੇ ਕਿਤੇ ਅੱਥਰੂਆਂ ਦੀਆਂ ਪੌੜੀਆਂ ਬਣਦੀਆਂ ਹੁੰਦੀਆਂ ਤਾਂ ਮੈਂ ਜਾ ਕੇ ਉਸ ਨੂੰ ਆਕਾਸ਼ ਵਿੱਚੋਂ ਵੀ ਵਾਪਸ ਲੈ ਆਉਂਦੀ। ਪਰ ਜਾਣ ਵਾਲੇ ਕਿੱਥੇ ਮੁੜਦੇ ਹਨ।
ਹਰਪ੍ਰੀਤ ਕੌਰ ਸੰਧੂ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚਰਨਜੀਤ ਕੌਰ ਗਰੇਵਾਲ ਨੇ ਸ਼ਬਦ ਚਿੱਤਰ ਲਿਖਿਆ ਕਾਵਿ ਚਿੱਤਰ 
Next articleਆਮ ਚੁਣਾਵ –