ਚੰਨ ‘ਤੇ ਪਲਾਟ 

ਰੋਮੀ ਘੜਾਮੇਂ ਵਾਲ਼ਾ
         (ਸਮਾਜ ਵੀਕਲੀ)
ਸਾਲੀ:-
ਹਾਲ ਕੀ ਐ ਜੀਜਾ ਤੇਰੇ ਭਾਈ ਚੌਂਕੀਦਾਰ ਦਾ।
ਬਾਹਲੀਆਂ ਹੀ ਰਹਿੰਦਾ ਸੀ ਜੋ ਫੁਕਰੀਆਂ ਮਾਰਦਾ।
ਸ਼ੇਖਚਿੱਲੀ ਵਾਂਗੂੰ ਕਹਿੰਦੇ ਸੁਪਨੇ ਵਿਖਾ ਕੇ,
ਥੋਨੂੰ ਦਿਨੇ ਹੀ ਵਿਖਾਤੇ ਉਹਨੇ ਤਾਰੇ..।
ਸੁਣਿਆਂ ਮੈਂ ਥੋਡੇ ਘਰ ਦੇ ਉਹਨੇ ਭਾਂਡੇ ਵੀ ਵੇਚਤੇ ਸਾਰੇ।
ਸੁਣਿਆਂ ਮੈਂ ਥੋਡੇ ਘਰ ਦੇ ਉਹਨੇ ਭਾਂਡੇ ਵੀ ਵੇਚਤੇ ਸਾਰੇ।
ਜੀਜਾ:-
ਹੁਣ ਪਹਿਲਾਂ ਵਾਲ਼ੀ ਗੱਲ ਨਹੀਉਂ ਚੌਂਕੀਦਾਰ ਦੀ।
ਡੀਲਰੀ ਉਹ ਕਰੇ ਲੈ ਕੇ ਓਟ ਸਰਕਾਰ ਦੀ।
ਏਸ ਕੰਮ ਵਿੱਚ ਕੰਪੀਟੀਸ਼ਨ ਹੈ ਬਹੁਤ,
ਪਰ ਲੱਭ ਲੀ ਨਵੀਂ ਹੀ ਉਹਨੇ ਕਾਟ।
ਸਕੀਮ ਲਾ ਲੀ ਵੱਡੀ ਬਾਈ ਨੇ ਨੀ,
ਕਹਿੰਦਾ ਚੰਨ ਉੱਤੇ ਕੱਟਣੇ ਪਲਾਟ।
ਸਕੀਮ ਲਾ ਲੀ ਵੱਡੀ ਬਾਈ ਨੇ ਨੀ,
ਕਹਿੰਦਾ ਚੰਨ ਉੱਤੇ ਕੱਟਣੇ ਪਲਾਟ।
ਸਾਲੀ:-
ਦੱਸਦੀ ਸੀ ਭੈਣ ਉਹਨੇ ਸ਼ੌਂਕ ਮਹਿੰਗੇ ਪਾਲੇ਼ ਵੇ।
ਕਰ ਦਿੱਤੇ ਸਾਫ਼ ਖਾਤੇ ਬੇਬੇ ਬਾਪੂ ਵਾਲ਼ੇ ਵੇ।
ਆੜ੍ਹਤੀਆਂ, ਬੈਂਕਾਂ ਕੋਲ਼ੋਂ ਕਰਜ਼ੇ ਚੁੱਕਣ ਜਿਹੇ,
ਕਰਦਾ ਰਹਿੰਦਾ ਏ ਨਾਲ਼ੇ ਕਾਰੇ।
ਸੁਣਿਆਂ ਮੈਂ ਥੋਡੇ ਘਰ ਦੇ ਉਹਨੇ ਭਾਂਡੇ ਵੀ ਵੇਚਤੇ ਸਾਰੇ।
ਸੁਣਿਆਂ ਮੈਂ ਥੋਡੇ ਘਰ ਦੇ ਉਹਨੇ ਭਾਂਡੇ ਵੀ ਵੇਚਤੇ ਸਾਰੇ।
ਜੀਜਾ:-
ਝੂਠੀਆਂ ਨੇ ਸਭ ਅਫਵਾਹਾਂ ਇਹ ਉੱਡੀਆਂ।
ਜਰਦੇ ਨਾ ਲੋਕ ਉਹਦੀ ਅੰਬਰਾਂ ਤੇ ਗੁੱਡੀਆਂ।
ਥਰ ਥਰ ਕੰਬਦੇ ਗਵਾਂਢੀ ਸਾਰੇ ਵੇਖ,
ਅੱਖ ਚੁੱਕਦਾ ਕੋਈ ਨਾ ਟੁੰਡੀ ਲਾਟ।
ਸਕੀਮ ਲਾ ਲੀ ਵੱਡੀ ਬਾਈ ਨੇ ਨੀ,
ਕਹਿੰਦਾ ਚੰਨ ਉੱਤੇ ਕੱਟਣੇ ਪਲਾਟ।
ਸਕੀਮ ਲਾ ਲੀ ਵੱਡੀ ਬਾਈ ਨੇ ਨੀ,
ਕਹਿੰਦਾ ਚੰਨ ਉੱਤੇ ਕੱਟਣੇ ਪਲਾਟ।
ਸਾਲੀ:-
ਬਣ ਨਾ ਭਗਤ ਗੱਲ ਸੱਚੋ ਸੱਚ ਕਰ ਵੇ।
ਦਿਮਾਗ ਵਿੱਚ ਕਾਹਤੋਂ ਲਿਆ ਗੋਬਰ ਤੂੰ ਭਰ ਵੇ।
ਟੱਬਰ ਥੋਡੇ ਦਾ ਪੂਰਾ ਨਿਕਲ਼ੇ ਜਲੂਸ,
ਗੱਲ ਚੱਲਦੀ ਜਿੱਥੇ ਵੀ ਉਹਦੇ ਬਾਰੇ।
ਸੁਣਿਆਂ ਮੈਂ ਥੋਡੇ ਘਰ ਦੇ ਉਹਨੇ ਭਾਂਡੇ ਵੀ ਵੇਚਤੇ ਸਾਰੇ।
ਸੁਣਿਆਂ ਮੈਂ ਥੋਡੇ ਘਰ ਦੇ ਉਹਨੇ ਭਾਂਡੇ ਵੀ ਵੇਚਤੇ ਸਾਰੇ।
ਜੀਜਾ:-
ਕਾਹਤੋਂ ਮੇਰੇ ਢਿੱਡ ਤੋਂ ਚੁਕਾਉਨੀ ਐਂ ਤੂੰ ਪੱਲਾ ਨੀ।
ਸੱਚ ਪੁੱਛੇਂ ਛੱਡਿਆ ਨਾ ਨਿਆਣਿਆਂ ਦਾ ਗੱਲਾ ਨੀ।
‘ਚੁੱਲੂ ਭਰ ਪਾਣੀ ‘ਚ ਡੁਬੋਣ ਦੀ ਘੜਾਮੇਂ,
ਸਾਨੂੰ ਰੋਮੀ ਨੇ ਛੱਡੀ ਨਾ ਕੋਈ ਘਾਟ।
ਨੀ ਫਿਰਦਾ ਏ ਗੋਲ਼ੇ ਛੱਡਦਾ ਕਹਿੰਦਾ ਚੰਨ ਉੱਤੇ ਕੱਟਣੇ ਪਲਾਟ।
ਨੀ ਫਿਰਦਾ ਏ ਗੋਲ਼ੇ ਛੱਡਦਾ ਕਹਿੰਦਾ ਚੰਨ ਉੱਤੇ ਕੱਟਣੇ ਪਲਾਟ।
       ਰੋਮੀ ਘੜਾਮੇਂ ਵਾਲ਼ਾ
        9855281105
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਪੰਥ ਚਲਾਇਆ
Next articleਗ਼ਜ਼ਲ.