HOME ਪਿੱਪਲ ਪੱਟ ਪੰਚਾਇਤ

ਪਿੱਪਲ ਪੱਟ ਪੰਚਾਇਤ

ਹਰਜਿੰਦਰ ਸਿੰਘ ਚੰਦੀ

   (ਸਮਾਜ ਵੀਕਲੀ)   ਪੰਚਾਇਤ ਰਾਜ ਐਕਟ ਵੀਰ ਇਹ ਕੀ ਹੈ। ਦਸਦਾ ਇਸ ਤਹਿਤ ਪਿੰਡ ਦੀ ਪੰਚਾਇਤ ਨੂੰ ਚੁਣਿਆ ਜਾਂਦਾ ਤੇ ਪਿੰਡ ਦੇ ਲੋਕ ਪਿੰਡ ਦੀ ਤਰੱਕੀ ਲਈ ਪਿੰਡ ਦੇ ਕਿਸੇ ਸਭ ਤੋਂ ਵੱਧ ਪੜ੍ਹੇ ਲਿਖੇ ਸਿਆਣੇ ਬੰਦੇ ਨੂੰ ਸਰਬਸੰਮਤੀ ਨਾਲ ਸਰਪੰਚ ਵੀ ਚੁਣ ਸਕਦੇ ਹਨ। ਪਰ ਵੋਟਾਂ ਵਾਲਾ ਮੇਲਾ ਦੇਖਣ ਦੇ ਸ਼ੋਕੀਨ ਵੋਟਾਂ ਪੁਆ ਕੇ ਖੁਸ਼ ਹੁੰਦੇ ਹਨ ,ਕਿਉਂਕਿ ਵੋਟਾਂ ਦੇ ਮੌਸਮ ਵਿਚ ਉਮੀਦ ਵਾਰ ਜਿਥੇ ਲੋਕਾਂ ਦੀਆਂ ਉਮੀਦਾਂ ਤੇ ਖਰੇ ਉਤਰਨ ਦੀ ਬਿਆਨਬਾਜ਼ੀ ਕਰਦੇ ਹਨ ਉਥੇ ਵੋਟ ਮੇਲੇ ਵਿੱਚ ਛੱਕਣ ਛਕਾਉਣ ਦੇ ਸ਼ੋਕੀਨਾਂ ਦੀ ਆਪਣੀ ਉਮੀਦ ਵੀ ਉਮੀਦਵਾਰ ਤੇ ਟਿਕੀ ਹੁੰਦੀ ਹੈ। ਕੁਝ ਦਿਨ ਵਿਆਹ ਵਰਗੇ ਮਹੌਲ ਤੋਂ ਬਾਅਦ ਪਿੰਡਾਂ ਵਿਚ ਸੁੱਖੀ ਸਾਂਦੀ ਵੌਟਾ ਦਾ ਦਿਨ ਆਉਂਦਾ ਹੈ ਇਸ ਦਿਨ ਪੜ੍ਹੇ ਲਿਖੇ ਵੋਟਰ ਕਈ ਵਾਰ ਅਨਪੜ੍ਹ ਪੰਚਾ ਜਾ ਸਰਪੰਚਾਂ ਨੂੰ ਪਿੰਡ ਦੀ ਬਿਹਤਰੀ ਲਈ ਚੁਣਨ ਲਈ ਵੋਟਾਂ ਪਾਉਣ ਦਾ ਫਰਜ਼ ਨਿਭਾਉਂਦੇ ਹੋਏ ਆਪਣੀ (ਮਤਦਾਨ )ਕਰਦੇ ਦੇਖੇ ਜਾ ਸਕਦੇ ਹਨ। ਯਾਦ ਆਇਆ ਮੇਰੇ ਪਛੜੇ ਜਿਹੇ ਪਿੰਡ ਵਿਚ ਘਰਾਂ ਵਿਚੋਂ ਇਕ ਅਨਪੜ੍ਹ ਸੁਆਣੀ ਨੂੰ ਸਰਪੰਚਣੀ ਚੁਣ ਲਿਆ ਜਦੋਂ ਕਿਸੇ ਪੇਪਰ ਤੇ ਮੋਹਰ ਤੇ ਸਾਈਨ ਦੀ ਜ਼ਰੂਰਤ ਹੁੰਦੀ ਤਾਂ ਪਿੰਡ ਵਿਚੋਂ ਭਾਬੀ ਲਗਦੀ ਸਰਪੰਚਣੀ ਕੌਲ ਜਾਣਾ ਪੈਂਦਾ ਭਾਬੀ ਅਕਸਰ ਆਖਦੀ ਮਘਰਾ ਤੇਰੇ ਭਾਊ ਨੂੰ ਆ ਲੈਣ ਦੇ ਮੈਨੂੰ ਤਾਂ ਮੋਹਰ ਦਾ ਵੀ ਨਹੀਂ ਪਤਾ ਲਗਦਾ ਪੁਠੀ ਕਿਧਰੋਂ ਆ ਤੇ ਸਿੱਧੀ ਕਿਧਰੋਂ। ਵੇ ਮੈਂ ਅਗੇ ਜਗੀਰ ਦੀ ਕੁੜੀ ਦੀ ਸ਼ਗਨ ਸਕੀਮ ਤੇ ਪੁਠੀਆਂ ਮੋਹਰਾਂ ਠੋਕ ਦਿਤੀਆਂ ਸੀ। ਨਾਲੇ ਤੇਰਾ ਭਾਊ ਮੈਨੂੰ ਮੇਰੇ ਦਸਖ਼ਤ ਕਰਨੇ ਸਿਖਾਂ ਰਿਹਾ, ਕਹਿੰਦਾ ਸੀ ਮਾਸਟਰਾਂ ਦੇ ਘਰ ਜਾ ਕੇ ਸਿਖ ਲਾ ਆਪਣਾ ਨਾਮ ਲਿਖਣਾ ਜਦੋਂ ਪੰਚਾਇਤ ਦੀ ਇਲੈਕਸ਼ਨ ਦੀਆਂ ਫਾਇਲਾਂ ਭਰ ਕੇ ਬੀਡੀਪੀਓ ਦਫ਼ਤਰ ਜਮਾਂ ਕਰਵਾਈਆਂ ਸੀ ਉਦੋਂ ਤਾਂ ਮੇਰੇ ਸਾਈਨ ਨੰਬਰਦਾਰ ਹੀ ਕਰੀ ਗਿਆ। ਪਰ ਹੁਣ ਤਾਂ ਸਿੱਖਣੇ ਪੈਣੇ ਆ , ਪਰ ਪ੍ਰੇਸ਼ਾਨ ਹੋਣ ਦੀ ਕੋਈ ਗੱਲ ਨਹੀਂ ਮੈਨੂੰ ਗੁਜ਼ਾਰੇ ਜੋਗੇ ਆਉਂਦੇ ਆ। ਇਹ ਵੀ ਦੱਸ ਦਿਆ ਕਿ ਹਰ ਸਾਈਨ ਤੋਂ ਪਹਿਲਾਂ ਕੋਈ ਵੀ ਪੇਪਰ ਹੁੰਦਾ ਪਹਿਲਾਂ ਮਾਸਟਰਾਂ ਦੇ ਘਰ ਜਾਂਦਾ ਉਥੇ ਹਾਮੀ ਭਰਨ ਤੋਂ ਬਾਅਦ ਭਾਬੀ  ਦਸਖ਼ਤ ਕਰਦੀ ਤੇ ਮੋਹਰ ਲਾਉਦੀ ਸੀ।  ਭਾਬੀ ਨੇ ਜਿੱਤ ਕੇ ਪੰਚਾਇਤ ਤਾਂ ਬਣਾ ਲਈ ਸੀ ਪਰ ਪੰਚਾਇਤ ਚਲਦੀ ਮਾਸਟਰਾਂ ਦੇ ਘਰੋਂ ਹੀ ਸੀ । ਇਕ ਦਿਨ ਤਾਂ ਅਜੀਬ ਕੰਮ ਹੋ ਗਿਆ ਪਿੰਡ ਦੇ ਪੰਚਾਂ ਨੂੰ ਨਾਲ ਲੈਕੇ ਸਰਪੰਚਣੀ ਭਾਬੀ ਨੇ ਸਰਪੰਚੀ ਦੇ ਨਸ਼ੇ ਨੇ ਪਿੰਡ ਦੇ ਛੱਪੜ ਕੰਢੇ ਖੜ੍ਹੇ ਪਿੱਪਲ,ਬੋਹੜ, ਨਿੰਮ,ਜਾਮਣੂ ਆਦਿ ਤਕਰੀਬਨ ਦਸ ਬਾਰਾਂ ਦਰਖਤਾਂ ਨੂੰ ਪੁੱਟਾ ਕੇ ਮਿੱਟੀ ਵਿੱਚ ਮਿਲਾ ਦਿੱਤਾ, ਫਿਰ ਕੀ ਸੀ ਵਿਰੋਧੀ ਪਾਰਟੀ ਨੇ ਸਟੈਡ ਲੈ ਲਿਆ, ਬਈ ਹਾਂ ਤੇ ਹਾਂ ਸਰਪੰਚਣੀ ਇਹ ਦੱਸੇ ਕਿ ਪੰਚਾਇਤ ਨੇ ਇੰਨੇ ਸਾਰੇ ਦਰਖ਼ਤ ਕਿਨੂੰ ਪੁੱਛ ਕੇ ਵੱਢੇ ਹਨ। ਗਲ ਵੀ ਸਹੀ ਆ ਗਰਮੀ ਦੀ ਰੁੱਤ ਵਿੱਚ ਤਾਂ ਅੱਗੇ ਛਾ ਦਾਰ ਦਰਖਤਾਂ ਦੀ ਲੋੜ ਹੁੰਦੀ ਆ। ਹਰ ਸਾਲ ਗਰਮੀਆਂ ਵਿਚ ਪਿੱਪਲ ਤੇ ਪੀਂਘ ਪਾ ਕੇ ਸਵਾਣੀਆਂ ਝੂਟਦੀਆਂ, ਤੀਆਂ ਮਨਾਉਂਦੀਆਂ ਬੱਚੇ ਮੋਟੇ ਮੋਟੇ ਜਾਮਨੂੰ ਪਿਆਰ ਨਾਲ ਛਕਦੇ, ਬਜ਼ੁਰਗ ਬੋਹੜ ਦੀ ਛਾਂਵੇਂ ਬੈਠ ਕੇ ਦੁਪਹਿਰ ਕਟਦੇ ਪਰ ਭਾਬੀ ਨੇ ਕੀ ਕਰ ਦਿੱਤਾ। ਪਿੰਡ ਵਿੱਚ ਰੋਲਾਂ ਪੈ ਗਿਆ ਭਾਬੀ ਪੈਰਾਂ ਤੇ ਪਾਣੀ ਨਾ ਪੈਣ ਦਵੇ ਅਖੇ ਮੈਂ ਸਰਪੰਚਣੀ ਆ ਜਿਵੇਂ ਮਰਜ਼ੀ ਕਰੂੰ ਤੁਸੀਂ ਕੌਣ ਹੁੰਦੇ ਪਿੰਡ ਦੀ ਪੰਚਾਇਤ ਦੇ ਕੰਮਾਂ ਵਿੱਚ ਦਖਲ ਦੇਣ ਵਾਲੇ , ਉਏ ਮੈਂ ਇਥੇ ਪਾਰਕ ਬਣਾਉਂਣੀ ਆ , ਫੁੱਲ ਬੂਟੇ, ਘਾਹ ਲਾਵਾਂਗੇ, ਪੰਗੂੜੇ ਲਾਵਾਂਗੇ, ਬੈਂਚ ਰਖਾਂਗੇ ਪਿੰਡ ਦੀ ਨੁਹਾਰ ਬਦਲ ਦਿਆਂਗੀ, ਨਵੀਨੀਕਰਨ ਹੁਣਾਂ ਇਸ ਪਿੰਡ ਦਾ। ਪਰ ਭਾਬੀ ਨੂੰ ਕੌਣ ਸਮਝਾਵੇ ਕਿ ਜਿਨ੍ਹਾਂ ਦਰਖਤਾਂ ਦੇ ਮੋਛੇ ਪਾ ਦਿੱਤੇ ਇਨ੍ਹਾਂ ਨੂੰ ਕੱਟਣ ਦੀ ਸਰਕਾਰ ਵੱਲੋਂ ਮਨਾਹੀ ਆ। ਤੇ ਉਤੋਂ ਕਿਸੇ ਮਹਿਕਮੇ ਪਾਸੋਂ ਮਨਜ਼ੂਰੀ ਵੀ ਨਹੀਂ ਲਈ। ਮਨਜ਼ੂਰੀ ਵੀ ਜ਼ਰੂਰੀ ਆ। ਵੇ ਬਿੰਦਿਆ ਵੇ ਸੱਚੀਂ ਮਨਜ਼ੂਰੀ ਜ਼ਰੂਰੀ ਆ , ਆਹੋ ਭਾਬੀ, ਇਜਲਾਸ ਬੁਲਾ ਕੇ ਸਲਾਹ ਮੁਸਵਰਾ ਕਰਕੇ ਮਹਿਕਮੇ ਤੋਂ ਮਨਜ਼ੂਰੀ ਲੈਣੀ ਸੀ , ਤੂੰ ਆ ਕੀ ਕਰ ਦਿੱਤਾ। ਪਰ ਬਿੰਦਰਾ ਆ ਨਵੀਨੀਕਰਨ ਦੇ ਨਾਮ ਤੇ ਸਰਕਾਰਾਂ ਤਾਂ ਫੱਟੇ ਚੱਕੀ ਜਾਂਦੀਆਂ ਵੇ ਇਹ ਮਨਜ਼ੂਰੀ ਨਹੀਂ ਲੈਂਦੀਆਂ ਕਿਸੇ ਕੋਲੋਂ। ਭਾਬੀ ਉਹ ਦੇਸ਼ ਦੀਆਂ ਸਰਕਾਰਾਂ ਨੇ, ਬਿੰਦਰਾ ਮੈਂ ਪਿੰਡ ਦੀ ਸਰਕਾਰ ਆ, ਮੈਨੂੰ ਨਹੀ ਕਿਸੇ ਦੀ ਪ੍ਰਵਾਹ। ਦੁਖੀ ਹੋ ਕੇ ਵਿਰੋਧੀ ਧਿਰ ਨੇ ਪੰਚਾਇਤ ਦੀ  ਸਕਾਇਤ ਕਰ ਦਿੱਤੀ। ਗੱਲ ਜੰਗਲ ਦੀ ਅੱਗ ਵਾਗ ਫੈਲ ਗਈ। ਮੀਡੀਆ ਵਾਲਿਆਂ ਨੇ ਬਣਦੀ ਭੂਮਿਕਾ ਨਿਭਾ ਦਿੱਤੀ। ਆਖਰ ਬਿਨਾਂ ਮਨਜ਼ੂਰੀ ਕੱਟੇ ਦਰਖਤਾਂ ਦੀ ਇਨਕੁਆਰੀ ਹੋ ਗਈ। ਆਫਿਸਰ ਨਿਆ ਪਸੰਦ ਸੀ । ਸਰਪੰਚੀ ਜਾਂਦੀ ਲੱਗੀ। ਮਾਸਟਰ ਨੇ ਸਰਪੰਚੀ ਬਚਾਉਣ ਲਈ ਪੁੱਟੇ ਦਰਖਤਾਂ ਦੀ ਜਗ੍ਹਾ ਡੇਕਾ ਲਗਾ ਕੇ ਸਫਾਈ ਦੇਣ ਦੀ ਕੋਸ਼ਿਸ਼ ਕੀਤੀ ਪਰ ਇਸ ਤੋਂ ਪਹਿਲਾਂ ਬੀਡੀਪੀਓ ਡੇਕਾ ਦੇਖਦਾ ਡੇਕਾ ਦੀ ਸਫਾਈ ਗੁਜ਼ਰਾ ਦੇ ਡੰਗਰਾਂ ਨੇ ਕਰ ਦਿੱਤੀ। ਖਾਤੇ ਵਿੱਚ ਪਾਰਕ ਦੀ ਗ੍ਰਾਂਟ ਧਰੀ ਧਰਾਈ ਰਹਿ ਗਈ। ਅੱਜ ਵੀ ਕੱਟੇ ਹੋਏ ਦਰਖ਼ਤ ਸਪੜ ਕਿਨਾਰੇ ਇਨਸਾਫ਼ ਦੀ ਦੁਹਾਈ ਪਾ ਰਹੇ ਹਨ ਜਿਵੇਂ ਦਰੱਖਤ ਪਿਪਲ ਪੱਟ ਪੰਚਾਇਤ ਨੂੰ ਪੁਛਦੇ ਹੋਣ ਜੇਕਰ ਪਾਰਕ ਵਿਚ  ਅਸੀਂ ਵੀ ਖੜ੍ਹੇ ਰਹਿੰਦੇ ਤਾਂ ਕੀ ਘਟ ਚਲਿਆ ਸੀ । ਗੱਲ ਵੀ ਸੱਚੀ ਆ ਭਲਾ ਦਰਖਤਾਂ ਬਿਨਾਂ ਪਾਰਕ ਕਿਸ ਕੰਮ ਦੀ ਪਰ ਇਹ ਗੱਲ ਪਿੰਡਾਂ ਦੀਆਂ ਪਿਪਲ ਪੱਟ ਪੰਚਾਇਤਾਂ ਨੂੰ ਕੌਣ ਸਮਝਾਵੇ।

ਲੇਖਕ ਪੱਤਰਕਾਰ ਹਰਜਿੰਦਰ ਸਿੰਘ ਚੰਦੀ 
ਮਹਿਤਪੁਰ 9814601638
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਤਰਕਸ਼ੀਲਾਂ ਨੇ ਮਾ. ਪ੍ਰੀਤਮ ਕੁਮਾਰ ਨੂੰ ਸਮਰਪਿਤ ਸੈਮੀਨਾਰ ਕਰਵਾਇਆ
Next articleਜ਼ਿੰਦਗੀ ਨੂੰ ਸੋਹਣੀ ਤੇ ਸੁਚੱਜੀ ਤਰ੍ਹਾਂ ਗੁਜ਼ਾਰਨਾ ਵੀ ਹੈ ਕਲਾ