HOME ਜ਼ਿੰਦਗੀ ਨੂੰ ਸੋਹਣੀ ਤੇ ਸੁਚੱਜੀ ਤਰ੍ਹਾਂ ਗੁਜ਼ਾਰਨਾ ਵੀ ਹੈ ਕਲਾ

ਜ਼ਿੰਦਗੀ ਨੂੰ ਸੋਹਣੀ ਤੇ ਸੁਚੱਜੀ ਤਰ੍ਹਾਂ ਗੁਜ਼ਾਰਨਾ ਵੀ ਹੈ ਕਲਾ

ਸੰਜੀਵ ਸਿੰਘ ਸੈਣੀ
   (ਸਮਾਜ ਵੀਕਲੀ)   ਜ਼ਿੰਦਗੀ ਇੱਕ ਸਫਰ ਹੈ। ਜ਼ਿੰਦਗੀ ਇੱਕ ਰੰਗ ਮੰਚ ਦੀ ਤਰ੍ਹਾਂ ਹੈ। ਹਰ ਇਨਸਾਨ ਜ਼ਿੰਦਗੀ ਦਾ ਹਿੱਸਾ ਹੈ। ਜਨਮ ਤੋਂ ਲੈ ਕੇ ਅੱਖਾਂ ਮਿਟਣ ਤੱਕ ਇਨਸਾਨ ਨੂੰ ਪਤਾ ਨਹੀਂ ਕਿੰਨੀਆਂ ਹੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਵੀ ਜਰੂਰੀ ਨਹੀਂ ਹੁੰਦਾ ਕਿ ਹਰ ਕੰਮ ਵਿੱਚ ਸਫਲਤਾ ਮਿਲੇ। ਚੁਣੌਤੀਆਂ ਦਾ ਡੱਟ ਕੇ ਸਾਹਮਣਾ ਕਰਨ ਵਾਲਾ ਇਨਸਾਨ ਹੀ ਮੁਕਾਮ ਹਾਸਿਲ ਕਰ ਲੈਂਦਾ ਹੈ। ਜੀਵਨ ਅਗਾਂਹਵਧੂ ਸੋਚ ਦਾ ਨਾਮ ਹੈ। ਸਫ਼ਰ ਦੌਰਾਨ ਮਨੁੱਖ ਨੂੰ ਟੀਚਾ ਹਾਸਿਲ ਕਰਨ ਦਾ ਚਾਹ ਤੇ ਕੁਝ ਡਰ ਵੀ ਹੁੰਦਾ ਹੈ। ਜਦੋਂ ਇਨਸਾਨ ਮਨ ਚਾਹਿਆ ਟੀਚਾ ਹਾਸਿਲ ਕਰ ਲੈਂਦਾ ਹੈ ਤਾਂ ਜਿਹੜੇ ਜਿਹੜੇ ਰਾਹਾਂ ਤੇ ਉਸਨੂੰ ਔਕੜਾਂ ਆਈਆਂ , ਉਹਨਾਂ ਰਾਹਾਂ ਨੂੰ ਯਾਦ ਕਰਕੇ ਭਾਵੁਕ ਵੀ ਹੋ ਜਾਂਦਾ ਹੈ। ਨਕਰਾਤਮਕ ਵਿਚਾਰਾਂ ਤੋਂ ਹਮੇਸ਼ਾ ਦੂਰ ਰਹਿਣਾ ਚਾਹੀਦਾ ਹੈ। ਜਦੋਂ ਅਸੀਂ ਟੀਚਾ ਮਿੱਥ ਲਿਆ ਕਿ ਮੈਂ ਇਹ ਹਰ ਹਾਲਾਤਾਂ ਵਿੱਚ ਹਾਸਿਲ ਕਰਨਾ ਹੈ ਤਾਂ ਸਾਨੂੰ ਆਪਣੇ ਆਲੇ ਦੁਆਲੇ ਬਹੁਤ ਚੀਜ਼ਾਂ ਨੂੰ ਅਣਗੋਲਿਆ ਕਰਨਾ ਪੈਂਦਾ ਹੈ ।ਕਈ ਗੱਲਾਂ ਦਾ ਸਾਨੂੰ ਜਵਾਬ ਤੱਕ ਨਹੀਂ ਦੇਣਾ ਹੁੰਦਾ ਹੈ। ਮੋਨ ਧਾਰਨ ਕਰ ਲੈਣਾ ਪੈਂਦਾ ਹੈ। ਜਦੋਂ ਅਸੀਂ ਉਹਨਾਂ ਦੀ ਗੱਲਾਂ ਸੁਣਨ ਲੱਗ ਜਾਂਦੇ ਹਨ ਤਾਂ ਨਾਂਹ- ਪੱਖੀ ਵਿਚਾਰ ਸਾਡੇ ਅੰਦਰ ਆਉਣੇ ਸ਼ੁਰੂ ਹੋ ਜਾਂਦੇ ਹਨ। ਅਜਿਹੇ ਵਿਚਾਰਾਂ ਕਰਕੇ ਸਾਡਾ ਰਸਤਾ ਹਾਸ਼ੀਏ ‘ਚ ਤਬਦੀਲ ਹੋ ਜਾਂਦਾ ਹੈ।
 ਕਈ ਵਾਰ ਅਸੀਂ ਆਪਣੇ ਆਪ ਨੂੰ ਜ਼ਿਆਦਾ ਹੀ ਗਿਆਨਵਾਨ ਸਮਝ ਲੈਂਦੇ ਹਾਂ। ਅਸੀਂ ਗਿਆਨ ਵੰਡਣਾ ਸ਼ੁਰੂ ਕਰ ਦਿੰਦੇ ਹਾਂ। ਗਿਆਨ ਗੁਰੂ ਹੋਣ ਦਾ ਅਸੀਂ ਭਰਮ ਪਾਲ ਬੈਠਦੇ ਹਨ। ਸਾਨੂੰ ਇਹ ਹੁੰਦਾ ਹੈ ਕਿ ਸਾਹਮਣੇ ਵਾਲਾ ਸਾਡੇ ਤੋਂ ਜਿਆਦਾ ਬੁੱਧੀਮਾਨ ਹੁਸ਼ਿਆਰ ਨਹੀਂ ਹੈ। ਅਜਿਹੇ ਹਾਲਾਤਾਂ ਵਿੱਚ ਅਸੀਂ ਆਪਣਾ ਮਨ ਚਾਹਿਆ ਟੀਚਾ ਹਾਸਿਲ ਨਹੀਂ ਕਰ ਪਾਉਂਦੇ ਹਾਂ । ਥੋੜਾ ਜਿਹਾ ਗਿਆਨ ਕਿ ਅਸੀਂ ਇਕੱਠਾ ਕਰ ਲਿਆ ,ਅਸੀਂ ਹੋਰਾਂ ਨੂੰ ਬੁੱਧੂ ਗਿਣਨਾ ਸ਼ੁਰੂ ਕਰ ਦਿੰਦੇ ਹਨ। ਕਈ ਵਾਰ ਸਾਡੇ ਸਾਹਮਣੇ ਬਹੁਤ ਜਿਆਦਾ ਗਿਆਨਵਾਨ ਬੰਦਾ ਹੁੰਦਾ ਹੈ। ਇਹ ਜਰੂਰੀ ਵੀ ਨਹੀਂ ਹੁੰਦਾ ਕਿ ਹਰ ਕਿਸੇ ਦੀ ਗੱਲ ਦਾ ਜਵਾਬ ਦਿੱਤਾ ਜਾਵੇ, ਕਈ ਵਾਰ ਹਾਲਾਤ ਅਜਿਹੇ ਹੋ ਜਾਂਦੇ ਹਨ ਕਿ ਖ਼ੁਦ ਨੂੰ ਸਮਝਾਉਣਾ ਪੈਂਦਾ ਹੈ। ਚਾਹੇ ਸਾਹਮਣੇ ਵਾਲਾ ਗਲਤ ਹੀ ਕਿਉਂ ਨਾ ਹੋਵੇ। ਆਪਣੇ ਆਪ ਲਈ ਸਮਾਂ ਕੱਢੋ। ਰਾਤ ਨੂੰ ਸੌਣ ਤੋਂ ਪਹਿਲਾਂ ਪੂਰੇ ਦਿਨ ਦਾ ਵਿਸ਼ਲੇਸ਼ਣ ਕਰੋ। ਪੂਰੇ ਦਿਨ ਦਾ ਕੀਤਾ ਹੋਇਆ ਮੁਲਾਂਕਣ ਤੁਹਾਨੂੰ ਮੁਸ਼ਕਿਲਾਂ ਨੂੰ ਹੱਲ ਕਰਨ ਵਿੱਚ ਸਹਾਈ ਹੁੰਦਾ ਹੈ। ਉਦਾਹਰਣ ਬਣੋ। ਜਿੰਨਾ ਹੋ ਸਕੇ ਉਨਾਂ ਘੱਟ ਬੋਲੋ। ਚੇਤੇ ਕਰਵਾ ਦੇਈਏ ਕਿ ਸੰਸਾਰ ਨੇ ਸਿਰਫ ਨਤੀਜਿਆਂ ਨੂੰ ਹੀ ਕਬੂਲਿਆ ਹੈ। ਉਹਨਾਂ ਨਤੀਜਿਆਂ ਤੇ ਪਹੁੰਚਣ ਲਈ ਕਿੰਨੀਆਂ ਅੜਚਣਾਂ ,ਕੋਸ਼ਿਸ਼ਾਂ ਦਾ ਸਾਹਮਣਾ ਇਨਸਾਨ ਨੇ ਕੀਤਾ ਹੋਣਾ ਉਹ ਕਿਸੇ ਨੂੰ ਵੀ ਨਹੀਂ ਦਿਖਦਾ ਹੈ। ਸੀਮਿਤ ਸਾਧਨਾਂ ਦੇ ਬਾਵਜੂਦ ਜੋ ਇਨਸਾਨ ਚੁਣੌਤੀਆਂ ਨੂੰ ਖਿੜੇ ਮੱਥੇ ਪ੍ਰਵਾਨ ਕਰਦਾ ਹੈ, ਲਗਾਤਾਰ ਮਿਹਨਤ ਕਰਦਾ ਹੈ , ਮਨ ਚਾਹਿਆ ਮੁਕਾਮ ਹਾਸਿਲ ਕਰ ਲੈਂਦਾ ਹੈ। ਅਨੁਸ਼ਾਸਨ ਬਹੁਤ ਲਾਜ਼ਮੀ ਹੈ। ਪੁਰਾਣੇ ਤੇ ਘਟੀਆ ਵਿਚਾਰਾਂ ਦਾ ਤਿਆਗ ਕਰੋ। ਦਰਖਤਾਂ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਪੱਤਝੜ ਦੌਰਾਨ ਪੁਰਾਣੇ ਪੱਤੇ ਝੜ ਜਾਂਦੇ ਹਨ, ਤੇ ਨਵੇਂ ਪੱਤੇ ਆ ਜਾਂਦੇ ਹਨ। ਤਾਂ ਜੋ ਉਹ ਰਾਹਗੀਰਾਂ ਨੂੰ ਛਾਂ ਦੇ ਸਕਣ।
ਸੰਘਰਸ਼ ਦੌਰਾਨ ਇਨਸਾਨ ਨੀਵਾਂ ਹੁੰਦਾ ਹੈ, ਉਹ ਧਰਤੀ ਨਾਲ ਜੁੜਿਆ ਹੁੰਦਾ ਹੈ। ਸਫਲਤਾ ਉਸਨੂੰ ਅੰਬਰ ਤੱਕ  ਲੈ ਜਾਂਦੀ ਹੈ। ਸੰਘਰਸ਼ ਦੌਰਾਨ ਇਨਸਾਨ ਦੀ ਜੰਗ ਆਪਣੇ ਆਪ ਨਾਲ ਹੁੰਦੀ ਹੈ ।ਜਿੱਤ ਹਾਰ ਉਸ ਰਾਹੀਂ ਕੀਤੀ ਮਿਹਨਤ ਤੇ ਨਿਰਭਰ ਕਰਦੀ ਹੈ। ਜੋ ਲੋਕ ਹਰ ਰੋਜ਼ ਆਪਣੇ ਆਪ ਨੂੰ ਬੀਤੇ ਕੱਲ ਨਾਲੋਂ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਦੇ ਹਨ ਨਿਸ਼ਚਿਤ ਹੀ ਉਹਨਾਂ ਦੇ ਇੱਕ ਦਿਨ ਸਫਲਤਾ ਪੈਰ ਚੁੰਮਦੀ ਹੈ। ਜਿਹੜੇ ਲੋਕ ਸਵੈਪੜਚੋਲ ਨਹੀਂ ਕਰਦੇ ਹਨ, ਉਹ ਕਦੇ ਵੀ ਮੰਜ਼ਿਲ ਤੱਕ ਨਹੀਂ ਪੁੱਜ ਸਕਦੇ। ਸਹੀ ਦਿਸ਼ਾ ਹੀ ਸਾਨੂੰ ਸਫ਼ਲਤਾ ਤੱਕ ਲੈ ਕੇ ਜਾਂਦੀ ਹੈ। ਅਕਸਰ ਜਦੋਂ ਅਸੀਂ ਬਾਰ-ਬਾਰ ਅਸਫ਼ਲ ਹੋ ਰਹੇ ਹੁੰਦੇ ਹਾਂ ਤਾਂ ਸਾਨੂੰ ਕਈ ਵਾਰ ਲੋਕਾਂ ਦੇ ਦਿੱਤੇ ਮਿਹਣੇ ,ਸੰਘਰਸ਼, ਚੁਣੌਤੀਆਂ ਹੋਰ ਮਿਹਨਤ ਕਰਨ ਲਈ ਮਜਬੂਰ ਕਰ ਦਿੰਦੇ ਹਨ। ਸੰਘਰਸ਼ ਦੌਰਾਨ ਸੰਜਮ ਲਾਜ਼ਮੀ ਹੁੰਦਾ ਹੈ। ਸਾਨੂੰ ਦੇਖ ਕੇ ਕਈ ਲੋਕ ਈਰਖਾ ਮਹਿਸੂਸ ਕਰਦੇ ਹਨ ਤੇ ਉਹਨਾਂ ਦੀ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਸਾਡਾ ਧਿਆਨ ਭਟਕਾਇਆ ਜਾਵੇ। ਗੁੱਸਾ ਤਾਂ ਸਾਨੂੰ ਆ ਜਾਂਦਾ ਹੈ, ਪਰ ਅਨੁਸ਼ਾਸ਼ਿਤ ਸੂਝਵਾਨ ਮਨੁੱਖ ਚੁੱਪ ਰਹਿੰਦਾ ਹੈ। ਸਕਾਰਾਤਮਕ ਨਜ਼ਰੀਏ ਨਾਲ ਲਬਰੇਜ ਵਿਚਾਰ, ਦੁਨੀਆਂ ਨੂੰ ਹੋਰ ਵਧੀਆ ਬਣਾਉਣ ਤੇ ਕਿਸੇ ਲਈ ਪ੍ਰੇਰਨਾ ਦਾ ਸਰੋਤ ਸਬੱਬ ਬਣੋ। ਜ਼ਿੰਦਗੀ ਵਿੱਚ ਸਾਡਾ ਕੋਈ ਨਾ ਕੋਈ ਰਾਲ ਮਾਡਲ ਜਰੂਰ ਹੁੰਦਾ ਹੈ ,ਜਿਸ ਤੋਂ ਅਸੀਂ ਪ੍ਰੇਰਨਾ ਲੈ ਕੇ ਆਪਣੇ ਸਫਰ ਨੂੰ ਪੂਰਾ ਕਰਦੇ ਹਾਂ। ਦੂਰਦਰਸ਼ੀ ਤੇ ਚੁਣੌਤੀਆਂ ਸਵੀਕਾਰ ਕਰਨ ਵਾਲਾ ,ਗੁਣਾਂ ਨਾਲ ਲਬਰੇਜ਼ ਇਨਸਾਨ  ਦਾ ਨਾਂ ਇਤਿਹਾਸ ਦੇ ਸਫਿਆਂ ਤੇ ਲਿਖਿਆ ਜਾਂਦਾ ਹੈ। ਭਟਕਣਾ ਮਨੁੱਖੀ ਸੁਭਾਅ ਹੈ, ਜਿਸ ਤੋਂ ਸ਼ਾਇਦ ਹੀ ਕੋਈ ਵਿਰਲਾ ਇਨਸਾਨ ਬਚ ਸਕਿਆ ਹੋਵੇ। ਆਪਣਾ ਨਿਸ਼ਾਨਾ ਮਿੱਥ ਕੇ ਹਾਲਾਤਾਂ ਨੂੰ ਸਨਮੁੱਖ ਰੱਖ ਕੇ ਆਪਣੀ ਮੰਜ਼ਿਲ ਵੱਲ ਵਧਿਆ ਜਾ ਸਕਦਾ ਹੈ। ਬੁਲੰਦ ਹੌਂਸਲੇ ਤੇ ਸਫ਼ਲਤਾ ਪ੍ਰਾਪਤ ਕਰਨ ਦੀ ਤਾਂਘ ਹੀ ਸਾਨੂੰ ਮੰਜ਼ਿਲ ਤੱਕ ਲੈ ਜਾਂਦੀ ਹੈ।
ਸੰਜੀਵ ਸਿੰਘ ਸੈਣੀ, ਮੋਹਾਲੀ ,7888966168
Previous articleਪਿੱਪਲ ਪੱਟ ਪੰਚਾਇਤ
Next articleਵਿਸ਼ਵ ਥਾਇਰੋਇਡ ਦਿਵਸ(25 ਮਈ)*