
(ਸਮਾਜ ਵੀਕਲੀ) ਕਿਸੇ ਦੇਸ਼ ਜਾਂ ਕੌਮ ਦੀ ਸ਼ਕਤੀ ਦੌਲਤ ਦੀਆਂ ਭਰੀਆਂ ਬੋਰੀਆਂ ਵਿੱਚ ਨਹੀਂ ਸਗੋਂ ਉਥੋਂ ਦੇ ਲੋਕਾਂ ਦੇ ਆਚਰਨ ਵਿੱਚ ਉਹਨਾਂ ਦੇ ਸੁੱਖ-ਆਰਾਮ ਕੁਰਬਾਨ ਕਰਨ ਦੀ ਸਵੈ-ਇੱਛਾ ਵਿੱਚ ਅਤੇ ਉਹਨਾਂ ਦੀ ਨਿਪੁੰਨਤਾ ਵਿੱਚ ਲੋਕ-ਭਲਾਈ ਲਈ ਪਾਏ ਗਏ ਯੋਗਦਾਨ ਵਿੱਚ ਹੁੰਦੀ ਹੈ। ਹਰ ਸਮਾਜ ਵਿੱਚ ਕੁਝ ਅਭਾਗੇ ਲੋਕ ਹੁੰਦੇ ਹਨ। ਜੋ ਬਿਮਾਰ, ਅੰਗਹੀਣ ਤੇ ਬੇਕਾਰ ਹਨ ਜਾਂ ਸਮਾਜ ਵੱਲੋਂ ਦੁਰਕਾਰੇ ਗਏ ਹਨ। ਇਹਨਾਂ ਵਿੱਚ ਕੁਝ ਉਹ ਅੰਗਹੀਣ ਵੀ ਹਨ। ਜਿਨ੍ਹਾਂ ਨੂੰ ਕਿਸੇ ਵੀ ਹਸਪਤਾਲ ਵਿੱਚ ਦਾਖ਼ਲ ਨਹੀਂ ਕੀਤਾ ਜਾਂਦਾ ਅਤੇ ਉਹ ਸੜਕਾਂ ਤੇ ਹੀ ਰੁਲ-ਰੁਲ ਕੇ ਮਰ ਜਾਂਦੇ ਹਨ, ਫਿਰ ਇਹਨਾਂ ਦਾ ਧਿਆਨ ਰੱਖਣ ਵਾਲਾ ਕੌਣ ਹੈ ? ਇਹਨਾਂ ਦਾ ਖ਼ਿਆਲ ਰੱਖਣ ਵਾਲਾ ਸੀ ਭਗਤ ਪੂਰਨ ਸਿੰਘ ਪਿੰਗਲਵਾੜਾ ਵਾਲੇ।
ਭਗਤ ਪੂਰਨ ਸਿੰਘ ਜੀ ਦਾ ਜਨਮ 4 ਜੂਨ 1904 ਈ: ਨੂੰ ਪਿੰਡ ਰਾਜੇਵਾਲ ਰੋਹਣੋਂ ਤਹਿਸੀਲ ਖੰਨਾ ਜ਼ਿਲ੍ਹਾ ਲੁਧਿਆਣਾ ਵਿਖੇ ਪਿਤਾ ਸ਼੍ਰੀ ਸ਼ਿੱਬੂ ਮੱਲ ਸ਼ਾਹੂਕਾਰ ਦੇ ਘਰ ਮਾਤਾ ਮਹਿਤਾਬ ਕੌਰ ਜੀ ਦੀ ਕੁੱਖੋਂ ਹੋਇਆ। ਬਚਪਨ ਤੋਂ ਹੀ ਉਹਨਾਂ ਨੂੰ ਸੇਵਾ ਕਰਨ ਦਾ ਸ਼ੌਕ ਸੀ। ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਵਿਖੇ ਭਗਤ ਪੂਰਨ ਸਿੰਘ ਬਿਨਾਂ ਤਨਖਾਹ ਤੋਂ ਸੇਵਾ ਕਰਨ ਲੱਗਿਆ। ਉੱਥੋਂ ਦੇ ਮਹੰਤ ਤੇਜਾ ਸਿੰਘ ਜੀ ਭਗਤ ਜੀ ਨੂੰ ਅਨੇਕਾਂ ਵਾਰ ਲਾਡ ਨਾਲ ਬੁਲਾਉਂਦੇ ਕਹਿੰਦੇ, ਪੂਰਨ ਸਿੰਘ ਪ੍ਰੇਮੀ ! ਪੂਰਨ ਸਿੰਘ ਪ੍ਰੇਮੀ !! ਭਗਤ ਜੀ ਨੇ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਵਿਖੇ 20 ਸਾਲ ਲਗਾਤਾਰ ਲੰਗਰ ਦੀ, ਜੋੜਿਆਂ ਦੀ, ਯਾਤਰੂਆਂ ਨੂੰ ਬਿਸਤਰੇ ਅਤੇ ਭਾਂਡੇ ਦੇਣ ਦੀ ਨਿਸ਼ਕਾਮ ਸੇਵਾ ਕੀਤੀ।
ਭਗਤ ਪੂਰਨ ਸਿੰਘ ਜੀ ਦਾ ਬਚਪਨ ਦਾ ਨਾਂ ‘ਰਾਮ ਜੀ ਦਾਸ’ ਸੀ। ਗੁਰਦੁਆਰਾ ਡੇਹਰਾ ਸਾਹਿਬ ਵਿਖੇ ਕੀਤੀ ਨਿਸ਼ਕਾਮ ਸੇਵਾ ਅਤੇ ਲਾਚਾਰ ਤੇ ਲਾਵਾਰਸ ਰੋਗੀਆਂ ਦੀ ਸੇਵਾ-ਸੰਭਾਲ ਨੇ ਉਹਨਾਂ ਨੂੰ ‘ਰਾਮ ਜੀ ਦਾਸ’ ਤੋਂ ‘ਭਗਤ ਪੂਰਨ ਸਿੰਘ’ ਬਣਾ ਦਿੱਤਾ। ਗਿਆਨੀ ਕਰਤਾਰ ਸਿੰਘ ਤੇ ਭਗਤ ਜੀ ਦੀ ਮਾਤਾ ਮਹਿਤਾਬ ਕੌਰ ਨੇ ਇਹਨਾਂ ਦੀ ਸੇਵਾ ਨੂੰ ਦੇਖ ਕੇ ‘ਭਗਤ ਜੀ’ ਕਹਿ ਕੇ ਸੰਬੋਧਨ ਕੀਤਾ। ਮਾਤਾ ਮਹਿਤਾਬ ਕੌਰ ਨੇੇ ਬਚਪਨ ਤੋਂ ਹੀ ਉਹਨਾਂ ਨੂੰ ਧਰੂ ਭਗਤ, ਹਨੂਮਾਨ, ਸ਼ਿਵ ਜੀ, ਭਰਥਰੀ ਭਗਤ, ਗੁਰੂਆਂ, ਪੀਰਾਂ, ਸੰਤਾਂ ਦੇ ਇਤਿਹਾਸ ਦੇ ਕਿੱਸੇ-ਕਹਾਣੀਆਂ ਸੁਣਾ ਕੇ ਇਸ ਪਾਸੇ ਵੱਲ ਲਾਇਆ। ਭਗਤ ਜੀ ਨੇ ਮਰਨ ਕਿਨਾਰੇ ਬਿਸਤਰੇ ਤੇ ਪਈ ਆਪਣੀ ਮਾਂ ਨਾਲ ਇਹ ਪ੍ਰਣ ਕਰ ਲਿਆ ਕਿ ਮੈਂ ਉਮਰ ਭਰ ਕੁਆਰਾ ਰਹਾਂਗਾ ਤੇ ਬੇਸਹਾਰਾ, ਅਪੰਗਾਂ ਅਤੇ ਗ਼ਰੀਬਾਂ ਦੀ ਸੇਵਾ ਵਿੱਚ ਹੀ ਜੀਵਨ ਬਤੀਤ ਕਰਾਂਗਾ।
ਭਗਤ ਪੂਰਨ ਸਿੰਘ ਨੇ ਮਨੁੱਖਤਾ ਦੀ ਸੇਵਾ ਦਾ ਮੁੱਢ ਸੰਨ 1934 ਈ: ਵਿੱਚ ਇੱਕ ਚਾਰ ਸਾਲ ਦੇ ਬੱਚੇ ਪਿਆਰਾ ਸਿੰਘ ਦੀ ਸੇਵਾ ਤੋਂ ਸ਼ੁਰੂ ਕੀਤਾ। ਇਸ ਅਪੰਗ ਬੱਚੇ ਨੂੰ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਦੀ ਡਿਓੜ੍ਹੀ ਅੱਗੇ ਕੋਈ ਚੋਰੀ-ਚੋਰੀ ਛੱਡ ਗਿਆ ਸੀ। ਇਹ ਬੱਚਾ ਸ਼ਕਲ ਸੂਰਤ ਤੋਂ ਬੜਾ ਕਰੂਪ ਸੀ। ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੇ ਬੱਚੇ ਨੂੰ ਭਗਤ ਜੀ ਦੇ ਹਵਾਲੇ ਕਰਕੇ ਆਖਿਆ, ‘ਪੂਰਨ ਸਿੰਘ ! ਤੂੰ ਹੀ ਅੱਜ ਤੋਂ ਇਸ ਬੱਚੇ ਦੀ ਸੇਵਾ-ਸੰਭਾਲ ਕਰ।’ ਭਗਤ ਜੀ ਲਈ ਇਹ ਬੱਚਾ ਪਿਆਰ ਦਾ ਸੋਮਾ ਹੋ ਨਿੱਬੜਿਆ, ਜਿਸ ਕਰਕੇ ਉਸ ਦਾ ਨਾਂ ‘ਪਿਆਰਾ ਸਿੰਘ’ ਹੋ ਗਿਆ। ਭਗਤ ਪੂਰਨ ਸਿੰਘ 14 ਸਾਲ ਤੱਕ ਇਸ ਲਾਚਾਰ ਬੱਚੇ ਨੂੰ ਵੱਖ-ਵੱਖ ਥਾਵਾਂ ’ਤੇ ਆਪਣੇ ਮੋਢਿਆਂ ਤੇ ਚੁੱਕ ਕੇ ਫਿਰਦੇ ਰਹੇ ਕਿਉਂ ਜੋ ਉਸ ਸਮੇਂ ਉਹਨਾਂ ਕੋਲ ਕੋਈ ਪੱਕੀ ਜਗ੍ਹਾ ਨਹੀਂ ਸੀ। ਇਸ ਦੌਰਾਨ ਭਗਤ ਪੂਰਨ ਸਿੰਘ ਜੀ ਨੂੰ ਜੋ ਵੀ ਸਮਾਂ ਮਿਲਦਾ, ਉਹ ਵੱਖ-ਵੱਖ ਲਾਇਬਰੇਰੀਆਂ ਵਿੱਚ ਸਮਾਜ ਦੀਆਂ ਵੱਖ-ਵੱਖ ਸਮੱਸਿਆਵਾਂ ਦਾ ਅਧਿਐਨ ਕਰਦੇ ਅਤੇ ਉਹਨਾਂ ਦੇ ਦੁੱਖਾਂ ਦੇ ਹੱਲ ਬਾਰੇ ਸੋਚਦੇ।
ਇੱਕ ਦਿਨ ਭਗਤ ਪੂਰਨ ਸਿੰਘ ਜੀ ਦੇ ਇੱਕ ਨਜ਼ਦੀਕੀ ਵਕੀਲ ਨੇ ਭਗਤ ਜੀ ਨੂੰ ਕਿਹਾ ਕਿ ਇਸ ਨਾਲੋਂ ਤਾਂ ਚੰਗਾ ਸੀ ਕਿ ਇਹ (ਪਿਆਰਾ ਸਿੰਘ) ਗੁਰਦੁਆਰੇ ਦੇ ਬਾਹਰ ਹੀ ਮਰ ਜਾਂਦਾ ਕਿਉਂ ਜੋ ਇੱਕ ਦਿਨ ਕਿਸੇ ਸੜਕ ਦੇੇ ਕੰਢੇ ਮਰਨਾ ਹੀ ਹੈ। ਪਰ ਕੋਈ ਵੀ ਭਗਤ ਜੀ ਨੂੰ ਉਹਨਾਂ ਦੇ ਸਿਰੜੀ ਮਿਸ਼ਨ ਤੋਂ ਨਾ ਰੋਕ ਸਕਿਆ। ਭਗਤ ਜੀ ਦਾ ਅਕਾਲ ਪੁਰਖ ਤੇ ਅਤੁੱਟ ਵਿਸ਼ਵਾਸ ਅਤੇ ਦੁਖੀ ਮਨੁੱਖਤਾ ਦੀ ਸੇਵਾ ਕਰਨ ਦੀ ਪ੍ਰਬਲ ਇੱਛਾ ਕਰਕੇ ਹੀ ਇਹ ਸੰਭਵ ਹੋ ਸਕਿਆ। 1947 ਵਿੱਚ ਦੇਸ਼ ਦੀ ਵੰਡ ਉਪਰੰਤ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਸ਼ਰਨਾਰਥੀ ਕੈਂਪ ਵਿੱਚ ਰਹੇ। 1948 ਤੋਂ 1958 ਈ: ਤੱਕ ਫੁੱਟਪਾਥਾਂ, ਰੁੱਖਾਂ ਦੀ ਛਾਵੇਂ, ਕਦੇ ਖ਼ਾਲਸਾ ਕਾਲਜ ਕੋਲ, ਕਦੇ ਰੇਲਵੇ ਸਟੇਸ਼ਨ ਕੋਲ, ਕਦੇ ਚੀਫ਼ ਖ਼ਾਲਸਾ ਦੀਵਾਨ ਦੇ ਕੋਲ, ਕਦੇ ਗੁਰੂ ਤੇਗ਼ ਬਹਾਦਰ ਹਸਪਤਾਲ ਦੇ ਕੋਲ, ਕਦੇ ਰੈੱਡਕਰਾਸ ਭਵਨ ਦੇ ਕੋਲ ਝੌਂਪੜੀਆਂ ਬਣਾ ਕੇ ਪੀੜ੍ਹਤ ਲੋਕਾਂ ਦੀ ਉਹਨਾਂ ਨੇ ਸੇਵਾ-ਸੰਭਾਲ ਕੀਤੀ। ਸੰਨ 1958 ਈ:ਵਿੱਚ ਤਹਿਸੀਲਪੁਰਾ ਜੀ.ਟੀ ਰੋਡ ਅੰਮ੍ਰਿਤਸਰ ਵਿਖੇ ਜਗ੍ਹਾ ਮੁੱਲ ਖ਼ਰੀਦ ਕੇ ਭਗਤ ਜੀ ਨੇ ਪਿੰਗਲਵਾੜੇ ਦੀ ਨੀਂਹ ਰੱਖੀ। 6 ਮਾਰਚ 1957 ਨੂੰ ‘ਆਲ ਇੰਡੀਆ ਪਿੰਗਲਵਾੜਾ ਸੁਸਾਇਟੀ (ਰਜਿ:)’ ਕਰਵਾ ਲਈ। ਪਿੰਗਲਵਾੜਾ ਜੋ ਭਗਤ ਪੂਰਨ ਸਿੰਘ ਜੀ ਨੇ ਕੁਝ ਕੁ ਮਰੀਜ਼ਾਂ ਨੂੰ ਲੈ ਕੇ ਬੀਜ ਰੂਪ ਵਿੱਚ ਸ਼ੁਰੂ ਕੀਤਾ, ਅੱਜ 1750 ਤੋਂ ਵੱਧ ਮਰੀਜ਼ ਜਿਨ੍ਹਾਂ ਵਿੱਚ ਔਰਤਾਂ, ਬੱਚੇ ਤੇ ਬੁੱਢੇ ਸ਼ਾਮਲ ਹਨ, ਲਈ ਘਰ ਵਰਗੇ ਸੁੱਖਾਂ ਦਾ ਸਾਧਨ ਬਣਿਆ ਹੋਇਆ ਹੈ।
ਭਗਤ ਪੂਰਨ ਸਿੰਘ ਜੀ ਨੇ ਪ੍ਰਦੂਸ਼ਣ, ਜਲ-ਸਾਧਨਾ, ਜੰਗਲਾਂ ਦੀ ਕਟਾਈ ਤੋਂ ਪੈਦਾ ਹੋਣ ਵਾਲੇ ਖਤਰਿਆਂ ਨਾਲ ਸੰਬੰਧਿਤ ਅਨੇਕਾਂ ਕਿਤਾਬਚੇ, ਟ੍ਰੈਕਟ, ਫੋਲਡਰ ਅਤੇ ਇਸ਼ਤਿਹਾਰ ਲੱਖਾਂ ਦੀ ਗਿਣਤੀ ਵਿੱਚ ਛਾਪ ਕੇ ਵੰਡੇ। ਅੱਜ ਵੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਬਾਹਰ ਘੰਟਾ ਘਰ ਚੌਂਕ ਤੇ ਸਰਾਂ (ਰਿਹਾਇਸ਼) ਵਾਲੇ ਪਾਸੇ ਅਤੇ ਦੇਸ਼ ਭਰ ਦੇ ਵੱਖ-ਵੱਖ ਇਤਿਹਾਸਕ ਗੁਰਦੁਆਰਿਆਂ ਵਿੱਚ ਉਹਨਾਂ ਦੇ ਸ਼ਰਧਾਲੂ ਕਿਤਾਬਚੇ, ਟ੍ਰੈਕਟ, ਇਸ਼ਤਿਹਾਰ, ਪੈਂਫਲਿਟ, ਫੋਲਡਰ ਮੁਫ਼ਤ ਵੰਡ ਰਹੇ ਹਨ। ਪਿੰਗਲਵਾੜੇ ਵਿੱਚ ਬਿਮਾਰ, ਬੇਸਹਾਰਾ, ਮੰਦਬੁੱਧੀ ਵਾਲੇ ਬੱਚੇ ਅਤੇ ਸਿਆਣੀ ਉਮਰ ਦੇ ਮਰਦ ਅਤੇ ਇਸਤਰੀਆਂ ਚਾਹੇ ਉਹ ਕਿਸੇ ਵੀ ਕੌਮ ਜਾਂ ਜਾਤੀ ਨਾਲ ਸੰਬੰਧ ਰੱਖਦੇ ਹੋਣ, ਇਹਨਾਂ ਸਾਰਿਆਂ ਨੂੰ ਵੱਖਰੇ-ਵੱਖਰੇ ਵਾਰਡਾਂ ਵਿੱਚ ਰੱਖਿਆ ਜਾਂਦਾ ਹੈ। ਪਿੰਗਲਵਾੜਾ ਸੰਸਥਾ ਦੀ ਹਦੂਦ ਅੰਦਰ ਦਰਜ਼ੀ ਦਾ ਕੰਮ, ਟਾਈਪ ਕਰਨਾ, ਕੁਰਸੀਆਂ ਬੁਣਨੀਆਂ, ਮੋਮਬੱਤੀਆਂ, ਗੁੱਡੀਆਂ-ਖਿਡੌਣੇ, ਕਲਾ-ਕਿਰਤੀਆਂ, ਕੁਦਰਤੀ ਖੇਤੀ, ਮਸਨੂਈ ਅੰਗ, ਫਿਜ਼ਿਓਥੈਰਪੀ ਆਦਿ ਦੀ ਸਿਖਲਾਈ ਦਿੱਤੀ ਜਾਂਦੀ ਹੈ।
ਭਗਤ ਪੂਰਨ ਸਿੰਘ ਜੀ ਨੂੰ ਭਾਰਤ ਸਰਕਾਰ ਵੱਲੋਂ 1981 ਵਿੱਚ ‘ਪਦਮ ਸ਼੍ਰੀ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ, ਭਾਰਤ ਸਰਕਾਰ ਵੱਲੋਂ 1984 ਵਿੱਚ ਸ਼੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਤੇ ਹੋਏ ਹਮਲੇ ਸਮੇਂ ਉਹਨਾਂ ਨੇ ਇਹ ਐਵਾਰਡ ਵਾਪਸ ਕਰ ਦਿੱਤਾ ਸੀ। ਉਹਨਾਂ ਨੂੰ 1990 ’ਚ ਹਾਰਮਨੀ ਐਵਾਰਡ, 1991 ’ਚ ਰੋਗ ਰਤਨ ਐਵਾਰਡ ਪ੍ਰਾਪਤ ਹੋਏ। ਪੰਜਾਬ ਵਿਰਾਸਤ ਸੰਸਥਾ ਸ਼ਿਕਾਗੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਤੇ ਭਾਈ ਕਨੱਈਆ ਐਵਾਰਡ ਕਮੇਟੀ ਦੇ ਚੈਅਰਮੈਨ ਮਹੰਤ ਤੀਰਥ ਸਿੰਘ ‘ਸੇਵਾਪੰਥੀ’ ਵੱਲੋਂ ਭਾਈ ਕਨੱਈਆ ਐਵਾਰਡ ਨਾਲ ਉਹਨਾਂ ਨੂੰ ਸਨਮਾਨਿਤ ਕੀਤਾ। ਸੇਵਾ ਦੇ ਪੁੰਜ, ਨਿਸ਼ਕਾਮ ਸੇਵਾ ਦੀ ਮੂਰਤ, ਨਿਆਸਰਿਆਂ ਦਾ ਆਸਰਾ ਭਗਤ ਪੂਰਨ ਸਿੰਘ 5 ਅਗਸਤ 1992 ਈ: ਨੂੰ 88 ਸਾਲ ਦੀ ਉਮਰ ਬਤੀਤ ਕਰਕੇ ਸੱਚ-ਖੰਡ ਜਾ ਬਿਰਾਜੇ।
ਭਗਤ ਪੂਰਨ ਸਿੰਘ ਜੀ ਚਾਹੇ ਝੁੱਗੀਆਂ ਦੀ ਜਗ੍ਹਾ ਆਲੀਸ਼ਾਨ ਇਮਾਰਤਾਂ ਉਸਾਰ ਕੇ ਸੰਸਾਰ ਤੋਂ ਚੋਲਾ ਤਿਆਗ ਗਏ ਪਰ ਵਰਤਮਾਨ ਸਮੇਂ ਡਾ: ਇੰਦਰਜੀਤ ਕੌਰ ਜੀ ਦੀ ਦੇਖ-ਰੇਖ ਹੇਠ ਪਿੰਗਲਵਾੜਾ ’ਚ ਮਰੀਜ਼ਾਂ ਦੀ ਸੇਵਾ-ਸੰਭਾਲ ਜਾਰੀ ਹੈ। ਮਰੀਜ਼ਾਂ ਦੀ ਸੇਵਾ ਲਈ 245 ਸੇਵਾਦਾਰਨੀਆਂ, 256 ਸੇਵਾਦਾਰ ਅਤੇ 18 ਟਰੇਂਡ ਨਰਸਾਂ ਕੰਮ ਕਰ ਰਹੀਆਂ ਹਨ। ਸਾਰੇ ਵਾਰਡਾਂ ਵਿੱਚ ਸੂਰਜੀ ਸ਼ਕਤੀ ਪਲਾਂਟ ਰਾਹੀਂ ਮਰੀਜ਼ਾਂ ਦੇ ਕੱਪੜੇ ਗਰਮ ਪਾਣੀ ਨਾਲ ਧੋਤੇ ਜਾਂਦੇ ਹਨ। ਇਸ ਪ੍ਰਾਜੈਕਟ ਤੇ 12 ਲੱਖ ਰੁਪਏ ਦੇ ਕਰੀਬ ਖ਼ਰਚ ਆਇਆ। ਹਰ ਸਾਲ ਸੰਸਥਾ ਦੇ ਸੇਵਾਦਾਰਾਂ ਦੁਆਰਾ ਭਗਤ ਪੂਰਨ ਸਿੰਘ ਜੀ ਦੀ ਬਰਸੀ ’ਤੇ ਰੁੱਖ ਲਾਉਣ ਦੀ ਮੁਹਿੰਮ ਵਿੱਢੀ ਜਾਂਦੀ ਹੈ। ਪਿੰਗਲਵਾੜਾ ਸੰਸਥਾ ਵੱਲੋਂ ਸਾਲ 2006 ਵਿੱਚ ਆਪਣੀ ਨਰਸਰੀ ਵਿੱਚ 60,000 ਬੂਟੇ ਪੈਦਾ ਕਰਕੇ ਵੱਖ-ਵੱਖ ਸੰਸਥਾਵਾਂ ਨੂੰ ਮੁਫ਼ਤ ਵੰਡੇ ਗਏ। 20,000 ਪੌਦੇ ਸੰਸਥਾ ਵੱਲੋਂ ਸਕੂਲਾਂ, ਕਾਲਜਾਂ, ਹਸਪਤਾਲਾਂ ਅਤੇ ਸ਼ਮਸ਼ਾਨਘਾਟਾਂ ਵਿੱਚ ਲਗਾਏ ਗਏ ਹਨ।
ਪਿੰਗਲਵਾੜਾ ਦੀਆਂ ਅੰਮ੍ਰਿਤਸਰ, ਮਾਨਾਂਵਾਲਾ, ਗੋਇੰਦਵਾਲ, ਜਲੰਧਰ, ਸੰਗਰੂਰ, ਪਲਸੌਰਾ (ਚੰਡੀਗੜ੍ਹ), ਪੰਡੋਰੀ ਵੜੈਚ ਵਿਖੇ ਬਰਾਂਚਾਂ ਹਨ। ਭਗਤ ਪੂਰਨ ਸਿੰਘ ਆਦਰਸ਼ ਸਕੂਲ ਬੁੱਟਰ ਕਲਾਂ ਕਾਦੀਆਂ ਵਿੱਚ 412 ਬੱਚੇ ਵਿੱਦਿਆ ਹਾਸਲ ਕਰ ਰਹੇ ਹਨ। ਭਗਤ ਪੂਰਨ ਸਿੰਘ ਗੂੰਗੇ-ਬੋਲੇ ਬੱਚਿਆਂ ਦਾ ਸਕੂਲ ਮਾਨਾਂਵਾਲਾ ਵਿਖੇ 180 ਬੱਚੇ ਨਵੀਨ ਉਪਕਰਣਾਂ ਰਾਹੀਂ ਸਿੱਖਿਆ ਪ੍ਰਾਪਤ ਕਰ ਰਹੇ ਹਨ। ਭਗਤ ਪੂਰਨ ਸਿੰਘ ਸਕੂਲ ਆਫ ਸਪੈਸ਼ਲ ਐਜੂਕੇਸ਼ਨ ਮਾਨਾਂਵਾਲਾ ਬਰਾਂਚ ਵਿਖੇ ਪਿੰਗਲਵਾੜੇ ਦੇ 210 ਮੰਦ-ਬੁੱਧੀ ਬੱਚਿਆਂ ਦੀ ਬੁੱਧੀ ਵਿਕਸਤ ਕਰਨ ਲਈ ਪ੍ਰਬੰਧ ਕੀਤਾ ਗਿਆ ਹੈ। ਭਗਤ ਪੂਰਨ ਸਿੰਘ ਕਿੱਤਾ ਸਿਖਲਾਈ ਕੇਂਦਰ ਮਾਨਾਂਵਾਲਾ (ਅੰਮ੍ਰਿਤਸਰ) ਵਿਖੇ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਨੂੰ ਸਿਲਾਈ-ਕਢਾਈ ਦਾ ਛੇ ਮਹੀਨੇ ਦਾ ਕੋਰਸ ਕਰਵਾਇਆ ਜਾਂਦਾ ਹੈ। ਭਗਤ ਪੂਰਨ ਸਿੰਘ ਆਦਰਸ਼ ਸਕੂਲ ਮਾਨਾਂਵਾਲਾ ਵਿੱਚ ਗ਼ਰੀਬ ਅਤੇ ਝੁੱਗੀ ਝੌਂਪੜੀ ਵਾਲੇ 737 ਵਿਦਿਆਰਥੀਆਂ ਨੂੰ ਮੁਫ਼ਤ ਵਿੱਦਿਆ ਦਿੱਤੀ ਜਾ ਰਹੀ ਹੈ। ਗੋਇੰਦਵਾਲ ਬਰਾਂਚ ਵਿੱਚ 92 ਮਰਦ, ਚੰਡੀਗੜ੍ਹ ਬਰਾਂਚ ਵਿੱਚ 113 ਮਰੀਜ਼, ਜਲੰਧਰ ਬਰਾਂਚ ਵਿੱਚ 38 ਮਰੀਜ਼ ਹਨ। ਮਾਨਾਂਵਾਲਾ ਕੰਪਲੈਕਸ ਵਿਖੇ ਗਉੂਸ਼ਾਲਾ ਵਿੱਚ 265 ਗਉੂਆਂ ਵੱਛੇ ਤੇ ਵੱਛੀਆਂ ਹਨ। ਗਉੂਆਂ ਦਾ ਦੁੱਧ ਮਰੀਜ਼ਾਂ ਲਈ ਵਰਤਿਆ ਜਾਂਦਾ ਹੈ।
ਭਗਤ ਪੂਰਨ ਸਿੰਘ ਮਸਨੂਈ ਅੰਗ ਕੇਂਦਰ (ਬਨਾਵਟੀ ਅੰਗ ਕੇਂਦਰ) ਵਿੱਚ 15451 ਤੋਂ ਵੱਧ ਅੰਗਹੀਣਾਂ ਨੂੰ ਬਨਾਵਟੀ ਅੰਗ ਮੁਫ਼ਤ ਲਗਾਏ ਜਾ ਚੁੱਕੇ ਹਨ। ਪਿੰਗਲਵਾੜਾ ਸੰਸਥਾ ਦਾ ਕੰਮ ਸਿਰਫ ਪੰਜਾਬ ਤੱਕ ਹੀ ਸੀਮਿਤ ਨਹੀਂ, ਕਿਤੇ ਵੀ ਕੁਦਰਤੀ ਆਫ਼ਤਾਂ ਆਉਂਦੀਆਂ ਹਨ। ਉਥੋਂ ਦੇ ਲੋਕਾਂ ਦੀ ਮਦਦ ਕੀਤੀ ਜਾਂਦੀ ਹੈ। ਜਦ ਲਾਤੂਰ, ਚਮੋਲੀ, ਲਦਾਖ, ਸੁਨਾਮੀ ਲਹਿਰਾਂ, ਈਰਾਨ ਵਿੱਚ ਭੂਚਾਲ ਨਾਲ ਲੋਕ ਪ੍ਰਭਾਵਿਤ ਹੋਏ ਤਾਂ ਡਾ: ਇੰਦਰਜੀਤ ਕੌਰ ਜੀ ਦੀ ਅਗਵਾਈ ਵਿੱਚ ਪਿੰਗਲਵਾੜੇ ਵੱਲੋਂ ਕੰਬਲ, ਕੱਪੜੇ, ਰਾਸ਼ਨ, ਦਵਾਈਆਂ ਪੀੜ੍ਹਤਾਂ ਦੇ ਘਰ-ਘਰ ਜਾ ਕੇ ਰਾਹਤ ਸਮੱਗਰੀ ਵੰਡੀ ਗਈ। ਜਲੰਧਰ ਤੇ ਕਪੂਰਥਲਾ ਵਿੱਚ ਵੀ ਸੰਨ 2008 ਵਿੱਚ ਆਏ ਹੜ੍ਹਾਂ ਨਾਲ 800 ਪੀੜ੍ਹਤ ਪਰਿਵਾਰਾਂ ਲਈ ਰਾਸ਼ਨ, ਘਰੇਲੂ ਸਮਾਨ ਅਤੇ ਕੰਬਲ ਮੁਫ਼ਤ ਵੰਡੇ ਗਏ। ਪਿੰਗਲਵਾੜਾ ਸੰਸਥਾ ਲੋੜ ਅਨੁਸਾਰ ਗ਼ਰੀਬ ਤੇ ਅਪਾਹਜ ਲੋਕਾਂ ਨੂੰ ਟਰਾਈ ਸਾਈਕਲ ਪ੍ਰਦਾਨ ਕਰਕੇ ਉਹਨਾਂ ਨੂੰ ਆਤਮ ਨਿਰਭਰ ਹੋਣ ਵਿੱਚ ਮਦਦ ਕਰਦਾ ਹੈ। ਸੰਸਥਾ ਵੱਲੋਂ 100 ਦੇ ਕਰੀਬ ਲਾਵਾਰਸ ਲਾਸ਼ਾਂ ਦਾ ਸਸਕਾਰ ਪੂਰੇ ਸਤਿਕਾਰ ਸਹਿਤ ਕੀਤਾ ਜਾ ਚੁੱਕਾ ਹੈ।
ਭਗਤ ਪੂਰਨ ਸਿੰਘ ਜੀ ਦੇ ਜੀਵਨ ਸੰਬੰਧੀ ਕੁਝ ਵੀਡੀਓ ਫਿਲਮਾਂ ਪਿੰਗਲਵਾੜਾ ਪਰੈਸੈਨਟੇਸ਼ਨ, ਏ ਸੈਲਫਲੈਸ ਲਾਈਫ਼, ਦਸਤਾਵੇਜ਼ੀ ਫਿਲਮਾਂ, ਇਹੁ ਜਨਮੁ ਤੁਮ੍ਹਾਰੇ ਲੇਖੇ ਰਿਲੀਜ਼ ਹੋਈ। ਜਿਸ ਨੂੰ ਵੱਡੀ ਤਾਦਾਦ ਵਿੱਚ ਲੋਕਾਂ ਨੇ ਪਸੰਦ ਕੀਤਾ। ਭਗਤ ਜੀ ਦੇ ਬਚਪਨ ਦਾ ਰੋਲ ਪਿੰਗਲਵਾੜਾ ਸੰਸਥਾ ਦੇ ਸਕੂਲ ਵਿੱਚ ਪੜ੍ਹ ਰਹੇ ਵਿਦਿਆਰਥੀ ਯੁਵਰਾਜ ਨੇ ਕੀਤਾ ਹੈ। ਫਿਲਮ ਵਿੱਚ ਸ਼ਾਮਲ ਕਲਾਕਾਰਾਂ ਦੀ ਟੀਮ ਵਿੱਚੋਂ ਇੱਕ ਕਲਾਕਾਰ ਨੇ ਭਗਤ ਪੂਰਨ ਸਿੰਘ ਜੀ ਦੇ ਕਾਰਜਾਂ ਤੋਂ ਪ੍ਰਭਾਵਿਤ ਹੁੰਦਿਆਂ ਐਲਾਨ ਕੀਤਾ ਕਿ ਉਹ ਆਪਣਾ ਵਿਆਹ ਪਿੰਗਲਵਾੜੇ ਦੀ ਕਿਸੇ ਇੱਕ ਲੜਕੀ ਨਾਲ ਕਰੇਗਾ।
ਭਾਰਤ ਸਰਕਾਰ ਵੱਲੋਂ 10 ਦਸੰਬਰ 2004 ਨੂੰ ਭਗਤ ਪੂਰਨ ਸਿੰਘ ਜੀ ਦੀ ਇੱਕ ਡਾਕ-ਟਿਕਟ ਦਿੱਲੀ ਵਿਖੇ ਰਿਲੀਜ਼ ਕੀਤੀ ਗਈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ‘ਭਗਤ ਪੂਰਨ ਸਿੰਘ ਚੇਅਰ’ ਸਥਾਪਿਤ ਹੈ। ਭਗਤ ਪੂਰਨ ਸਿੰਘ ਦੀਆਂ ਜੀਵਨ ਘਾਲਨਾਵਾਂ ਸੰਬੰਧੀ ਤਸਵੀਰਾਂ ਦਾ ਸੰਗ੍ਰਹਿ ‘‘ਅਜਾਇਬ ਘਰ’’ ਪਿੰਗਲਵਾੜਾ ਵਿੱਚ ਸਥਾਪਿਤ ਹੈ। ਭਗਤ ਪੂਰਨ ਦੇ ਜਨਮ ਸਥਾਨ ਤੇ ਪਿੰਡ ਰਾਜੇਵਾਲ ਵਿਖੇ ‘ਭਗਤ ਪੂਰਨ ਸਿੰਘ ਸਮਾਰਕ’ ਦਾ ਨਿਰਮਾਣ ਹੋ ਚੁੱਕਾ ਹੈ। ਭਗਤ ਪੂਰਨ ਸਿੰਘ ਜੀ ਵੱਲੋਂ ਲਿਖੇ ਅਤੇ ਪ੍ਰਕਾਸ਼ਿਤ ਕੀਤੇ ਕਿਤਾਬਚੇ ਪੰਜਾਬੀ ਦੇ 35, ਅੰਗਰੇਜ਼ੀ ਦੇ 23 ਅਤੇ 10 ਫੋਲਡਰ, ਹਿੰਦੀ ’ਚ 77 ਟ੍ਰੈਕਟ, ਫੋਲਡਰ, 21 ਹੱਥ ਲਿਖਤਾਂ, ਭਗਤ ਜੀ ਵੱਲੋਂ ਪ੍ਰਕਾਸ਼ਿਤ ਵੱਖ-ਵੱਖ ਰਾਗਾਂ ਦੇ 58 ਗੁਰਬਾਣੀ ਦੇ ਸ਼ਬਦ ‘ਭਗਤ ਪੂਰਨ ਸਿੰਘ ਅਜਾਇਬ ਘਰ’ ਵਿੱਚ ਸੁਭਾਇਮਾਨ ਹਨ। ਪਿੰਗਲਵਾੜਾ ਸੰਸਥਾ ਵੱਲੋਂ ਹੁਣ ਤੱਕ ਪੰਜਾਬੀ ਦੀਆਂ 70 ਪੁਸਤਕਾਂ, 76 ਕਿਤਾਬਚੇ, ਅੰਗਰੇਜ਼ੀ ਦੀਆਂ 61 ਪੁਸਤਕਾਂ ਤੇ 33 ਕਿਤਾਬਚੇ, ਹਿੰਦੀ ਦੀਆਂ 49 ਪੁਸਤਕਾਂ-ਕਿਤਾਬਚੇ ਛਾਪੇ ਗਏ ਹਨ। ਇਹ ਸਾਰੀ ਸਮੱਗਰੀ ਪਿੰਗਲਵਾੜਾ ਦੇ ਆਪਣੇ ਛਾਪੇਖਾਨੇ ‘ਪੂਰਨ ਪਿ੍ਰੰਟਿੰਗ ਪ੍ਰੈਸ ਵਿੱਚ ਹੁਣ 19 ਮੈਨੂਅਲ ਮਸ਼ੀਨਾਂ ਦੀ ਥਾਂ ਤੇ 2 ਆਟੋ ਪ੍ਰਿੰਟ ਮਸ਼ੀਨਾਂ ਰਾਹੀਂ ਛਾਪੀ ਜਾਂਦੀ ਹੈ।
ਪਿੰਗਲਵਾੜਾ ਸੰਸਥਾ ਦਾ ਕੋਈ ਵੀ ਸੇਵਾਦਾਰ ਡੱਬਿਆਂ (ਦਾਨ-ਪਾਤਰ) ਨਾਲ ਰੇਲਵੇ ਸਟੇਸ਼ਨਾਂ, ਬੱਸ ਸਟੈਂਡਾਂ, ਗਲੀ-ਮੁਹੱਲਿਆਂ ਜਾਂ ਕਿਸੇ ਵੀ ਸਥਾਨ ’ਤੇ ਘੁੰਮ ਫਿਰ ਕੇ ਮਾਇਆ ਦੀ ਉਗਰਾਹੀ ਨਹੀਂ ਕਰ ਰਿਹਾ। ਸਰਬੱਤ ਗੁਰੂ ਨਾਨਕ ਨਾਮ ਲੇਵਾ ਮਾਈ-ਭਾਈ ਆਪਣੀ ਕਿਰਤ-ਕਮਾਈ ਵਿੱਚੋਂ ਦਸਵੰਧ ਕੱਢ ਕੇ ਪਿੰਗਲਵਾੜਾ ਸੰਸਥਾ ਨੂੰ ਨਕਦ, ਚੈੱਕ, ਡਰਾਫਟ ਰਾਹੀਂ ਭੇਜੋ। ਇਹ ਹੀ ਭਗਤ ਪੂਰਨ ਸਿੰਘ ਜੀ ਨੂੰ ਸੱਚੀ-ਸੁੱਚੀ ਸ਼ਰਧਾਂਜਲੀ ਹੋਵੇਗੀ।
ਆਲ ਇੰਡੀਆ ਪਿੰਗਲਵਾੜਾ ਸੁਸਾਇਟੀ (ਰਜਿ:) ਅੰਮ੍ਰਿਤਸਰ ਵੱਲੋਂ ਭਗਤ ਪੂਰਨ ਸਿੰਘ ਜੀ ਦੀ 33ਵੀਂ ਬਰਸੀ 1 ਤੋਂ 5 ਅਗਸਤ ਦਿਨ ਸ਼ੁੱਕਰਵਾਰ ਤੋਂ ਮੰਗਲਵਾਰ ਤੱਕ ਪਿੰਗਲਵਾੜਾ ਮਾਨਾਂਵਾਲਾ ਬਰਾਂਚ ਅਤੇ ਮੁੱਖ ਦਫ਼ਤਰ ਜੀ.ਟੀ. ਰੋਡ, ਅੰਮ੍ਰਿਤਸਰ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ। 1 ਅਗਸਤ ਦਿਨ ਸ਼ੁੱਕਰਵਾਰ ਨੂੰ ਮੁੱਖ ਦਫ਼ਤਰ ਤਹਿਸੀਲਪੁਰਾ ਰੋਡ, ਨੇੜੇ ਬੱਸ ਸਟੈਂਡ, ਅੰਮ੍ਰਿਤਸਰ ਵਿਖੇ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਪ੍ਰਾਇਮਰੀ ਤੱਕ ਦੇ ਬੱਚਿਆਂ ਅਤੇ ਮਰੀਜ਼ਾਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ । 2 ਅਗਸਤ ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਮਾਨਾਂਵਾਲਾ ਬ੍ਰਾਂਚ ਵਿਖੇ ਖੂਨਦਾਨ ਕੈਂਪ ਲਗਾਇਆ ਜਾਵੇਗਾ । 3 ਅਗਸਤ ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਮੁੱਖ ਦਫ਼ਤਰ ਤਹਿਸੀਲਪੁਰਾ ਰੋਡ, ਨੇੜੇ ਬੱਸ ਸਟੈਂਡ, ਅੰਮ੍ਰਿਤਸਰ ਵਿਖੇ ਪਿੰਗਲਵਾੜਾ ਦੇ ਮਰੀਜ਼ਾਂ ਅਤੇ ਸਕੂਲੀ ਬੱਚਿਆਂ ਦੀਆਂ ਬਣਾਈਆਂ ਕਲਾ ਕਿਰਤੀਆਂ, ਕੁਦਰਤੀ ਖੇਤੀ, ਅੰਗਹੀਣਾਂ ਵਾਸਤੇ ਮੁਫ਼ਤ ਮਸਨੂਈ ਅੰਗ ਅਤੇ ਫਿਜ਼ੀਓਥਰੈਪੀ ਦੀ ਪ੍ਰਦਰਸ਼ਨੀ ਲਗਾਈ ਜਾਵੇਗੀ । 4 ਅਗਸਤ ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਤੋਂ 1.50 ਵਜੇ ਤੱਕ ਉਪਰੋਕਤ ਸਥਾਨ ਤੇ ਸੱਭਿਆਚਾਰ ਅਤੇ ਆਚਰਣ ਵਿਸ਼ੇ ਤੇ ਸੈਮੀਨਾਰ ਹੋਵੇਗਾ। ਜਿਸ ਵਿੱਚ ਸ੍ਰ: ਹਰਵਿੰਦਰ ਸਿੰਘ ਭੱਟੀ, ਡਾ: ਸਵਰਾਜਬੀਰ ਸਿੰਘ, ਡਾ: ਪਿਆਰਾ ਲਾਲ ਗਰਗ, ਸ੍ਰ: ਹਮੀਰ ਸਿੰਘ ਅਤੇ ਸ੍ਰ: ਸੁਮੇਲ ਸਿੰਘ ਉਚੇਚੇ ਤੌਰ ਤੇ ਹਾਜ਼ਰੀ ਭਰਨਗੇ । 5 ਅਗਸਤ ਦਿਨ ਮੰਗਲਵਾਰ ਨੂੰ ਮੁੱਖ ਦਫ਼ਤਰ ਨੇੜੇ ਬੱਸ ਸਟੈਂਡ ਵਿਖੇ ਸਵੇਰੇ ਸਾਢੇ ਅੱਠ ਵਜੇ ਸ੍ਰੀ ਸਹਿਜ ਪਾਠ ਦਾ ਭੋਗ ਪਾਇਆ ਜਾਵੇਗਾ ਉਪਰੰਤ ਭਾਈ ਜਸਬੀਰ ਸਿੰਘ ਜੀ ਅਤੇ ਪਿੰਗਲਵਾੜੇ ਦੇ ਬੱਚਿਆਂ ਵੱਲੋਂ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਜੋੜਿਆ ਜਾਵੇਗਾ। ਦੁਪਹਿਰ 12 ਵਜੇ ਤੋਂ 1.30 ਵਜੇ ਤੱਕ ਭਗਤ ਪੂਰਨ ਸਿੰਘ ਜੀ ਦੇ ਜੀਵਨ ਅਤੇ ਵਾਤਾਵਰਨ ਸੰਬੰਧੀ ਵਿਚਾਰਾਂ ਹੋਣਗੀਆਂ। ਦੁਪਹਿਰ 1.30 ਵਜੇ ਤੋਂ 2 ਵਜੇ ਤੱਕ ਪਿੰਗਲਵਾੜਾ ਸੋਵੀਨਰ ਅਤੇ ਪੁਸਤਕਾਂ ਦੀ ਘੁੰਡ ਚੁਕਾਈ ਕੀਤੀ ਜਾਵੇਗੀ ।ਗੁਰੂ ਕਾ ਲੰਗਰ ਅਤੁੱਟ ਵਰਤੇਗਾ।
#1138/63-ਏ, ਗੁਰੂ ਤੇਗ਼ ਬਹਾਦਰ ਨਗਰ, ਗਲੀ ਨੰਬਰ-1, ਚੰਡੀਗੜ੍ਹ ਰੋਡ, ਜਮਾਲਪੁਰ, ਲੁਧਿਆਣਾ।


