(ਸਮਾਜ ਵੀਕਲੀ)
ਤਸੱਵੁਫ਼ ਫ਼ਲਸਫ਼ਾ ਹੈ,
ਇਸ਼ਕ ਨੂੰ ਸੁਲਝਾਉਣ ਦਾ।
ਤੇ ਅੰਦਰ ਉੱਛਲਦੀ,
ਇਕ ‘ਮੈਂ’ ਦਾ ਕੋਠਾ ਢਾਹੁਣ ਦਾ।
ਰਮਜ਼ ਤਾਂ ਖੇਡ ਸੀ,
ਅਗਨੀ ਦੇ ਕੁੰਡ ਵਿੱਚ ਤਰਨ ਦੀ।
ਤੇ ਮੇਰੀ ਜ਼ਿਦ ਰਹੀ,
ਓਸੇ ‘ਚੋਂ ਚੂਲ਼ੀ ਭਰਨ ਦੀ।
ਖ਼ੁਦਾ ਸਿਜਦਾ ਕਰੇ,
ਇਸ ਦੇ ਡੁੰਘੇਰੇ ਸਬਰ ਨੂੰ।
ਇਹ ਨਾੜਾਂ ਸੂਤ ਕੇ ਵੀ,
ਮਾਤ ਦੇਂਦਾ ਜਬਰ ਨੂੰ।
ਇਹ ਮੈਂਨੂੰ ਸੂਫ਼ੀਆਂ ਦੇ,
ਨਾਚ ਵਰਗਾ ਜਾਪਦਾ।
ਤੇ ਪੈਰੀਂ ਪੈ ਗਏ,
ਛਾਲੇ ਤੋਂ ਰਸਤਾ ਨਾਪਦਾ।
ਕਦੇ ਬੇਜ਼ਾਰੀਆਂ ਦਾ,
ਭੇਤ ਨਹੀਂ ਇਸ ਖੋਲ੍ਹਿਆ।
ਸਦਾ ਮਹਿਬੂਬ ਦੀ
ਤਾਰੀਫ਼ ਦੇ ਵਿੱਚ ਬੋਲਿਆ।
ਇਹ ਹਰਗਿਜ਼ ਫ਼ਾਰਸੀ,
ਉਰਦੂ, ਪੰਜਾਬੀ ਤੋਂ ਅਗਾਂਹ।
ਇਹ ਰੁਤਬੇ, ਸ਼ੁਹਰਤਾਂ,
ਖ਼ਾਨਾਖ਼ਰਾਬੀ ਤੋਂ ਅਗਾਂਹ।
ਦੁਆਵਾਂ, ਖ਼ਾਹਿਸ਼ਾਂ,
ਯਾਦਾਂ ਦਾ ਇਹ ਦੀਵਾਨ ਹੈ।
ਇਹ ਨੇਜ਼ੇ ਟੰਗੀਆਂ,
ਸੱਧਰਾਂ ਦਾ ਹੀ ਸੁਲਤਾਨ ਹੈ।
ਇਹ ਬਿਹਤਰ ਸੁਪਨਿਆਂ ਨੂੰ,
ਚੁਟਕੀਆਂ ਵਿੱਚ ਟਾਲ਼ਦਾ।
ਤੇ ਆਪਾ ਝੰਗ ਦੇ,
ਬੇਲੇ ‘ਚ ਬੈਠਾ ਗਾਲ਼ਦਾ।
ਇਹ ਰੋਸ਼ਨ ਬਿਰਤੀਆਂ ਦੇ,
ਕਰ ਕੇ ਟੋਟੇ ਖਾ ਗਿਆ।
ਤੇ ਲੰਘਿਆ ਜਾਂਵਦਾ,
ਮੇਰੇ ਵੀ ਘਰ ਨੂੰ ਆ ਗਿਆ।
ਤਮਾਸ਼ੇਬਾਜ਼ ਹੈ,
ਨਾ ਚੁੱਪ ਹੈ , ਨਾ ਬੋਲਦਾ।
ਸਦਾ ਕੁਰਬਾਨੀਆਂ ਦੇ,
ਹੱਕ ਵਿੱਚ ਮੂੰਹ ਖੋਲ੍ਹਦਾ।
ਕਿ ਜੁਗਤੀ ਹੋਰ ਸੀ,
ਇਸ ਭੇਤ ਦੇ ਸਰ ਹੋਣ ਦੀ!
ਫ਼ਨਾਹ ਹੋ ਜਾਣ ਦੇ ਲਈ
ਯੋਗਤਾ ਦਰਸਾਉਣ ਦੀ!
ਖ਼ਸਮ ਦੇ ਹੱਥ ਸੀ,
ਜੋ ਨੱਥ ਸੀ, ਇਸ ਲਾਹ ਲਈ।
ਤੇ ਮੈਨੂੰ ਵਰਗਲਾ ਕੇ,
ਗਲ਼ ਪੰਜਾਲ਼ੀ ਪਾ ਲਈ।
~ ਰਿਤੂ ਵਾਸੂਦੇਵ