HOME ਪੈਟਰੋਲ/ਡੀਜ਼ਲ ਵਾਹਨ ਬਨਾਮ ਇਲੈਕਟ੍ਰਿਕ ਵਾਹਨ

ਪੈਟਰੋਲ/ਡੀਜ਼ਲ ਵਾਹਨ ਬਨਾਮ ਇਲੈਕਟ੍ਰਿਕ ਵਾਹਨ

3
ਮਨਪ੍ਰੀਤ ਕੌਰ ਮਾਨਸਾ

ਮਨਪ੍ਰੀਤ ਕੌਰ ਮਾਨਸਾ

   (ਸਮਾਜ ਵੀਕਲੀ)   ਅੱਜ ਦੇ ਵਿਗਿਆਨਕ ਯੁੱਗ ਵਿੱਚ ਵਾਹਨ ਮਨੁੱਖੀ ਜੀਵਨ ਦਾ ਅਟੁੱਟ ਹਿੱਸਾ ਬਣ ਗਏ ਹਨ। ਆਵਾਜਾਈ ਨੂੰ ਤੇਜ਼, ਆਸਾਨ ਅਤੇ ਅਰਾਮਦਾਇਕ ਬਣਾਉਣ ਲਈ ਵੱਖ-ਵੱਖ ਕਿਸਮਾਂ ਦੇ ਵਾਹਨ ਵਰਤੇ ਜਾਂਦੇ ਹਨ। ਇਨ੍ਹਾਂ ਵਿੱਚੋਂ ਸਭ ਤੋਂ ਵੱਧ ਵਰਤੇ ਜਾਣ ਵਾਲੇ ਮੁੱਖ ਦੋ ਪ੍ਰਕਾਰ ਦੇ ਵਾਹਨ ਹਨ– ਪੈਟਰੋਲ/ਡੀਜ਼ਲ ਵਾਹਨ ਅਤੇ ਬਿਜਲਈ ਵਾਹਨ। ਪੈਟਰੋਲ/ਡੀਜ਼ਲ ਵਾਹਨ :-
ਪੈਟਰੋਲ ਵਾਹਨ ਲੰਬੇ ਸਮੇਂ ਤੋਂ ਇਨਸਾਨੀ ਜੀਵਨ ਦਾ ਹਿੱਸਾ ਰਹੇ ਹਨ। ਇਹ ਵਾਹਨ ਪੈਟਰੋਲ ਜਾਂ ਡੀਜ਼ਲ ਵਰਤਦੇ ਹਨ, ਜੋ ਕਿ ਲੰਬੇ ਸਮੇਂ ਦੀ ਕੁਦਰਤੀ ਪ੍ਰਕਿਰਿਆ ਤੋਂ ਬਾਅਦ ਕੁਦਰਤੀ ਸਰੋਤਾਂ ਦੇ ਰੂਪ ਚ ਮਿਲਦੇ ਹਨ। ਇਹ ਵਾਹਨ ਲੰਬੇ ਸਫ਼ਰ ਲਈ ਮਜ਼ਬੂਤ ਮੰਨੇ ਜਾਂਦੇ ਹਨ ਤੇ ਹਰ ਕਿਸੇ ਕੋਨੇ ਵਿੱਚ ਇੰਧਨ ਭਰਵਾਉਣ ਦੀ ਸਹੂਲਤ ਮਿਲ ਜਾਂਦੀ ਹੈ। ਪਰ ਪੈਟਰੋਲ ਵਾਹਨਾਂ ਦੇ ਨੁਕਸਾਨ ਵੀ ਹਨ। ਇਹ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਦੇ ਹਨ, ਧੂੰਆਂ ਤੇ ਕਾਰਬਨ ਡਾਈਆਕਸਾਈਡ ਵਧਾਉਂਦੇ ਹਨ ਜੋ ਕਿ ਗਲੋਬਲ ਵਾਰਮਿੰਗ ਦਾ ਮੁੱਖ ਕਾਰਨ ਹੈ।
ਇਲੈਕਟ੍ਰਿਕ ਵਾਹਨ :- ਇਲੈਕਟ੍ਰਿਕ ਵਾਹਨ ਨਵੀਨ ਤਕਨੀਕ ‘ਤੇ ਅਧਾਰਿਤ ਹਨ ਅਤੇ ਇਹ ਬਿਜਲੀ ਦੀ ਮੱਦਦ ਨਾਲ ਚੱਲਦੇ ਹਨ। ਇਹ ਵਾਹਨ ਵਾਤਾਵਰਨ ਲਈ ਬਹੁਤ ਹੀ ਲਾਭਕਾਰੀ ਹਨ ਕਿਉਂਕਿ ਇਨ੍ਹਾਂ ਵਿਚੋਂ ਕੋਈ ਧੂੰਆਂ ਨਹੀਂ ਨਿਕਲਦਾ। ਇਲੈਕਟ੍ਰਿਕ ਵਾਹਨ ਨੂੰ ਚਲਾਉਣ ਦਾ ਖਰਚਾ ਵੀ ਘੱਟ ਹੁੰਦਾ ਹੈ ਤੇ ਇਹਨਾਂ ਨੂੰ ਘਰ ‘ਚ ਵੀ ਚਾਰਜ ਕੀਤਾ ਜਾ ਸਕਦਾ ਹੈ। ਹਾਲਾਂਕਿ, ਇਨ੍ਹਾਂ ਦੀ ਚਾਰਜਿੰਗ ਵਿੱਚ ਸਮਾਂ ਲੱਗਦਾ ਹੈ ਤੇ ਚਾਰਜਿੰਗ ਸਟੇਸ਼ਨ ਹਰ ਥਾਂ ਉਪਲੱਬਧ ਨਹੀਂ ਹੁੰਦੇ।
ਪੈਟਰੋਲ ਵਾਹਨਾਂ ਦੇ ਫਾਇਦੇ:-
* ਲੰਬੇ ਸਫ਼ਰ ਲਈ ਉਚਿਤ: ਪੈਟਰੋਲ ਵਾਹਨ ਲੰਬੇ ਸਫਰ ਲਈ ਵਧੀਆ ਮੰਨੇ ਜਾਂਦੇ ਹਨ ਕਿਉਂਕਿ ਇਹਨਾਂ ਦੇ ਇੰਧਨ ਸਟੇਸ਼ਨ ਹਰ ਥਾਂ ਉਪਲੱਭਧ ਹਨ।
*ਜਲਦੀ ਰੀਫਿਲ ਹੋਣ ਵਾਲੇ: ਪੈਟਰੋਲ ਟੈਂਕ ਭਰਨ ਵਿੱਚ ਕੁਝ ਮਿੰਟ ਹੀ ਲੱਗਦੇ ਹਨ।
*ਮਜਬੂਤ ਇੰਜਣ ਤਕਨਾਲੋਜੀ: ਪੈਟਰੋਲ ਇੰਜਣ ਕਾਫੀ ਸਮੇਂ ਤੋਂ ਵਿਕਸਤ ਕੀਤੇ ਜਾ ਰਹੇ ਹਨ, ਇਸ ਕਰਕੇ ਇਹਨਾਂ ਦੀ ਵਿਸ਼ਵਾਸਯੋਗਤਾ ਵੱਧ ਹੈ।ਪੈਟਰੋਲ ਵਾਹਨਾਂ ਦੇ ਨੁਕਸਾਨ
*ਵਾਤਾਵਰਨ ਪ੍ਰਦੂਸ਼ਣ: ਇਹ ਵਾਹਨ ਧੂੰਆਂ ਤੇ ਗੈਸਾਂ ਛੱਡਦੇ ਹਨ ਜੋ ਕਿ ਹਵਾ ਨੂੰ ਗੰਦਾ ਕਰਦੇ ਹਨ।
*ਮਹਿੰਗਾ ਊਰਜਾ ਸਰੋਤ: ਪੈਟਰੋਲ ਦੀ ਕੀਮਤ ਹਰ ਰੋਜ਼ ਵੱਧ ਰਹੀ ਹੈ।*ਗਲੋਬਲ ਵਾਰਮਿੰਗ ‘ਚ ਯੋਗਦਾਨ: ਪੈਟਰੋਲ ਦੇ ਇੰਜਣ ਕਾਰਬਨ ਡਾਈਆਕਸਾਈਡ ਵਰਗੀਆਂ ਗੈਸਾਂ ਛੱਡਦੇ ਹਨ ,ਜੋ ਵਾਯੂ ਮੰਡਲ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ।
ਇਲੈਕਟ੍ਰਿਕ ਵਾਹਨਾਂ ਦੇ ਫਾਇਦੇ
* ਸਾਫ਼ ਤੇ ਹਰੇ-ਭਰੇ ਵਾਹਨ: ਇਲੈਕਟ੍ਰਿਕ ਵਾਹਨ ਹਵਾ ਵਿੱਚ ਕੋਈ ਧੂੰਆਂ ਜਾਂ ਗੈਸ ਨਹੀਂ ਛੱਡਦੇ।
*ਘੱਟ ਰੱਖ-ਰਖਾਵ ਖਰਚਾ: ਇਲੈਕਟ੍ਰਿਕ ਵਾਹਨਾਂ ਵਿੱਚ ਇੰਜਣ ਨਹੀਂ ਹੁੰਦੇ, ਜਿਸ ਕਰਕੇ ਇਹਨਾਂ ਦੀ ਮੁਰੰਮਤ ਸੌਖੀ ਤੇ ਸਸਤੀ ਹੁੰਦੀ ਹੈ।*ਸਬਸਿਡੀ ਤੇ ਰਾਹਤਾਂ: ਸਰਕਾਰ ਵੱਲੋਂ ਇਲੈਕਟ੍ਰਿਕ ਵਾਹਨ ਖਰੀਦਣ ‘ਤੇ ਵੱਡੀਆਂ ਰਾਹਤਾਂ ਦਿੱਤੀਆਂ ਜਾਂਦੀਆਂ ਹਨ।
ਇਲੈਕਟ੍ਰਿਕ ਵਾਹਨਾਂ ਦੇ ਨੁਕਸਾਨ
*ਚਾਰਜਿੰਗ ਦੀ ਸਮੱਸਿਆ: ਇਲੈਕਟ੍ਰਿਕ ਵਾਹਨਾਂ ਨੂੰ ਚਾਰਜ ਕਰਨ ਲਈ ਸਟੇਸ਼ਨਾਂ ਦੀ ਘਾਟ ਹੈ।
*ਲੰਬਾ ਚਾਰਜਿੰਗ ਸਮਾਂ: ਪੂਰੀ ਤਰ੍ਹਾਂ ਚਾਰਜ ਹੋਣ ਵਿੱਚ ਕਈ ਘੰਟੇ ਲੱਗ ਜਾਂਦੇ ਹਨ।
*ਸੀਮਤ ਰੇਂਜ: ਕਈ ਵਾਰੀ ਇਲੈਕਟ੍ਰਿਕ ਵਾਹਨ ਇੱਕ ਚਾਰਜ ‘ਤੇ ਘੱਟ ਦੂਰੀ ਤੈਅ ਕਰ ਸਕਦੇ ਹਨ।
*ਅਦਿੱਖ ਖਤਰੇ – ਇਲੈਕਟ੍ਰਿਕ ਵਾਹਨਾਂ ਦੀ ਵਰਤੋਂ ਚ ਕੁਝ ਅਦਿੱਖ ਖਤਰੇ ਵੀ ਹਨ ਜਿਸ ਤਰ੍ਹਾਂ ਵਾਤਾਵਰਨ ਦੀਆਂ ਹਾਲਤਾਂ ਬੈਟਰੀ ਦੇ ਆਉਟਪੁੱਟ ਉੱਪਰ ਪ੍ਰਭਾਵ ਪਾਉਂਦੀਆਂ ਹਨ। ਜਿਆਦਾ ਗਰਮੀ ਅਤੇ ਸਰਦੀ ਵੀ ਬੈਟਰੀ ਨੂੰ ਪ੍ਰਭਾਵਿਤ ਕਰਦੀ ਹੈ।
*ਨਵੀਂ ਬੈਟਰੀ ਦੀ ਮਹਿੰਗੀ ਲਾਗਤ – ਬੈਟਰੀ ਦਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਨਵੀਂ ਬੈਟਰੀ ਦਾ ਖਰਚਾ ਬਹੁਤ ਜਿਆਦਾ ਪੈਂਦਾ ਹੈ। ਜੇਕਰ ਅਸੀਂ ਇਸਨੂੰ ਇੰਧਨ ਦੇ ਖਰਚੇ ਨਾਲ ਮਿਲਾਨ ਕਰਕੇ ਵੇਖਾਂਗੇ ਤਾਂ ਜਿਆਦਾ ਫ਼ਰਕ ਨਹੀਂ ਪਵੇਗਾ।
ਭਵਿੱਖ ਸੰਭਾਵਨਾਵਾਂ ਪੈਟਰੋਲ/ਡੀਜ਼ਲ ਵਾਹਨ ਅਤੇ ਇਲੈਕਟ੍ਰਿਕ ਵਾਹਨਾਂ ਸੰਦਰਭ ਵਿੱਚ
1. ਪੈਟਰੋਲ ਵਾਹਨਾਂ ਦਾ ਭਵਿੱਖ :- ਭਵਿੱਖ ਵਿੱਚ ਪੈਟਰੋਲ ਵਾਹਨਾਂ ਦੀ ਮੰਗ ਹੌਲੀ-ਹੌਲੀ ਘੱਟ ਹੋਵੇਗੀ ਕਿਉਂਕਿ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਦਿਨੋਂ ਦਿਨ ਵੱਧ ਰਹੀ ਹੈ ਅਤੇ ਇਹ ਨਵੀਕਰਨਯੋਗ ਨਹੀਂ ਹਨ।ਕਈ ਦੇਸ਼ਾਂ ਵਿੱਚ ਸਰਕਾਰਾਂ ਨੇ ਐਲਾਨ ਕੀਤਾ ਹੈ ਕਿ ਆਉਣ ਵਾਲੇ ਕੁਝ ਸਾਲਾਂ ਵਿੱਚ ਪੈਟਰੋਲ/ਡੀਜ਼ਲ ਵਾਹਨਾਂ ਦੀ ਵਿਕਰੀ ‘ਤੇ ਰੋਕ ਲਗਾ ਦਿੱਤੀ ਜਾਵੇਗੀ।ਪੈਟਰੋਲ ਵਾਹਨਾਂ ਦੀ ਥਾਂ ਹਾਈਬ੍ਰਿਡ ਜਾਂ ਇਲੈਕਟ੍ਰਿਕ ਵਾਹਨ ਲੈਣਗੇ। ਹੋ ਸਕਦਾ ਹੈ ਕਿ ਭਵਿੱਖ ਵਿੱਚ ਬਾਇਓਫਿਊਲ ਜਾਂ ਹਾਈਡਰੋਜਨ ਤੇ ਚੱਲਣ ਵਾਲੇ ਵਾਹਨ ਪੈਟਰੋਲ ਦੀ ਥਾਂ ਲੈ ਲੈਣ।
2. ਇਲੈਕਟ੍ਰਿਕ ਵਾਹਨਾਂ ਦਾ ਭਵਿੱਖ :-ਇਲੈਕਟ੍ਰਿਕ ਵਾਹਨਾਂ ਦੀ ਮੰਗ ਤੇਜ਼ੀ ਨਾਲ ਵੱਧ ਰਹੀ ਹੈ। ਇਹ ਵਾਹਨ ਭਵਿੱਖ ਵਿੱਚ ਆਮ ਜੀਵਨ ਦਾ ਅਟੁੱਟ ਹਿੱਸਾ ਬਣ ਜਾਣਗੇ।ਬੈਟਰੀ ਤਕਨਾਲੋਜੀ ਵਿੱਚ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ। ਭਵਿੱਖ ਵਿੱਚ ਇਹਨਾਂ ਦੀ ਰੇਂਜ ਵੱਧੇਗੀ, ਤੇ ਚਾਰਜਿੰਗ ਸਮਾਂ ਘੱਟ ਹੋ ਜਾਵੇਗਾ।ਚਾਰਜਿੰਗ ਸਟੇਸ਼ਨਾਂ ਦੀ ਸੰਖਿਆ ਵੱਧ ਰਹੀ ਹੈ – ਜਿਨ੍ਹਾਂ ਦੀ ਸਹੂਲਤ ਭਵਿੱਖ ਵਿੱਚ ਹਰੇਕ ਸ਼ਹਿਰ ਅਤੇ ਪਿੰਡ ਤੱਕ ਹੋਵੇਗੀ।
ਸਰਕਾਰਾਂ ਵੱਲੋਂ ਇਲੈਕਟ੍ਰਿਕ ਵਾਹਨਾਂ ਨੂੰ ਉਤਸਾਹਿਤ ਕਰਨ ਲਈ ਵਾਧੂ ਸਬਸਿਡੀ, ਟੈਕਸ ਛੋਟ, ਅਤੇ ਬੁਨਿਆਦੀ ਢਾਂਚੇ ‘ਚ ਨਿਵੇਸ਼ ਕੀਤਾ ਜਾ ਰਿਹਾ ਹੈ।
ਭਵਿੱਖ ਵਿੱਚ ਇਲੈਕਟ੍ਰਿਕ ਵਾਹਨਾਂ ਦੀ ਵਰਤੋਂ ਵਧੇਗੀ ਅਤੇ ਪੈਟਰੋਲ/ਡੀਜ਼ਲ ਵਾਹਨਾਂ ਦੀ ਗਿਣਤੀ ਹੌਲੀ-ਹੌਲੀ ਘਟੇਗੀ। ਜਦੋਂ ਤੱਕ ਪੈਟਰੋਲ ਉਪਲੱਭਧ ਹੈ, ਇਹ ਵਾਹਨ ਚੱਲਦੇ ਰਹਿਣਗੇ, ਪਰ ਵਾਤਾਵਰਨ ਦੀ ਸੁਰੱਖਿਆ, ਘੱਟ ਖਰਚਾ ਅਤੇ ਤਕਨੀਕੀ ਸੁਵਿਧਾਵਾਂ ਦੇ ਕਰਕੇ ਇਲੈਕਟ੍ਰਿਕ ਵਾਹਨ ਹੀ ਭਵਿੱਖ ਹਨ। ਆਉ ਅਸੀਂ ਸਾਰੇ ਮਿਲਕੇ ਸਾਫ਼ ਸੁਥਰੇ ਅਤੇ ਹਰੇ-ਭਰੇ ਭਵਿੱਖ ਵੱਲ ਕਦਮ ਚੁੱਕੀਏ।
ਬਿਜਲਈ ਵਾਹਨ ਜਿੱਥੇ ਇੱਕ ਪਾਸੇ ਵਾਤਾਵਰਨ ਨੂੰ ਗੈਸਾਂ ਤੋਂ ਬਚਾਉਣ ਦੀ ਗੱਲ ਕਰਦੇ ਹਾਂ ਉਥੇ ਹੀ ਇਹਨਾਂ ਨੂੰ ਚਾਰਜ ਕਰਨ ਲਈ ਪੈਦਾ ਕੀਤੀ ਜਾਂਦੀ ਬਿਜਲੀ ਦਾ ਵੱਡਾ ਹਿੱਸਾ ਅੱਜ ਵੀ ਕੋਲੇ ਨਾਲ ਪੈਦਾ ਕੀਤਾ ਜਾਂਦਾ ਹੈ। ਭਾਰਤ ਵਰਗੇ ਮੁਲਕ ਵਿਚ ਜਿੱਥੇ ਮੰਗ ਦੇ ਦਿਨਾਂ ਚ ਬਿਜਲੀ ਦੀ ਪੂਰਤੀ ਲਈ ਕੱਟ ਲਗਾਉਣੇ ਪੈਂਦੇ ਹਨ ਉੱਥੇ ਅਜੇ ਇਸ ਤਕਨੀਕ ਦਾ ਪੂਰਾ ਲਾਹਾ ਲੈਣਾ ਸੰਭਵ ਨਹੀਂ ਹੈ। ਮਹਿੰਗੀ ਲਾਗਤ ਦੇ ਪੁਰਜੇ ਅਤੇ ਬੈਟਰੀਆਂ ਵੀ ਇਸਨੂੰ ਆਮ ਬੰਦੇ ਦੀ ਪਹੁੰਚ ਤੋਂ ਦੂਰ ਕਰਦੀਆਂ ਹਨ। ਇੱਕ ਵੱਡੀ ਜਰੂਰਤ ਹੈ ਕਿ ਇਸਦੀ ਸਪੀਡ ਉੱਤੇ ਵੀ ਕੰਮ ਕੀਤਾ ਜਾਵੇ ਕਿਉਂਕਿ ਇਸਦੀ ਹੌਲੀ ਗਤੀ ਯਾਤਰਾ ਤੇ ਲੱਗਣ ਵਾਲਾ ਸਮਾਂ ਵੀ ਵਧਾ ਦਿੰਦੀ ਹੈ। ਆਉਣ ਵਾਲੇ ਦਿਨਾਂ ਵਿੱਚ ਹੋਰ ਸੁਧਾਰ ਅਤੇ ਇਸਦੀ ਬੇਹਤਰੀ ਲਈ ਕੀਤੀਆਂ ਜਾਂਦੀਆਂ ਖੋਜਾਂ ਦੀ ਆਸ ਵਿੱਚ ਇਸਨੂੰ ਅਪਣਾਇਆ ਜਾ ਸਕਦਾ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਯੂਨਾਈਟਿਡ ਐਸੋਸੀਏਸ਼ਨ ਮਲੇਸ਼ੀਆ ਦੇ ਬੈਨਰ ਹੇਠ 10 ਵਾਂ ਕਬੱਡੀ ਕੱਪ
Next articleਬੁੱਧ ਵਿਹਾਰ ਸੋਫੀ ਪਿੰਡ ‘ਚ ਕਬੀਰ ਜੈੰਅੰਤੀ ‘ਤੇ ਬਾਮਸੇਫ ਵੱਲੋਂ ਵਿਚਾਰ ਗੋਸ਼ਟੀ