(ਸਮਾਜ ਵੀਕਲੀ)
ਸਮੇਂ ਦੇ ਦੌਰ ਬਦਲਣਗੇ ,ਸਾਡੇ ਵੀ ਤੌਰ ਬਦਲਣਗੇ
ਫਿਜ਼ਾ ਬਦਲੀ ਤਾਂ ਕਲੀਆਂ,ਰੰਗ, ਖੁ਼ਸ਼ਬੂ ਭੌਰ ਬਦਲਣਗੇ।
ਜਦੋਂ ਇੱਕ ਵੇਲ ਬੋਲੀ ਦੀ, ਬਨੇਰਾ ਟੱਪਕੇ ਗਈ ਓਧਰ,
ਬਾਹਵਾਂ ਵਾਹਗਿਉਂ ਵਧੀਆਂ ਤਾਂ ਮਨ ਲਹੌਰ ਬਦਲਣਗੇ ।
ਘੁੱਟੀ ਤਾਂਘ ਰਹਿ ਗਈ ਲੱਖਾਂ ਹੀ,ਸਾਡੇ ਬਜ਼ੁਰਗਾਂ ਦੀ
ਕਿ ਸਾਂਦਲ ਬਾਰ ਦੀ ਮਿੱਟੀ ,ਆ ਕੇ ਫਿਲੌਰ ਬਦਲਣਗੇ।
ਆਹ ਬਜ਼ਾਰੂ ਜਹੇ ਝੱਲੇ, ਕੀ ਜਾਨਣ ਸੇਕ ਧੁੱਪਾਂ ਦਾ,
ਬਹਿਕੇ ਸ਼ੀਸ਼ਿਆਂ ਅੰਦਰ ਕੀ ਸਾਡੀ ਟੌਹਰ ਬਦਲਣਗੇ।
ਉਹ ਸੀ ਭੁੱਲਿਆ ਕਿ , ਖੁੱਲਣਾ ਨਹੀਂ ਭੇਤ ਚਾਲਾਂ ਦਾ
ਮਦਾਰੀ ਡਰ ਗਿਆ ਕਿੰਝ ਭੀੜ ਸਾਹਵੇਂ ਜੌਹਰ ਬਦਲਣਗੇ।
ਚਿੰਤਕ ਸੋਚਦੇ,ਨਹੀਂ ਤੋੜ ਕੁੱਝ,ਮਸਨੂਈ ਬੁੱਧੀ ਦਾ
ਕਿ ਰਾਖਸ਼ ਆਲਮੀ ਹਾਕਮ, ਕੀ ਕੁੱਝ ਔਰ ਬਦਲਣਗੇ।
ਪੱਤਝੜਾਂ, ਲੂਆਂ, ‘ਨੇਰੀਆਂ ਨੇ ,ਕਰਿਆ ਜਦ ਕਬਜ਼ਾ
‘ਰੱਤੜਾ’ਸਿਰ ਲੁਕਾਉਣ ਵਾਸਤੇ ਕਿੰਝ ਛੌਰ ਬਦਲਣਗੇ।
ਕੇਵਲ ਸਿੰਘ ਰੱਤੜਾ
08283830599