ਚੰਡੀਗੜ੍ਹ (ਸਮਾਜ ਵੀਕਲੀ): ਲੋਕ ਅਧਿਕਾਰ ਲਹਿਰ ਵੱਲੋਂ ਬੁਢਾਪਾ ਪੈਨਸ਼ਨ ਦੇ ਕਰੋੜਾਂ ਰੁਪਏ ਦੇ ਬਕਾਏ ਜਾਰੀ ਕਰਾਉਣ ਲਈ ਆਜ਼ਾਦੀ ਦਿਹਾੜੇ ਤੋਂ ਪੰਜਾਬ ਭਰ ਵਿੱਚ ‘ਥਾਲ ਖੜਕਾਓ ਅੰਦੋਲਨ’ ਸ਼ੁਰੂ ਕੀਤਾ ਜਾਵੇਗਾ, ਜਿਸ ’ਚ ਲਾਭਪਾਤਰੀ ਵੀ ਸ਼ਾਮਲ ਹੋਣਗੇ। ਅੱਜ ਲੋਕ ਅਧਿਕਾਰ ਲਹਿਰ ਦੇ ਆਗੂਆਂ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਮਈ 2017 ਤੋਂ ਨਵੰਬਰ 2017 ਤੱਕ ਦੀ ਕਰੀਬ 700 ਕਰੋੜ ਦੀ ਬੁਢਾਪਾ, ਵਿਧਵਾ ਤੇ ਅੰਗਹੀਣ ਪੈਨਸ਼ਨ ਜਾਰੀ ਨਹੀਂ ਕੀਤੀ। ਇਨ੍ਹਾਂ ਸੱਤ ਮਹੀਨਿਆਂ ਦੀ ਪੈਨਸ਼ਨ ਲੈਣ ਤੋਂ ਕਰੀਬ 22 ਲੱਖ ਲਾਭਪਾਤਰੀ ਵਾਂਝੇ ਰਹਿ ਗਏ ਹਨ।
ਲਹਿਰ ਦੇ ਆਗੂ ਬਲਵਿੰਦਰ ਸਿੰਘ ਅਤੇ ਹੋਰਨਾਂ ਆਗੂਆਂ ਨੇ ਇੱਥੇ ਪ੍ਰੈੱਸ ਕਾਨਫਰੰਸ ਕਰ ਕੇ ਕਿਹਾ ਕਿ ਪੰਜਾਬ ਸਰਕਾਰ ਨੇ ਪਹਿਲੀ ਜੁਲਾਈ ਤੋਂ 1500 ਰੁਪਏ ਪੈਨਸ਼ਨ ਦੇਣ ਦਾ ਐਲਾਨ ਤਾਂ ਕਰ ਦਿੱਤਾ ਹੈ ਪਰ ਆਪਣੇ ਕਾਰਜਕਾਲ ਦੇ ਪਹਿਲੇ ਵਰ੍ਹੇ ਦੇ ਸੱਤ ਮਹੀਨਿਆਂ ਦੀ ਬਕਾਇਆ ਪੈਨਸ਼ਨ ਹਾਲੇ ਤੱਕ ਨਹੀਂ ਦਿੱਤੀ। ਹਰੇਕ ਲਾਭਪਾਤਰੀ ਦਾ ਕਰੀਬ ਤਿੰਨ ਹਜ਼ਾਰ ਤੋਂ 5250 ਰੁਪਏ ਬਕਾਇਆ ਬਣਦਾ ਹੈ। ਆਗੂਆਂ ਨੇ ਕਿਹਾ ਕਿ ਜੇ ਸਰਕਾਰ ਨੇ 15 ਅਗਸਤ ਤੱਕ ਪੈਸੇ ਜਾਰੀ ਨਾ ਕੀਤੇ ਤਾਂ ਉਹ 15 ਤੋਂ 25 ਅਗਸਤ ਤੱਕ ‘ਥਾਲ ਖੜਕਾਓ ਅੰਦੋਲਨ’ ਕਰਨਗੇ।
ਆਗਾਮੀ ਚੋਣਾਂ ’ਚ ਲੋਕਾਂ ਦੇ ਉਮੀਦਵਾਰ ਮੈਦਾਨ ’ਚ ਉਤਾਰਨ ਦਾ ਐਲਾਨ
ਆਗੂਆਂ ਨੇ ਦੱਸਿਆ ਕਿ ਇਸ ਅੰਦੋਲਨ ਦੌਰਾਨ ਖੇਤੀ ਨੀਤੀ, ਮਨਰੇਗਾ, ਬਿਜਲੀ ਘਪਲੇ, ਬੇਰੁਜ਼ਗਾਰੀ ਅਤੇ ਕਰਜ਼ਿਆਂ ਦੇ ਮਾਮਲੇ ਵੀ ਉਭਾਰਨਗੇ। ਆਗੂਆਂ ਨੇ ਕਿਹਾ ਕਿ ਲੋਕ ਅਧਿਕਾਰ ਲਹਿਰ ਪੰਜਾਬੀਆਂ ਨੂੰ ਲਾਮਬੰਦ ਕਰ ਕੇ ਲੋਕਾਂ ਦੇ ਉਮੀਦਵਾਰ ਵੀ ਅਗਲੀਆਂ ਚੋਣਾਂ ਵਿੱਚ ਉਤਾਰੇਗੀ, ਜਿਨ੍ਹਾਂ ਦਾ ਚੋਣ ਖਰਚ ਮਾਫ਼ੀਆ ਵਾਲੇ ਨਹੀਂ, ਸਗੋਂ ਲੋਕ ਕਰਨਗੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly