(ਸਮਾਜ ਵੀਕਲੀ) ਨਿੱਬੜ ਗਿਆ ਕੰਮ। ਆਖ਼ਰਕਾਰ ਹੋ ਹੀ ਗਈਆਂ, ਬਲਾਕ ਤੇ ਜ਼ਿਲ਼੍ਹਾ ਪ੍ਰੀਸ਼ਦ ਦੀਆਂ ਚਿਰਾਂ ਤੋਂ ਲਟਕ ਰਹੀਆਂ ਚੋਣਾਂ। ਚਲੋ ਚੰਗਾ ਹੋਇਆ, ਯੱਭ ਵੱਢ ਹੋਇਆ ਤੇ ਰੌਲਾ ਮੁੱਕਿਆ। ਵੈਸੇ ਤਾਂ ਇਹਨਾਂ ਦਾ ਐਡਾ ਕੋਈ ਮਹੱਤਵ ਨੀ ਹੁੰਦਾ ਪਰ ਫਿਰ ਵੀ ਬਹੁਤ ਕੁੱਝ ਕਹਿ ਗਈਆਂ ਨੇ ਇਹ ਚੋਣਾਂ। ਪੜਚੋਲ ਕਰੀਏ ਤਾਂ ਇਹਨਾਂ ਚੋਣਾਂ ਦੌਰਾਨ ਭਵਿੱਖ ਦੇ ਕਈ ਨਵੇਂ ਤੇ ਅਲੱਗ ਰਾਜਨੀਤਿਕ ਸਮੀਕਰਨ ਸਾਹਮਣੇ ਆਏ ਨੇ। ਦੇਖਿਆ ਜਾਵੇ ਤਾਂ ਇੱਕ ਤਰਾਂ ਨਾਲ ਸਰਕਾਰ ਦੇ ਕੰਮਾਂ ਪ੍ਰਤੀ ਫ਼ਤਵਾ ਦਿੱਤਾ ਹੈ ਲੋਕਾਂ ਨੇ, ਇਹਨਾਂ ਚੋਣਾਂ ਰਾਹੀਂ। ਬੇਸ਼ੱਕ ਕੁੱਲ ਮਿਲਾ ਕੇ ਮੌਜੂਦਾ ਸਰਕਾਰ ਅਤੇ ਆਮ ਆਦਮੀ ਪਾਰਟੀ ਇਹ ਚੋਣਾਂ ਜਿੱਤ ਗਈ ਹੈ ਪਰ ਇਹਦੇ ਵਿੱਚ ਜਿਆਦਾਤਰ ਉਹ ਸੀਟਾਂ ਵੀ ਨੇ ਜਿਹਨਾਂ ‘ਤੇ ਕੋਈ ਮੁਕਾਬਲਾ ਹੀ ਨਹੀਂ ਹੋਇਆ ਜਾਂ ਫਿਰ ਸਰਕਾਰ ਸਰਬਸੰਮਤੀ ਕਰਾਉਣ ਵਿੱਚ ਕਾਮਯਾਬ ਰਹੀ। ਸਰਕਾਰ ਵੱਲੋਂ ਥੋੜਾ ਬਹੁਤ ਧੱਕਾ ਵੀ ਹੋਇਆ ਤੇ ਐਨਾ ਕੁ ਸੱਤਾਧਾਰੀ ਧਿਰ ਕਰਦੀ ਵੀ ਆਈ ਹੈ। ਸਮੀਖਿਆ ਦੌਰਾਨ ਸਭ ਤੋਂ ਪਹਿਲਾਂ ਅਕਾਲੀ ਦਲ ਦੀ ਗੱਲ ਕਰੀਏ ਤਾਂ ਕਈ ਮੁੱਖ ਆਗੂਆਂ ਵੱਲੋਂ ਵੱਖ ਹੋ ਕੇ ਆਪਣੀ ਅਲੱਗ ਨਵੀਂ ਪਾਰਟੀ ‘ਪੁਨਰ ਸਰਜੀਤੀ ਅਕਾਲੀ ਦਲ’ ਬਣਾਉਣ ਦੇ ਬਾਵਜੂਦ ਵੀ ਜਬਰਦਸਤ ਵਾਪਸੀ ਕੀਤੀ ਹੈ, ਅਕਾਲੀ ਦਲ ਨੇ। ਲੋਕਾਂ ਨੇ ਸਾਬਤ ਕਰ ਦਿੱਤਾ ਹੈ ਕਿ ਹਾਲੇ ਵੀ ਉਨ੍ਹਾਂ ਦੇ ਦਿਲਾਂ ‘ਚੋਂ ਅਕਾਲੀ ਦਲ ਨੇ ਆਪਣੀ ਥਾਂ ਨਹੀਂ ਗੁਆਈ ਹੈ। ਸ਼ਾਇਦ ਸ਼੍ਰੋਮਣੀ ਅਕਾਲੀ ਦਲ ਤੋਂ ਬਿਨਾਂ ਕੋਈ ਹੋਰ ਨਾਂ ਲੋਕਾਂ ਦੇ ਮੂੰਹ ਹੀ ਨਹੀਂ ਚੜ੍ਹਦਾ। ਵੈਸੇ ਦੇਖਿਆ ਜਾਵੇ ਤਾਂ ਲੋਕ ਵੀ ਇਹ ਗੱਲ ਸਮਝਦੇ ਨੇ ਕਿ ਦਲ ਭਾਵੇਂ ਨਵਾਂ ਹੈ ਪਰ ਵਿੱਚ ਨੇਤਾ ਤਾਂ ਉਹੀ ਨੇ ਜੋ ਓਦੋਂ ਤਾਂ ਬਾਦਲਾਂ ਦੀਆਂ ਕਰਤੂਤਾਂ ਤੇ ਮਨਮਰਜ਼ੀ ਦੇ ਕੰਮਾਂ ਵਿੱਚ ਸ਼ਰੀਕ ਤੇ ਬਰਾਬਰ ਦੇ ਭਾਗੀਦਾਰ ਰਹੇ ਨੇ ਤੇ ਹੁਣ ਆਪਣੀਆਂ ਨਿੱਜੀ ਲੋੜਾਂ ਦੀ ਖਾਤਰ ਜਾਂ ਕਹਿ ਲਓ ਪਾਰਟੀ ਦੀ ਮਾੜੀ ਹਾਲਤ ਵੇਖ ਕੇ, ਪਤਲੀ ਗਲੀ ਨਿੱਕਲ ਕੇ, ਅਲੱਗ ਤੋਂ ਆਪਣੀ ਪਾਰਟੀ ਬਣਾ ਕੇ ਖੜੇ ਹੋ ਗਏ ਨੇ। ਲੋਕਾਂ ਦੇ ਮਨਾਂ ਵਿੱਚ ਇੱਕ ਸਵਾਲ ਤਾਂ ਹੈ, ਜਦੋਂ ‘ਸਭ ਕੁਝ’ ਹੋ ਰਿਹਾ ਸੀ, ਓਦੋਂ ਕਿੱਥੇ ਸੀ ਇਹ ‘ਹਮਦਰਦ’? ਖ਼ੈਰ ਲੋਕਾਂ ਨੇ ਇਹਨਾਂ ਨੂੰ ਵੀ ਫ਼ਤਵਾ ਦੇ ਦਿੱਤਾ ਹੈ। ਉਂਝ ਜੇਕਰ ਦੇਖਿਆ ਜਾਵੇ ਤਾਂ ਪੰਜਾਬ ਦੇ ਭਲੇ ਲਈ ਇੱਕ ਮਜ਼ਬੂਤ ਖੇਤਰੀ ਪਾਰਟੀ ਦੀ ਬਹੁਤ ਲੋੜ ਹੈ ਜੋ, ਜੇਕਰ ਸੱਤਾ ਵਿੱਚ ਨਹੀਂ ਤਾਂ ਮੁੱਖ ਵਿਰੋਧੀ ਧਿਰ ਦੇ ਤੌਰ ਤੇ ਤਾਂ ਜ਼ਰੂਰ ਮੌਜੂਦ ਹੋਵੇ। ਬੇਸ਼ਰਤੇ ਕਿ ਉਹ ਖੇਤਰੀ ਪਾਰਟੀ ਇਮਾਨਦਾਰ ਹੋਵੇ ਤੇ ਕੇਂਦਰ ਦੀ ਹੱਥ ਠੋਕੀ ਨਾ ਹੋਵੇ। ਨਜ਼ਰ ਮਾਰੀਏ ਤਾਂ ਹਾਲ ਦੀ ਘੜੀ ਅਕਾਲੀ ਦਲ ਦੇ ਬਿਨਾਂ ਹੋਰ ਕੋਈ ਮਜ਼ਬੂਤ ਪਾਰਟੀ ਨਜ਼ਰ ਵੀ ਨਹੀਂ ਆ ਰਹੀ। ਸਮੇਂ ਦੀ ਲੋੜ ਹੈ ਅਕਾਲੀ ਆਪਣੀਆਂ ਅਤੀਤ ਦੀਆਂ ਗਲਤੀਆਂ ਤੋਂ ਸਬਕ ਲੈਣ, ਆਪਣੇ ਆਪ ਵਿੱਚ ਸੁਧਾਰ ਲਿਆਉਣ ਤੇ ਲੋਕ ਮਨਾਂ ਵਿੱਚ ਆਪਣੀ ਥਾਂ ਹੋਰ ਡੂੰਘੀ ਅਤੇ ਮਜ਼ਬੂਤ ਕਰਨ। ਜੇਕਰ ਲੰਗਾਹ ਤੇ ਵਲਟੋਹਾ ਜਿਹੇ ਆਗੂਆਂ ਨੂੰ ਲਗਾਮ ਪਾਈ ਹੁੰਦੀ ਤਾਂ ਹੋਰ ਵੀ ਬਿਹਤਰ ਨਤੀਜੇ ਮਿਲ ਸਕਦੇ ਸਨ ਅਕਾਲੀਆਂ ਨੂੰ। ਕਾਂਗਰਸ ਦੀ ਗੱਲ ਕਰੀਏ ਤਾਂ “ਹਮਕੋ ਤੋ ਅਪਨੋਂ ਨੇ ਲੂਟਾ, ਗੈਰੋਂ ਮੇਂ ਕਹਾਂ ਦਮ ਥਾ, ਹਮਾਰੀ ਕਿਸ਼ਤੀ ਹੀ ਵਹਾਂ ਡੂਬੀ ਜਹਾਂ ਪਾਨੀ ਕਮ ਥਾ”। ਸੱਚੋ ਸੱਚ ਕਿਹਾ ਜਾਵੇ ਤਾਂ ਪਾਰਟੀ ਦੇ ਆਪਸੀ ਘਮਸਾਨ ਤੇ ਪਾਰਟੀ ਵਿੱਚ ਮੌਜੂਦ ‘ਮੁੱਖ ਮੰਤਰੀਆਂ’ ਦੀ ਖੇਡ/ਲੜਾਈ ਨੇ ਹੀ ਪਾਰਟੀ ਦਾ ਬੇੜਾ ਗਰਕ ਕਰ ਰੱਖਿਆ ਏ। ਜਮਾਂ “ਨੌਂ ਪੂਰਬੀਏ ਤੇਰਾਂ ਚੁੱਲ੍ਹੇ” ਵਾਲੀ ਗੱਲ ਹੋਈ ਪਈ ਏ। ਪਾਰਟੀ ਵਿੱਚ ਇੱਕ ਦੋ ਨਹੀਂ ਕਈ ਅੰਦਰੂਨੀ ਧੜੇ ਬਣੇ ਹੋਏ ਨੇ ਜੋ ਆਪਣੇ ਧੜੇ ਨੂੰ ਜਿਤਾਉਣ ਨਾਲੋਂ ਦੂਸਰੇ ਧੜਿਆਂ ਦੀਆਂ ਲੱਤਾਂ ਖਿੱਚਣ ਅਤੇ ਉਨ੍ਹਾਂ ਨੂੰ ਹਰਾਉਣ ਲਈ ਵੱਧ ਤੋਂ ਵੱਧ ਜ਼ੋਰ ਲਗਾਉਂਦੇ ਨੇ। ਇਹੀ ਕਾਟੋ ਕਲੇਸ਼ ਅਤੇ ਜ਼ੋਰ ਅਜ਼ਮਾਈ ਪਾਰਟੀ ਦਾ ਨੁਕਸਾਨ ਕਰ ਰਹੀ ਹੈ। ਬੇਸ਼ੱਕ ਇਨ੍ਹਾਂ ਚੋਣਾਂ ਵਿੱਚ ਕਈ ਥਾਵਾਂ ‘ਤੇ ਪਾਰਟੀ ਨੇ ਵਧੀਆ ਅਤੇ ਸੰਤੋਸ਼ਜਨਕ ਪ੍ਰਦਰਸ਼ਨ ਕਰਿਆ ਹੈ ਪਰ ਆਪਸੀ ਖਹਿਬਾਜ਼ੀ ਅਤੇ ਇਕਜੁੱਟਤਾ ਦੀ ਕਮੀ ਸਪੱਸ਼ਟ ਤੌਰ ਤੇ ਦੇਖਣ ਵਿੱਚ ਸਾਹਮਣੇ ਆਈ ਹੈ। “ਕਣਕ ਖੇਤ, ਕੁੜੀ ਪੇਟ, ਆ ਜਵਾਈਆ ਮੰਡੇ ਖਾ”, ਚੋਣਾਂ ਦਰਮਿਆਨ ਹੀ ਨਵਜੋਤ ਸਿੱਧੂ ਦੇ ਬਿਆਨਾਂ ਅਤੇ ਮੁੱਖ ਮੰਤਰੀ ਦੇ ਛਿੜੇ ਰਾਗ ਨੇ ਬਲ਼ਦੀ ਅੱਗ ‘ਤੇ ਪੈਟਰੋਲ ਦਾ ਕੰਮ ਕਰਿਆ ਹੈ। ਬੇਸ਼ੱਕ ਕੌਮੀ ਪੱਧਰ ਤੇ ਰਾਹੁਲ ਗਾਂਧੀ ਦਿਨੋ-ਦਿਨ ਇੱਕ ਸਮਝਦਾਰ ਨੇਤਾ ਅਤੇ ਬੁਲਾਰੇ ਦੇ ਰੂਪ ਵਿੱਚ ਉੱਭਰ ਕੇ ਸਾਹਮਣੇ ਆ ਰਿਹਾ ਹੈ ਪਰ ਪੰਜਾਬ ਵਿੱਚ ਇਸ ਗੱਲ ਦਾ ਕੋਈ ਲਾਭ ਮਿਲਦਾ ਦਿਖਾਈ ਨਹੀਂ ਦੇ ਰਿਹਾ। ਪਾਰਟੀ ਦੀ ਹਾਈ ਕਮਾਂਡ ਨੂੰ ਚਾਹੀਦਾ ਹੈ ਪੰਜਾਬ ਦੇ ਆਪਹੁਦਰੇ ਚੱਲ ਰਹੇ ਆਗੂਆਂ ਵੱਲ ਧਿਆਨ ਦੇਵੇ ਤੇ ਪਾਰਟੀ ਵਿੱਚ ਅਨੁਸ਼ਾਸਨ ਲਿਆਵੇ, ਤਾਂ ਹੀ ਕੁਝ ਹੋ ਸਕਦਾ ਹੈ। ਨਹੀਂ ਤਾਂ ਭਵਿੱਖ ਦੌਰਾਨ ਵੀ ਚੜ੍ਹਾਈ ਚੜ੍ਹਨ ਵੇਲੇ ਗੀਅਰ ਅੜਦਾ ਹੀ ਰਹੇਗਾ। ਭਾਜਪਾ ਵਾਲਿਆਂ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਵੀ ਚਾਨਣ ਹੋ ਗਿਆ ਹੋਵੇਗਾ ਕਿ ਪਿੰਡਾਂ ਵਿੱਚ ਉਹਨਾਂ ਦੀ ਪਾਰਟੀ ਦਾ ਕੀ ਆਧਾਰ ਹੈ। ਖ਼ੈਰ ਇਹ ਚੋਣਾਂ ਉਹਨਾਂ ਵਾਸਤੇ ਭਵਿੱਖ ਲਈ ਰਣਨੀਤੀ ਬਣਾਉਣ ਵਿੱਚ ਜ਼ਰੂਰ ਸਹਾਈ ਹੋਣਗੀਆਂ। ਆਖਰ ਵਿੱਚ ਮੌਜੂਦਾ ਸਰਕਾਰ ਬਾਰੇ ਗੱਲ ਕਰੀਏ ਤਾਂ ਬੇਸ਼ੱਕ ਜਿਆਦਾਤਰ ਸੀਟਾਂ ਤੇ ਜਿੱਤ ਪ੍ਰਾਪਤ ਕਰਨ ਵਿੱਚ ਕਾਮਯਾਬ ਰਹੀ ਹੈ ਪਰ ਇਸ ਜਿੱਤ ਵਾਸਤੇ ਜੋ ਹੱਥਕੰਡੇ ਤੇ ਤਰੀਕੇ ਅਪਣਾਏ ਗਏ ਨੇ, ਵਾਅਦੇ ਕਰੇ ਗਏ ਨੇ, ਲਾਰੇ ਲਾਏ ਗਏ ਨੇ, ਉਹ ਸਰਕਾਰ ਵੀ ਜਾਣਦੀ ਹੈ ਤੇ ਲੋਕਾਂ ਨੂੰ ਵੀ ਪਤਾ ਹੈ। ਮੰਨੇ ਨਾ ਮੰਨੇ ਸਰਕਾਰ ਨੂੰ ਢਾਹ ਜ਼ਰੂਰ ਲੱਗੀ ਹੈ। ਵੱਡੇ ਆਗੂਆਂ ਦਾ ਆਪਣੇ ਘਰਾਂ ਅੰਦਰ ਹੀ ਹਾਰਨਾ ਪਾਰਟੀ ਵਾਸਤੇ ਬਹੁਤ ਵੱਡਾ ਸੰਕੇਤ ਦੇ ਗਿਆ ਹੈ। ਅਜਿਹੇ ਵਿੱਚ ਸਰਕਾਰ ਨੂੰ ਚਾਹੀਦਾ ਹੈ ਕਿ ਲੋਕਾਂ ਦੇ ਫ਼ਤਵੇ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੇ ਕੰਮ-ਕਾਰ ਦੇ ਤਰੀਕੇ ਵਿੱਚ ਸੁਧਾਰ ਕਰੇ, ਕਰੇ ਹੋਏ ਵਾਅਦਿਆਂ ਨੂੰ ਲਾਰਿਆਂ ਵਿੱਚ ਨਾ ਬਦਲੇ, ਸਮਾਜ ਵਿੱਚ ਫੈਲੇ ਨਸ਼ਿਆਂ ਨੂੰ ਠੱਲ ਪਾਵੇ ਤੇ ਅਪਰਾਧੀਆਂ ਤੇ ਸਖ਼ਤੀ ਕਰਦੇ ਹੋਏ ਅਮਨ ਕਾਨੂੰਨ ਦੀ ਸਥਿਤੀ ਨੂੰ ਬਿਹਤਰ ਬਣਾਵੇ। ਤਕਰੀਬਨ ਡੇਢ ਕੁ ਸਾਲ ਦਾ ਸਮਾਂ ਬਾਕੀ ਰਹਿ ਗਿਆ ਹੈ ਜੋ ਕਿ ਬਹੁਤ ਥੋੜਾ ਹੈ। ਇਸ ਦੌਰਾਨ ਜੇਕਰ ਕਾਰਗੁਜ਼ਾਰੀ ਵਿੱਚ ਸੁਧਾਰ ਹੁੰਦਾ ਹੈ ਤਾਂ ਠੀਕ ਹੈ, ਨਹੀਂ ਫਿਰ ਲੋਕ ਤਾਂ ਆਪਣਾ ਫ਼ਤਵਾ ਦੇ ਹੀ ਦੇਣਗੇ।
ਗੁਰਜਿੰਦਰ ਸਿੰਘ ਸਾਹਦੜਾ
9815302341
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



