ਲੁਧਿਆਣਾ (ਸਮਾਜ ਵੀਕਲੀ): ਕਾਂਗਰਸ ਦੇ ਕੌਮੀ ਬੁਲਾਰੇ ਤੇ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਿਯੰਕਾ ਗਾਂਧੀ ਨੂੰ ਪੱਗ ਦੇ ਮੁੱਦੇ ’ਤੇ ਸਿਆਸਤ ਨਾ ਕਰਨ ਦੀ ਨਸੀਹਤ ਦਿੱਤੀ ਹੈ। ਪ੍ਰਿਯੰਕਾ ਗਾਂਧੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੱਗੜੀ ਬੰਨ੍ਹਣ ਸਬੰਧੀ ਦਿੱਤੇ ਬਿਆਨ ਬਾਰੇ ਤਿਵਾੜੀ ਨੇ ਕਿਹਾ ਕਿ ਪੰਜਾਬੀ ਪੱਗ ਦਾ ਸਤਿਕਾਰ ਕਰਦੇ ਹਨ, ਇਸ ਕਰਕੇ ਇਸ ’ਤੇ ਕਿਸੇ ਤਰ੍ਹਾਂ ਦੀ ਸਿਆਸਤ ਨਹੀਂ ਹੋਣੀ ਚਾਹੀਦੀ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵਿਕਾਸ ਸਿਰਫ 111 ਦਿਨ ਨਹੀਂ, ਬਲਕਿ ਪੂਰੇ ਪੰਜ ਸਾਲ ਹੋਇਆ ਹੈ। ਪੰਜਾਬ ਦੇ ਲੋਕਾਂ ਨੇ ਸਰਕਾਰ ਨੂੰ ਪੰਜ ਸਾਲ ਲਈ ਚੁਣਿਆ ਸੀ, ਨਾ ਕਿ 111 ਦਿਨਾਂ ਲਈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨਾਲ ਉਨ੍ਹਾਂ ਦੇ ਨਿੱਜੀ ਰਿਸ਼ਤੇ ਹਨ। ਉਹ ਪਹਿਲਾਂ ਵੀ ਕੈਪਟਨ ਨਾਲ ਮੁਲਾਕਾਤ ਕਰਦੇ ਸਨ ਤੇ ਉਨ੍ਹਾਂ ਦੇ ਕਾਂਗਰਸ ਛੱਡਣ ਤੋਂ ਬਾਅਦ ਵੀ ਮੁਲਾਕਾਤ ਹੁੰਦੀ ਰਹਿੰਦੀ ਹੈ। ਭਾਜਪਾ ਵਿਚ ਸ਼ਾਮਲ ਹੋਣ ਬਾਰੇ ਚੱਲ ਰਹੀਆਂ ਚਰਚਾਵਾਂ ਬਾਰੇ ਉਨ੍ਹਾਂ ਕਿਹਾ ਕਿ ਉਹ ਕਾਂਗਰਸ ਛੱਡ ਕੇ ਕਿਤੇ ਨਹੀਂ ਜਾ ਰਹੇ।
ਤਿਵਾੜੀ ਨੇ ਕਿਹਾ ਕਿ ਪੰਜਾਬ ਦੀ ਚੋਣ ਇਸ ਵਾਰ ਕਾਫ਼ੀ ਅਹਿਮ ਹੈ। ਸੂਬੇ ਦੇ ਲੋਕਾਂ ਦੀ ਜ਼ੁਬਾਨ ’ਤੇ ਨਵੇਂ ਤਜਰਬੇ ਦੀਆਂ ਚਰਚਾਵਾਂ ਜ਼ਿਆਦਾ ਹੋ ਰਹੀਆਂ ਹਨ। ਜੇ ਲੋਕਾਂ ਨੇ ‘ਆਪ’ ਨੂੰ ਮੌਕਾ ਦਿੱਤਾ ਤਾਂ ਆਉਣ ਵਾਲੇ ਪੰਜ ਸਾਲ ਪੰਜਾਬ ਲਈ ਬਹੁਤ ਖ਼ਤਰਨਾਕ ਸਿੱਧ ਹੋਣਗੇ।
‘ਰਾਜ ਸਭਾ ਕੌਣ ਨਹੀਂ ਜਾਣਾ ਚਾਹੁੰਦਾ’
ਸਾਬਕਾ ਕਾਨੂੰਨ ਮੰਤਰੀ ਅਸ਼ਵਨੀ ਕੁਮਾਰ ਦੇ ਕਾਂਗਰਸ ਛੱਡਣ ਸਬੰਧੀ ਮਨੀਸ਼ ਤਿਵਾੜੀ ਨੇ ਮੰਨਿਆ ਕਿ ਇਹ ਗੰਭੀਰ ਮੁੱਦਾ ਹੈ। ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਤੋਂ ਕਾਂਗਰਸ ਨੂੰ ਨੁਕਸਾਨ ਹੋ ਸਕਦਾ ਹੈ ਪਰ ਰਾਜ ਸਭਾ ਵਿੱਚ ਕੌਣ ਨਹੀਂ ਜਾਣਾ ਚਾਹੁੰਦਾ। ਅਪਰੈਲ 2022 ਵਿੱਚ ਰਾਜ ਸਭਾ ਮੈਂਬਰਾਂ ਦੀ ਚੋਣ ਹੈ, ਇਸ ਕਰਕੇ ਹਰ ਕੋਈ ਇੱਧਰ-ਉਧਰ ਜਾ ਰਿਹਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly