ਉਮੀਦਵਾਰਾਂ ਦੇ ਪ੍ਰਚਾਰ ਅਧੂਰੇ ਪਰ ਤੈਅ ਖਰਚੇ ਹੋਏ ਪੂਰੇ

ਫ਼ਰੀਦਕੋਟ (ਸਮਾਜ ਵੀਕਲੀ):  ਵਿਧਾਨ ਸਭਾ ਹਲਕਾ ਫਰੀਦਕੋਟ ਵਿਚ ਸਾਰੀਆਂ ਸਿਆਸੀ ਪਾਰਟੀਆਂ ਦੇ ਉਮੀਦਵਾਰ ਜ਼ੋਰ-ਸ਼ੋਰ ਨਾਲ ਚੋਣ ਪ੍ਰਚਾਰ ਵਿੱਚ ਰੁੱਝੇ ਹੋਏ ਹਨ। ਉਨ੍ਹਾਂ ਦਾ ਚੋਣ ਪ੍ਰਚਾਰ ਹਾਲੇ ਪੂਰਾ ਨਹੀਂ ਹੋਇਆ ਪਰ ਵਿਧਾਨ ਸਭਾ ਚੋਣਾਂ ਵਿੱਚ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਖਰਚੇ ਕਰਨ ਦੀ ਦਿੱਤੀ ਹੱਦ ਲਗਪਗ ਖ਼ਤਮ ਹੋ ਗਈ ਹੈ। ਚੋਣ ਅਧਿਕਾਰੀਆਂ ਅਨੁਸਾਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦਿੱਤ ਸਿੰਘ ਸੇਖੋਂ ਨੇ ਹੁਣ ਤਕ 33 ਲੱਖ ਰੁਪਏ ਚੋਣ ਖ਼ਰਚਾ ਕਰ ਲਿਆ ਹੈ। ਇਸੇ ਤਰ੍ਹਾਂ ਕਾਂਗਰਸੀ ਉਮੀਦਵਾਰ ਕੁਸ਼ਲਦੀਪ ਸਿੰਘ ਢਿੱਲੋਂ 36 ਲੱਖ ਰੁਪਏ ਤੇ ਸ਼੍ਰੋਮਣੀ ਅਕਾਲੀ ਦਲ-ਬਸਪਾ ਦੇ ਉਮੀਦਵਾਰ ਪਰਮਬੰਸ ਸਿੰਘ ਬੰਟੀ ਰੋਮਾਣਾ 34 ਲੱਖ ਰੁਪਏ ਖਰਚ ਕਰ ਚੁੱਕੇ ਹਨ।

ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕੋਈ ਵੀ ਉਮੀਦਵਾਰ 40 ਲੱਖ ਰੁਪਏ ਤੋਂ ਵੱਧ ਚੋਣ ਖ਼ਰਚਾ ਨਹੀਂ ਕਰ ਸਕਦਾ। ‘ਆਪ’ ਦੇ ਉਮੀਦਵਾਰ ਨੇ ਖਰਚ ਵਧਣ ਦੇ ਡਰੋਂ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਦੀਆਂ ਚੋਣ ਰੈਲੀਆਂ ਰੱਦ ਕਰ ਦਿੱਤੀਆਂ ਹਨ। ਜਦੋਂਕਿ  ਕਾਂਗਰਸੀ ਉਮੀਦਵਾਰ ਕੁਸ਼ਲਦੀਪ ਸਿੰਘ ਢਿਲੋਂ ਨੇ ਹੁਣ ਤੱਕ ਕਿਸੇ ਵੀ ਸਟਾਰ ਪ੍ਰਚਾਰਕ ਨੂੰ ਆਪਣੇ ਹਲਕੇ ਵਿਚ ਨਹੀਂ ਬੁਲਾਇਆ। ਅਕਾਲੀ ਉਮੀਦਵਾਰ ਪਰਮਬੰਸ ਸਿੰਘ ਬੰਟੀ ਰੋਮਾਣਾ ਪਹਿਲਾਂ ਹੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਦੋ ਚੋਣ ਰੈਲੀਆਂ ਕਰਵਾ ਚੁੱਕੇ ਹਨ। ਭਾਜਪਾ ਦੇ ਉਮੀਦਵਾਰ ਗੌਰਵ ਕੱਕੜ ਦੇ ਚੋਣ ਪ੍ਰਚਾਰ ਲਈ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਫਰੀਦਕੋਟ ਚੋਣ ਰੈਲੀ ਕਰ ਕੇ ਗਏ ਹਨ ਅਤੇ ਹੁਣ ਤੱਕ ਉਹ ਆਪਣੀ ਚੋਣ ਪ੍ਰਕਿਰਿਆ ਉੱਪਰ 25 ਲੱਖ ਰੁਪਏ ਖਰਚ ਚੁੱਕੇ ਹਨ।

ਪਾਰਦਰਸ਼ੀ ਢੰਗ ਨਾਲ ਨਹੀਂ ਪਾਏ ਗਏ ਖ਼ਰਚੇ: ਸੇਖੋਂ

‘ਆਪ’ ਉਮੀਦਵਾਰ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਚੋਣ ਖਰਚੇ ਪਾਰਦਰਸ਼ੀ ਤਰੀਕੇ ਨਾਲ ਨਹੀਂ ਪਾਏ ਗਏ। ਉਨ੍ਹਾਂ ਦੀ ਪਾਰਟੀ ਵੱਲੋਂ ਇੱਕ ਸਾਲ ਪਹਿਲਾਂ ਪੇਂਟ ਕੀਤੀਆਂ ਗਈਆਂ ਕੰਧਾਂ ਦੇ ਸੱਤ ਲੱਖ ਰੁਪਏ ਵੀ ਚੋਣ ਖਰਚਿਆਂ ਵਿੱਚ ਜੋੜ ਦਿੱਤੇ ਗਏ ਹਨ। ਜ਼ਿਲ੍ਹਾ ਚੋਣ ਅਫ਼ਸਰ ਹਰਬੀਰ ਸਿੰਘ ਨੇ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਹੀ ਸਾਰੇ ਉਮੀਦਵਾਰਾਂ ਨੂੰ ਖਰਚੇ ਪਾਏ ਗਏ ਹਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੋਕਾਂ ਨਾਲ ਰਾਬਤਾ ਰੱਖਣ ’ਚ ਤਾਲਮੇਲ ਦੀ ਘਾਟ ਰਹੀ: ਸਿੱਧੂ
Next articleIndia-UAE FTA to be beneficial for gem, jewellery exports, says GJEPC