(ਸਮਾਜ ਵੀਕਲੀ)- ਵਿਗੜਿਆ ਸਿਸਟਮ ਤੋਂ ਲੋਕ ਉਵੇਂ ਹੀ ਪ੍ਰੇਸ਼ਾਨ ਹਨ, ਜਿਵੇਂ ਤੰਗ ਜੁੱਤੀ ਪ੍ਰੇਸ਼ਾਨ ਕਰਦਾ ਹੈ।ਜੁੱਤੀ ਲੱਗਣ ਦੀ ਤਕਲੀਫ਼ ਉਹ ਹੀ ਸਮਝਦਾ ਹੈ ਜਿਸਨੂੰ ਜੁੱਤੀ ਲੱਗਦੀ ਹੋਵੇ।ਦੂਸਰੇ ਤਾਂ ਮਜ਼ਾਕ ਉਡਾਉਣ ਲੱਗ ਜਾਂਦੇ ਹਨ।ਪਰ ਹਕੀਕਤ ਇਹ ਹੈ ਕਿ ਕਦੇ ਨਾ ਕਦੇ ਅਜਿਹੀ ਜੁੱਤੀ ਹਰ ਕਿਸੇ ਕੋਲੋਂ ਖਰੀਦੀ ਜਾਂਦੀ ਹੈ ਜੋ ਜੁੱਤੀ ਲੱਗਣ ਦੀ ਤਕਲੀਫ਼ ਸਮਝਾ ਦੇਵੇ।ਇਹ ਹੀ ਹਾਲ ਸਾਡੇ ਸਿਸਟਮ ਦਾ ਹੈ।ਜਿੰਨੀ ਦੇਰ ਕਿਸੇ ਤਰ੍ਹਾਂ ਦਾ ਕੰਮ ਕਿਸੇ ਵਿਭਾਗ ਨਾਲ ਨਹੀਂ ਪੈਂਦਾ,ਉਸਦੀਆਂ ਚੂੰਡੀਆਂ ਦੀ ਸਮਝ ਨਹੀਂ ਆਉਂਦੀ।ਜਿਵੇਂ ਹੀ ਦਫਤਰਾਂ ਵਿੱਚ ਕੰਮ ਲਈ ਜਾਉ,ਹਰ ਕੋਈ ਖੱਜਲ ਕਰਨ ਦਾ ਹਰ ਪੈਂਤੜਾ ਵਰਤਦਾ ਹੈ।ਉਹ ਕਾਗਜ਼ ਵੀ ਮੰਗਣਗੇ,ਜਿਹੜੇ ਕਿਸੇ ਵੀ ਤਰ੍ਹਾਂ ਚਾਹੀਦੇ ਨਹੀਂ ਹੁੰਦੇ।ਜਨਰਲ ਪਾਵਰ ਆਫ ਅਟਾਰਨੀ ਲਈ ਫਰਦ ਮੰਗਣਗੇ।ਜਿਹੜਾ ਬੰਦਾ ਪਾਵਰ ਆਫ ਅਟਾਰਨੀ ਦੇ ਰਿਹਾ ਹੈ,ਉਹ ਇਹ ਕਹਿ ਰਿਹਾ ਹੈ ਕਿ ਜੋ ਕੁੱਝ ਮੇਰੇ ਨਾਮ ਤੇ ਹੈ,ਉਹ ਸਾਰੇ ਕੁੱਝ ਦੇ ਹੱਕ ਹਕੂਕ ਮੈਂ ਆਪਣੀ ਮਾਂ,ਭੈਣ ਜਾਂ ਭਰਾ ਨੂੰ ਦੇ ਰਿਹਾ ਹਾਂ।ਜ਼ਮੀਨ ਦੀ ਫਰਦ ਦਾ ਉਸ ਨਾਲ ਕੀ ਸੰਬੰਧ।ਉਸ ਵਿੱਚ ਤਾਂ ਚੱਲ ਅੱਚਲ ਜਿਵੇਂ ਕਾਰ,ਸਕੂਟਰ ਮੋਟਰਸਾਈਕਲ ਵੀ ਹੁੰਦੇ ਹਨ।ਤੰਗ ਪ੍ਰੇਸ਼ਾਨ ਕਰਨ ਲਈ ਨਵੇਂ ਤੋਂ ਨਵਾਂ ਤਰੀਕਾ ਲੱਭ ਲੈਂਦੇ ਹਨ।ਅਸਲ ਵਿੱਚ ਲੈਣੇ ਪੈਸੇ ਹੁੰਦੇ ਹਨ,ਰਿਸ਼ਵਤ ਲੈਣ ਲਈ ਅਜਿਹੇ ਬੇਮਤਲ ਦੇ ਪੇਪਰ ਮੰਗਣ ਲੱਗ ਜਾਂਦੇ ਹਨ।ਹਕੀਕਤ ਇਹ ਹੈ ਕਿ ਦਫਤਰਾਂ ਵਿੱਚ ਚਪੜਾਸੀ ਤੋਂ ਲੈਕੇ ਵੱਡੇ ਅਫਸਰਾਂ ਨਾਲ ਵਧੇਰੇ ਕਰਕੇ ਲੋਕ ਸਿੰਙ ਫਸਾਉਂਦੇ ਨਹੀਂ।ਆਪਣੀ ਜਾਨ ਬਚਾਉਣ ਵਾਲੀ ਹਾਲਤ ਹੁੰਦੀ ਹੈ।ਜੇਕਰ ਰਿਸ਼ਵਤ ਦਿੱਤੀ ਹੋਵੇ ਤਾਂ ਰੁਟੀਨ ਵਿੱਚ ਦਸਤਖਤ ਹੋ ਜਾਣਗੇ।ਜੇਕਰ ਰਿਸ਼ਵਤ ਨਹੀਂ ਦਿੱਤੀ ਤਾਂ ਚੱਕਰ ਲਗਾਉਣ ਵਾਲੀ ਗਲਤੀ ਸੈਕਿੰਡ ਵਿੱਚ ਫੜ ਲੈਣਗੇ।
ਵਿਗੜੇ ਸਿਸਟਮ ਦਾ ਹਰ ਵਿਭਾਗ ਤੇ ਪਿਆ ਹੋਇਆ ਹੈ।ਹਾਂ,ਹਰ ਵਿਭਾਗ ਵਿੱਚ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਵੀ ਹੁੰਦੇ ਹਨ।ਇਹ ਤਾਂ ਉਹ ਗੱਲ ਹੈ,”ਅੱਗੋਂ ਤੇਰੇ ਭਾਗ ਲੱਛੀਏ”,ਜੇਕਰ ਦਫਤਰ ਵਿੱਚ ਕੋਈ ਚੰਗਾ ਅਫਸਰ ਜਾਂ ਮੁਲਾਜ਼ਮ ਮਿਲ ਗਿਆ ਤਾਂ ਕੰਮ ਹੋ ਜਾਵੇਗਾ। ਪੁਲਿਸ ਸਟੇਸ਼ਨ ਵਿੱਚ ਵਧੇਰੇ ਕਰਕੇ ਜਾਣਾ ਹੀ ਮੁਸੀਬਤ ਵਰਗਾ ਹੁੰਦਾ ਹੈ।ਇੱਥੇ ਤਾਂ ਚਾਹ ਪਾਣੀ ਤੋਂ ਲੈਕੇ ਕਾਗਜ਼ਾਂ ਦੇ ਖਰਚੇ ਲਈ ਵੀ ਪੈਸੇ ਮੰਗ ਲਏ ਜਾਂਦੇ ਹਨ।ਲੋਕ ਫਸੇ ਕੀ ਕਰਨ,ਦੇਕੇ ਆਪਣਾ ਖਹਿੜਾ ਛਡਵਾਉਂਦੇ ਹਨ। ਕਿਹੜਾ ਕੇਸ ਕਿਹੜੇ ਵੇਲੇ ਕਿਸੇ ਤੇ ਪੈ ਜਾਵੇ ਪਤਾ ਨਹੀਂ।ਅਸਲੀਅਤ ਤਾਂ ਇਹ ਹੈ ਕਿ ਵਾੜ ਖੇਤ ਨੂੰ ਖਾਣ ਲੱਗ ਗਈ ਹੈ।ਦੂਸਰੇ ਪਾਸੇ ਸਮਾਜ ਵਿੱਚੋਂ ਕਈ, ਲੋਕਾਂ ਨੂੰ ਫਸਾਉਣ ਜਾਂ ਗਲਤ ਕੰਮ ਕਰਦੇ ਹਨ ਅਤੇ ਰਿਸ਼ਵਤ ਦਿੰਦੇ ਹਨ।ਹੌਲੀ ਹੌਲੀ ਇਹ ਸਿਸਟਮ ਇੰਨਾਂ ਵਿਗੜ ਗਿਆ ਕਿ ਹੁਣ ਰਿਸ਼ਵਤ ਲਏ ਬਗੈਰ ਵਧੇਰੇ ਕਰਕੇ ਕੋਈ ਕੰਮ ਕਰਦਾ ਹੀ ਨਹੀਂ।ਇੱਥੇ ਇਹ ਗੱਲ ਬੜੀ ਸਪੱਸ਼ਟ ਹੈ ਕਿ ਦਫਤਰਾਂ ਵਿੱਚ ਨੌਕਰੀਆਂ ਕਰਨ ਵਾਲੇ ਬੇਹੱਦ ਬੁੱਧੀਮਾਨ ਹਨ।ਜੇਕਰ ਉਹ ਦਿਮਾਗ਼ ਸਹੀ ਪਾਸੇ ਲੱਗਿਆ ਹੋਵੇ ਤਾਂ ਪੰਜਾਬ ਦੀ ਸਥਿਤੀ ਕੁੱਝ ਹੋਰ ਹੀ ਹੋਵੇ।ਬੜਾ ਅਫਸੋਸ ਹੁੰਦਾ ਹੈ ਅਤੇ ਤਕਲੀਫ਼ ਹੁੰਦੀ ਹੈ ਜਦੋਂ ਵਰਦੀ ਪਾਕੇ ਪੁਲਿਸ ਵਾਲਿਆਂ ਦੀਆਂ ਰਿਸ਼ਵਤ ਲੈਂਦਿਆਂ ਜਾਂ ਮੰਗਦਿਆਂ ਦੀਆਂ ਵੀਡੀਓ ਵਾਇਰਲ ਹੁੰਦੀਆਂ ਹਨ।ਯਾਦ ਰੱਖੋ ਰਿਸ਼ਵਤ ਦੇ ਪੈਸੇ ਨਾਲ ਬਹੁਤ ਸਾਰੀਆਂ ਲੋਕਾਂ ਦੀਆਂ ਬਦ ਦੁਆਵਾਂ ਵੀ ਹੁੰਦੀਆਂ ਹਨ।ਲੋਕਾਂ ਦਾ ਰਿਸ਼ਵਤ ਖੋਰੀ ਨੇ ਜਿਊਣਾ ਔਖਾ ਕੀਤਾ ਹੋਇਆ ਹੈ।
ਆਏ ਦਿਨ ਸਿਹਤ ਵਿਭਾਗ ਲੋਕਾਂ ਨੂੰ ਡੇਂਗੂ,ਹੈਜਾ ਆਦਿ ਬੀਮਾਰੀਆਂ ਤੋਂ ਬਚਣ ਲਈ ਜਾਗਰੂਕ ਕਰਦਾ ਹੈ।ਅਸੀਂ ਉਨ੍ਹਾਂ ਦੇ ਚੁੱਕੇ ਜਾ ਰਹੇ ਕਦਮਾਂ ਦੀ ਦਿਲੋਂ ਸ਼ਲਾਘਾ ਕਰਦੇ ਹਾਂ।ਪਰ ਕਦੇ ਕਿਸੇ ਨੇ ਸੜਕਾਂ ਤੇ ਓਵਰਫਲੋ ਹੋਕੇ ਭਰੇ ਸੀਵਰੇਜ਼ ਦੇ ਗੰਦੇ ਪਾਣੀ ਦੀ ਸਮੱਸਿਆ ਨੂੰ ਸੁਲਝਾਉਣ ਲਈ ਕਦਮ ਚੁੱਕੇ।ਸਿਹਤ ਵਿਭਾਗ ਨੂੰ ਸੰਬੋਧਿਤ ਵਿਭਾਗਾਂ ਨੂੰ ਵੀ ਕਹਿਣਾ ਚਾਹੀਦਾ ਹੈ।ਲੋਕ ਆਪਣੀ ਪੱਧਰ ਤੇ ਬਹੁਤ ਕੁੱਝ ਕਰਦੇ ਹਨ,ਪਰ ਹਕੀਕਤ ਇਹ ਹੈ ਕਿ ਕੋਈ ਸੁਣਦਾ ਹੀ ਨਹੀਂ।ਕੁੱਝ ਇਕ ਬਿਲਡਰਾਂ ਨੂੰ ਛੱਡਕੇ ਬਾਕੀਆਂ ਨੇ ਟਰੀਟਮੈਂਟ ਪਲਾਂਟ ਖਾਨਾਪੂਰਤੀ ਲਈ ਲਗਾਏ ਹੋਏ ਨੇ।ਸੀਵਰੇਜ਼ ਦਾ ਗੰਦਾ ਪਾਣੀ ਖਾਲੀ ਪਲਾਟਾਂ ਵਿੱਚ ਭਰਿਆ ਰਹਿੰਦਾ ਹੈ।ਸਿਹਤ ਵਿਭਾਗ ਦੇ ਅਧਿਕਾਰੀ ਕਹਿ ਰਹੇ ਹਨ ਕਿ ਟੋਏ ਭਰੋ ਤਾਂਕਿ ਪਾਣੀ ਖੜ੍ਹਾ ਨਾ ਹੋਵੇ ਪਰ ਸੀਵਰੇਜ਼ ਨਾਲ ਭਰੇ ਖਾਲੀ ਪਲਾਟਾਂ ਦਾ ਕੀ ਕੀਤਾ ਜਾਵੇ।ਕੁੱਝ ਜ਼ਮੀਨ ਅਜੇ ਖਾਲੀ ਪਈ ਹੈ।ਉਸ ਵਿੱਚ ਮਾਲਕ ਫਸਲ ਬੀਜਦੇ ਹਨ ਅਤੇ ਉਸ ਵਿੱਚ ਪਾਣੀ ਗੰਦਾ ਸੀਵਰੇਜ਼ ਦਾ ਪਾਉਂਦੇ ਹਨ।ਆਲੇ ਦੁਆਲੇ ਦੇ ਲੋਕਾਂ ਨੂੰ ਘਰਾਂ ਚੋਂ ਬਾਹਰ ਨਿਕਲਣਾ ਔਖਾ ਹੋ ਜਾਂਦਾ ਹੈ।ਖਿੜਕੀਆਂ ਦਰਵਾਜ਼ੇ ਖੋਲ੍ਹਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।ਸੰਬੰਧਿਤ ਵਿਭਾਗਾਂ ਨੂੰ ਮੇਲ ਕਰਕੇ ਸ਼ਕਾਇਤ ਕਰ ਲਵੋ,ਆਪ ਜਾਕੇ ਦੇ ਆਉ,ਕੁੱਝ ਵੀ ਕਾਰਵਾਈ ਨਹੀਂ ਹੁੰਦੀ।ਇਹ ਵਿਗੜਿਆ ਸਿਸਟਮ ਹਰ ਵੇਲੇ ਤਕਲੀਫ਼ ਅਤੇ ਦਰਦ ਦਿੰਦਾ ਹੈ।
ਅਸਲ ਵਿੱਚ ਰਿਸ਼ਵਤ ਲੈਣਾ ਹੱਕ ਸਮਝਿਆ ਜਾ ਰਿਹਾ ਹੈ ਅਤੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਆਪਣੀ ਨੌਕਰੀ ਦਾ ਹਿੱਸਾ।ਪਰ ਹਕੀਕਤ ਇਹ ਹੈ ਕਿ ਲੋਕ ਦੋਹਰੀ ਵਾਰ ਲੁੱਟੇ ਜਾ ਰਹੇ ਹਨ।ਸਰਕਾਰੀ ਵਿਭਾਗਾਂ ਵਿੱਚ ਨੌਕਰੀਆਂ ਕਰਨ ਵਾਲਿਆਂ ਦੀਆਂ ਤਨਖਾਹਾਂ, ਭੱਤਿਆਂ,ਗੱਡੀਆਂ ਕੋਠੀਆਂ ਲਈ ਟੈਕਸ ਦਿੰਦੇ ਹਨ ਅਤੇ ਫੇਰ ਰਿਸ਼ਵਤ ਦੇਕੇ ਕੰਮ ਕਰਵਾਉਂਦੇ ਹਨ।ਲੋਕਾਂ ਨੂੰ ਇਸ ਵਿਗੜੇ ਸਿਸਟਮ ਵਿੱਚੋਂ ਨਿਕਲਣ ਦਾ ਕੋਈ ਰਾਹ ਨਹੀਂ ਲੱਭਦਾ।ਜਿਵੇਂ ਨਵੀਂ ਲਈ ਜੁੱਤੀ ਪੈਰ ਨੂੰ ਲੱਗੇ ਤਾਂ ਨਾ ਜੁੱਤੀ ਸੁੱਟੀ ਜਾਂਦੀ ਹੈ,ਨਾ ਜੁੱਤੀ ਪਾਕੇ ਤੁਰਿਆ ਜਾਂਦਾ ਹੈ।ਇਸ ਵਿਗੜੇ ਸਿਸਟਮ ਨੇ ਲੋਕਾਂ ਦਾ ਜਿਊਣਾ ਔਖਾ ਕਰ ਦਿੱਤਾ ਹੈ।ਪਰ ਲੋਕਾਂ ਨੂੰ ਵੀ ਇਕੱਠੇ ਹੋਕੇ ਕੁੱਝ ਕਦਮ ਜ਼ਰੂਰ ਚੁੱਕਣੇ ਚਾਹੀਦੇ ਹਨ।ਕੁਦਰਤ ਬੜੀ ਬਲਵਾਨ ਹੈ,ਉਹ ਜਦੋਂ ਫੈਸਲੇ ਕਰਦੀ ਹੈ ਤਾਂ ਰਿਸ਼ਵਤ ਲੈਣ ਵਾਲਿਆਂ ਨੂੰ ਕਦੇ ਬਖਸ਼ਦੀ ਨਹੀਂ, ਦੁਨਿਆਵੀ ਤੌਰ ਤੇ ਤਾਂ ਰਿਸ਼ਵਤ ਲੈਂਦਾ ਫੜਿਆ ਗਿਆ ਅਤੇ ਰਿਸ਼ਵਤ ਦੇਕੇ ਛੁੱਟ ਜਾਂਦਾ ਹੈ।ਪਰ ਉੱਥੇ ਰਿਸ਼ਵਤ ਨਹੀਂ ਚੱਲਦੀ,ਫੈਸਲਾ ਹੀ ਆਉਂਦਾ ਹੈ।
ਪ੍ਰਭਜੋਤ ਕੌਰ ਢਿੱਲੋਂ
ਮੁਹਾਲੀ
ਮੋਬਾਈਲ ਨੰਬਰ ਮੋਬਾਈਲ 9815030221