- ਪੰਜਾਬ ਦੀਆਂ ਕੁੱਲ ਸੀਟਾਂ: 117
- ਬਹੁਮੱਤ ਲਈ ਲੋੜੀਂਦੀਆਂ ਸੀਟਾਂ: 59
- ਵੋਟਾਂ ਦੀ ਗਿਣਤੀ: ਸਵੇਰੇ 8 ਵਜੇ ਤੋਂ
- ਮੁੱਢਲੇ ਰੁਝਾਨ: ਸਵੇਰੇ 9 ਵਜੇ ਤੋਂ
ਚੰਡੀਗੜ੍ਹ (ਸਮਾਜ ਵੀਕਲੀ): ਪੰਜਾਬ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਭਲਕੇ ਹੋਵੇਗੀ ਅਤੇ ਸੂਬੇ ਦੀਆਂ ਵੱਡੀਆਂ ਸਿਆਸੀ ਹਸਤੀਆਂ ਦੇ ਰਾਜਸੀ ਭਵਿੱਖ ਦਾ ਨਿਤਾਰਾ ਦੁਪਹਿਰ ਤੱਕ ਹੋ ਜਾਵੇਗਾ। ਸੂਬੇ ਦੀ 16ਵੀਂ ਵਿਧਾਨ ਸਭਾ ਲਈ 20 ਫਰਵਰੀ ਨੂੰ ਵੋਟਾਂ ਪਈਆਂ ਸਨ ਅਤੇ 1304 ਉਮੀਦਵਾਰਾਂ ਦਾ ਸਿਆਸੀ ਭਵਿੱਖ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਵਿੱਚ ਬੰਦ ਪਿਆ ਹੈ। ਸੂਬੇ ਦੇ 117 ਹਲਕਿਆਂ ਲਈ ਵੋਟਾਂ ਦੀ ਗਿਣਤੀ 66 ਸਥਾਨਾਂ ਉੱਤੇ ਬਣੇ 117 ਗਿਣਤੀ ਕੇਂਦਰਾਂ ’ਚ ਹੋਵੇਗੀ। ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਵੇਗੀ ਅਤੇ ਨੌਂ ਵਜੇ ਤੱਕ ਮੁੱਢਲੇ ਰੁਝਾਨ ਮਿਲਣੇ ਸ਼ੁਰੂ ਹੋਣ ਦੀ ਸੰਭਾਵਨਾ ਹੈ। ਚੋਣ ਅਧਿਕਾਰੀਆਂ ਮੁਤਾਬਕ ਕੋਵਿਡ ਸਾਵਧਾਨੀਆਂ ਕਾਰਨ ਵੋਟਾਂ ਦੀ ਗਿਣਤੀ ਦਾ ਅਮਲ ਧੀਮਾ ਚੱਲਣ ਦੇ ਆਸਾਰ ਹਨ।
ਗਿਣਤੀ ਕੇਂਦਰਾਂ ਦੀ ਸੁਰੱਖਿਆ ਲਈ ਤਿੰਨ ਪਰਤੀ ਸੁਰੱਖਿਆ ਘੇਰਾ ਲਗਾਇਆ ਗਿਆ ਹੈ, ਜਿਸ ਲਈ ਨੀਮ ਸੁਰੱਖਿਆ ਬਲਾਂ ਦੀਆਂ 45 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਸੂਬੇ ਵਿੱਚ 7500 ਦੇ ਕਰੀਬ ਮੁਲਾਜ਼ਮ ਗਿਣਤੀ ਦੇ ਕਾਰਜ ਨੂੰ ਨੇਪਰੇ ਚਾੜ੍ਹਨਗੇ। ਇਨ੍ਹਾਂ ਚੋਣਾਂ ਦੌਰਾਨ ਰਵਾਇਤੀ ਸਿਆਸੀ ਧਿਰਾਂ ਕਾਂਗਰਸ, ਸ਼੍ਰੋਮਣੀ ਅਕਾਲੀ ਦਲ-ਬਹੁਜਨ ਸਮਾਜ ਪਾਰਟੀ ਗੱਠਜੋੜ, ਆਮ ਆਦਮੀ ਪਾਰਟੀ, ਭਾਰਤੀ ਜਨਤਾ ਪਾਰਟੀ-ਪੰਜਾਬ ਲੋਕ ਕਾਂਗਰਸ-ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਗੱਠਜੋੜ, ਲੋਕ ਇਨਸਾਫ਼ ਪਾਰਟੀ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਨੇ ਆਪਣੇ ਉਮੀਦਵਾਰ ਮੈਦਾਨ ’ਚ ਉਤਾਰੇ ਹਨ। ਪੰਜਾਬ ਦੀ ਸਿਆਸਤ ਵਿੱਚ ਪਹਿਲੀ ਵਾਰ ਕਿਸਾਨ ਜਥੇਬੰਦੀਆਂ ’ਤੇ ਆਧਾਰਿਤ ਸੰਯੁਕਤ ਸਮਾਜ ਮੋਰਚਾ ਵੀ ਮੈਦਾਨ ’ਚ ਹੈ।
ਚੋਣ ਸਰਵੇਖਣਾਂ ਵਿੱਚ ਭਾਵੇਂ ਆਮ ਆਦਮੀ ਪਾਰਟੀ ਦੇ ਇੱਕ ਵੱਡੀ ਧਿਰ ਵਜੋਂ ਉਭਰਨ ਦੇ ਸੰਕੇਤ ਦਿੱਤੇ ਗਏ ਹਨ ਪਰ ਰਵਾਇਤੀ ਪਾਰਟੀਆਂ ਦਾ ਦਾਅਵਾ ਹੈ ਕਿ ਸੂਬੇ ਦੇ ਲੋਕਾਂ ਦਾ ਫਤਵਾ ਸਰਵੇਖਣਾਂ ਦੇ ਉਲਟ ਹੋਵੇਗਾ। ਸਰਵੇਖਣਾਂ ਤੋਂ ਬਾਅਦ ਵੀ ਸਾਰੀਆਂ ਪਾਰਟੀਆਂ ਵੱਲੋਂ ਸਰਕਾਰ ਬਣਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ। ਲਟਕਵੀਂ ਵਿਧਾਨ ਸਭਾ ਆਉਣ ਦੀ ਸੂਰਤ ਵਿੱਚ ਭੰਨ-ਤੋੜ ਦੀ ਰਣਨੀਤੀ ਵੀ ਘੜੀ ਜਾ ਰਹੀ ਹੈ। ਇਨ੍ਹਾਂ ਚੋਣਾਂ ਦੌਰਾਨ ਤਿੰਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ ਅਤੇ ਬੀਬੀ ਰਾਜਿੰਦਰ ਕੌਰ ਭੱਠਲ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਭਗਵੰਤ ਸਿੰਘ ਮਾਨ, ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਬਿਕਰਮ ਸਿੰਘ ਮਜੀਠੀਆ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਮੀਟਿੰਗ ਵਿਚ ਸ਼ਾਮਲ ਹੋਣ ਲਈ ਕਿਹਾ ਗਿਆ ਹੈ|
ਸੂਤਰਾਂ ਮੁਤਾਬਕ ਕਾਂਗਰਸ ਵੱਲੋਂ ਭਲਕੇ ਚੋਣ ਨਤੀਜੇ ਆਉਣ ਪਿੱਛੋਂ ਉੱਭਰਨ ਵਾਲੀ ਸਿਆਸੀ ਤਸਵੀਰ ਦੇ ਤਕਾਜ਼ੇ ਅਨੁਸਾਰ ਫ਼ੈਸਲਾ ਲਿਆ ਜਾਣਾ ਹੈ| ਲਟਕਵੀਂ ਵਿਧਾਨ ਸਭਾ ਦੀ ਸੂਰਤ ਵਿਚ ਕਾਂਗਰਸ ਆਪਣੇ ਵਿਧਾਇਕਾਂ ਨੂੰ ਫ਼ੌਰੀ ਰਾਜਸਥਾਨ ਸ਼ਿਫ਼ਟ ਕਰ ਸਕਦੀ ਹੈ| ਅਗਾਊਂ ਹੀ ਮੀਟਿੰਗ ਦਾ ਸੱਦਾ ਦੇ ਕੇ ਕਾਂਗਰਸ ਆਪਣੀ ਜਿੱਤ ਦਾ ਸੁਨੇਹਾ ਵੀ ਦੇਣਾ ਚਾਹੁੰਦੀ ਹੋ ਸਕਦੀ ਹੈ| ਕਾਂਗਰਸ ਪਾਰਟੀ ਵੱਲੋਂ ਆਜ਼ਾਦ ਉਮੀਦਵਾਰਾਂ ਨਾਲ ਵੀ ਸੰਪਰਕ ਕਰ ਲਿਆ ਗਿਆ ਹੈ। ਕੇਂਦਰੀ ਨਿਗਰਾਨਾਂ ਅਜੈ ਮਾਕਨ ਅਤੇ ਪਵਨ ਖੇੜਾ ਨੇ ਅੱਜ ਚੰਡੀਗੜ੍ਹ ਵਿਚ ਮੀਟਿੰਗ ਕੀਤੀ ਜਿਸ ਵਿਚ ਕਾਂਗਰਸ ਦੇ ਪੰਜਾਬ ਇੰਚਾਰਜ ਹਰੀਸ਼ ਚੌਧਰੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਵੀ ਸ਼ਾਮਲ ਹੋਏ| ਸੂਤਰ ਦੱਸਦੇ ਹਨ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਅੱਜ ਇਸ ਮੀਟਿੰਗ ਵਿਚ ਸ਼ਾਮਲ ਨਹੀਂ ਹੋਏ| ਕੇਂਦਰੀ ਨਿਗਰਾਨਾਂ ਨੇ ਪਾਰਟੀ ਦੇ ਸੰਭਾਵੀ ਜੇਤੂ ਉਮੀਦਵਾਰਾਂ ਬਾਰੇ ਅੱਜ ਨਿਸ਼ਾਨਦੇਹੀ ਕਰਨੀ ਸ਼ੁਰੂ ਕਰ ਦਿੱਤੀ ਹੈ। ਉੱਧਰ, ਮੁੱਖ ਮੰਤਰੀ ਚਰਨਜੀਤ ਚੰਨੀ ਨੇ ਵੀ ਅੱਜ ਆਪਣੀ ਸਰਕਾਰੀ ਰਿਹਾਇਸ਼ ’ਤੇ ਗ਼ੈਰਰਸਮੀ ਮੀਟਿੰਗਾਂ ਕੀਤੀਆਂ|
ਸੂਤਰਾਂ ਮੁਤਾਬਕ ਚੰਨੀ ਨੇ ਅਧਿਕਾਰੀਆਂ ਤੋਂ ਵੀ ਪਾਰਟੀ ਦੇ ਉਮੀਦਵਾਰਾਂ ਬਾਰੇ ਫੀਡਬੈਕ ਲਈ ਹੈ| ਅੱਜ ਚੰਨੀ ਨਾਲ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਅਤੇ ਵਿਧਾਇਕ ਮਦਨ ਲਾਲ ਜਲਾਲਪੁਰ ਤੋਂ ਇਲਾਵਾ ਕੈਪਟਨ ਸੰਦੀਪ ਸੰਧੂ ਅਤੇ ਅਦਾਕਾਰ ਯੋਗਰਾਜ ਨੇ ਵੀ ਮਿਲਣੀ ਕੀਤੀ| ਇਸੇ ਦੌਰਾਨ ਪੰਜਾਬ ਲੋਕ ਕਾਂਗਰਸ ਨੇ ਵੀ ਦਾਅਵੇ ਕਰਨੇ ਸ਼ੁਰੂ ਕਰ ਦਿੱਤੇ ਹਨ| ਪੰਜਾਬ ਲੋਕ ਕਾਂਗਰਸ ਦੇ ਬੁਲਾਰੇ ਪ੍ਰਿਤਪਾਲ ਸਿੰਘ ਬਲੀਏਵਾਲ ਨੇ ਇਹ ਟਵੀਟ ਕਰਕੇ ਹਲਚਲ ਮਚਾ ਦਿੱਤੀ ਹੈ ਕਿ ਲੰਘੀ ਰਾਤ ਜੋ ਸਿਸਵਾਂ ਫਾਰਮ ਹਾਊਸ ਵਿਚ ਪਾਰਟੀ ਹੋਈ ਹੈ, ‘ਉਸ ਵਿਚ ਕਾਂਗਰਸ ਤੇ ਆਪ’ ਦੇ ਕੌਣ-ਕੌਣ ਸ਼ਾਮਲ ਹੋਏ?’, ਇਹ ਸੁਆਲ ਖੜ੍ਹਾ ਕਰਕੇ ਬੁਝਾਰਤ ਪਾ ਦਿੱਤੀ ਹੈ| ਸਿਆਸੀ ਹਲਕੇ ਇਸ ਤਰਤੀਬ ਨੂੰ ਵੀ ਅਲੱਗ ਨਜ਼ਰੀਏ ਤੋਂ ਦੇਖ ਰਹੇ ਹਨ ਕਿ ਲੰਘੇ ਦਿਨੀਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲੇ ਅਤੇ ਉਸ ਮਗਰੋਂ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਅਮਿਤ ਸ਼ਾਹ ਨਾਲ ਮੀਟਿੰਗ ਕੀਤੀ|
ਦੂਸਰੇ ਦਿਨ ਹੀ ਭਾਜਪਾ ਦੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਉਨ੍ਹਾਂ ਦੇ ਸਿਸਵਾ ਫਾਰਮ ਹਾਊਸ ’ਤੇ ਮੀਟਿੰਗ ਕੀਤੀ| ਇਸੇ ਤਰਤੀਬ ਵਿਚ ਇਹ ਵੀ ਜੋੜਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਚੰਨੀ ਨੇ ਸ਼ਾਮ ਤੱਕ ਕਾਂਗਰਸ ਦੇ ਕੇਂਦਰੀ ਨਿਗਰਾਨਾਂ ਨਾਲ ਮੀਟਿੰਗ ਵਿਚ ਸ਼ਮੂਲੀਅਤ ਨਹੀਂ ਕੀਤੀ| ਇਹ ਵੀ ਚਰਚਾ ਹੈ ਕਿ ਕੇਂਦਰੀ ਨਿਗਰਾਨ ਅੱਜ ਚੰਨੀ ਨੂੰ ਬੁਲਾਉਂਦੇ ਰਹੇ| ਸੂਤਰਾਂ ਮੁਤਾਬਕ ਭਾਜਪਾ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ ਕਿ ਜੇਕਰ ਭਲਕੇ ਚੋਣ ਨਤੀਜੇ ਲਟਕਵੀਂ ਅਸੈਂਬਲੀ ਵੱਲ ਜਾਂਦੇ ਹਨ ਤਾਂ ਅਮਰਿੰਦਰ ਸਿੰਘ ਹੀ ਕਾਂਗਰਸੀ ਵਿਧਾਇਕਾਂ ਨੂੰ ਕਾਬੂ ਕਰਨਗੇ| ਅਮਰਿੰਦਰ ਸਿੰਘ ਦੀ ਨਜ਼ਰ ਕਾਂਗਰਸ ਦੇ ਸੰਭਾਵੀ ਜੇਤੂ ਉਮੀਦਵਾਰਾਂ ’ਤੇ ਲੱਗੀ ਹੋਈ ਹੈ| ਇਸ ਤੋਂ ਇਲਾਵਾ ਅੱਜ ਭਾਜਪਾ ਦੇ ਜਨਰਲ ਸਕੱਤਰ ਸੁਭਾਸ਼ ਸ਼ਰਮਾ ਨੇ ਕਿਹਾ ਹੈ ਕਿ ਕਾਂਗਰਸ ਅਤੇ ‘ਆਪ’ ਦੇ ਉਮੀਦਵਾਰ ਭਾਜਪਾ ਨਾਲ ਸੰਪਰਕ ਕਰ ਰਹੇ ਹਨ ਅਤੇ ਉਨ੍ਹਾਂ ਨਾਲ ਹੀ ਕਿਹਾ ਕਿ ਭਾਜਪਾ ਬਹੁਮੱਤ ਦੇ ਕਰੀਬ ਪੁੱਜੇਗੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly