ਨਵੀਂ ਦਿੱਲੀ (ਸਮਾਜ ਵੀਕਲੀ): ਪੈਗਾਸਸ ਜਾਸੂਸੀ ਕਾਂਡ ’ਤੇ ਵਿਰੋਧੀ ਧਿਰ ਵੱਲੋਂ ਸੰਸਦ ਦੀ ਕਾਰਵਾਈ ’ਚ ਲਗਾਤਾਰ ਪਾਏ ਜਾ ਰਹੇ ਅੜਿੱਕੇ ਦਰਮਿਆਨ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਅੱਜ ਕਿਹਾ ਹੈ ਕਿ ਇਹ ਵਿਵਾਦ ਕੋਈ ਮੁੱਦਾ ਨਹੀਂ ਹੈ ਅਤੇ ਸਰਕਾਰ ਲੋਕਾਂ ਨਾਲ ਸਬੰਧਤ ਮੁੱਦਿਆਂ ’ਤੇ ਸੰਸਦ ’ਚ ਚਰਚਾ ਕਰਨ ਲਈ ਤਿਆਰ ਹੈ। ਪੈਗਾਸਸ ਸਪਾਈਵੇਅਰ ਮੁੱਦੇ ਨੇ ਸਿਆਸਤ ’ਚ ਭੂਚਾਲ ਲਿਆ ਦਿੱਤਾ ਹੈ ਅਤੇ ਇਸ ਕਾਰਨ ਮੌਨਸੂਨ ਇਜਲਾਸ ਦੀ ਸ਼ੁਰੂਆਤ ਤੋਂ ਹੀ ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ’ਚ ਅੜਿੱਕੇ ਪੈ ਰਹੇ ਹਨ। ਆਈਟੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਇਸ ਮੁੱਦੇ ’ਤੇ ਦੋਵੇਂ ਸਦਨਾਂ ’ਚ ਬਿਆਨ ਦਿੱਤੇ ਹਨ ਪਰ ਵਿਰੋਧੀ ਪਾਰਟੀਆਂ ਉਸ ਤੋਂ ਸੰਤੁਸ਼ਟ ਨਹੀਂ ਹਨ ਅਤੇ ਉਹ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਦੀ ਹਾਜ਼ਰੀ ’ਚ ਬਹਿਸ ਦੀ ਮੰਗ ਕਰ ਰਹੀਆਂ ਹਨ।
ਪ੍ਰਦਰਸ਼ਨਾਂ ਦਰਮਿਆਨ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਲੋਕ ਸਭਾ ’ਚ ਪ੍ਰਸ਼ਨ ਕਾਲ ਦੌਰਾਨ ਵਿਰੋਧ ਕਰ ਰਹੇ ਮੈਂਬਰਾਂ ਨੂੰ ਬੇਨਤੀ ਕੀਤੀ ਕਿ ਉਹ ਸਦਨ ਦੀ ਕਾਰਵਾਈ ਸੁਚਾਰੂ ਰੂਪ ਨਾਲ ਚੱਲਣ ਦੇਣ। ਵਿਰੋਧੀ ਧਿਰ ਦੇ ਰਵੱਈਏ ਨੂੰ ‘ਮੰਦਭਾਗਾ’ ਕਰਾਰ ਦਿੰਦਿਆਂ ਮੰਤਰੀ ਨੇ ਕਿਹਾ ਕਿ ਸਪਾਈਵੇਅਰ ਕੋਈ ਗੰਭੀਰ ਮੁੱਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਆਈਟੀ ਮੰਤਰੀ ਨੇ ਇਸ ਮੁੱਦੇ ’ਤੇ ਪਹਿਲਾਂ ਹੀ ਦੋਵੇਂ ਸਦਨਾਂ ’ਚ ਬਿਆਨ ਦੇ ਦਿੱਤਾ ਹੈ ਤਾਂ ਹੁਣ ‘ਗ਼ੈਰ ਮੁੱਦੇ ਅਤੇ ਗ਼ੈਰ ਸੰਜੀਦਗੀ ਵਾਲੇ ਮੁੱਦੇ’ ’ਤੇ ਬੋਲੋੜੇ ਪ੍ਰਦਰਸ਼ਨ ਹੋ ਰਹੇ ਹਨ। ਉਨ੍ਹਾਂ ਕਿਹਾ,‘‘ਦੇਸ਼ ’ਚ ਲੋਕਾਂ ਦੇ ਬਹੁਤ ਸਾਰੇ ਮੁੱਦੇ ਹਨ ਜੋ ਸਿੱਧੇ ਉਨ੍ਹਾਂ ਨਾਲ ਜੁੜੇ ਹਨ। ਸਰਕਾਰ ਉਨ੍ਹਾਂ ’ਤੇ ਚਰਚਾ ਕਰਨ ਲਈ ਤਿਆਰ ਹੈ।’’ ਇਸ ਹਫ਼ਤੇ ਲੋਕ ਸਭਾ ’ਚ ਹੰਗਾਮੇ ਦੌਰਾਨ ਸਰਕਾਰ ਨੇ ਕੁਝ ਬਿੱਲ ਬਿਨਾਂ ਚਰਚਾ ਤੋਂ ਪਾਸ ਕਰ ਦਿੱਤੇ ਹਨ। ਜੋਸ਼ੀ ਨੇ ਕਿਹਾ ਕਿ ਉਹ ਚਰਚਾ ਤੋਂ ਬਿਨਾਂ ਬਿੱਲ ਪਾਸ ਨਹੀਂ ਕਰਨਾ ਚਾਹੁੰਦੇ ਹਨ ਪਰ ਵਿਰੋਧੀ ਧਿਰ ਨੂੰ ਸੰਸਦ ਦੀ ਕਾਰਵਾਈ ਚੱਲਣ ਦੇਣੀ ਚਾਹੀਦੀ ਹੈ। ਲੋਕ ਸਭਾ ਮੁਲਤਵੀ ਹੋਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਵਿਰੋਧੀ ਧਿਰ ਅਜੇ ਵੀ ਆਈਟੀ ਮੰਤਰੀ ਤੋਂ ਪੈਗਾਸਸ ਮੁੱਦੇ ਬਾਰੇ ਸਪੱਸ਼ਟੀਕਰਨ ਲੈ ਸਕਦੀ ਹੈ।
ਉਧਰ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਕਾਂਗਰਸ ਤੇ ਟੀਐੱਮਸੀ ਸਮੇਤ ਹੋਰ ਪਾਰਟੀਆਂ ’ਤੇ ਦੋਸ਼ ਲਾਇਆ ਕਿ ਉਹ ਸਿਰਫ਼ ਸਿਆਸਤ ਲਈ ਸੰਸਦ ਦਾ ਸਮਾਂ ਬਰਬਾਦ ਕਰ ਰਹੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚਾਹੁੰਦੇ ਹਨ ਕਿ ਸਰਕਾਰ ਵੱਖ ਵੱਖ ਮੁੱਦਿਆਂ ’ਤੇ ਬਹਿਸ ਕਰਾਉਣ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਵਿਰੋਧੀ ਧਿਰ ਲੋਕਾਂ ਨਾਲ ਸਬੰਧਤ ਮੁੱਦੇ ਉਠਾਏ ਅਤੇ ਸਰਕਾਰ ਉਨ੍ਹਾਂ ਦੇ ਜਵਾਬ ਦੇਵੇਗੀ। ਇਹ ਮੰਦਭਾਗੀ ਗੱਲ ਹੈ ਕਿ ਵਿਰੋਧੀ ਧਿਰ ਦੇ ਕੁਝ ਮੈਂਬਰ ਰੌਲਾ ਪਾ ਰਹੇ ਹਨ, ਕਾਗਜ਼ ਪਾੜ ਕੇ ਚੇਅਰ ਅਤੇ ਮੰਤਰੀਆਂ ’ਤੇ ਸੁੱਟ ਰਹੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly