ਕਿਸਾਨੀ ਸੰਘਰਸ਼ ਬਨਾਮ ਸਾਹਿਤਕ ਸਭਾਵਾਂ

Farmers protest at Karnal

(ਸਮਾਜ ਵੀਕਲੀ)- ਕੇਂਦਰ ਸਰਕਾਰ ਵੱਲੋਂ ਖੇਤੀ ਸਬੰਧੀ ਕਾਲੇ ਕਾਨੂੰਨ ਪਾਸ ਕੀਤੇ ਇਕ ਸਾਲ ਹੋ ਚੱਲਿਆ ਹੈ। ਸਾਡਾ ਪੰਜਾਬ ਜੋ ਇਨਕਲਾਬੀ ਯੋਧਿਆਂ ਵਿੱਚੋਂ ਗਿਣਿਆ ਜਾਂਦਾ ਹੈ ਪਹਿਲੇ ਦਿਨ ਤੋਂ ਹੀ ਇਨ੍ਹਾਂ ਨੇ ਧਰਨੇ ਲਗਾਉਣੇ ਚਾਲੂ ਕੀਤੇ। ਸਾਡੇ ਕਿਸਾਨ ਤੇ ਮਜ਼ਦੂਰ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਦਿੱਲੀ ਤਕ ਕਿਵੇਂ ਪਹੁੰਚੇ ਹਨ ਉਸ ਤੋਂ ਲੱਗਦਾ ਸੀ, ਕਿ ਦਿੱਲੀ ਘੇਰ ਲਈ ਤਾਂ ਸਮਝ ਲਓ ਜਿੱਤ ਬਹੁਤੀ ਦੂਰ ਨਹੀਂ। ਸੱਤ ਕੁ ਸੌ ਤੋਂ ਵੱਧ ਸਾਡੇ ਯੋਧੇ ਸੰਘਰਸ਼ ਵਿੱਚ ਕੁਰਬਾਨੀਆਂ ਦੇ ਗਏ, ਪਰ ਦੁੱਖ ਝੱਲਣੇ ਸਾਨੂੰ ਆਉਂਦੇ ਹਨ ਪਰ ਮਿਥਿਆ ਨਿਸ਼ਾਨਾ ਅਸੀਂ ਕਦੇ ਨਹੀਂ ਭੁੱਲਦੇ। ਇਸ ਦਾ ਸਬੂਤ ਸਾਡੇ ਪੰਜਾਬ ਦੀਆਂ ਬੱਤੀ ਕਿਸਾਨ ਯੂਨੀਅਨ ਇਕ ਥਾਂ ਤੇ ਇਕੱਠੀਆਂ ਹੋ ਕੇ ਜਾ ਬੈਠੀਆਂ, ਭਾਰਤ ਦੀਆਂ ਸਾਰੀਆਂ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਯੋਧਿਆਂ ਦੀ ਬਹਾਦਰੀ ਵੇਖ ਕੇ ਮੋਢੇ ਨਾਲ ਮੋਢਾ ਜੋੜ ਕੇ ਦਿੱਲੀ ਨੂੰ ਘੇਰ ਕੇ ਬੈਠੀਆਂ ਹਨ। ਸਾਡੇ ਵਿਦੇਸ਼ੀ ਭੈਣਾਂ ਭਰਾਵਾਂ ਨੇ ਸਾਡੇ ਗਾਇਕ ਤੇ ਕਲਾਕਾਰ ਭੈਣਾਂ ਭਰਾਵਾਂ ਨੇ ਪੂਰਾ ਸਮੇਂ ਸਮੇਂ ਤੇ ਸਾਥ ਦਿੱਤਾ।ਸਾਡੀ ਗਾਇਕੀ ਜੋ ਬੰਦੂਕਾਂ ਤੇ ਨਸ਼ਿਆਂ ਦੀ ਗੱਲ ਕਰਦੀ ਸੀ ਹੁਣ ਕੋਈ ਵੀ ਗੀਤ ਸੁਣ ਕੇ ਵੇਖੋ ਇਨਕਲਾਬ ਦੀ ਸਾਰਥਿਕ ਠੋਸ ਕੂਕ ਸੁਣਾਈ ਦਿੰਦੀ ਹੈ, ਅਜਿਹੇ ਗੀਤ ਸੁਣ ਕੇ ਮੋਰਚੇ ਵਿੱਚ ਜਾ ਕੇ ਹਿੱਸਾ ਲੈਣ ਨੂੰ ਹਰ ਸੁਣਨ ਵਾਲੇ ਦਾ ਦਿਲ ਕਰਦਾ ਹੈ।

ਸਾਡੇ ਪੰਜਾਬ ਦੇ ਬੁੱਧੀਜੀਵੀ ਤੇ ਪੜ੍ਹੇ ਲਿਖੇ ਨੌਜਵਾਨਾਂ ਭੈਣਾਂ ਭਰਾਵਾਂ ਦੀਆਂ ਸ਼ਹਿਰਾਂ ਅਤੇ ਪਿੰਡਾਂ ਵਿੱਚ ਸਾਹਿਤਕ ਸਭਾਵਾਂ ਮੌਜ਼ੂਦ ਹਨ ਸ਼ਹਿਰਾਂ ਵਿਚ ਤਾਂ ਇਕ ਤੋਂ ਵੀ ਵੱਧ ਹਨ। ਕਿਸਾਨ ਸੰਘਰਸ਼ ਵਿੱਚ ਬੈਠੇ ਸਾਡੇ ਯੋਧਿਆਂ ਤੋਂ ਵੱਧ ਪੜ੍ਹੇ ਲਿਖੇ ਸਾਹਿਤਕ ਸਭਾਵਾਂ ਦੇ ਮੁਖੀ ਤੇ ਮੈਂਬਰ ਹਨ। ਜਦੋਂ ਵੀ ਪੰਜਾਬੀ ਮਾਂ ਬੋਲੀ ਜਾਂ ਪੰਜਾਬ ਵਿੱਚ ਕੋਈ ਮੁਸ਼ਕਲ ਦਾ ਦੌਰ ਆਇਆ ਹੈ ਸਾਹਿਤਕ ਸਭਾਵਾਂ ਨੇ ਹਮੇਸ਼ਾ ਆਵਾਜ਼ ਬੁਲੰਦ ਕੀਤੀ ਹੈ ਤੇ ਜਿੱਤਾਂ ਵੀ ਪ੍ਰਾਪਤ ਕੀਤੀਆਂ ਹਨ ਕਿਉਂਕਿ ਤਲਵਾਰ ਤੋਂ ਤਿੱਖੀ ਸ਼ਬਦਾਂ ਦੀ ਆਵਾਜ਼ ਇਨਕਲਾਬ ਦੀ ਨੀਂਹ ਰੱਖ ਦਿੰਦੀ ਹੈ। ਕੋਰੋਨਾ ਕਾਰਨ ਕਈ ਮਹੀਨੇ ਸਾਹਿਤਕ ਸਭਾਵਾਂ ਦੇ ਸੰਮੇਲਨ ਕਾਨੂੰਨੀ ਬੰਦਸ਼ਾਂ ਕਾਰਨ ਨਹੀਂ ਹੋ ਸਕੇ। ਪਰ ਸਾਹਿਤਕ ਸਭਾਵਾਂ ਦੇ ਮੈਂਬਰ ਸਾਹਿਤ ਦਾ ਕੋਈ ਨਾ ਕੋਈ ਰੂਪ ਤਾਂ ਲਿਖਦੇ ਹੀ ਹਨ, ਲੇਖ ਕਹਾਣੀਆਂ ਵਿਅੰਗ ਕਵਿਤਾਵਾਂ ਜੋ ਕੁਝ ਵੀ ਹੈ ਠੋਸ ਰੂਪ ਵਿੱਚ ਲਿਖਿਆ ਆਮ ਜਨਤਾ ਨੂੰ ਸੇਧ ਦਿੰਦਾ ਹੈ। ਅੱਜਕੱਲ੍ਹ ਤਾਂ ਪੰਜਾਬੀ ਵਿੱਚ ਅਖ਼ਬਾਰ ਵੀ ਬਹੁਤ ਹਨ ਪਰ ਸਾਹਿਤਕਾਰਾਂ ਨੇ ਕਿਸਾਨੀ ਸੰਘਰਸ਼ ਲਈ ਬਹੁਤਾ ਕੁਝ ਨਹੀਂ ਲਿਖਿਆ ਹਾਂ ਜੋ ਕੁਝ ਅਖ਼ਬਾਰ ਮਹਿਕਮੇ ਨਾਲ ਸਬੰਧਤ ਲੇਖਕ ਹਨ ਉਹ ਜ਼ਰੂਰ ਲਿਖਦੇ ਰਹਿੰਦੇ ਹਨ।

ਪੰਜ ਕੁ ਮਹੀਨਿਆਂ ਤੋਂ ਸਾਹਿਤਕ ਸਭਾਵਾਂ ਦੇ ਪ੍ਰੋਗਰਾਮ ਫਿਰ ਚਾਲੂ ਹੋ ਗਏ ਹਨ, ਆਏ ਦਿਨ ਅਖ਼ਬਾਰਾਂ ਚ ਪੜ੍ਹਨ ਨੂੰ ਮਿਲਦਾ ਹੈ ਕਿ ਫਲਾਣੀ ਤਰੀਕ ਨੂੰ ਕਿਤਾਬ ਦੀ ਘੁੰਡ ਚੁਕਾਈ ਜਾਂ ਲੋਕ ਅਰਪਣ ਕੀਤੀ ਜਾਵੇਗੀ, ਤੇ ਨਾਲ ਹੀ ਕਵੀ ਸੰਮੇਲਨ ਹੋਵੇਗਾ। ਕਰੋਨਾ ਸਮੇਂ ਜਦ ਕਿਸਾਨ ਤੇ ਮਜ਼ਦੂਰ ਇਕੱਠੇ ਜਾ ਕੇ ਕਰੋੜਾਂ ਦੀ ਗਿਣਤੀ ਵਿਚ ਦਿੱਲੀ ਨੂੰ ਘੇਰੀ ਬੈਠੇ ਸਨ, ਸਾਹਿਤਕਾਰੋ ਭੈਣੋ ਤੇ ਭਰਾਵੋ ਕੋਰੋਨਾ ਕਾਰਨ ਤੁਸੀਂ ਸਾਹਿਤਕ ਸੰਮੇਲਨ ਪੰਜਾਬ ਵਿਚ ਨਹੀਂ ਕਰ ਸਕਦੇ ਸੀ ਸੰਯੁਕਤ ਮੋਰਚੇ ਜੋ ਦਿੱਲੀ ਦੇ ਆਲੇ ਦੁਆਲੇ ਬਹੁਤ ਥਾਵਾਂ ਤੇ ਮੌਜੂਦ ਹਨ ਉੱਥੇ ਵੀ ਸਾਹਿਤਕ ਸਭਾਵਾਂ ਹੋ ਸਕਦੀਆਂ ਸਨ ਕਿਉਂਕਿ ਸਾਹਿਤਕ ਸਭਾਵਾਂ ਵਿੱਚ ਉੱਚ ਕੋਟੀ ਦੇ ਲੇਖਕ ਹਨ ਜਿਨ੍ਹਾਂ ਦੀਆਂ ਰਚਨਾਵਾਂ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ, ਫਿਰ ਆਪਣੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਜਾ ਕੇ ਕੋਈ ਕਿਉਂ ਸਾਰਥਿਕ ਸਿੱਖਿਆ ਨਹੀਂ ਦਿੱਤੀ ਗਈ। ਕੀ ਸਰਕਾਰਾਂ ਤੋਂ ਡਰ ਲੱਗਦਾ ਹੈ ? ਕਿਸਾਨੀ ਸੰਘਰਸ਼ ਦਾ ਵਿਸ਼ਾ ਲੈ ਕੇ ਵੀ ਸਾਹਿਤਕ ਸੰਮੇਲਨ ਕਰਵਾਏ ਜਾ ਸਕਦੇ ਹਨ ਅੱਜ ਕੱਲ੍ਹ ਤਾਂ ਵੀਡੀਓ ਰਿਕਾਰਡਿੰਗ ਨਾਲ ਆਵਾਜ਼ ਪੂਰੀ ਦੁਨੀਆਂ ਤੱਕ ਪਹੁੰਚਾਈ ਜਾ ਸਕਦੀ ਹੈ। ਪਰ ਸਾਡੇ ਸਾਹਿਤਕਾਰ ਕਵਿਤਾਵਾਂ ਦੀ ਵਾਹ ਵਾਹ ਤੇ ਬੱਲੇ ਬੱਲੇ ਵਿੱਚੋਂ ਬਾਹਰ ਨਹੀਂ ਆ ਰਹੇ, ਤੁਸੀਂ ਸਾਰੇ ਸਬਦ ਭਰਪੂਰ ਹੋ ਸ਼ਬਦ ਗੁਰੂ ਬਾਬਾ ਨਾਨਕ ਜੀ ਨੇ ਕਿਹਾ ਹੈ ਉਹ ਕਿਸ ਕੰਮ ਲਈ ਵਰਤਣਾ ਹੈ ਕਦੇ ਸੋਚੋਗੇ।

ਇਸੇ ਸਾਲ ਦੀ ਗੱਲ ਹੈ ਕਿ ਭਾਸ਼ਾ ਵਿਭਾਗ ਪੰਜਾਬ ਵੱਲੋਂ ਗ਼ਲਤ ਪੁਰਸਕਾਰ ਦਿੱਤੇ ਗਏ,ਸਾਹਿਤਕਾਰਾਂ ਵਿੱਚ ਇਸ ਦੀ ਆਮ ਗੱਲਬਾਤ ਫੋਨਾਂ ਤੇ ਚਲਦੀ ਸੀ ਪਰ ਤੁਹਾਡੀ ਕਲਮ ਚੁੱਪ ਰਹੀ। ਪੰਜਾਬੀ ਸਾਹਿਤਕਾਰਾਂ ਨੂੰ ਮਾਣ ਰਹੇਗਾ ਇਨਕਲਾਬੀ ਤੇ ਮਹਾਨ ਲੇਖਕ ਮਿੱਤਰ ਸੈਨ ਮੀਤ ਜੀ ਨੇ ਬਹੁਤ ਵੱਡੀ ਖੋਜ ਕਰ ਕੇ ਕੋਰਟ ਵਿੱਚ ਕੇਸ ਲੈ ਕੇ ਆਂਦਾ ਬਹੁਤ ਸਾਰਥਕ ਸਬੂਤਾਂ ਨਾਲ ਸਿੱਧ ਕਰ ਦਿੱਤਾ ਕਿ ਇਹ ਸ਼੍ਰੋਮਣੀ ਪੁਰਸਕਾਰ ਗਲਤ ਦਿੱਤੇ ਗਏ ਹਨ, ਜੱਜ ਸਾਹਿਬ ਨੇ ਪੁਰਸਕਾਰ ਦੇਣ ਤੇ ਪਾਬੰਦੀ ਲਗਾ ਦਿੱਤੀ। ਪੁਰਸਕਾਰ ਸਾਰੇ ਗ਼ਲਤ ਨਹੀਂ ਹੋਣਗੇ ਪਰ ਸਾਡੇ ਸਾਹਿਤਕਾਰ ਚੁੱਪ ਧਾਰੀ ਬੈਠੇ ਹਨ।ਚਲੋ ਪੰਜਾਬੀਆਂ ਨੂੰ ਆਦਤ ਹੈ ਆਪਾਂ ਕਿਸੇ ਤੋਂ ਕੀ ਲੈਣਾ ਪਰ ਜਿਨ੍ਹਾਂ ਨੂੰ ਪੁਰਸਕਾਰ ਮਿਲੇ ਹਨ ਉਨ੍ਹਾਂ ਨੇ ਵੀ ਆਪਣੀ ਆਵਾਜ਼ ਨਹੀਂ ਉਠਾਈ ਕੀ ਸ਼੍ਰੋਮਣੀ ਪੁਰਸਕਾਰ ਗ਼ਲਤ ਜਾਂ ਸਹੀ ਹਨ ਸਭ ਨੂੰ ਸੋਚਣ ਲਈ ਮਜਬੂਰ ਕਰ ਰਹੇ ਹਨ। ਸਾਹਿਤਕ ਸਭਾਵਾਂ ਕਿਸ ਲਈ ਸਥਾਪਤ ਹੁੰਦੀਆਂ ਹਨ, ਸਿਰਫ਼ ਸੜਕਾਂ ਦੇ ਬੋਰਡਾਂ ਦੇ ਨਾਮ ਠੀਕ ਕਰਵਾਉਣ ਲਈ ਜਾਂ ਦਫ਼ਤਰਾਂ ਵਿੱਚ ਪੰਜਾਬੀ ਲਾਗੂ ਕਰਵਾਉਣ ਲਈ, ਉਸ ਲਈ ਵੀ ਹਾੜ੍ਹੀ ਸਾਉਣੀ ਕਦੇ ਧਰਨੇ ਲਗਾ ਲੈਂਦੇ ਹਨ ਜਾਂ ਕੋਈ ਪ੍ਰੋਗਰਾਮ ਕਰ ਲੈਂਦੇ ਹਨ ਉਹ ਵੀ ਤੁਹਾਡੇ ਕੋਲੋਂ ਪੂਰਾ ਨਹੀਂ ਹੋਇਆ। ਸੰਵਿਧਾਨ ਵਿੱਚ ਸਾਫ਼ ਲਿਖਿਆ ਹੋਇਆ ਹੈ ਕਿ ਜ਼ਿਲ੍ਹਾ ਵਾਰ ਕੋਰਟ ਵਿਚ ਖੇਤਰੀ ਭਾਸ਼ਾ ਦਾ ਇਸਤੇਮਾਲ ਹੋਵੇ, ਦੂਰਦਰਸ਼ਨ ਪੰਜਾਬੀ ਖੇਤਰੀ ਚੈਨਲ ਹੈ ਕਿ ਇੱਥੇ ਸਾਡੀ ਖੇਤਰੀ ਭਾਸ਼ਾ ਚੱਲ ਰਹੀ ਹੈ ? ਪੂਰੀ ਦੁਨੀਆਂ ਦਾ ਪੇਟ ਭਰਨ ਵਾਲੇ ਕਿਵੇਂ ਦੁੱਖ ਸਹਿ ਕੇ ਜਿੱਤ ਦੇ ਬਿਲਕੁਲ ਨੇੜੇ ਹਨ। ਪਰ ਸਾਹਿਤਕ ਸਭਾਵਾਂ ਨੇ ਕੋਈ ਸਹਿਯੋਗ ਨਹੀਂ ਦਿੱਤਾ ਜਦੋਂ ਜਿੱਤ ਜਾਣਗੇ ਫੇਰ ਬਾਕਾਇਦਾ ਉਨ੍ਹਾਂ ਦੇ ਮੁਖੀਆਂ ਨੂੰ ਬੁਲਾ ਕੇ ਸਨਮਾਨਤ ਕਰਨਗੇ, ਸਾਹਿਤਕ ਸਭਾਵਾਂ ਨੂੰ ਹਮੇਸ਼ਾ ਜਾਗਦੇ ਰਹਿਣਾ ਚਾਹੀਦਾ ਹੈ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਰਾਖੀ ਪੂਰਨ ਰੂਪ ਵਿੱਚ ਕਰਨੀ ਚਾਹੀਦੀ ਹੈ। ਮੇਰੀ ਤਾਂ ਦਾਸ ਦੀ ਹੱਥ ਬੰਨ੍ਹ ਕੇ ਬੇਨਤੀ ਹੈ ਮੈਂ ਕੋਈ ਲੇਖਕ ਨਹੀਂ ਪਰ ਦੁੱਖ ਸੁੱਖ ਦੀ ਗੱਲ ਹਮੇਸ਼ਾ ਕਰ ਲੈਂਦਾ ਹਾਂ। ਬੁੱਧੀਜੀਵੀਓ ਤੇ ਸਾਹਿਤਕਾਰੋ ਕਦੇ ਸੁਣ ਲਿਆ ਕਰੋ ਤਾਂ ਜੋ ਤੁਹਾਨੂੰ ਜਨਤਾ ਸਨਮਾਨਤ ਕਰਨ ਲਈ ਤੁਹਾਡੀਆਂ ਸਭਾਵਾਂ ਵਿਚ ਜ਼ਰੂਰ ਆਇਆ ਕਰੇਗੀ। ਆਮੀਨ

ਰਮੇਸ਼ਵਰ ਸਿੰਘ
ਪਟਿਆਲਾ
ਸੰਪਰਕ ਨੰਬਰ-9914880392

Previous articleਪੁਲੀਸ ਭਰਤੀ ਵਿੱਚ ਨਕਲ ਕਰਵਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਦੇ ਹੁਕਮ
Next articleIf you don’t want to give children eggs in the mid-day meal then give them Paneer and milk daily, says Dr Manisha Bangar