ਆਖਿਰ ਕਿਉਂ ਭੈਣ ਘਰ ਭਾਈ ਕੁੱਤਾ ?

ਸਰਬਜੀਤ ਕੌਰ ਹਾਜੀਪੁਰ

(ਸਮਾਜ ਵੀਕਲੀ)

” ਗੱਲ ਸੁਣਲਾ ਮੇਰੀ ਭਾਗਵਾਨੇ ਤੂੰ ਆਪਣੀ ਮਰਜੀ ਕਰਦੀ ਪਈ ਆ ਪਰ ਮੈਂ ਇਸ ਰਿਸ਼ਤੇ ਤੋਂ ਨਾਖੁਸ਼ ਹਾਂ …ਜੇ ਮੇਰੇ ਵੀਰ ਭਰਜਾਈ ਜਿਓੰਦੇ ਹੁੰਦੇ ਐਨੀ ਜਲਦੀ ਫਾਹਾ ਨ ਵੱਢਦੇ ਧੀ-ਧਿਆਣੀ ਦਾ ….ਭਾਗਵਾਨੇ ਪਾਪ ਨਾ ਕਮਾ ਕੁੜੀ ਨਿਆਣੀ ਆ ਅਜੇ ਉਹ ਆਪਣਾ ਆਪ ਨਹੀਂ ਸਾਂਭ ਸਕਦੀ ਰੀਣ ਭਰ ਵੀਰ ਨੂੰ ਕਿਦਾਂ ਸੰਭਾਲੂਗੀ?”

… ਜੀਤ ਦਾ ਚਾਚਾ ਓਹਦੀ ਚਾਚੀ ਦੇ ਅੱਗੇ ਹਾੜੇ ਕੱਢ ਰਿਹਾ ਸੀ….”ਮੈਂ ਆਪਣੇ ਜਵਾਕ ਨਹੀਂ ਸਾਂਭਣੇ ਹੁੰਦੇ ਮੈਂ ਕੀ ਕਰਾਂ ਇਹਨਾਂ ਨੂੰ .. ਮੈਂ ਵਿਚੋਲਿਆਂ ਨਾਲ ਗੱਲ ਕਰ ਲਈ ਆ ਇਹਦਾ ਛੋਟਾ ਭਰਾ ਨਾਲ ਹੀ ਰਹੂਗਾ ਇਹਦੇ …….. ਭਾਗਵਾਨੇ ਤੂੰ ਕਹਾਵਤ ਸੁਣੀ ਆ ਹਨਾ “ਸੋਹਰੇ ਘਰ ਜਵਾਈ ਕੁੱਤਾ ,ਭੈਣ ਘਰ ਭਾਈ ਕੁੱਤਾ ” ਰੁਲ ਜਾਣਾ ਜਵਾਕ ਓਥੇ ਜਾ ਕੇ !!……………..

“ਦੀਦੀ … ਦੀਦੀ .. ਓਏ ਦੀਦੀ ਕਿੱਥੇ ਟਿਕ ਟਿੱਕੀ ਲਾਈ ਬੈਠੇ ਹੋ ?” ਅਮਰ ਨੇ ਜੀਤ ਨੂੰ ਸੋਚਾਂ ਦੇ ਸਮੁੰਦਰ ਚੋਂ ਬਾਹਰ ਕਢਦੇ ਹੋਏ ਕਿਹਾ !! ਜੀਤ ਨੇ ਗੱਲ ਬਦਲਦੇ ਹੋਏ ਕਿਹਾ , ” ਕੁੱਝ ਨਹੀਂ ਵੀਰੇ ਬੱਸ ਮੰਮੀ ਡੈਡੀ ਦੀ ਯਾਦ ਆ ਰਹੀ ਸੀ” ..ਮੈਨੂੰ ਪਤਾ ਤੁਸੀਂ ਸੋਚਦੇ ਹੋਣੇ ਆ ਜੇ ਮੰਮੀ- ਡੈਡੀ ਸਾਨੂੰ ਛੱਡ ਕੇ ਨਾ ਜਾਂਦੇ ਤੁਸੀਂ ਵੀ ਜੂਨ ਦੀਆਂ ਛੁੱਟੀਆਂ ਵਿਚ ਸਾਡੇ ਕੋਲ ਰਹਿਣ ਆਇਆ ਕਰਨਾ ਸੀ ਹਨਾ ? “ਅਮਰ ਆਪਣੀ ਵੱਡੀ ਭੈਣ ਜੀਤ ਨੂੰ ਕਹਿੰਦਾ ਹੈ। ” ਵਾਹ ਅਮਰ ਤੂੰ ਮੇਰੇ ਨਾਲੋਂ ਅੱਠ ਸਾਲ ਛੋਟਾ ਆ ਓਏ ਤੂੰ ਐਨਾ ਵੱਡਾ ਹੋ ਗਿਆ ਕਿੰਨੀਆਂ ਵੱਡੀਆਂ-ਵੱਡੀਆਂ ਗੱਲਾਂ ਕਰਨ ਲੱਗ ਗਿਆ ਆ …..ਜੀਤ ਨੇ ਅੱਖਾਂ ਪੂੰਝਦੇ ਹੋਏ ਅਮਰ ਨੂੰ ਕਿਹਾ |

ਝੱਲਾ ਜੇਹਾ ਮੈਨੂੰ ਰਵਾ ਦਿੰਦਾ ਆ ..ਆਜਾ ਆ ਕੇ ਰੋਟੀ ਖਾਲਾ ਥਕਿਆ ਹੋਇਆ ਆਇਆ ਆ ਸਕੂਲ ਤੋਂ … ਫੇਰ ਜੇ ਤੇਰੇ ਜੀਜਾ ਜੀ ਆ ਗਏ ਐਂਵੇ ਬੋਲਣਗੇ !! …..ਰੋਟੀ ਵੀ ਖਾ ਲੈਂਦਾ ਆ ਪਹਿਲਾਂ ਡੰਗਰਾਂ ਨੂੰ ਪੱਠੇ ਪਾ ਦੇਵਾਂ ਐਦਾਂ ਕਹਿ ਅਮਰ ਡੰਗਰਾਂ ਵਾਲੇ ਹਾਤੇ ਵੱਲ ਤੁਰ ਪਿਆ !! ਜੀਤ ਉੱਪਰ ਵੱਲ ਦੇਖਦੀ ਹੋਈ ਰੱਬ ਨੂੰ ਸ਼ਿਕਾਇਤ ਕਰਦੀ ਹੈ ,”ਹਾਏ! ਵੇ ਡਾਢਿਆ, ਇਹਨੂੰ ਜਵਾਕ ਨੂੰ ਵੱਡਾ ਹੋ ਲੈਣ ਦਿੰਦਾ …ਕੀ ਕਾਹਲੀਆਂ ਪੈ ਗਈਆਂ ਸੀ ਸਾਡੇ ਮਾਂ ਪਿਓ ਨੂੰ ਲੈ ਕੇ ਜਾਣ ਦੀਆਂ ।ਅਜੇ ਤੇ ਸੁਰਤ ਵੀ ਨਹੀਂ ਸਾਂਭੀ ਸੀ ਇਹਨੇ ਇਹਨੂੰ ਤੇ ਵਚਾਰੇ ਨੂੰ ਇਹ ਵੀ ਨਹੀਂ ਪਤਾ ਮਾਂ ਪਿਓ ਹੁੰਦੇ ਕੀ ਆ ?”

ਪਾਲ ਗੇਟ ਵਿੱਚੋਂ ਰੋਲਾ ਪਾਉਂਦਾ ਆਉਂਦਾ ਹੈ, “ਅਮਰ , ਓਏ ਅਮਰ ! ਕਿਥੇ ਮਰ ਗਿਆ ਡੰਗਰ ਭੁੱਖੇ ਆ , ਓਏ ਬੋਲ ਪਉ ਗੂੰਗਿਆ ਜਿਹਾ “ਤੈਨੂੰ ਸੁਣਦਾ ਕੇ ਨਹੀਂ ? ਪਾਲ ਇੱਕੋ ਸਾਹੇ ਕਿੰਨੀਆਂ ਅਵਾਜ਼ਾਂ ਮਾਰ ਗਿਆ …. ਅਮਰ ਨੂੰ !! ਪਰ ਅੱਗੋਂ ਕੋਈ ਅਵਾਜ ਨਾ ਆਈ …..ਪਾਲ ਨੇ ਤੂੜੀ ਵਾਲੇ ਕਮਰੇ ਦੀ ਪਲੀ ਚੁੱਕੀ ਤੇ ਓਥੇ ਅਮਰ ਮੰਜਾ ਢਾਹ ਕੇ ਟੇਪਰਿਕਾਉਡਰ ਤੋਂ ਕੰਨਾਂ ਚ ਹੈਡਫੋਨ ਲਾ ਕੇ ਲੰਮਾ ਪਿਆ ਹੋਇਆ ਸੀ … ਪਾਲ ਨੇ ਜ਼ੋਰ ਨਾਲ ਮੰਜੇ ਚ ਲੱਤ ਮਾਰੀ ਅਮਰ ਤ੍ਰਪਕ ਕੇ ਉੱਠ ਗਿਆ….ਓਹਨੇ ਆਪਣੇ ਕੰਨਾਂ ਵਿਚੋਂ ਹਫੜਾ ਦਫੜੀ ਨਾਲ ਕੰਨਾਂ ਚੋ ਹੈਡਫੋਨ ਕਢਦੇ ਹੋਏ ਕਿਹਾ ,ਹਾਂਜੀ ਜੀਜਾ ਜੀ !

ਕੀ ਹੋਇਆ ? ਕੰਮ ਸੀ ਕੋਈ ? ਮੈਨੂੰ ਅਵਾਜ ਮਾਰ ਦਿੰਦੇ”…….ਤੈਨੂੰ ਸਾਲਿਆ 500 ਅਵਾਜ ਮਾਰੀ ਤੈਨੂੰ ਸਵਾਹ ਸੁਣਨੀ ਸੀ ..ਕੰਨਾਂ ਚ ਤੇਰੇ ਟੂਟੀਆਂ ਲਾਈਆਂ ਆ…. ਤੂੰ ਕੀ ਕਰਨਾ ਵੇਹਲੜਾ ਮੁਫ਼ਤ ਦਾ ਲੰਗਰ ਮਿੱਲੀ ਜਾਂਦਾ ਤੈਨੂੰ …..ਐਸ਼ ਕਰਨ ਆਇਆ ਤੂੰ ਤੇ ਸਾਡੇ ਘਰੇ …ਤੇਰੇ ਚਾਚਾ-ਚਾਚੀ ਨੇ ਵੀ ਬਦਲਾ ਲਿਆ ਮੇਰੇ ਕੋਲੋਂ ਦਾਜ ਵਿੱਚ ਹੋਰ ਕੁੱਝ ਸਰਿਆ ਨਹੀਂ ਉਹਨਾਂ ਕੋਲੋਂ ਜੋਆ ਪਲੇ ਪਾ ਦਿੱਤਾ ਮੇਰੇ ।….. ਪਾਲ ਮਿੰਟਾਂ ਵਿੱਚ ਅਮਰ ਨੂੰ ਕਈ ਕੁੱਝ ਸੁਣਾ ਗਿਆ ….ਅਮਰ ਨੀਵੀਂ ਪਾ ਕੇ ਕਮਰੇ ਚੋਂ ਤੂੜੀ ਦੀ ਪੰਡ ਲੈ ਕੇ ਬਾਹਰ ਆ ਗਿਆ…ਅੰਦਰੋਂ ਅੰਦਰੀ ਮਨ ਭਰਦਾ ਹੋਇਆ ਸੋਚ ਰਿਹਾ ਸੀ ਜੇ ਮੇਰੇ ਥਾਂ ਤੇ ਜੀਜਾ ਜੀ ਦਾ ਛੋਟਾ ਭਰਾ ਹੁੰਦਾ ਕੀ ਇਹ ਓਹਦੇ ਨਾਲ ਵੀ ਇੰਝ ਕਰਦੇ ?

ਸਰਬਜੀਤ ਕੌਰ ਹਾਜੀਪੁਰ
ਸ਼ਾਹਕੋਟ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਿਰਮੋਹੇ
Next articleਨਵਾਂ ਸਮਾਜ