“ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ “

ਸੰਜੀਵ ਸਿੰਘ ਸੈਣੀ

(ਸਮਾਜ ਵੀਕਲੀ) ਕੁਦਰਤ ਹੀ ਰੱਬ ਹੈ। ਕੁਦਰਤ ਅਸੀਮ ਸੁੰਦਰਤਾ ਨਾਲ ਭਰਪੂਰ ਹੈ। ਦੇਖਦੇ ਹੀ ਹਾਂ ਕਿ ਪਾਰਕਾਂ ਵਿੱਚ ਇੱਕ ਪਾਸੇ ਤੇ ਵੱਡੇ ਵੱਡੇ ਦਰੱਖਤ ਹੁੰਦੇ ਹਨ। ਕੋਇਲ ਦੀ ਕੂ ਕੂ ,ਚਿੜੀਆਂ ਦੇ ਚਹਿ ਚਹਾਉਣ ਦੀਆਂ ਆਵਾਜ਼ਾਂ ,ਪੈਲ ਪਾਂਦੇ ਮੋਰ , ਹੋਰ ਵਧੀਆਂ ਆਵਾਜ਼ਾਂ ਕੱਢਣ ਵਾਲੇ ਪੰਛੀ ਦਿਲ ਨੂੰ ਬਹੁਤ ਸਕੂਨ ਦਿੰਦੇ ਹਨ। ਸਵੇਰ ਦਾ ਨਜ਼ਾਰਾ ਤਾਂ ਬਹੁਤ ਖ਼ੂਬਸੂਰਤ ਹੁੰਦਾ ਹੈ। ਸਵੇਰੇ ਸਵੇਰੇ ਲੋਕ ਪਾਰਕਾਂ ਵਿੱਚ ਸੈਰ ਕਰਨ ਆਉਂਦੇ ਹਨ ।ਵਰਜਿਸ਼ ਕਰਦੇ ਹਨ, ਯੋਗਾ ਕਰਦੇ ਹਨ ਤਾਂ ਜੋ ਉਹਨਾਂ ਨੂੰ ਸ਼ਾਂਤੀ ਮਿਲ ਸਕੇ। ਧਰਤੀ ਤੇ ਹਰ ਇੱਕ ਜੀਵ ਨੂੰ ਰਹਿਣ ਦਾ ਪੂਰਾ ਹੱਕ ਹੈ। ਹਰ ਜੀਵ ਆਜ਼ਾਦੀ ਨਾਲ ਆਪਣੀ ਜ਼ਿੰਦਗੀ ਬਸਰ ਕਰ ਸਕਦਾ ਹੈ। ਪਿਛਲੇ ਕੁਝੂ ਸਾਲਾਂ ਤੋਂ ਦੇਖਿਆ ਕਿ ਮਨੁੱਖ ਦੀ ਸੋੜੀ ਸੋਚ ਕਾਰਨ ਜੀਵ ਜੰਤੂ ਬਹੁਤ ਪ੍ਰਭਾਵਿਤ ਹੋ ਰਹੇ ਹਨ। ਪੈਸੇ ਦੀ ਹੋੜ ਇੰਨੀ ਵੱਧ ਗਈ ਹੈ ਕਿ ਆਪਣਿਆਂ ਨੂੰ ਵੀ ਨਹੀਂ ਬਖਸ਼ਦਾ। 2012 ਵਿੱਚ ਜੋ ਉੱਤਰਾਂਖੰਡ ਵਿੱਚ ਹੜਾਂ ਕਰਨ ਤਬਾਹੀ ਹੋਈ ਸੀ, ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀ ਸੀ। ਮਨੁੱਖ ਫਿਰ ਵੀ ਨਹੀਂ ਸੰਭਲਿਆ। ਪਿਛਲੇ ਹੀ ਸਾਲ ਉੱਤਰਾਖੰਡ ਤੇ ਧਰਮਸ਼ਾਲਾ ਦੇ ਕਈ ਇਲਾਕਿਆਂ ਵਿੱਚ ਤਰੇੜਾਂ ਆ ਗਈਆਂ। ਪਹਾੜੀ ਖੇਤਰਾਂ ਵਿੱਚ ਵੀ ਵੱਡੇ ਵੱਡੇ ਹੋਟਲ  ਉਸਾਰੇ ਜਾ ਰਹੇ ਹਨ। ਜੋਸ਼ੀ ਮੱਠ ਵਿੱਚ ਕਈ ਘਰ ਤਾਂ ਦੱਬ ਗਏ।

ਸਿਰਫ ਮਨੁੱਖ ਨੂੰ ਹੀ ਆਪਣੇ ਚੰਗੇ ਮਾੜੇ ਦੀ ਸੋਝੀ ਹੈ। ਪਿਛਲੇ ਕਾਫੀ ਲੰਬੇ ਸਮੇਂ ਤੋਂ ਮਨੁੱਖ ਕੁਦਰਤ ਨਾਲ ਲਗਾਤਾਰ ਛੇੜਛਾੜ ਕਰਨ ਤੋਂ ਬਾਜ਼ ਨਹੀਂ ਆ ਰਿਹਾ ਹੈ। ਮਨੁੱਖ ਨੇ ਆਪਣੇ ਨਿੱਜੀ ਹਿੱਤਾਂ ਲਈ ਕੁਦਰਤ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਮਨੁੱਖ ਦੀ ਹਉਮੈ ਤੇ ਲਾਲਚ ਨੇ ਕਈ ਜੀਵ ਜੰਤੂਆਂ ਦੀ ਨਸਲਾਂ ਨੂੰ ਵੀ ਖਤਮ ਕਰ ਦਿੱਤਾ ਹੈ। ਬਦਲਾਅ ਕੁਦਰਤ ਦਾ ਨਿਯਮ ਹੈ। ਹਰ ਸਾਲ ਖੇਤਾਂ ਵਿੱਚ ਨਾੜ ਨੂੰ ਅੱਗ ਲਗਾਈ ਜਾ ਰਹੀ ਹੈ। ਪ੍ਰਸ਼ਾਸਨ ਵੱਲੋਂ ਜਿੰਮੀਦਾਰਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਤਾਜੇ ਤਾਜੇ ਕਣਕ ਦੀ ਵਾਢੀ ਹੋ ਕੇ ਹਟੀ ਹੈ। ਆਪਣੇ ਹਿੱਸੇ ਦਾ ਅਨਾਜ ਤਾਂ ਜ਼ਿਮੀਂਦਾਰਾਂ ਨੇ ਚੁੱਕ ਲਿਆ। ਫਿਰ ਨਾੜ ਨੂੰ ਖੇਤਾਂ ਵਿੱਚ ਹੀ ਅੱਗ ਲਗਾ ਦਿੱਤੀ। ਅੱਗ ਅਜਿਹੀ ਲਗਾਈ ਕਿ ਜੋ ਹਰੇ ਭਰੇ ਖੇਤਾਂ ਵਿੱਚ ਦਰਖ਼ਤ ਸਨ ਸਾਰੇ ਹੀ ਸੜ ਕੇ ਸੁਆਹ ਹੋ ਗਏ। ਦਰਖਤਾਂ ਤੇ ਪੰਛੀਆਂ ਦੇ ਆਲਣੇ ਸਨ ,ਉਹ ਵੀ ਨਾਲ ਹੀ ਮਰ ਗਏ। ਕਾਟੋਆਂ ਦੇ ਬੱਚੇ ਮਰ ਗਏ। ਕਿਸੇ ਥਾਂ ਤੇ ਤਾਂ ਕਿੱਲੇ ਨਾਲ ਬੰਨੇ ਹੋਏ ਗਾਵਾਂ ਦੇ ਬੱਚੇ ਵੀ ਜ਼ਿੰਦਾ ਜਲ  ਗਏ। ਹੋਰ ਪਤਾ ਨਹੀਂ ਕਿੰਨੇ ਹੀ ਕੁਦਰਤੀ ਜੀਵ ਅੱਗ ਦਾ ਸ਼ਿਕਾਰ ਹੋ ਗਏ। ਆਪ ਜ਼ਿਮੀਦਾਰ ਤਾਂ ਅੱਗ ਲਗਾ ਕੇ ਆਪਣੇ ਘਰ ਨੂੰ ਚਲਾ ਗਿਆ। ਸੜਕਾਂ ਤੇ ਜੋ ਰਾਹਗੀਰ ਸਨ ਉਹਨਾਂ ਨੂੰ ਭਾਰੀ ਮੁਸ਼ੱਕਤ ਦਾ ਸਾਹਮਣਾ ਵੀ ਕਰਨਾ ਪਿਆ। ਦੁਰਘਟਨਾਵਾਂ ਦਾ ਵੀ ਕਈ ਲੋਕ ਸ਼ਿਕਾਰ ਹੋ ਗਏ। ਜਿਨਾਂ ਲੋਕਾਂ ਦਾ ਕੋਈ ਕਸੂਰ ਨਹੀਂ ਸੀ ਉਹਨਾਂ ਨੂੰ ਵੀ  ਮੌਤ ਨੇ ਨਿਗਲ ਲਿਆ। ਇਸ ਦਾ ਜਿੰਮੇਵਾਰ ਕੌਣ ਹੈ? ਵਿਚਾਰ ਕਰਨ ਵਾਲੀ ਗੱਲ ਹੈ।
ਇਨਸਾਨ ਦੀ ਦਖ਼ਲ ਅੰਦਾਜ਼ੀ ਕਰਕੇ ਅੱਜ ਵੱਡੇ ਵੱਡੇ ਜੰਗਲ ਤੱਕ ਖਤਮ ਕਰ ਦਿੱਤੇ ਹਨ। ਜਨਸੰਖਿਆ ਵੱਧ ਰਹੀ ਹੈ ।ਸ਼ਹਿਰਾਂ ਵਿੱਚ ਵੱਡੀ ਵੱਡੀ 30 ਮੰਜ਼ਲਾਂ ਉਸਾਰ ਦਿੱਤੀਆਂ ਗਈਆਂ ਹਨ। ਪਿਛਲੇ ਸਾਲ ਮੋਹਾਲੀ ਦੇ ਕਈ ਖੇਤਰਾਂ ਵਿੱਚ ਹੜਾਂ ਦੀ ਮਾਰ ਪਈ। ਪਾਣੀ ਦੀ ਨਿਕਾਸੀ ਨਹੀਂ ਰਹੀ। ਦਰਖਤ ਤਕਰੀਬਨ ਸਾਰੇ ਹੀ ਕੱਟ ਦਿੱਤੇ ਗਏ।ਪ੍ਰਦੂਸ਼ਣ ਦਿਨੋ ਦਿਨ ਵੱਧ ਰਿਹਾ ਹੈ। ਕੁਦਰਤੀ ਸੋਮਿਆਂ ਦੀ ਅੰਨੀ ਲੁੱਟ ਹੋ ਰਹੀ ਹੈ। ਅੱਜ ਤਾਪਮਾਨ 47 ਡਿਗਰੀ ਤੋਂ ਵੱਧ ਹੋ ਚੁੱਕਾ ਹੈ। ਜੀਵ ਜੰਤੂ ਵੀ ਪ੍ਰਭਾਵਿਤ ਹੋ ਰਹੇ ਹਨ। ਦੇਖਿਆ ਜਾਂਦਾ ਹੈ ਕਿ ਸ਼ਹਿਰਾਂ ਵਿੱਚ ਸਿਰਫ਼ ਇਮਾਰਤਾਂ ਹੀ ਦਿਸਦੀਆਂ ਹਨ ਕੋਈ ਬੁੱਟਾ ਤੱਕ ਨਹੀਂ ਦਿਖਦਾ ਹੈ।ਤਾਪਮਾਨ ਨੇ ਤਾਂ ਇੱਕ ਦਿਨ 50 ਡਿਗਰੀ ਨੂੰ ਵੀ ਪਾਰ ਕਰ ਜਾਣਾ ਹੈ। ਹਰ ਸਾਲ ਸਮਾਜ ਸੇਵੀ ਸੰਸਥਾਵਾਂ ਵੱਲੋਂ ਬਰਸਾਤ ਦੇ ਮੌਸਮ ਵਿੱਚ ਬੂਟੇ ਲਾਉਣ ਦਾ ਸੁਨੇਹਾ ਦਿੱਤਾ ਜਾਂਦਾ ਹੈ। ਸਿਰਫ ਬੂਟੇ ਲਾਉਣਾ ਹੀ ਉਸਦੀ ਜਿੰਮੇਵਾਰੀ ਨਹੀਂ ਹੈ। ਸਮੇਂ ਸਮੇਂ ਤੇ ਉਸ ਵਿੱਚ ਖਾਦ ਪਾਣੀ ਦਾ ਵੀ ਪ੍ਰਬੰਧ ਕਰਨਾ ਚਾਹੀਦਾ ਹੈ ।ਪਲਾਸਟਿਕ ਨੂੰ ਖੁੱਲੇ ਆਮ ਸੁੱਟ ਕੇ ਜਲਾਇਆ ਜਾ ਰਿਹਾ ਹੈ। ਪਲਾਸਟਿਕ ਦੇ ਵੱਡੇ ਵੱਡੇ ਲਿਫ਼ਾਫ਼ੇ ਢੇਰ ਦਾ ਰੂਪ ਧਾਰਨ ਕਰ ਰਹੇ ਹਾਂ। ਜਿਸ ਕਾਰਨ ਗਾਵਾਂ ਇਹਨਾਂ ਨੂੰ ਖਾ ਕੇ ਬਿਮਾਰ ਹੋ ਰਹੀਆਂ ਹਨ। ਸਮੁੰਦਰੀ ਕੰਡੇ ਵੀ ਲਿਫ਼ਾਫ਼ੇ ਪਲਾਸਟਿਕ ਦੇ ਆਮ ਦੇਖੇ ਜਾਂਦੇ ਹਨ। ਘੁੰਮਣ ਗਏ ਉੱਥੇ ਹੀ ਕਚਰਾ ਸੁੱਟ ਆਏ। ਇੰਦੌਰ ਭਾਰਤ ਦਾ ਸਭ ਤੋਂ ਸਾਫ ਸੁਥਰਾ ਸ਼ਹਿਰ ਹੈ । ਇੱਥੇ ਲੋਕ ਜੇ ਕੁੱਝ ਖਾ ਵੀ ਰਹੇ ਹੋਣ ਤਾਂ ਲਿਫ਼ਾਫ਼ੇ ਵਿੱਚ ਇਕੱਠਾ ਕਰ ਲੈਂਦੇ ਹਨ। ਫਿਰ ਜਾਣ ਲੱਗਿਆ ਜਿੱਥੇ ਕੂੜੇ ਦੇ ਡ੍ਰਮ  ਪਏ  ਹੁੰਦੇ ਹਨ, ਉਸ ਵਿੱਚ ਸੁੱਟ ਦਿੰਦੇ ਹਨ।
ਅੱਜ ਪੰਜਾਬ ਦੇ ਕਈ ਬਲਾਕਾਂ ਦਾ ਪਾਣੀ ਧਰਤੀ ਹੇਠਾਂ ਚਲਾ ਗਿਆ ਹੈ। ਪਾਣੀ ਦੀ ਦਿਨ ਪ੍ਰਤੀ ਦਿਨ ਮੁਸੀਬਤ ਬਣਦੀ ਜਾ ਰਹੀ ਹੈ। ਉਹ ਦਿਨ ਦੂਰ ਨਹੀਂ ਜਦੋਂ ਛੇਤੀ ਹੀ ਪੰਜਾਬ ਰੇਗਿਸਤਾਨ ਬਣ ਜਾਵੇਗਾ। ਦੇਖਦੀ ਹਾਂ ਕਿ ਵੱਡੇ ਸ਼ਹਿਰਾਂ ਵਿੱਚ ਪਾਣੀ ਦੀ ਸਮੱਸਿਆਂ  ਹੋ ਰਹੀ ਹੈ। ਪਿੱਛੇ ਜਿਹੇ ਕਰਨਾਟਕ ਦੇ ਬੰਗਲੋਰ ਸ਼ਹਿਰ ਵਿੱਚ ਬਹੁਤ ਲੋਕਾਂ ਨੂੰ ਪਾਣੀ ਦੀ ਦਿੱਕਤ ਦਾ ਸਾਹਮਣਾ ਕਰਨਾ ਪਿਆ। ਪਾਣੀ ਕੁਦਰਤੀ ਸੋਮਾ ਹੈ। ਇਸ ਨੂੰ ਬਚਾਉਣਾ ਸਾਡੀ ਸਭ ਦੀ ਨੈਤਿਕ ਜਿੰਮੇਵਾਰੀ ਹੈ।
 ਭਾਰਤ ਦੇ ਉੱਤਰ ਪੂਰਬੀ ਰਾਜ ਮਣੀਪੁਰ ਵਿੱਚ ਪਾਣੀ ਜੋ ਬੋਤਲਾਂ ਵਿੱਚ ਵਿਕਦਾ ਹੈ ਉਸ ਤੇ ਪੂਰਨ ਪਾਬੰਦੀ ਲਗਾਈ ਹੋਈ ਹੈ। ਉਥੋਂ ਦੀ ਸਰਕਾਰ ਨੇ ਲੋਕਾਂ ਨੂੰ ਜਾਗਰੂਕ ਕੀਤਾ। ਪਲਾਸਟਿਕ ਦੇ ਮਾੜੇ ਪ੍ਰਭਾਵ ਬਾਰੇ ਦੱਸਿਆ। ਸਾਡੇ ਇੱਥੇ ਤਾਂ ਕਈ ਵਾਰ ਦੇਖਿਆ ਜਾਂਦਾ ਹੈ ਕਿ ਹੋਟਲਾਂ ਵਿੱਚੋ ਜੋ ਖਾਣਾ ਲਿਆਇਆ ਜਾਂਦਾ ਹੈ,ਉਹ ਪਲਾਸਟਿਕ ਦੇ ਡੱਬੇ ਵਿੱਚ ਪੈਕ ਕਰਵਾ ਕੇ ਲਿਆਇਆ ਜਾਂਦਾ ਹੈ । ਜੋ ਕਿ ਬਹੁਤ ਜਿਆਦਾ ਖ਼ਤਰਨਾਕ ਹੁੰਦਾ ਹੈ।ਸਾਨੂੰ ਸੂਬੇ ਤੋਂ ਸਿੱਖਣ ਦੀ ਲੋੜ ਹੈ। ਜਦੋਂ ਵੀ ਅਸੀਂ ਬਾਜ਼ਾਰ ਵਿੱਚ ਕੋਈ ਸਮਾਨ ਲੈਣ ਜਾਂਦੇ ਹਾਂ, ਤਾਂ ਆਪਣਾ ਘਰ ਤੋਂ  ਤਿਆਰ ਕਪੜੇ ਦਾ ਬਣਿਆ ਥੈਲਾ ਜ਼ਰੂਰ ਲੈ ਕੇ ਜਾਓ ।ਕੁਦਰਤ ਦਾ ਸਤਿਕਾਰ ਕਰਨਾ ਚਾਹੀਦਾ ਹੈ। ਕਰੋਨਾ ਦੇ ਸਮੇਂ ਜੀਵ ਜੰਤੂ ਆਜ਼ਾਦ ਸਨ ਤੇ ਮਨੁੱਖ ਕੈਦ ਵਿੱਚ ਸੀ। ਅੱਜ ਇਹ ਵੇਲਾ ਸੋਚਣ ਦਾ ਹੈ। ਆਓ ਵੱਧ ਤੋਂ ਵੱਧ ਰੁੱਖ ਲਗਾ ਕੇ ਧਰਤੀ ਨੂੰ ਮੁੜ ਹਰਿਆ ਭਰਿਆ ਰੱਖੀਏ। ਇਨਸਾਨ ਨੇ ਇੱਥੇ ਸਥਾਈ ਨਹੀਂ ਰਹਿਣਾ ਹੈ। ਇਨਸਾਨ ਨੂੰ ਆਪਣਾ ਭੁਲੇਖਾ ਕੱਢ ਦੇਣਾ ਚਾਹੀਦਾ ਹੈ ਕਿ ਇੱਕ ਦਿਨ ਉਸਨੇ ਵੀ ਇਸ ਸੰਸਾਰ ਤੋਂ ਜਾਣਾ ਹੈ।
ਸੰਜੀਵ ਸਿੰਘ ਸੈਣੀ,7888966168
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
Previous article–ਗੱਲਾਂ ‘ਚੋਂ ਗੱਲਾਂ–
Next article,,,,,,,,,,,ਕਾਵਿ ਵਿਅੰਗ,,,,,,,,,,