ਜਲੰਧਰ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) : ਨਵੀਂ ਚੇਤਨਾ ਪੰਜਾਬੀ ਲੇਖਕ ਮੰਚ ਵਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਸਹਿਯੋਗ ਨਾਲ਼ ਵਿਰਸਾ ਵਿਹਾਰ ਜਲੰਧਰ ਵਿਖੇ ਅੱਜ ਪ੍ਰਭਾਵਸ਼ਾਲੀ ਸਾਹਤਿਕ ਪ੍ਰੋਗਰਾਮ ਕਰ ਕੇ ਕਨੇਡਾ ਵੱਸਦੇ ਨਾਮਵਰ ਸ਼ਾਇਰ ਪਾਲ ਢਿੱਲੋਂ ਦਾ ਗ਼ਜ਼ਲ ਸੰਗ੍ਰਹਿ ਸੁਪਨੇ ਵਾਲੀਆਂ ਅੱਖਾਂ ਲੋਕ ਅਰਪਣ ਕੀਤਾ ਗਿਆ।ਪ੍ਰਧਾਨਗੀ ਮੰਡਲ ਵਿਚ ਪ੍ਰੋ.ਸੰਧੂ ਵਰਿਆਣਵੀ (ਜਨ ਸਕੱਤਰ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ),ਹਰਬੰਸ ਸਿੰਘ ਅਕਸ,ਗੁਰਦੀਪ ਸਿੰਘ ਔਲਖ,ਜਗਦੀਸ਼ ਰਾਣਾ (ਸਕੱਤਰ ਕੇਂਦਰੀ ਪੰਜਾਬੀ ਲੇਖਕ ਸਭਾ) ਅਤੇ ਪਾਲ ਢਿੱਲੋਂ ਸੁਸ਼ੋਭਿਤ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਜਗਦੀਸ਼ ਰਾਣਾ ਨੇ ਜਿੱਥੇ ਨਵੀਂ ਚੇਤਨਾ ਪੰਜਾਬੀ ਲੇਖਕ ਮੰਚ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਓਥੇ ਹੀ ਪਾਲ ਢਿੱਲੋਂ ਬਾਰੇ ਬੋਲਦਿਆਂ ਕਿਹਾ ਕਿ ਪਾਲ ਢਿੱਲੋਂ ਦੀ ਪਹਿਲੀ ਪੁਸਤਕ ਉੱਡਦੀਆਂ ਫੁੱਲਕਾਰੀਆਂ 1998 ਵਿੱਚ ਛਪੀ ਸੀ ਤੇ ਹੁਣ ਉਨ੍ਹਾਂ ਦੀ ਦਸਵੀਂ ਪੁਸਤਕ ਸੁਪਨੇ ਵਾਲੀਆਂ ਅੱਖਾਂ ਲੋਕ ਅਰਪਣ ਕੀਤੀ ਜਾ ਰਹੀ ਹੈ।
ਪੁਸਤਕ ਬਾਰੇ ਵਿਚਾਰ ਚਰਚਾ ਕਰਦਿਆਂ ਪ੍ਰੋ ਸੰਧੂ ਵਰਿਆਣਵੀ ਅਤੇ ਲੈਕਚਰਾਰ ਬਲਬੀਰ ਕੌਰ ਰਾਏਕੋਟੀ ਨੇ ਕਿਹਾ ਕਿ ਸ਼ਾਇਰ ਅਪਣੇ ਆਲ਼ੇ ਦੁਆਲ਼ੇ ਵਾਪਰ ਰਹੀਆਂ ਘਟਨਾਵਾਂ ਤੋਂ ਚਿੰਤਤ ਹੈ ਤੇ ਆਪਣੇ ਨਿੱਜ ਦੇ ਨਾਲ਼ ਨਾਲ਼ ਪਰਹਿਤ ਦੇ ਦੁੱਖਾਂ ਦੀ ਬਾਤ ਪਾਉਂਦਾ ਹੈ। ਪਾਲ ਢਿੱਲੋਂ ਨੇ ਕਿਹਾ ਕਿ ਵਿਦੇਸ਼ ਰਹਿੰਦਿਆਂ ਵੀ ਉਹ ਖੁਦ ਨੂੰ ਪੰਜਾਬ ਘੁੰਮਦਾ ਮਹਿਸੂਸ ਕਰਦਾ ਹੈ.ਉਸ ਨੇ ਕਿਹਾ ਕਿ ਮੇਰੇ ਘਰ ਦੇ ਆਲ਼ੇ ਦੁਆਲ਼ੇ ਜੰਗਲ ਹਨ,ਪਹਾੜ ਹਨ ਤੇ ਬਹੁਤ ਸਾਰੀਆਂ ਝੀਲਾਂ ਹਨ ਏਸੇ ਲਈ ਮੇਰੀ ਸ਼ਾਇਰੀ ਕੁਦਰਤ ਦੇ ਅੰਗ ਸੰਗ ਰਹਿੰਦੀ ਹੈ.ਉਨ੍ਹਾਂ ਆਪਣੀਆਂ ਕੁਝ ਗ਼ਜ਼ਲਾਂ ਦੇ ਸ਼ਿਅਰ ਸੁਣਾ ਕੇ ਖ਼ੂਬ ਵਾਹ ਵਾਹ ਬਟੋਰੀ।ਪ੍ਰਸਿੱਧ ਕਹਾਣੀਕਾਰ ਭਗਵੰਤ ਰਸੂਲਪੁਰੀ ਨੇ ਪਾਲ ਢਿੱਲੋਂ ਨਾਲ਼ ਆਪਣੀਆਂ ਸਾਂਝਾਂ ਦਾ ਜਿਕਰ ਕਰਦਿਆਂ ਕਿਹਾ ਕਿ ਪਾਲ ਢਿੱਲੋਂ ਦੀ ਸ਼ਾਇਰੀ ਨੇ ਉਸ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ.ਇਸ ਮੌਕੇ ਨਵੀਂ ਚੇਤਨਾ ਪੰਜਾਬੀ ਲੇਖਕ ਮੰਚ ਵਲੋਂ ਪਾਲ ਢਿੱਲੋਂ ਅਤੇ ਨਿਊਜ਼ੀਲੈਂਡ ਤੋਂ ਆਏ ਪ੍ਰਸਿੱਧ ਸਮਾਜ ਸੇਵੀ ਅਮਰਜੀਤ ਬੰਗੜ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਮੌਕੇ ਹੋਏ ਸ਼ਾਨਦਾਰ ਕਵੀ ਦਰਬਾਰ ਵਿਚ ਗੁਰਦੀਪ ਸਿੰਘ ਔਲਖ , ਹਰਬੰਸ ਸਿੰਘ ਅਕਸ , ਸੰਧੂ ਵਰਿਆਣਵੀ , ਸਵਿੰਦਰ ਸੰਧੂ , ਪਾਲ ਢਿੱਲੋਂ, ਜਗਦੀਸ਼ ਰਾਣਾ, ਕੀਮਤੀ ਕੈਸਰ , ਅਰਜੁਨ ਗੁਪਤਾ , ਜਸਪਾਲ ਜੀਰਵੀ, ਨੱਕਾਸ਼ ਚਿੱਤੇਵਾਣੀ , ਸੁਰਜੀਤ ਸਾਜਨ, ਰੂਪ ਦਬੁਰਜੀ , ਗੁਰਦੀਪ ਸਿੰਘ ਸੈਣੀ, ਪ੍ਰਮੋਦ ਕਾਫ਼ਿਰ, ਸੋਨੀਆ ਭਾਰਤੀ, ਬਲਦੇਵ ਰਾਜ ਕੋਮਲ, ਸੁਖਦੇਵ ਗੰਢਵਾਂ, ਸੁਖਦੇਵ ਭੱਟੀ, ਮਨੋਜ ਫਗਵਾੜਵੀ, ਦਲਜੀਤ ਮਹਿਮੀ, ਸੋਢੀ ਸੱਤੋਵਾਲੀ, ਹੀਰਾ ਲਾਲ ਮਲਹੋਤਰਾ, ਕਮਲਜੀਤ ਕੰਵਰ , ਕੈਪਟਨ ਦਵਿੰਦਰ ਜੱਸਲ, ਬਲਬੀਰ ਕੌਰ ਰਾਏਕੋਟੀ ,ਗੁਰਮੁਖ ਲੁਹਾਰ , ਬਚਨ ਗੁੜੇ , ਤਰਸੇਮ ਜਲੰਧਰੀ, ਰੁਪਿੰਦਰ ਜੀਤ ਸਿੰਘ, ਸੀਰਤ ਸਿਖਿਆਰਥੀ , ਹਰਭਜਨ ਨਾਹਲ,ਆਦਿ ਕਵੀਆਂ ਨੇ ਆਪਣੀਆਂ ਰਚਨਾਵਾਂ ਨਾਲ਼ ਖ਼ੂਬ ਰੰਗ ਬੰਨ੍ਹਿਆ। ਇਸ ਮੌਕੇ ਕਰਨਲ ਜਗਬੀਰ ਸਿੰਘ ਸੰਧੂ, ਜੱਸੀ ਪਰਜਾਪਤੀ,ਮੋਤੀ ਰਾਮ ਚੌਹਾਨ ਵੀ ਵਿਸ਼ੇਸ਼ ਤੌਰ ਤੇ ਹਾਜ਼ਿਰ ਰਹੇ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly