(ਸਮਾਜ ਵੀਕਲੀ) ਇੱਕ ਪੱਟੀ ਓਹ ਹੁੰਦੀ ਹੈ, ਜਿਹੜੀ ਕਿਸੇ ਇਨਸਾਨ ਦੀਆਂ ਅੱਖਾਂ ਉੱਤੇ ਉਸਦੀ ਮਰਜ਼ੀ ਦੇ ਵਿਰੁੱਧ, ਬੰਨ੍ਹ ਦਿੱਤੀ ਜਾਂਦੀ ਹੈ। ਫੇਰ ਉਸਦੇ ਹੱਥ ਉਸਦੀ ਪਿੱਠ ਪਿੱਛੇ ਕਰਕੇ ਬੰਨ੍ਹ ਦਿੱਤੇ ਜਾਂਦੇ ਨੇ। ਓਸਨੂੰ ਕਿਹਾ ਜਾਂਦਾ ਕਿ ਤੇਰੇ ਸਾਹਮਣੇ ਹੁਣ ਸਭ ਕੁਝ ਈ ਚੰਗਾ ਹੋ ਰਿਹੈ ਤੇ ਹੁਣ ਸਭ ਕੁਝ ਈ ਮਾੜਾ ਹੋ ਰਿਹੈ। ਇਸ ਬਾਰੇ ਤੇਰੀ ਕੀ ਸੋਚ ਆ? ਹੁਣ ਪੱਟੀ ਬੰਨ੍ਹੀਂ ਵਾਲ਼ਾ ਇਨਸਾਨ, ਭਲਾ ਕੀ ਸੋਚ ਦੇ ਸਕਦੈ? ਦੂਸਰੇ ਪਾਸੇ ਅਣਘੜਿਆ ਜਾਤੂ ਲਈਂ ਇੱਕ ਬੰਦਾ ਖੜ੍ਹਾਇਆ ਹੁੰਦੈ ਕਿ ਜੇ ਇਹ ਚੁੱਪ ਰਹੂ ਤਾਂ ਜਾਤੂ ਇਹਦੇ ਗਿੱਟਿਆਂ ‘ਤੇ ਮਾਰੀਂ। ਹੁਣ ਹਰ ਇੱਕ ਇਨਸਾਨ ਏਡੇ ਪੱਕੇ ਜਿਗਰੇ ਤੇ ਲੋਹ-ਲੱਠ ਹੱਡਾਂ ਵਾਲ਼ਾ ਨਹੀਂ ਹੋ ਸਕਦਾ ਕਿ ਕੁੱਟ ਖਾਈ ਜਾਵੇ, ਪਰ ਓਹਨਾਂ ਦੀ ਮਰਜ਼ੀ ਮੁਤਾਬਕ ਨਾ ਬੋਲੇ, ਹਨਾ? ਦੂਸਰੇ ਪਾਸੇ ਓਹ ਨੇ, ਜਿਹੜਿਆਂ ਨੇ ਸਿਰਫ਼ ਤੇ ਸਿਰਫ਼ ਇੱਕ ਪਾਸੜ ਸੋਚ ਨਾਲ਼ ਦੇਖਣਾ ਹੁੰਦਾ। ਓਹਨਾਂ ਦੀਆਂ ਜਾਗਦੀਆਂ ਅੱਖਾਂ ਉੱਤੇ ਜਿਹੜੀ ਪੱਟੀ ਬੱਝੀ ਹੁੰਦੀ ਆ, ਓਹ ਭੇਡਾਂ ਦੀਆਂ ਉੱਨਾਂ ਤੋਂ ਤਿਆਰ ਕੀਤੀ ਹੁੰਦੀ ਆ। ਦੇਖਣ ਨੂੰ ਉੱਨ ਦੀ ਪੱਟੀ, ਪੱਟੀ ਲੱਗਦੀ ਆ, ਪਰ ਮੋਰੀਆਂ ਰਾਹੀਂ ਦਿਸਦਾ ਸਭ ਕੁਝ ਹੁੰਦੈ। ਸਭ ਕੁਝ ਦਿਸਣ ਦੇ ਬਾਵਜੂਦ ਓਹਨਾਂ ਦੀ ਜੀਭ ਨੇ ਬੋਲਣਾ “ਜ਼ਮੀਰ” ਮੁਤਾਬਕ ਹੁੰਦੈ।
-ਜਸਵਿੰਦਰ ਪੰਜਾਬੀ



