HOME ਗ਼ਜ਼ਲ / #ਜਗਦੀਸ਼_ਰਾਣਾ

ਗ਼ਜ਼ਲ / #ਜਗਦੀਸ਼_ਰਾਣਾ

ਜਗਦੀਸ਼ ਰਾਣਾ
  (ਸਮਾਜ ਵੀਕਲੀ)
ਮੈਂ ਆਪਣੀ ਕੁੱਲੀ ਦਾ ਰਾਜਾ,
ਮਹਿਲੀਂ ਜਾ ਨਈਂ ਸੀਸ ਝੁਕਾਉਂਦਾ।
ਮਾਣ ਕਰਾਂ ਅਪਣੀ ਮਿਹਨਤ ਦਾ,
ਮੈਂ ਨਈਂ ਥਾਂ ਥਾਂ ਹੱਥ ਫ਼ੈਲਾਉਂਦਾ।
ਫ਼ਿਰ ਖੇਤਾਂ ਵਿੱਚ ਸੋਨਾ ਉੱਗਦਾ
ਜਦ ਮਿੱਟੀ ਸੰਗ ਮਿੱਟੀ ਹੋਵਾਂ,
ਢਿੱਡ ਭਰਾਂ ਸਾਰੇ ਭਾਰਤ ਦਾ
ਮੈਂ ਧਰਤੀ ਦਾ ਪੁੱਤ ਕਹਾਉਂਦਾ।
ਰਸਤੇ ਵਿੱਚ ਹੀ ਸ਼ਾਮ ਢਲ਼ੀ ਤੇ
ਉੱਤੋਂ ਮੰਜ਼ਿਲ ਦੂਰ ਬੜੀ ਹੈ,
ਆਪੇ ਅਪਣਾ ਦੀਵਾ ਬਣ ਜਾ
ਨ੍ਹੇਰੇ ਨੂੰ ਤੂੰ ਜਾ ਰੁਸ਼ਨਾਉਂਦਾ।
ਮੈਂ ਨਈਂ ਰੁਕਣਾ,ਮੈਂ ਨਈਂ ਝੁਕਣਾ
ਹਾਕਮ ! ਜ਼ਾਲਮ ਕੁਝ ਵੀ ਕਰ ਲੈ,
ਮੈਂ ਤਾਂ ਸੁੱਤੇ ਲੋਕ ਜਗਾਉਂਦਾ
ਤੂੰ ਆਖੇਂ ਲੋਕੀਂ ਭੜਕਾਉਂਦਾ।
ਆਸ਼ਿਕ ਤੇ ਸ਼ਾਇਰ ਦੀ ਕਿਸਮਤ
ਉੱਜੜ ਕੇ ਵੀ ਹੱਸਦੇ ਰਹਿੰਦੇ,
ਜਗ ਇਹਨਾਂ ਨੂੰ ਸਮਝਣ ਦੀ ਥਾਂ
ਜਗ ਇਹਨਾਂ ਨੂੰ ਹੀ ਸਮਝਾਉਂਦਾ।
ਜੰਗ ਕਿਸੇ ਮਸਲੇ ਦਾ ਹੱਲ ਨਹੀਂ
ਜੰਗ ਸਦਾ ਬਰਬਾਦੀ ਕਰਦੀ,
ਮੈਂ ਜਾਣਾਂ ਇਹ,ਤੂੰ ਜਾਣੇਂ ਇਹ
ਹਾਕਮ ਕਿਉਂਕਰ ਸਮਝ ਨਈਂ ਪਾਉਂਦਾ।
ਅੰਨ੍ਹਾ ਗੂੰਗਾ ਬੋਲ਼ਾ ਹਾਕਮ
ਜਨਤਾ ਦਾ ਦੁੱਖ ਇਹ ਨਾ ਸਮਝੇ,
ਲੋਕਾਂ ਦੀ ਗੱਲ ਸੁਣਦਾ ਨਈਂ ਇਹ
ਅਪਣੇ ਮਨ ਦੀ ਬਾਤ ਸੁਣਾਉਂਦਾ।
ਪੰਜ ਦਰਿਆਵਾਂ ਦੀ ਧਰਤੀ ‘ਤੇ
ਹੁਣ ਪਾਣੀ ਹੀ ਮੁੱਕਦਾ ਜਾਵੇ,
ਚਿੰਤਾ ਤਾਂ ਹਰ ਕੋਈ ਕਰਦੈ
ਫ਼ਿਰ ਵੀ ਪਾਣੀ ਨਈਂ ਬਚਾਉਂਦਾ।
ਜੇ ਤੇਰੇ ਸ਼ਿਅਰਾਂ ਵਿੱਚ ‘ਰਾਣੇ’
ਲੋਕ ਹਿੱਤਾਂ ਦੀ ਗੱਲ ਨਾ ਕੋਈ,
ਫ਼ਿਰ ਤੂੰ ਕਾਗਜ਼ ਕਾਲ਼ੇ ਕਰਦੈਂ
ਫ਼ਿਰ ਤੂੰ ਬਸ ਏਂ ਕਲ਼ਮ ਘਸਾਉਂਦਾ।
ਸੰਪਰਕ 
79862-07849
98726-30635
Previous articleਬ੍ਰਿਸਟਲ ‘ਚ ਬੱਚਿਆਂ ਦੇ ਯੌਨ ਸ਼ੋਸ਼ਣ ਮਾਮਲੇ ‘ਚ 7 ਮਰਦ ਗ੍ਰਿਫਤਾਰ
Next articleਪੱਟੀ ਵਰਸਜ਼ “ਪੱਟੀ”