ਅਕਾਲੀ ਦਲ (ਸੰਯੁਕਤ) ਦੇ ਸਰਪ੍ਰਸਤ ਰਣਜੀਤ ਸਿੰਘ ਬ੍ਰਹਮਪੁਰਾ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ

ਚੰਡੀਗੜ੍ਹ (ਸਮਾਜ ਵੀਕਲੀ):  ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਤੇ ਪਾਰਟੀ ਦੇ ਹੋਰ ਆਗੂ ਅੱਜ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ। ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ, ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਟਕਸਾਲੀ ਆਗੂਆਂ ਦੀ ਘਰ ਵਾਪਸੀ ਲਈ ਅੱਜ ਉਚੇਚੇ ਤੌਰ ’ਤੇ ਜਥੇਦਾਰ ਬ੍ਰਹਮਪੁਰਾ ਦੇ ਚੰਡੀਗੜ੍ਹ ਸਥਿਤ ਗ੍ਰਹਿ ਵਿਖੇ ਪਹੁੰਚੇ। ਜਥੇਦਾਰ ਬ੍ਰਹਮਪੁਰਾ ਨੇ ਸਾਲ 2018 ਵਿੱਚ ਅਕਾਲੀ ਦਲ ਨਾਲੋਂ ਅਲਹਿਦਾ ਹੋ ਕੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਬਣਾਇਆ ਸੀ ਪਰ ਸਾਲ ਕੁ ਬਾਅਦ ਆਪਣੇ ਦਲ ਦਾ ਰਲੇਵਾਂ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵਿੱਚ ਕਰ ਦਿੱਤਾ ਸੀ ਤੇ ਉਹ ਇਸ ਦਲ ਦੇ ਸਰਪ੍ਰਸਤ ਸਨ। ਜਥੇਦਾਰ ਬ੍ਰਹਮਪੁਰਾ ਪਿਛਲੇ ਕਈ ਦਿਨਾਂ ਤੋਂ ਸ੍ਰੀ ਢੀਂਡਸਾ ਨਾਲ ਨਾਰਾਜ਼ ਚੱਲੇ ਆ ਰਹੇ ਸਨ।

ਜ਼ਿਕਰਯੋਗ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੌਮ ਦੇ ਭਲੇ ਲਈ ਪੰਥਕ ਏਕਤਾ ਦਾ ਸੱਦਾ ਦਿੱਤਾ ਸੀ। ਜਥੇਦਾਰ ਬ੍ਰਹਮਪੁਰਾ ਤੇ ਉਨ੍ਹਾਂ ਦੇ ਸਾਥੀਆਂ ਦਾ ਕਹਿਣਾ ਹੈ ਕਿ ਜਥੇਦਾਰ ਅਕਾਲ ਤਖਤ ਦੀ ਅਪੀਲ ਅੱਜ ਦੇ ਦੌਰ ’ਚ ਮਹੱਤਵ ਰੱਖਦੀ ਹੈ ਜਿਸ ਕਰਕੇ ਅਕਾਲੀ ਦਲ ’ਚ ਸ਼ਾਮਲ ਹੋ ਰਹੇ ਹਨ। ਸੁਖਬੀਰ ਸਿੰਘ ਬਾਦਲ ਨੇ ਜਥੇਦਾਰ ਬ੍ਰਹਮਪੁਰਾ ਤੇ ਸਾਥੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਜਥੇਦਾਰ ਬ੍ਰਹਮਪੁਰਾ ਦਾ ਅਸ਼ੀਰਵਾਦ ਪਾਰਟੀ ਨੂੰ ਮਜ਼ਬੂਤੀ ਬਖਸ਼ੇਗਾ। ਸ਼੍ਰੀ ਬਾਦਲ ਨੂੰ ਪਾਰਟੀ ਦਾ ਉਪ ਸਰਪ੍ਰਸਤ ਨਿਯੁਕਤ ਕਰਨ ਦਾ ਐਲਾਨ ਵੀ ਕੀਤਾ। ਇਸ ਮੌਕੇ ਬਲਵਿੰਦਰ ਸਿੰਘ ਭੂੰਦੜ, ਪ੍ਰੇਮ ਸਿੰਘ ਚੰਦੂਮਾਜਰਾ, ਸਿਕੰਦਰ ਸਿੰਘ ਮਲੂਕਾ ਤੇ ਪਾਰਟੀ ਦੇ ਹੋਰ ਸੀਨੀਅਰ ਆਗੂ ਹਾਜ਼ਰ ਸਨ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੋਵਿਡ: ਯੂਕੇ ਨੇ ਸਵੈ-ਇਕਾਂਤਵਾਸ ਦਾ ਸਮਾਂ 10 ਦਿਨਾਂ ਤੋਂ ਘਟਾ ਕੇ 7 ਦਿਨ ਕੀਤਾ
Next articleਏਸ਼ੀਅਨ ਵਿਕਾਸ ਬੈਂਕ ਵੱਲੋਂ ਪਾਕਿਸਤਾਨ ਨੂੰ 1.543 ਬਿਲੀਅਨ ਡਾਲਰ ਦਾ ਕਰਜ਼ਾ