*ਇਹ ਕੋਈ ਬੋਧੀ ਸਮਾਗਮ ਨਹੀਂ,ਸਗੋਂ ਅੰਦੋਲਨ ਹੈ -ਆਕਾਸ਼ ਲਾਮਾ *ਭੰਤੇ ਗਿਆਨ ਜੋਤੀ ਵਲੋਂ ਕ੍ਰਾਂਤੀਕਾਰੀ ਭਿਖਸ਼ੂ ਅੰਨਾਗਾਰਿਕ ਦੇ
160 ਵੇਂ ਜਨਮ ਦਿਨ ‘ਤੇ ਸ਼ਰਧਾ ਦੇ ਫੁੱਲ ਭੇਂਟ
ਪਟਨਾ,(ਸਮਾਜ ਵੀਕਲੀ) (ਪ੍ਰਿੰਸੀਪਲ ਪਰਮਜੀਤ ਜੱਸਲ)-ਅੱਜ ਪਟਨਾ ਦੇ ਪਾਟਲੀਪੁੱਤਰ ਗਾਂਧੀ ਮੈਦਾਨ ਵਿੱਚ ਆਲ ਇੰਡੀਆ ਬੁੱਧਿਸ਼ਟ ਫੋਰਮ ਦੀ ਅਗਵਾਈ ਵਿੱਚ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਆਏ ਬੋਧੀ ਭਿਖਸ਼ੂਆਂ, ਉਪਾਸ਼ਕਾਂ ਅਤੇ ਉਪਾਸ਼ਕਾਵਾਂ ਵਲੋਂ ਇੱਕ ਵਿਸ਼ਾਲ ਅੰਦੋਲਨ ਦੀ ਸ਼ੁਰੂਆਤ ਬੁੱਧ ਗਯਾ ਟੈਂਪਲ ਐਕਟ 1949 ਨੂੰ ਰੱਦ ਕਰਵਾਉਣ ਲਈ ਕੀਤੀ ਗਈ। ਇਹ ਵੀ ਮੰਗ ਕੀਤੀ ਗਈ ਕਿ ਬੁੱਧ ਗਯਾ ਮਹਾਂ ਵਿਹਾਰ ਨੂੰ ਨਿਰੋਲ ਬੋਧੀਆਂ ਦੇ ਹੱਥਾਂ ਵਿੱਚ ਸੌਂਪਿਆ ਜਾਵੇ। ਸ਼ਾਂਤੀ ਮਾਰਚ ਦੀ ਸ਼ੁਰੂਆਤ ਕ੍ਰਾਂਤੀਕਾਰੀ ਮਹਾਨ ਲੇਖਕ ਤੇ ਮਹਾਨ ਵਿਦਵਾਨ ਬੋਧੀ ਭਿਖਸ਼ੂ
ਅੰਨਾਗਾਰਿਕ ਧੰਮਪਾਲ ਦੇ 160ਵੇਂ ਜਨਮ ਦਿਨ ਮੌਕੇ ਅੰਦੋਲਨ ਦਾ ਆਰੰਭ ਕੀਤਾ । ਮੰਚ ‘ਤੇ ਤਥਾਗਤ ਬੁੱਧ , ਮਹਾਨ ਅਸ਼ੋਕ ਸਮਰਾਟ , ਅੰਨਾਗਾਰਿਕ ਧੰਮਪਾਲ ਤੇ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦੀਆਂ ਤਸਵੀਰਾਂ ‘ਤੇ ਫੁੱਲ ਮਲਾਵਾਂ ਭੇਂਟ ਕਰਕੇ ਭੰਤੇ ਗਿਆਨ ਜੋਤੀ ਲਦਾਖ ਅਤੇ ਹੋਰ ਭਿਖਸ਼ੂਆਂ ਨੇ ਬੁੱਧ ਵੰਦਨਾ ਕੀਤੀ । ਭਾਰਤ ਦੇ ਕੋਨੇ -ਕੋਨੇ ਤੋਂ ਆਏ ਬੋਧੀ ਭਿਖਸ਼ੂਆਂ, ਭਿਖਸ਼ੂ ਸੰਘ ਅਤੇ ਅੰਦੋਲਨਕਾਰੀ ਆਲ ਇੰਡੀਆ ਬੁੱਧਿਸ਼ਟ ਫੋਰਮ ਦੇ ਜਨਰਲ ਸਕੱਤਰ ਆਕਾਸ਼ ਲਾਮਾ ਦਾਰਜੀਲਿੰਗ ਨੂੰ ਸਮਤਾ ਸੈਨਿਕ ਦਲ ਦੇ ਮਾਰਸ਼ਲਾਂ ਨੇ ਸਲਾਮੀ ਦੇ ਕੇ ਸਤਿਕਾਰਤ ਕੀਤਾ। ਇਸ ਮੌਕੇ ‘ਤੇ ਅਕਾਸ਼ ਲਾਮਾ ਨੇ ਕਿਹਾ ਕਿ ਇਹ ਕੋਈ ਬੋਧ ਸਮਾਗਮ ਨਹੀਂ ਹੈ ,ਸਗੋਂ ਇੱਕ ਅੰਦੋਲਨ ਹੈ। ਜਦ ਤੱਕ ਬੋਧ ਗਯਾ ਟੈਂਪਲ ਐਕਟ 1949 ਨੂੰ ਸਰਕਾਰ ਰੱਦ ਨਹੀਂ ਕਰਦੀ ,ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਬੋਧੀ ਭਿਖਸ਼ੂ ਤੇ ਮਹਾਨ ਲੇਖਕ ਅੰਨਾਗਾਰਿਕ ,ਸ੍ਰੀ ਲੰਕਾ ਤੋਂ ਭਾਰਤ ਦੇ ਬੋਧ ਗਯਾ ਆਏ ਸਨ। ਉੱਥੇ ਉਹਨਾਂ ਨੂੰ ਗੈਰ ਬੋਧੀਆਂ ( ਹਿੰਦੂ ਬ੍ਰਾਹਮਣਾਂ) ਦੇ ਤਸ਼ੱਦਦ, ਤਸੀਹੇ ਅਤੇ ਜ਼ੁਲਮ ਦਾ ਸ਼ਿਕਾਰ ਹੋਣਾ ਪਿਆ। ਅੰਤ ਜੱਦੋ-ਜਹਿਦ ਕਰਦੇ ਹੋਏ ਉਹ ਬੋਧ ਗਯਾ ਦੇ ਅੰਦਰ ਦਾਖਲ ਹੋਏ ਤਾਂ ਉੱਥੇ ਦੇ ਮਾੜੇ ਹਾਲਾਤ ਨੂੰ ਦੇਖ ਕੇ ਬਹੁਤ ਦੁੱਖੀ ਹੋਏ ।ਉੱਥੇ ਗੈਰ ਬੋਧੀਆਂ ਨੇ ਕਬਜ਼ਾ ਕੀਤਾ ਹੋਇਆ ਸੀ।ਉੱਥੇ ਅੰਧ ਵਿਸ਼ਵਾਸ ,ਵਹਿਮਾਂ ਭਰਮਾਂ, ਪਾਖੰਡਵਾਦ ਦਾ ਬੋਲਬਾਲਾ ਸੀ। ਉਹਨਾਂ ਇਥੋਂ ਗੈਰ ਬੋਧੀਆਂ ਤੋਂ ਬੋਧ ਗਯਾ ਦੇ ਮਹਾਂ ਬੁੱਧ ਵਿਹਾਰ ਨੂੰ ਆਜ਼ਾਦ ਕਰਾਉਣ ਲਈ ਬੀੜਾ ਚੁੱਕਿਆ। ਸ੍ਰੀ ਲਾਮਾ ਜੀ ਨੇ ਕਿਹਾ ਕਿ ਅਸੀਂ ਸਾਰੇ ਬੋਧੀ ਹਾਂ,ਕੋਈ ਸਭਾ, ਸੁਸਾਇਟੀ, ਪਾਰਟੀ ਨਹੀਂ। ਅੱਜ ਸਾਰੇ ਬੋਧੀਆਂ ਨੇ ਇੱਕਮੁੱਠਤਾ ਦਾ ਸਬੂਤ ਦੇ ਕੇ ਸਾਡਾ ਮਾਣ ਵਧਾਇਆ ਹੈ। ਹੁਣ ਅੰਦੋਲਨ ਰਾਹੀਂ ਜਿੱਤ ਪ੍ਰਾਪਤ ਕਰਕੇ ਹੀ ਰਹਾਂਗੇ। ਬੋਧ ਗਯਾ ਮੰਦਰ ਐਕਟ 1949 ਵਿੱਚ ਸਰਕਾਰ ਨੇ 4 ਬੋਧੀਆਂ ਤੇ 4 ਗੈਰ ਬੋਧੀਆਂ (ਹਿੰਦੂ ਬ੍ਰਾਹਮਣ) ਨੂੰ ਮੈਂਬਰ ਬਣਾਇਆ ਹੈ ।ਇੱਕ ਮੈਂਬਰ ਸਰਕਾਰੀ ਡੀ.ਐਮ.,ਜੋ ਹਿੰਦੂ ਹੀ ਹੋਵੇਗਾ। ਇਸ ਤਰ੍ਹਾਂ ਬੋਧ ਗਯਾ ਮਹਾਂਬੁੱਧ ਵਿਹਾਰ ‘ਤੇ ਗੈਰ ਬੋਧੀਆਂ ਦਾ ਕਬਜ਼ਾ ਕੀਤਾ ਹੋਇਆ ਹੈ। ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਬੋਧ ਗਯਾ
ਮਹਾਂ ਬੁੱਧ ਵਿਹਾਰ ਦਾ ਪ੍ਰਬੰਧ ਨਿਰੋਲ ਬੋਧੀਆ ਨੂੰ ਦਿੱਤਾ ਜਾਵੇ ।ਬੋਧ ਗਯਾ ਟੈਂਪਲ ਐਕਟ 1949 ਨੂੰ ਰੱਦ ਕੀਤਾ ਜਾਵੇ। ਇਸ ਅੰਦੋਲਨ ‘ਚ ਬੌਧ ਉਪਾਸ਼ਿਕਾਂਵਾਂ (ਔਰਤਾਂ)ਵੱਲੋਂ ‘ ਜੈ ਮੰਗਲਮ’ ਕ੍ਰਾਂਤੀਕਾਰੀ ਗੀਤ ਗਾਇਆ ਗਿਆ। ਇਹਨਾਂ ਤੋਂ ਇਲਾਵਾ ਡਾ.ਹਰੀਸ਼ ਰਾਵਾਲਿਆ, ਸ਼ਸ਼ੀ ਕਾਂਤ, ਸਤੀਸ਼ ਕੁਮਾਰ ਵਿਧਾਇਕ,ਡਾ. ਉਦੈ ਨਰਾਇਣ ਚੌਧਰੀ(ਸਾਬਕਾ ਸਪੀਕਰ ), ਰਜਿੰਦਰ ਪਾਲ ਗੌਤਮ, ਭੰਤੇ ਰਾਮਾਸੁਰ (ਲਦਾਖ) ਪ੍ਰੋ.ਬਿਲਾਸ ਖਾਰਤ ਆਦਿ ਨੇ ਸੰਬੋਧਨ ਕੀਤਾ ਅਤੇ ਇਸ ਅੰਦੋਲਨ ਨੂੰ ਪੂਰਾ ਸਮਰਥਨ ਦਿੱਤਾ।ਵੱਖ-ਵੱਖ ਰਾਜਾਂ ਤੋਂ ਆਏ ਬੋਧੀ ਆਗੂਆਂ ਨੇ ਵੀ ਸੰਬੋਧਨ ਕੀਤਾ। ਬਾਅਦ ਵਿੱਚ ਸ਼ਾਂਤੀ ਮਾਰਚ ਗਾਂਧੀ ਮੈਦਾਨ ਤੋਂ ਸ਼ੁਰੂ ਹੋਇਆ। ਜਿਸ ਵਿੱਚ ਸਭ ਤੋਂ ਅੱਗੇ ਭਿਖਸ਼ੂ ਸੰਘ, ਆਪਣੇ ਹੱਥਾਂ ਵਿਚ ਬੈਨਰ, ਪੰਚਸ਼ੀਲ ਦੇ ਝੰਡੇ, ਮੰਗਾਂ ਵਾਲੇ ਮਾਟੋ ਵਾਲੀਆਂ ਤੱਖਤੀਆਂ ਲੈ ਕੇ ‘ਬੁੱਧਮਿ ਸ਼ਰਣਿਮ ਗਛਾਮਿ’ ਕਰਦੇ ਹੋਏ ਅੱਗੇ ਚੱਲ ਰਹੇ ਸਨ। ਉਹਨਾਂ ਦੇ ਪਿੱਛੇ ਬੋਧੀ ਉਪਾਸਕ,ਉਪਾਸਕਾਂਵਾਂ ਪੂਰੇ ਸੰਵਿਧਾਨਕ ਢੰਗ ਨਾਲ, ਅਨੁਸ਼ਾਸਨ ਅਨੁਸਾਰ ਕਾਫ਼ਲਿਆਂ ਦੇ ਰੂਪ ਵਿੱਚ ਮੁੱਖ ਮੰਤਰੀ ਦੇ ਨਿਵਾਸ ਸਥਾਨ ਵੱਲ ਜਾ ਰਹੇ ਸਨ। ਆਲ ਇੰਡੀਆ ਬੁੱਧਿਸਟ ਫੋਰਮ ਦੇ ਜਨਰਲ ਸਕੱਤਰ ਆਕਾਸ਼ ਲਾਮਾ , ਆਹੁਦੇਦਾਰਾਂ, ਭਿਖਸ਼ੂ ਸੰਘ ਅਤੇ ਬੋਧੀ ਉਪਾਸਕਾਂ ਵੱਲੋਂ ਮਾਨਯੋਗ ਮੁੱਖ ਮੰਤਰੀ ਸ੍ਰੀ ਨਿਤੀਸ਼ ਕੁਮਾਰ ਨੂੰ ਮੈਮੋਰੰਡਮ ਦਿੱਤਾ ਗਿਆ।
ਸ਼ਾਂਤੀ ਮਾਰਚ ਪਟਨਾ ਵਿਖੇ ਪੰਜਾਬ ਤੋਂ ਭਾਰੀ ਗਿਣਤੀ ਵਿੱਚ ਬੁੱਧਿਸ਼ਟਾਂ ਨੇ ਹਿੱਸਾ ਲਿਆ । ਇਹਨਾਂ ਵਲੋਂ ਵੀ ਬੁੱਧ ਗਯਾ ਮੰਦਿਰ ਐਕਟ 1949 ਨੂੰ ਰੱਦ ਕਰਨ ਅਤੇ ਮਹਾਂ ਬੁੱਧ ਵਿਹਾਰ ਬੁੱਧ ਗਯਾ ਦਾ ਕੰਟਰੋਲ ਅਤੇ ਪ੍ਰਬੰਧ ਨਿਰੋਲ ਬੁੱਧਿਸਟਾਂ ਨੂੰ ਦਿੱਤੇ ਜਾਣ ਦੀ ਮੰਗ ਕੀਤੀ।ਇਸ ਮੌਕੇ ਪੰਜਾਬ ਦੇ ਨੁਮਾਇੰਦਿਆ ‘ਚ ਭੰਤੇ ਰੇਵਤ,ਐਡਵੋਕੇਟ ਹਰਭਜਨ ਸਾਂਪਲਾ ,ਰੂਪ ਲਾਲ ਨੰਬਰਦਾਰ, ਗੁਰਮੀਤ ਲਾਲ ਸਾਂਪਲਾ, ਲਹਿੰਬਰ ਰਾਮ ,ਪ੍ਰਿੰਸੀਪਲ ਪਰਮਜੀਤ ਜੱਸਲ, ਦੀਪਕ, ਸੰਦੀਪ ਕੁਮਾਰ, ਧਰਮਵੀਰ, ਜੱਸ ਕੁਮਾਰ ,ਮੀਨੂੰ ਬੌਧ, ਜਗਦੀਸ਼ ਕੁਮਾਰ, ਹਕੂਮਤ ਰਾਏ, ਰਾਜ ਕੁਮਾਰ ,ਸੋਮਰਾਜ, ਸੁਖਬੀਰ ,ਚੰਦਨ ,ਲੀਲਾ ਦੇਵੀ, ਸ਼ਸ਼ੀ ਰੰਜਨ ਅਤੇ ਹੋਰ ਬਹੁਤ ਸਾਰੇ ਉਪਾਸਕ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly