ਪਟਿਆਲਾ (ਸਮਾਜ ਵੀਕਲੀ): ਪਟਿਆਲਾ ਵਿੱਚ ਸ੍ਰੀ ਕਾਲੀ ਮਾਤਾ ਮੰਦਿਰ ਵਿੱਚ ਸ਼ਰਾਰਤੀ ਅਨਸਰ ਵੱਲੋਂ ਕੀਤੀ ਬੇਅਦਬੀ ਦੀ ਕੋਸ਼ਿਸ਼ ਦੇ ਰੋਸ ਵਜੋਂ ਅੱਜ ਹਿੰਦੂ ਜਥੇਬੰਦੀਆਂ ਵੱਲੋਂ ਪਟਿਆਲਾ ਪੂਰਨ ਤੌਰ ’ਤੇ ਬੰਦ ਰੱਖਿਆ ਗਿਆ। ਬੰਦ ਦੀ ਖਾਸੀਅਤ ਇਹ ਰਹੀ ਕਿ ਇਸ ਨੂੰ ਸਾਰੇ ਵਰਗਾਂ ਨੇ ਪੂਰਾ ਸਮਰਥਨ ਦਿੱਤਾ ਅਤੇ ਸ਼ੇਰ-ਏ-ਪੰਜਾਬ ਮਾਰਕਿਟ, ਖ਼ਾਲਸਾ ਮੁਹੱਲਾ ਵੀ ਬੰਦ ਰਿਹਾ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਪੂਰੇ ਪਟਿਆਲਾ ਵਿੱਚ ਹਿੰਦੂ ਸਮਾਜ ਦੇ ਲੋਕਾਂ ਦੀ ਭਾਰੀ ਭੀੜ ਨੇ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕੀਤਾ। ਸ਼ਿਵ ਸੈਨਾ ਹਿੰਦੁਸਤਾਨ ਤੋਂ ਲੈ ਕੇ ਸਾਰੀਆਂ ਹਿੰਦੂ ਜਥੇਬੰਦੀਆਂ ਨੇ ਇਸ ਬੰਦ ਵਿਚ ਸ਼ਮੂਲੀਅਤ ਕੀਤੀ।
ਸ਼ਿਵ ਸੈਨਾ ਦੇ ਕੌਮੀ ਪ੍ਰਧਾਨ ਪਵਨ ਗੁਪਤਾ ਦੀ ਅਗਵਾਈ ਵਿੱਚ ਸਮੂਹ ਆਗੂਆਂ ਅਤੇ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ, ਜਿਨ੍ਹਾਂ ’ਚ ਪ੍ਰਮੁੱਖ ਆਗੂ ਰਵਿੰਦਰ ਸਿੰਗਲਾ, ਸ਼ਮਾਕਾਂਤ ਪਾਂਡੇ, ਕੇਕੇ ਗਾਭਾ, ਸੇਵਾ ਮੁਕਤ ਡੀ.ਐੱਸ.ਪੀ ਰਾਜਿੰਦਰ ਪਾਲ ਅਨੰਦ, ਅਮਰਜੀਤ ਬੰਟੀ, ਐਡਵੋਕੇਟ ਪੰਕਜ ਗੌੜ ਸ਼ਾਮਲ ਸਨ। ਇਨ੍ਹਾਂ ਤੋਂ ਇਲਾਵਾ ਰੋਸ ਧਰਨੇ ਵਿੱਚ ਪ੍ਰਦੀਪ ਯਾਦਵ, ਵਿਸ਼ਾਲ ਜਿੰਦਲ, ਹਰਪ੍ਰੀਤ ਸ਼ਰਮਾ ਅਤੇ ਰਾਮ ਹਨੂਮਾਨ ਸੇਵਾ ਦਲ ਤੋਂ ਜਗਦੀਸ਼ ਰਾਏ, ਸ਼ਿਵ ਭਾਰਦਵਾਜ, ਬਦਰੀ ਪ੍ਰਸਾਦ ਅਤੇ ਹੋਰ ਭਗਤਾਂ ਤੇ ਸ਼ਰਧਾਲੂਆਂ ਨੇ ਵੀ ਸ਼ਮੂਲੀਅਤ ਕੀਤੀ। ਧਰਨੇ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਤੇ ਐੱਸਐੱਸਪੀ ਨੇ ਸ੍ਰੀ ਕਾਲੀ ਮਾਤਾ ਮੰਦਰ ਵਿਖੇ ਆ ਕੇ ਸਮੂਹ ਹਿੰਦੂ ਸੰਗਠਨਾਂ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ ਅਤੇ ਆਪਣੀ ਜਾਂਚ ਬਾਰੇ ਵਿਸਥਾਰ ਨਾਲ ਦੱਸਿਆ।
ਸਮੂਹ ਹਿੰਦੂ ਸੰਗਠਨਾਂ ਦੇ ਨੁਮਾਇੰਦਿਆਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਕੀਤੀ ਇਸ ਕਥਿਤ ਬੇਅਦਬੀ ਕਾਂਡ ਦੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਨਾਲ-ਨਾਲ ਇਸ ਸਾਜ਼ਿਸ਼ ਦੇ ਪਿੱਛੇ ਦੀਆਂ ਤਾਕਤਾਂ ਦਾ ਪਰਦਾਫਾਸ਼ ਕੀਤਾ ਜਾਵੇ। ਉਨ੍ਹਾਂ ਸ੍ਰੀ ਕਾਲੀ ਮਾਤਾ ਮੰਦਰ ਵਿੱਚ ਸੁਰੱਖਿਆ ਪ੍ਰਬੰਧਾਂ ਵਿੱਚ ਆਈਆਂ ਖ਼ਾਮੀਆਂ ਨੂੰ ਦੂਰ ਕਰਨ ਦੀ ਮੰਗ ਵੀ ਕੀਤੀ ਗਈ। ਇਸ ’ਤੇ ਕਾਰਵਾਈ ਕਰਦੇ ਹੋਏ ਡੀਸੀ ਪਟਿਆਲਾ ਨੇ ਮੰਦਰ ਦੀ ਸੁਰੱਖਿਆ ਏਜੰਸੀ ਨੂੰ ਬਦਲਣ ਦੇ ਹੁਕਮ ਦਿੱਤੇ ਹਨ। ਸ਼ਿਵ ਸੈਨਾ ਦੇ ਕੌਮੀ ਪ੍ਰਧਾਨ ਪਵਨ ਗੁਪਤਾ ਨੇ ਸਭ ਦਾ ਇਸ ਬੰਦ ਦੀ ਹਮਾਇਤ ਲਈ ਧੰਨਵਾਦ ਕੀਤਾ। ਇਸ ਘਟਨਾ ਦੀ ‘ਆਪ’ ਆਗੂ ਭਗਵੰਤ ਮਾਨ, ਰਾਘਵ ਚੱਢਾ, ਡਾ. ਬਲਬੀਰ ਸਿੰਘ, ਕੁੰਦਨ ਗੋਗੀਆ, ਬਲਜਿੰਦਰ ਢਿੱਲੋਂ, ਸੰਦੀਪ ਬੰਧੂ ਅਤੇ ਲੋਕ ਸਭਾ ਮੈਂਬਰ ਪਰਨੀਤ ਕੌਰ, ਬੀਬਾ ਜੈਇੰਦਰ ਕੌਰ, ਮੇਅਰ ਸੰਜੀਵ ਬਿੱਟੂ ਆਦਿ ਨੇ ਨਿੰਦਾ ਕੀਤੀ ਹੈ। ਉੱਧਰ ਕਈ ਹਿੰਦੂ ਜਥੇਬੰਦੀਆਂ ਨੇ ਮੰਦਰ ਦੇ ਮੈਨੇਜਰ ਅਤੇ ਇੱਕ ਪੁਜਾਰੀ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ ਅਤੇ ਹਿੰਦੂ ਸੰਗਠਨ ਦੇ ਆਗੂ ਗੱਗੀ ਪੰਡਤ ਨੇ ਮੰਗਾਂ ਨਾ ਪ੍ਰਵਾਨ ਹੋਣ ’ਤੇ ਆਤਮਦਾਹ ਦੀ ਧਮਕੀ ਵੀ ਦਿੱਤੀ ਹੈ| ਅਧਿਕਾਰੀਆਂ ਨੇ ਮੰਗਾਂ ਦੀ ਪੂਰਤੀ ਲਈ ਤਿੰਨ ਮੰਗੇ ਹਨ|
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly