HOME ਸੰਸਾਰ ਵਿੱਚ ਸ਼ਾਂਤੀ ਲਈ ਗੁਰਮਤਿ ਦੀ ਸਵੀਕਾਰਤਾ ਮਜਬੂਰੀ ਹੈ

ਸੰਸਾਰ ਵਿੱਚ ਸ਼ਾਂਤੀ ਲਈ ਗੁਰਮਤਿ ਦੀ ਸਵੀਕਾਰਤਾ ਮਜਬੂਰੀ ਹੈ

1

 ਡਾ. ਸਤਿੰਦਰ ਪਾਲ ਸਿੰਘ

ਡਾ. ਸਤਿੰਦਰ ਪਾਲ ਸਿੰਘ

   (ਸਮਾਜ ਵੀਕਲੀ)   ਅੱਜ ਸਂਸਾਰ ਦੀਆਂ ਮਹਾ ਸ਼ਕਤੀਆਂ ਦਾ ਆਪਸੀ ਟਕਰਾਅ ਪੂਰੇ ਜੋਰ ਤੇ ਹੈ  I ਸਮਾਜਿਕ , ਆਰਥਿਕ ਜਾਂ  ਸਿਆਸੀ , ਹਰ ਖੇਤਰ ਵਿੱਚ ਤਨਾਵ ਤੇ ਸੰਘਰਸ਼ ਦੀਆਂ ਸਥਿਤੀਆਂ ਬਣੀਆਂ ਹੋਈਆਂ ਹਨ I ਸਿੱਧੇ, ਅਸਿੱਧੇ ਜੁੱਧ ਲੰਮੇ ਖਿੱਚ ਰਹੇ ਹਨ । ਦੇਸ਼ ਹੋਵੇ ਜਾਂ ਮਨੁੱਖ , ਹਰ ਪ੍ਰਾਪਤੀ ਹੰਕਾਰ ਤੇ ਦੂਜੇ ਲਈ ਨਫਰਤ ਵਿੱਚ ਬਦਲ ਰਹੀ ਹੈ I ਸਮਾਜ ਦਾ ਬਲ ਧਾਰਕ ਸਮੂਹ  ਸਾਰੀਆਂ ਕਦਰਾਂ , ਕੀਮਤਾਂ ਤਾਕ ਤੇ ਰੱਖ ਹੋਰ ਬਲ , ਸਮਰਥਾ ਸੰਚਿਤ ਕਰਨ ਤੇ ਆਪਣਾ ਸਿੱਕਾ ਚਲਾਉਣ ਲਈ ਜਤਨਸ਼ੀਲ ਹੈ I ਨਿਰਬਲਤਾ , ਕਿਸੇ ਵੀ ਖੇਤਰ ਦੀ ਹੋਵੇ , ਸਭ ਤੋਂ ਵੱਡਾ ਰੋਗ ਬਣ ਗਈ ਹੈ I ਛੋਟੇ , ਵਿਕਾਸ਼ਸ਼ੀਲ ਦੇਸ਼ ਹੀ ਨਹੀ , ਵੱਡੇ ਤੇ ਵਿਕਸਿਤ ਦੇਸ਼ ਵੀ ਆਰਥਕ ਵਿਵਸਥਾ ਦੀ ਬਦਹਾਲੀ ਦੇ ਦੌਰ ਤੋਂ ਗੁਜਰ ਰਹੇ ਹਨ I  ਸਮਾਜ ਅੰਦਰ ਧਰਮ , ਜਾਤ , ਰੰਗ , ਨਸਲ , ਲਿੰਗ ਦੇ ਵਿਤਕਰੇ ਲਗਾਤਾਰ ਬਦਸ਼ਕਲ ਹੁੰਦੇ ਜਾ ਰਹੇ ਹਨ I ਮਨੁੱਖ ਦੀ ਨਿਜੀ ਜਿੰਦਗੀ ਵਿੱਚ ਨੈਤਿਕਤਾ ਤੇ ਸੱਚ ਲਈ ਕੋਈ ਥਾਂ ਨਹੀ ਬਚੀ I ਹਰ ਖੇਤਰ ਵਿੱਚ ਤਾਕਤ ਲਈ ਘੋਰ ਘਮਾਸਾਨ ਮਚਿਆ ਹੋਇਆ ਹੈ I ਚੁਫੇਰੇ ਹਨੇਰਾ ਹੀ ਹਨੇਰਾ ਹੈ I ਹਨੇਰਾ ਇਸ ਕਾਰਨ ਹੈ ਕਿਉਂਕਿ ਸੰਸਾਰ ਨੇ ਗੁਰੂ ਤੋਂ ਮੁਖ ਫੇਰ ਲਿਆ ਹੈ “ ਗੁਰ ਬਿਨੁ ਘੋਰ ਅੰਧਾਰ” I ਬਹੁਤ ਜਤਨ ਹੋ ਰਹੇ ਹਨ ਸਮਸਿਆਵਾਂ ਤੋਂ ਉਬਰਨ ਦੇ ਪਰ ਕੋਈ ਆਸ ਨਜਰ ਨਹੀ ਆਉਂਦੀ I ਕਿਸੇ ਨੂੰ ਵੀ ਕੋਈ ਸਰਬ ਸੰਮਤ ਨਿਦਾਨ ਨਹੀਂ ਲੱਭ ਰਿਹਾ ਹੈ  I ਇੱਕ ਤੇ ਮਾਤਰ ਇਕੱ  ਸਿੱਖ ਧਰਮ ਦਰਸ਼ਨ ਹੀ ਹੈ ਜੋ ਰੁੱਲਦੇ,  ਵਿਲਖਦੇ ਹੋਏ ਸੰਸਾਰ ਲਈ ਆਸ ਦਾ ਸੂਰਜ ਹੈ I ਸ਼ਾਂਤੀ ਤੇ ਤਰੱਕੀ ਲਈ ਗੁਰਮਤਿ ਨੂੰ ਸਵੀਕਾਰ ਕਰਨਾ ਸਂਸਾਰ ਦੀ ਮਜਬੂਰੀ ਬਣਦਾ ਜਾ ਰਿਹਾ ਹੈ। ਮਨੁੱਖ ਦਾ ਕਿਸੇ ਵੀ ਖੇਤਰ ਵਿੱਚ ਤਾਕਤ ਇਕੱਤਰ ਕਰਨ ਦਾ ਅੰਤਮ ਮਨੋਰਥ ਲੋਕ ਪ੍ਰਸ਼ੰਸਾ ਪ੍ਰਾਪਤ ਕਰਣਾ ਹੀ ਹੁੰਦਾ ਹੈ I ਆਰਥਕ , ਸਮਾਜਕ , ਸਿਆਸੀ ਤਾਕਤ ਦਾ ਸੁੱਖ ਤਾਂ ਹੀ ਪ੍ਰਤੀਤ ਹੁੰਦਾ ਹੈ ਜੇ ਲੋਗ ਉਸ ਤੋਂ ਪ੍ਰਭਾਵਿਤ ਹੋਣ , ਉਸ ਨੂੰ ਪ੍ਰਵਾਨ ਕਰਨ ਤੇ ਨਤ ਮਸਤਕ ਹੋਣ I ਪੁਰਾਤਨ ਕਾਲ ਤੋਂ ਹੀ ਇਹ ਸੋਚ ਪਰਗਟ ਹੁੰਦੀ ਆਈ ਹੈ I ਗੁਰੂ ਨਾਨਕ ਸਾਹਿਬ ਨੇ ਇਸ ਭਰਮ ਤੇ ਭਰਵੀਂ ਚੋਟ ਕਰਦਿਆਂ ਵਚਨ ਕੀਤੇ ਕਿ ਮਨੁੱਖ ਦੀ ਉਮਰ ਕਿੰਨੀ ਵੀ ਲੰਮੀ ਹੋ ਜਾਏ , ਸਾਰੇ ਬ੍ਰਹਮੰਡ ਵਿੱਚ ਉਸ ਦਾ ਮਾਨ ਸਨਮਾਨ ਕਾਇਮ ਹੋ ਜਾਏ I ਵਡੀ ਤਦਾਦ ਵਿੱਚ ਲੋਗ ਉਸ ਦੀ ਅਧੀਨਤਾ ਸਵੀਕਾਰ ਕਰ ਲੈਣ ਪਰ ਇਹ ਸਭ ਵਿਅਰਥ ਹੈ ਜੇ ਉਹ ਪਰਮਾਤਮਾ ਨੂੰ ਪ੍ਰਵਾਨ ਨਹੀ ਹੈ I ਉਸ ਦੇ ਕਰਮ ਧਰਮ ਅਨੁਸਾਰ ਨਹੀ ਹਨ I ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਸੰਸਾਰ ਦੋ ਤਰਹ ਦੇ ਲੋਗ ਹਨ I ਇੱਕ ਉਹ ਜੋ ਧਰਮ , ਗਿਆਨ , ਜਪ ਤਪ ‘ਚ ਲੀਨ ਹਨ I ਦੂਜੇ ਉਹ ਜੋ ਅਗਿਆਨੀ ਹਨ ਤੇ ਧਰਮ ਦੇ ਉਲਟ ਆਚਰਣ ਕਰ ਰਹੇ ਹਨ . ਇਨ੍ਹਾਂ ਦਾ ਆਪਣਾ ਕੋਈ  ਮਨੋਰਥ ਪੂਰਨ ਨਹੀ ਹੁੰਦਾ I ਪਰਮ ਸੱਤਾ ਪਰਮਾਤਮਾ ਦੀ ਹੈ I ਜੋ ਕਰਮ ਪਰਮਾਤਮਾ ਨੂੰ ਭਾਵੰਦਾ ਹੈ , ਭਾਵ ਸਚ ਦੀ ਕਸੌਟੀ ਤੇ ਖਰਾ ਉਤਰਦਾ ਹੈ , ਉਸ ਦਾ ਹੀ ਮੁੱਲ ਪੈਂਦਾ ਹੈ I ਮਨੁੱਖ ਦਾ ਆਪਣੇ ਆਪ ਨੂੰ ਮਹਾਨ ਸਮਝ ਲੈਣਾ ਉਸ ਦਾ ਭਰਮ ਹੈ ਕਿਉਂਕਿ ਅੰਤ ਕੁਝ ਵੀ ਸਹਾਈ ਨਹੀ ਹੁੰਦਾ I

     ਨਾਨਕ ਜੇ ਕੋ ਆਪੈ ਜਾਣੈ ਅਗੈ ਗਇਆ ਨ ਸੋਹੈ II

                                                                    ( ਅੰਗ ੫ )

ਮਨੁੱਖ ਨੇ ਆਪਣੇ ਆਪ ਨੂੰ ਕਰਤਾ ਸਮਝ ਲਿਆ ਹੈ I ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਕਰਤਾ ਹੋਣ ਦਾ ਹੰਕਾਰ ਖੁਆਰ ਹੀ ਕਰਦਾ ਹੈ I ਗੁਰੂ ਸਾਹਿਬ ਦੇ ਵਚਨ ਤੋਂ ਵੇਮੁਖ ਹੋ ਤਾਕਤ ਸੰਚਿਤ ਕਰ ਪੂਰਾ ਸੰਸਾਰ ਜਿੱਤਨ ਸੇ ਸੁਪਨੇ ਵੇਖੇ ਗਏ I ਦੇਸ਼ਾਂ ਅੰਦਰ ਤਾਕਤਵਰ ਸ਼ਾਸਕ ਹੋਏ I ਦੇਸ਼ ਵਿਸ਼ਵ ਸ਼ਕਤੀ ਬਣ ਕੇ ਉਭਰੇ I ਸਾਰੀਆਂ ਨੂੰ ਅੰਤ ਸ਼ਰਮਸਾਰ ਹੀ ਹੋਣਾ ਪਿਆ ਹੈ I ਨਾ ਤਾਂ ਸੰਸਾਰ ਨੇ ਗੁਰੂ ਨਾਨਕ ਸਾਹਿਬ ਦੇ ਵਚਨਾਂ ਤੇ ਭਰੋਸਾ ਕੀਤਾ ਨਾ ਹੀ ਇਤਿਹਾਸ ਤੋਂ ਸਬਕ ਲਿਆ ਹੈ I ਰਾਜਸੀ , ਸਮਾਜਕ ਜਾਣ ਆਰਥਕ ਤਾਕਤ ਦਾ ਹੰਕਾਰ ਜਿੱਥੇ ਵੀ ਵਿਖਾਈ ਦਿੰਦਾ ਹੈ , ਟੁੱਟਦਾ ਹੀ ਹੈ , ਟੁੱਟਣਾ ਹੀ ਹੈ I ਯੂਕ੍ਰੇਨ ਇੱਕ ਨਿੱਕਾ ਜਿਹਾ ਦੇਸ਼ ਹੈ I ਜੰਗ ਆਰੰਭ ਕਰਨ ਲੱਗੀਆਂ ਵਿਸ਼ਵ ਸ਼ਕਤੀ ਦੇ ਤੌਰ ਤੇ ਸਥਾਪਿਤ ਰੂਸ ਨੇ ਸੁਪਨੇ ਵਿੱਚ ਵੀ ਨਹੀ ਸੋਚਿਆ ਹੋਵੇਗਾ ਕਿ ਜੰਗ ਇੰਨੀ ਲੰਮੀ ਖਿਚ ਜਾਏਗੀ I  ਸੰਸਾਰ ਅੰਦਰ ਕਿੰਨੇ ਹੀ ਰਾਜਾ ਮਹਾਰਾਜਾ ਹੋਏ ਜਿਨ੍ਹਾਂ ਦੇ ਖਜਾਨੇ ਬੇਸ਼ੁਮਾਰ ਦੌਲਤ ਨਾਲ ਲਬਰੇਜ ਸਨ I ਅੱਜ ਨਾ ਉਹ ਖਜਾਨੇ ਰਹੇ ਨਾ ਉਹ ਮਹਲ I ਅੱਜ ਦੇ ਧਨਵਾਨਾਂ ਦਾ ਭਵਿੱਖ ਕਿਸ ਨੇ ਵੇਖਿਆ ਹੈ I ਗੁਰਬਾਣੀ ਅੰਦਰ ਸੰਸਾਰਕ ਤਾਕਤ , ਪਦਾਰਥਾਂ ਨੂੰ ਕੱਚੇ ਧਨ ਦੀ ਉਪਮਾ ਦਿੱਤੀ ਗਈ ਹੈ ਜਿਸ ਨੂੰ ਇਕੱਤਰ ਕਰਨ ਵਾਲਿਆਂ ਨੂੰ ਕਠੋਰ ਸ਼ਬਦਾਂ ਵਿੱਚ ਮੂਰਖ ਦੇ ਗਵਾਰ ਕਿਹਾ ਗਿਆ ਹੈ I  ਗੁਰੂ ਅਰਜਨ ਸਾਹਿਬ ਨੇ ਅੰਗ ੪੨ ਤੇ ਸੁਸ਼ੋਭਿਤ ਅਪਨੀ ਬਾਣੀ ਵਿੱਚ ਸੁਚੇਤ ਕਰਦਿਆਂ ਕਿਹਾ ਕਿ ਤਾਕਤ , ਦੌਲਤ ਸੰਚਿਤ ਕਰਨ ਵਾਲੇ ਨੂੰ ਬਹੁ ਗਿਣਤੀ ਲੋਗਾਂ ਦੀਆਂ ਬਦ ਦੁਆਵਾਂ ਲੈਣੀਆਂ ਪੈਂਦੀਆਂ ਹਨ I ਕਿਉਂਕਿ ਬਿਨਾ ਜੋਰ , ਜੁਲਮ , ਅਨਿਆਂ ਦੇ ਕੋਈ ਤਾਕਤਵਰ ਨਹੀ ਬਣਦਾ I ਤਾਕਤ ਪ੍ਰਾਪਤ ਕਰਨ ਤੇ ਤਾਕਤ ਵਧਾਉਂਦੇ ਜਾਣ ਲਈ ਉਸ ਸਾਰੇ ਪਾਪ , ਅਪਰਾਧ ਪਰਦੇ ਦੇ ਪਿੱਛੇ ਕੀਤੇ ਜਾ ਰਹੇ ਹਨ ਜਿਨ੍ਹਾਂ ਬਾਰੇ ਆਮ ਆਦਮੀ ਕਲਪਨਾ ਵੀ ਨਹੀ ਕਰ ਸਕਦਾ I ਵੱਡੇ ਦੇਸ਼ ਦੂਜੇ ਦੇਸ਼ਾਂ ਦੀਆਂ ਸਰਕਾਰਾਂ ਬਣਾ ਤੇ ਢਾਹ ਰਹੇ ਹਨ I ਲੋਕ ਮਤ ਦਾ ਫਰੇਬ ਕਰ ਲੋਕਾਂ ਦਾ ਭਾਵਨਾਤਮਕ ਤੇ ਆਰਥਕ ਸ਼ੋਸ਼ਣ ਹੋ ਰਿਹਾ ਹੈ I ਗੁਰਬਾਣੀ ਦੀ ਬਨਾਰਸ ਕੇ ਠੱਗ ਵਾਲੀ ਉਪਮਾ ਹਰ ਖੇਤਰ ਵਿੱਚ ਪਰਗਟ ਹੋ ਰਹੀ ਹੈ I ਜੋਰ , ਜੁਲਮ , ਫਰੇਬ ਨਾਲ  ਤਾਕਤ ਸੰਚਿਤ ਕਰਣਾ  ਪਰਮਾਤਮਾ ਦੇ ਨਿਆਂ ਤੇ ਵਿਧਾਨ ਦੀ ਉਲੰਘਣਾ ਹੈ I ਉਸ ਨੇ ਤਾਂ ਸਮਾਨਤਾ ਦੇ ਸਿਧਾਂਤ ਤੇ  ਸ੍ਰਿਸ਼ਟੀ ਸਿਰਜੀ ਸੀ I ਪਰਮਾਤਮਾ ਦਾ ਵਿਧਾਨ ਤੋੜ ਆਪਣੀ  ਤਾਕਤ ਕਾਇਮ ਕਰਨ ਵਾਲੇ ਇਹ ਨਹੀ ਸਮਝਦੇ ਕਿ ਉਨ੍ਹਾਂ ਦੀ ਤਾਕਤ , ਭਾਵੇਂ ਉਹ ਕਿਸੇ ਵੀ ਖੇਤਰ ਦੀ ਹੈ , ਸਦਾ ਨਹੀ ਰਹਿਣ ਵਾਲੀ I ਉਸ ਨੇ ਆਪ ਵੀ ਨਹੀ ਰਹਿਣਾ . ਪਰ ਬਦ ਦੁਆਵਾਂ , ਪਾਪ ਨਾਲ ਚਲਣੇ ਹਨ I ਗੁਰੂ ਅਰਜਨ ਸਾਹਿਬ ਦਾ ਅੰਗ ੨੫੦ ਤੇ ਅੰਕਿਤ ਵਚਨ ਹੈ ਕਿ ਧਰਮ ਦੀ ਮਰਿਆਦਾ ਨਹੀ ਹੈ ਤਾਂ ਮਨੁੱਖ ਦੀਆਂ ਵੱਡੀਆਂ ਤੋਂ ਵੱਡੀਆਂ ਪ੍ਰਾਪਤੀਆਂ ਧੂੜ ਸਮਾਨ ਹੋ ਜਾਂਦੀਆਂ ਹਨ I ਅੱਜ ਸੰਸਾਰ ਅੰਦਰ ਪਿੰਡ ਤੋਂ ਲੈ ਕੇ ਬ੍ਰਹਮੰਡ ਤੱਕ ਆਰਥਕ , ਸਿਆਸੀ  , ਸਮਾਜਕ  ਤਾਕਤ ਇਕੱਤਰ ਕਰਨ ਦੀ ਹੋੜ ਲੱਗੀ ਹੋਈ ਹੈ I ਸਾਰੇ ਪਾਪ , ਸਾਰੇ ਦੁੱਖ , ਸਾਰੀਆਂ ਵਿਪਦਾਵਾਂ ਇਸ ਹੋੜ ਦੇ ਕਾਰਨ ਹੀ ਡਰਾਉਣਾ ਰੂਪ ਲੈ ਚੁਕੀਆਂ ਹਨ I ਸੰਸਾਰ ਨੂੰ ਬਚਾਉਣਾ ਹੈ ਤਾਂ ਗੁਰੂ ਸਾਹਿਬਾਨ ਦਾ ਹੁਕਮ ਮੰਨ ਕੱਚਾ ਧਨ ਸੰਚਿਤ ਕਰਨ ਦੀ ਮੂਰਖਤਾ ਤੇ ਗਵਾਰ ਪੁਨਾ ਛੱਡਣਾ ਪਵੇਗਾ I ਧਨੀ ਤੇ ਨਿਰਧਨ ਦੀ ਪਰਿਭਾਸ਼ਾ ਬਦਲਨੀ ਪਵੇਗੀ I ਗੁਰੂ ਅਰਜਨ ਸਾਹਿਬ ਨੇ ਕਿਹਾ ਕਿ ਨਿਰਧਨ  ਭਾਵ ਬਲ ਹੀਨ ਉਹ ਹੈ ਜਿਸ ਨੇ ਪਰਮਾਤਮਾ ਨੂੰ ਵਿਸਾਰ ਦਿੱਤਾ ਹੈ , ਜੋ ਧਰਮ ਤੋਂ ਵੇਮੁਖ ਹੋ ਗਿਆ ਹੈ I ਗੁਰੂ ਰਾਮਦਾਸ ਜੀ ਨੇ ਅੰਗ ੮੫੨ ਤੇ ਦਰਜ ਅਪਨੀ ਬਾਣੀ ਵਿੱਚ ਅਜਿਹੇ ਲੋਗਾਂ ਨੂੰ ਦੀਵਾਲੀਆ ਕਿਹਾ ਜਿਨ੍ਹਾਂ ਨੂੰ ਕਿਤੇ ਵੀ ਥਾਂ ਨਹੀ ਮਿਲਦੀ I ਧਰਮ ਤੇ ਪਰਮਾਤਮਾ ਦੀ ਸ਼ਰਨ ਹੀ ਮਨੁੱਖ ਦੀ ਸੱਚੀ ਤਾਕਤ ਤੇ ਮਨੁੱਖਤਾ ਦਾ ਆਧਾਰ ਹੈ I ਗੁਰਮਤਿ ਦੇ ਇਸ ਸਿਧਾਂਤ ਨੂੰ ਸਵੀਕਾਰ ਕਰਨ ਵਿੱਚ ਹੀ ਸੰਸਾਰ ਦਾ ਕਲਿਆਣ  ਸੰਭਵ ਹੈ I ਸ਼ੂਰਵੀਰ ਉਹ ਹੈ ਜੋ ਦੀਨ ਦੇ ਹਿੱਤ ਦੀ ਰਾਖੀ ਕਰ ਰਿਹਾ ਹੈ I ਤਾਕਤਵਰ ਉਹ ਹੈ ਜਿਸ ਨੇ ਵਿਕਾਰਾਂ ਨੂੰ ਮਾਰ ਕੇ ਸਹਿਜ , ਸੰਤੋਖ , ਸੰਜਮ , ਦਇਆ , ਪ੍ਰੇਮ ਜਿਹੇ ਗੁਣ ਧਾਰਨ ਕਰ ਲਏ ਹਨ I ਜੋ ਮਾਤਰ ਪਰਮਾਤਮਾ ਦੇ ਭੈ ਅੰਦਰ  ਹੈ , ਨਾ ਕਿਸੇ ਨੂੰ ਭੈ ਦਿੰਦਾ ਹੈ ਨਾ ਕਿਸੇ ਦਾ ਭੈ ਮੰਨਦਾ ਹੈ I ਸੰਸਾਰ ਅੰਦਰ ਤਾਕਤ ਦੇ ਦਮ ਤੇ ਬਣੇ ਹੋਏ ਭੈ ਦੇ ਵਾਤਾਵਰਨ ਨੂੰ ਤੋੜਨ ਲਈ ਇਹ ਸਿਧਾਂਤ ਕਾਇਮ ਕਰਣਾ ਹੀ ਮਨੁੱਖਤਾ ਦੀ ਹੋਂਦ ਤੇ ਮੰਡਰਾ ਰਹੇ ਸੰਕਟ ਨੂੰ ਦੂਰ ਕਰਨ ਦਾ ਇਕੱਲਾ ਨਿਦਾਨ ਹੈ I

ਦੂਜੀ ਵਡੀ ਲੋੜ ਸੰਸਾਰ ਅੰਦਰ ਸੰਜਮੀ ਵਿਵਸਥਾ ਧਾਰਨ ਕਰਨ ਦੀ ਹੈ I ਭੌਤਿਕਤਾ ਤੇ ਪਦਾਰਥਵਾਦ ਨੇ ਮਨੁੱਖੀ ਕਾਮਨਾਵਾਂ ਦੀਆਂ ਸਾਰੀਆਂ ਹੱਦਾਂ ਤੋੜ ਦਿੱਤੀਆਂ ਹਨ I ਜੀਵਨ ਵਿੱਚ ਕੋਈ ਸ਼ੀਲ , ਸੰਜਮ ਨਹੀ ਵਿਖਾਈ ਦੇ ਰਿਹਾ I ਗੁਰੂ ਨਾਨਕ ਸਾਹਿਬ ਨੇ ਮਨੁੱਖੀ ਜੀਵਨ ਅੰਦਰ ਵੱਡੇ ਦੁੱਖਾਂ ਦਾ ਕਾਰਨ ਬਣ ਗਾਈਆਂ ਚਾਰ ਮੁੱਖ ਵ੍ਰਿਤੀਆਂ ਨੂੰ ਇਸ ਦਾ ਜਿੰਮੇਵਾਰ ਮੰਨਿਆ I ਪਹਿਲੀ ਵਿਰਤੀ ਜਿਹਵਾ  ਰਸ ਦੀ ਹੈ I ਮਨੁੱਖ ਆਪਨੇ ਜੀਵਨ ਦਾ ਅਨਮੋਲ  ਸਮਾਂ ਭਿੰਨ ਭਿੰਨ ਪ੍ਰਕਾਰ ਦੇ ਵਿਅੰਜਨਾਂ ਵਿੱਚ ਵਿਅਰਥ ਗੁਆਉਂਦਾ ਹੈ I  ਅਸਥਾਨ ਕੋਈ ਵੀ ਹੋਵੇ ਹੋਟਲਾਂ , ਢਾੱਬਿਆਂ ਤੇ ਭੀੜ ਹੀ ਭੀੜ ਹੈ I ਘਰ ਬੈਠੇ ਵਿਅੰਜਨ ਆਨ ਲਾਈਨ ਆਰਡਰ ਕਰ ਮੰਗਾਏ ਜਾ ਰਹੇ ਹਨ I ਸੁਆਦ ਚਾਹੀਦੇ , ਕੀਮਤ ਮਾਇਨੇ ਨਹੀ ਰੱਖਦੀ I ਕਿਸੇ ਵੀ ਦੇਸ਼ , ਇਲਾਕੇ ਦੇ ਵਿਅੰਜਨ ਕਿਤੇ ਵੀ ਮਿਲ ਜਾਂਦੇ ਹਨ I ਮਨੁੱਖ ਇਹ  ਸੁਆਦਲੇ ਵਿਅੰਜਨ ਖਾਨ ਤੋਂ ਆਪਣੇ ਆਪ ਨੂੰ ਰੋਕ ਨਹੀ ਪਾਉਂਦਾ I ਖਾਨ ਪਾਨ ਦੀ ਇਸ ਸ਼ੈਲੀ ਤੇ ਸੰਘਣੀ ਤਾਂਘ ਨੇ ਕਈ ਰੋਗਾਂ ਦੀ ਰਾਹ ਖੋਲ ਦਿੱਤੀ ਹੈ I ਇਹ ਜਾਨਲੇਵਾ ਸਾਬਿਤ ਹੋ ਰਹੀ ਹੈ I ਗੁਰੂ ਨਾਨਕ ਸਾਹਿਬ ਨੇ ਪੰਜ ਸ਼ਤਾਬਦੀਆਂ ਪਹਿਲਾਂ ਜੋ ਚਿਤਾਵਨੀ ਦਿੱਤੀ ਸੀ ਉਹ ਅੱਜ ਦਾ ਕੌੜਾ ਸੱਚ ਬਣ ਕੇ ਸਾਹਮਣੇ ਆ ਰਿਹਾ ਹੈ I

   ਬਾਬਾ ਹੋਰੁ ਖਾਣਾ ਖੁਸੀ ਖੁਆਰੁ II

                                 ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ II

                                                          ( ਅੰਗ ੧੬ )

ਦਰਅਸਲ ਗੁਰੂ ਸਾਹਿਬ ਨੇ ਜਿਸ ਖਾਣ ਦੀ ਗੱਲ ਕੀਤੀ ਉਹ ਮਾਤਰ ਭੋਜਨ ਦੀ ਨਹੀ ਹੈ , ਸੰਸਾਰ ਅੰਦਰ ਜੋ ਮਾਇਆ ਦਾ ਰੰਗ ਤਮਾਸ਼ਾ ਵਿਆਪਤ ਹੈ ਉਸ ਨੂੰ ਧਾਰਨ ਕਰਨ ਦੀ ਹੈ I ਮਨੁੱਖ ਜਦੋਂ ਸੰਸਾਰ ਦਾ ਬੇਲੋੜਾ ਮੋਹ ਧਾਰਨ ਕਰਦਾ ਹੈ  , ਉਸ ਦਾ ਤਨ ਹੀ ਨਹੀ ਮਨ ਵੀ ਰੋਗੀ ਹੁੰਦਾ ਹੈ I ਅੱਜ ਤਨ ਤੇ ਮਨ ਦੇ ਰੋਗ ਪੂਰੇ ਜੀਵਨ ਨੂੰ ਪ੍ਰਭਾਵਿਤ  ਕਰ ਰਹੇ ਹਨ I ਨਿਜੀ ਜੀਵਨ ਅਤਿ ਗੁੰਝਲਦਾਰ ਤੇ ਤਨਾਵਪੂਰਨ ਬਣ ਗਿਆ ਹੈ I ਵਿਕਸਿਤ ਦੇਸ਼ਾਂ ਵਿੱਚ ਤਾਂ ਇਸ ਕਾਰਨ ਸਮਾਜ ਟੁੱਟ ਰਹੇ ਹਨ I ਬੇ ਭਰੋਸਗੀ ਪੈਦਾ ਹੋ ਗਈ ਹੈ I ਗੁਰੂ ਨਾਨਕ ਸਾਹਿਬ ਨੇ ਵਚਨ ਕੀਤੇ ਕਿ ਸਾਰੇ ਰਸ ਤਾਂ ਵਾਹਿਗੁਰੂ ਪਰਮਾਤਮਾ ਦਾ ਜਸ ਸੁਣਨ , ਗਾਇਨ ਕਰਨ ਤੇ  ਉਸ ਦੇ ਉਪਦੇਸ਼ ਮੰਨਨ ਵਿੱਚ ਹਨ I ਮਨੁੱਖ ਜਦੋਂ ਮਨ ਇਕਾਗਰ ਕਰ ਪਰਮਾਤਮਾ ਦਾ ਧਿਆਨ ਕਰਦਾ ਹੈ ਤਾਂ ਇਹ ਸਾਰੇ ਰਸ ਆਪ ਹੀ ਹੋਂਦ ਵਿੱਚ ਆਉਣ ਲੱਗਦੇ ਹਨ ਤੇ ਜੀਵਨ ਅੰਦਰ ਪਰਗਟ ਹੁੰਦੇ ਹਨ I ਪਰਮਾਤਮਾ ਦੀ ਕਿਰਪਾ ਨਾਲ ਸਾਰੇ ਰਸ ਅੰਮ੍ਰਿਤ ਬਣ ਜਾਂਦੇ ਹਨ ਤੇ ਸੰਪੂਰਨਤਾ ਪ੍ਰਦਾਨ ਕਰਦੇ ਹਨ I ਇਨ੍ਹਾਂ ਰਸਾਂ ਨੂੰ ਛੱਡ ਕੇ ਹੋਰ ਰਸਾਂ ਦੀ ਕਾਮਨਾ ਕਰਣਾ ਦੁੱਖ ਦੇਣ ਵਾਲਾ ਹੁੰਦਾ  ਹੈ I

ਗੁਰੂ ਨਾਨਕ ਸਾਹਿਬ ਨੇ ਦੂਜਾ ਸੰਜਮ ਮਨੁੱਖ ਦੀ ਸੱਚੀ ਸ਼ੋਭਾ ਦਾ ਬਖਸ਼ਿਆ I ਮਨੁੱਖ ਦਾ ਬਹੁਤਾ ਧਿਆਨ ਉਨ੍ਹਾਂ ਜਤਨਾ ਤੇ ਹੁੰਦਾ ਹੈ ਜੋ ਉਸ ਨੂੰ ਸਮਾਜ ਦੀ ਪ੍ਰਸ਼ੰਸਾ ਦਿਵਾਉਣ ‘ਚ ਸਹਾਈ ਹੋਣ I ਅੱਜ ਸਮਾਂ ਬਦਲ ਗਿਆ ਹੈ ਪਰ ਵਿਰਤੀ ਨਹੀ ਬਦਲੀ I ਮਨੁੱਖ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਕੀਮਤੀ ਤੇ ਸੁੰਦਰ ਵੇਸ਼ਭੂਸ਼ਾ ਧਾਰਨ ਕਰਦਾ ਹੈ , ਧਰਮ ਕਰਮ ਦਾਨ ਆਦਿਕ ਵੀ ਕਰਦਾ ਹੈ I ਇਹ ਵੀ ਮਨੁੱਖ ਦੇ ਦੁੱਖ ਦੇ ਕਾਰਨ ਬਣਦੇ ਹਨ ਕਿਉਂਕਿ ਜੀਵਨ ਦਾ ਸਮਾਂ ਅਜਾਈਂ ਜਾਂਦਾ ਹੈ , ਆਪਣੇ ਜਿਹੇ ਲੋਕਾਂ ਨਾਲ ਬਰਾਬਰੀ ਦੀ ਭਾਵਨਾ ਈਰਖਾ ਤੇ ਸੰਤਾਪ ਪੈਦਾ ਕਰਦੀ ਹੈ I ਕੋਈ ਕਿਸੇ ਦੂਜੇ ਦਾ ਆਪਣੇ ਤੋਂ ਅੱਗੇ ਹੋਣਾ ਸਹਿਣ ਨਹੀ ਕਰਦਾ I ਇਸ ਵਿਰਤੀ ਲਈ ਵੀ ਗੁਰੂ ਨਾਨਕ ਸਾਹਿਬ ਨੇ ਤਨ ਤੇ ਮਨ ਦੇ ਸੰਤਾਪ ਬਾਰੇ ਸੁਚੇਤ ਕੀਤਾ I

ਬਾਬਾ ਹੋਰੁ ਪੈਨਣੁ ਖੁਸੀ ਖੁਆਰੁ II

                                  ਜਿਤੁ ਪੈਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ II

                                                          ( ਅੰਗ ੧੬ )

ਗੁਰੂ ਸਾਹਿਬ ਨੇ ਸੱਚ ਦੇ ਦਰਸ਼ਨ ਕਰਾਉਂਦਿਆਂ ਵਚਨ ਕੀਤੇ ਕਿ ਸ਼ੋਭਾ ਵਸਤਰਾਂ , ਵਿਖਾਵੇ , ਦਾਨ ਇਸਨਾਨ ਆਦਿਕ ਕਰਮਕਾਂਡ ਵਿੱਚ ਨਹੀ ਹੈ I ਆਪ ਨੇ ਕਿਹਾ ਕਿ ਮਨ ਅੰਦਰ ਪਰਮਾਤਮਾ ਲਈ ਗੂੜ੍ਹਾ ਪ੍ਰੇਮ ਤੇ ਨਿਰਮਲ  ਆਚਰਣ ਹੀ ਸੱਚਾ ਵੇਸ਼ , ਸੱਚ ਤੇ ਸੇਵਾ ਦੇ  ਸੰਕਲਪ ਤੋਂ ਜੰਮਿਆ ਪਰੋਪਕਾਰ ਹੀ ਸੱਚਾ ਦਾਨ ਹੈ I ਪੁਰਾਤਨ ਕਾਲ ਵਿੱਚ ਸ਼ੋਭਾ ਹੋਰ ਵਧਾਉਣ ਲਈ ਕਮਰਬੰਦ ਬੰਨਣ ਦਾ ਰਿਵਾਜ ਸੀ I ਗੁਰੂ ਸਾਹਿਬ ਨੇ ਕਿਹਾ ਕਿ  ਸੱਚਾ ਕਮਰਬੰਦ ਸੰਤੋਖ , ਸੰਜਮ ਤੇ ਸਹਿਜ ਜਿਹੇ ਗੁਣ ਹਨ I ਜਵਾਨੀ ਦੀ ਉਮਰ ਨੂੰ ਸਮਰੱਥਾ ਦੀ ਉਮਰ ਮੰਨਿਆ ਜਾਂਦਾ ਹੈ ਕਿਉਂਕਿ ਤਨ ਸਿਹਤਮੰਦ ਹੁੰਦਾ ਹੈ I ਗੁਰੂ ਸਾਹਿਬ ਨੇ ਕਿਹਾ ਕਿ ਸਮਰੱਥਾ ਤਾਂ ਪਰਮਾਤਮਾ ਦਾ ਨਾਮ ਜਪਣ ਨਾਲ ਪ੍ਰਾਪਤ ਹੁੰਦੀ  ਹੈ I  ਸ਼ੋਭਾ , ਸਮਰਥਾ ਲਈ ਕਿਸੇ ਹੋਰ ਤੇ ਆਸ ਤੇ ਭਰੋਸਾ ਕਰਣਾ ਖੁਆਰ ਹੋਣਾ ਹੈ I ਵਰਤਮਾਨ ਦੀ ਸਭ ਤੋਂ ਵੱਡੀ ਲੋੜ ਸੰਜਮ ਤੇ ਸੰਤੋਖ ਦੀ ਹੈ . ਸਮਾਜ ਅੰਦਰ ਭੱਖ ਰਹੇ ਵਾਸਨਾਵਾਂ ਦੇ ਭਾਂਬੜ ਹਰ ਮਨੁੱਖ ਨੂੰ ਸੇਕ ਦੇ ਰਹੇ ਹਨ I ਇਸ ਨਾਲ ਹਿੰਸਾ , ਵਿਭਚਾਰ , ਲੋਭ ਦਾ ਵਾਤਾਵਰਨ ਬਣਿਆ ਹੋਇਆ ਹੈ I ਇਸ ਦਾ ਨਿਦਾਨ ਹੋਰ ਪੈਨਣੁ ਤੋਂ ਬਚਨਾ ਤੇ ਗੁਰੂ ਸਾਹਿਬ ਦਾ ਬਖਸ਼ਿਆ ਵੇਸ਼ ਸਣੇ ਕਮਰਬੰਦ ਧਾਰਨ ਕਰਣਾ ਹੀ ਹੈ I

ਗੁਰੂ ਨਾਨਕ ਸਾਹਿਬ ਨੇ ਤੀਜਾ ਹੁਕਮ  ਬਲ ਦਾ ਸੰਜਮ ਧਾਰਨ ਕਰਨ ਦਾ ਕੀਤਾ i ਅੱਜ ਵੀ ਮਨੁੱਖ ਅਪਨੀ ਹਿੰਮਤ ਤੇ ਤਾਕਤ ਪਰਗਟ ਕਰਨ ਲਈ ਕਈ ਮਾਧਿਅਮ ਵਰਤਦਾ ਹੈ I ਕੀਮਤੀ ਤੇ ਤੇਜ ਰਫਤਾਰ ਵੱਡੀਆਂ ਗੱਡੀਆਂ , ਅਸਤਰ ਸ਼ਸਤਰ , ਸੁਰੱਖਿਆ ਦੇ ਪ੍ਰਬੰਧ ਉਸ ਦੀ ਹੈਸੀਅਤ ਤੇ ਤਾਕਤ ਦਾ ਪ੍ਰਤੀਕ ਬਣ ਗਏ ਹਨ I ਅਮੇਰਿਕਾ ਦੇ ਰਾਸ਼ਟਰਪਤੀ ਦਾ ਹਵਾਈ ਜਹਾਜ ਦੁਨਿਆ ਦਾ ਸਭ ਤੋਂ ਸੁਰਖਿਅਤ ਹਵਾਈ ਜਹਾਜ ਮੰਨਿਆ ਜਾਂਦਾ ਹੈ ਜਿਸ ਤੇ ਕਿਸੇ ਵੀ ਤਰਹ ਦਾ ਹੰਮਲਾ ਕੋਈ ਅਸਰ ਨਹੀ ਕਰ ਸਕਦਾ I ਇਹ ਜਹਾਜ ਪ੍ਰਤੀਕ ਬਣ ਗਿਆ ਹੈ ਕਿ ਅਮੇਰਿਕਾ ਦਾ ਰਾਸ਼ਟਰਪਤੀ ਦੁਨਿਆ ਦਾ ਸਭ ਤੋਂ ਤਾਕਤਵਰ ਇਨਸਾਨ ਹੈ I ਹਰ ਪੱਧਰ ਤੇ ਇਹੋ ਜਿਹੇ ਪ੍ਰਤੀਕ ਤੇ ਮਨੁੱਖ ਮਿਲ ਜਾਣਗੇ I ਪੁਰਾਤਨ ਕਾਲ ਵਿੱਚ ਘੋੜੇ ਤੇ ਤੀਰ ਕਮਾਨ ਤੇ ਤੇਗ ਆਦਿਕ ਇਸ ਦੇ ਪ੍ਰਤੀਕ ਸਨ I ਗੁਰੂ ਸਾਹਿਬ ਤਾਕਤਵਰ ਜੋਧਾ ਦੇ ਸ਼ਾਨਦਾਰ ਕਾਠੀ ਨਾਲ ਸੱਜੇ ਘੋੜੇ ਜਿਸ ਤੇ ਸੋਨੇ ਦੀ ਦੁਮਚੀ ਪਈ ਹੋਵੇ ਤੋਂ ਵੱਧ ਮਹਿਮਾ ਪਰਮਾਤਮਾ ਦੀ ਰਾਹ ਦੀ ਪਛਾਣ ਹੋ ਜਾਣ ਦੀ ਦਰਸਾਈ I ਵੀਰ ਜੋਧਾ ਦਾ ਤਨ ਤਰਕਸ਼ , ਤੀਰ ਕਮਾਨ , ਬਰਛੀ ਤੇ ਤੇਗ ਨਾਲ ਸੱਜਿਆ ਹੁੰਦਾ ਹੈ ਜੋ ਜੁੱਧ ਵਿੱਚ ਵਰਤ ਕੇ ਜਿੱਤ ਪ੍ਰਾਪਤ ਕੀਤੀ ਜਾਂਦੀ ਹੈ I ਗੁਰੂ ਨਾਨਕ ਸਾਹਿਬ ਨੇ ਵਚਨ ਕੀਤੇ ਕਿ ਸੰਤੋਖ , ਸੰਜਮ , ਸਹਿਜ , ਦਇਆ , ਸੇਵਾ , ਪਰੋਪਕਾਰ ਜਿਹੇ ਗੁਣ ਹੀ ਸੱਚੇ ਅਸਤਰ ਸ਼ਸਤਰ ਮੰਨੋ  ਜੋ ਮਨੁੱਖ ਦਾ ਬਲ ਹਨ ਤੇ ਜੀਵਨ ਸਫਲਤਾ ਵਿੱਚ ਸਹਾਇਕ ਹੁੰਦੇ ਹਨ I ਪੁਰਾਤਨ ਕਾਲ ਵਿੱਚ ਜਿੱਤ ਦੇ ਢੋਲ ਵਜਾਏ ਜਾਂਦੇ ਸਨ ਤੇ ਧੁਜਾ ਝੁਲਾਈ ਜਾਂਦੀ ਸੀ I ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਪਰਮਾਤਮਾ ਦਾ ਬਖਸ਼ਿਆ ਸਵੈਮਾਨ ਤੇ ਕਿਰਪਾ ਮਨੁੱਖ ਦੇ ਮਾਣ ਦੇ ਸੱਚੇ  ਪ੍ਰਤੀਕ ਹਨ I ਗੁਰੂ ਨਾਨਕ ਦਾ ਇਹ ਹੁਕਮ ਸੰਸਾਰ ਮੰਨ ਲਵੇ ਤਾਂ ਹਥਿਆਰਾਂ ਦੀ ਅੰਨੀ ਦੌੜ ਖਤਮ ਹੋ ਜਾਏ ਤੇ ਮਨੁੱਖਤਾ ਦੇ ਵਿਨਾਸ਼ ਵੱਲ ਵਧਦੇ ਕਦਮ ਰੁੱਕ ਜਾਣ I ਸੰਸਾਰ ਅੰਦਰ ਚੱਲ ਰਹੇ ਜੁੱਧ , ਸ਼ੀਤ ਜੁੱਧ ਤੇ ਅੱਤਵਾਦ ਦਾ ਇਹੋ ਨਿਦਾਨ ਹੈ I ਇਸ ਵਿਨਾਸ਼ ਨੂੰ ਰੋਕਣ ਲਈ ਗੁਰੂ ਸਾਹਿਬ ਦਾ ਹੇਠਲਾ ਹੁਕਮ ਮੰਨਣਾ ਸਮੇਂ ਦੀ ਲੋੜ ਹੈ I ਪੁਰਾਤਨ ਪ੍ਰਤੀਕ ਬਦਲਨੇ ਹੋਣਗੇ I

   ਬਾਬਾ ਹੋਰੁ ਚੜਨਾ ਖੁਸੀ ਖੁਆਰੁ II 

                                           ਜਿਤੁ ਚੜੀਐ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ II

                                                                    ( ਅੰਗ ੧੬ )

ਗੁਰੂ ਨਾਨਕ ਸਾਹਿਬ ਨੇ ਚੌਥਾ ਸੰਜਮ ਜੀਵਨ  ਨਾਲ ਮੋਹ ਦਾ ਦੱਸਿਆ I ਮਨੁੱਖ ਪਰਿਵਾਰ , ਧਨ ਸੰਪਦਾ , ਭੋਗ ਵਿਲਾਸ ਵਿੱਚ ਖੁਸ਼ੀ ਲੱਭ  ਰਿਹਾ ਹੈ I ਆਲੀਸ਼ਾਨ ਘਰ ਬਨਾਏ ਜਾ ਰਹੇ ਹਨ I ਉਨ੍ਹਾਂ ਦੀ ਸਜਾਵਟ ਤੇ ਬੇਸ਼ੁਮਾਰ ਧਨ ਲਾਇਆ ਜਾ ਰਿਹਾ ਹੈ . ਪਰਿਵਾਰ ਲਈ ਮਨੁੱਖ ਕੋਈ ਵੀ ਪਾਪ ਕਰਦਿਆਂ ਸੰਕੋਚ ਨਹੀ ਕਰਦਾ I ਕੰਮ ਕਰਨ ਲਈ ਮਸ਼ੀਨਾਂ ਤੇ ਨੌਕਰ ਹਨ . ਮਨੁੱਖ ਸੁੱਖ – ਆਰਾਮ ਲਈ ਸਾਰੇ ਪਦਾਰਥ , ਸਾਧਨ ਇਕੱਤਰ ਕਰਦਾ ਹੈ I ਆਪਣੇ ਸੁੱਖ , ਵਿਲਾਸਿਤਾ ਲਈ  ਉਹ ਪਰਮਾਤਮਾ ਅੱਗੇ ਵੀ ਅਰਦਾਸ ਕਰਦਾ ਹੈ I ਗੁਰੂ ਸਾਹਿਬ ਨੇ ਮਨੁੱਖ ਦੀ ਇਸ ਅਵਸਥਾ ਨੂੰ ਵੀ ਦੁੱਖ ਦਾ ਕਾਰਨ ਕਿਹਾ I

      ਬਾਬਾ ਹੋਰੁ ਸਉਣਾ ਖੁਸੀ ਖੁਆਰੁ II

                                     ਜਿਤੁ ਸੁਤੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ II

                                                         ( ਅੰਗ ੧੭ )

ਭੋਗ ਵਿਲਾਸ ਤੇ ਸੁੱਖ ਦੇ ਛਲਾਵੇ ਨੇ ਮਨੁੱਖ ਨੂੰ ਤਨ ਤੇ ਮਨ ਦੁਹਾਂ ਦਾ ਰੋਗੀ ਬਣਾ ਦਿੱਤਾ ਹੈ I ਸੁੱਖ ਦੇ ਨਾਂ ਤੇ ਦੁੱਖ ਖਰੀਦੇ ਜਾ ਰਹੇ ਹਨ I ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਮਨੁੱਖ ਜੋ ਸੁੱਖ ਵੱਡੇ , ਸੱਜੇ ਘਰਾਂ ਵਿੱਚ ਢੂੰਢ ਰਿਹਾ ਹੈ ਉਹ ਤਾਂ ਪਰਮਾਤਮਾ ਦਾ ਨਾਮ ਜਪਣ ਵਿੱਚ ਹੈ I ਮਨੁੱਖ ਨੂੰ ਪਰਿਵਾਰ ਅੰਦਰ ਸੁੱਖ ਚਾਹੀਦੇ ਤਾਂ ਉਹ ਪਰਮਾਤਮਾ ਦੀ ਮਿਹਰ ਵਿੱਚ ਪ੍ਰਾਪਤ ਹੋਵੇਗਾ , ਕਿਤੇ ਹੋਰ ਨਹੀ I ਪਰਮਾਤਮਾ ਦੇ ਹੁਕਮ ਤੇ ਨਿਆਂ ਅੰਦਰ ਰਹਿਣਾ ਆਉਣਾ ਚਾਹੀਦੇ ਕਿਉਂਕਿ ਪਰਮਾਤਮਾ ਨੂੰ ਇਹੋ ਭਾਵੰਦਾ ਹੈ I ਉਹ ਕਿਸੇ ਅਸਰ ਹੇਠ ਨਹੀ ਆਪਣੀ ਖੁਸ਼ੀ ਅੰਦਰ ਦਾਤਾਂ ਦਿੰਦਾ ਹੈ ਤੇ ਨਿਹਾਲ ਕਰ ਦਿੰਦਾ ਹੈ I ਸੁੱਖ ਭੋਗ ਵਿਲਾਸ , ਪਰਿਵਾਰ , ਜਾਇਦਾਦ ਲਈ ਨੱਸ ਭੱਜ ਵਿੱਚ ਨਹੀ ਪਰਮਾਤਮਾ ਦੀ ਭਗਤੀ ਕਰ ਉਸ ਦੀ ਕਿਰਪਾ ਪ੍ਰਾਪਤ ਕਰਨ ਵਿੱਚ ਹੈ I

ਸੰਸਾਰ ਦੇ ਸਾਰੇ ਦੁੱਖ ਸੰਸਾਰਕ ਰਸਾਂ ਦੀ ਤਾਂਘ , ਲੋਕ ਵਿਖਾਵੇ ਤੇ ਲੋਕ ਪ੍ਰਸ਼ੰਸਾ ਦੀ ਚਾਹ , ਤਾਕਤ ਦੇ ਪ੍ਰਗਟਾਵੇ ਤੇ ਭੋਗ ਵਿਲਾਸ ਕਾਰਨ ਹੀ ਹਨ I ਇਨ੍ਹਾਂ ਕਾਰਨ ਤਨ ਤੇ ਮਨ ਦੁਹਾਂ ਦੇ ਰੋਗ ਪੈਦਾ ਹੋ ਰਹੇ ਹਨ ਤੇ ਮਨੁੱਖਤਾ ਵਿਨਾਸ਼ ਵੱਲ ਵੱਧ ਰਹੀ ਹੈ I ਇਸ ਵਿਰਤੀ ਨੂੰ ਤਿਆਗ ਕੇ ਗੁਰੂ ਸਾਹਿਬਾਨ ਦੀ ਦਰਸਾਈ ਰਾਹ ਅਨੁਸਾਰ ਸੰਜਮ ਭਰੀ ਜੀਵਨ ਸ਼ੈਲੀ ਧਾਰਨ ਕਰਨ ਨਾਲ  ਹੀ ਉਧਾਰ ਸੰਭਵ ਹੈ I ਗੁਰੂ ਸਾਹਿਬਾਨ ਦੇ ਸੰਜਮ ਦੇ ਹੁਕਮ ਸੰਵੇਦਨਸ਼ੀਲ ਹਨ ਤੇ  ਮਨੁੱਖ ਦੀਆਂ ਬੁਨਿਆਦੀ ਲੋੜਾਂ ਨੂੰ ਵੀ ਧਿਆਨ ਵਿੱਚ ਰੱਖਦੇ ਹਨ I ਇਹੋ ਕਾਰਨ ਹੈ ਕਿ ਰਸ , ਬਲ , ਸ਼ੋਭਾ , ਸੁੱਖ ਦਾ ਖੰਡਣ ਨਹੀ ਕੀਤਾ ਗਿਆ ਬਲਕਿ ਉਨ੍ਹਾਂ ਦੀ ਬੇਲੋੜੀ ਚਾਹਤ ਤੇ ਅੰਕੁਸ਼ ਲਾਇਆ ਗਿਆ ਤੇ ਇਨ੍ਹਾਂ ਦੇ ਸੱਚੇ ਸਵਰੂਪ ਤੋਂ ਜਾਣੂੰ ਕਰਾਇਆ ਗਿਆ I ਗੁਰਮਤਿ ਦਾ ਫਲਸਫਾ ਗ੍ਰਿਹਸਥ ਜੀਵਨ ਕਾ ਪੱਖ ਲੈਂਦਾ ਹੈ ਤੇ ਉਸ ਹਰ ਲੋੜ ਨੂੰ ਸਵੀਕਾਰ ਕਰਦਾ ਹੈ ਜੋ ਜੀਵਨ ਜਿਉਂਦਿਆਂ ਪਰਮਾਤਮਾ ਦੇ ਮਾਰਗ ਤੇ ਚੱਲਣ ਵਿੱਚ ਸਹਾਈ ਹੋਣ ਤੇ ਕੋਈ ਅੜਿੱਕਾ ਨਾ ਆਵੇ I ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ੬੯੫ ਤੇ ਸੁਸ਼ੋਭਿਤ ਭਗਤ ਧੰਨਾ ਜੀ ਦੀ ਬਾਣੀ ਵਿੱਚ ਪਰਮਾਤਮਾ ਅੱਗੇ ਵਿਧਿਵਤ ਅਰਦਾਸ ਕੀਤੀ ਗਈ ਹੈ ਕਿ ਕਿਨ੍ਹਾਂ ਪਦਾਰਥਾਂ ਦੀ ਲੋੜ ਹੈ I ਭਗਤ ਧੰਨਾ ਜੀ ਨੇ ਕਿਹਾ ਕਿ ਭੋਜਨ ਲਈ ਦਾਲ , ਆਟਾ ਤੇ ਘਿਉ ਮਿਲ ਜਾਏ ਤਾਂ ਮਨ ਪ੍ਰਸੰਨ ਹੋ ਜਾਏਗਾ I ਭਾਵ ਇਸ ਤੋਂ ਜਿਆਦਾ ਨਹੀ ਚਾਹੀਦਾ I ਪੈਰ ਵਿੱਚ ਪਾਉਣ ਲਈ ਜੁੱਤੀ ਤੇ ਸਾਫ਼ ਵਸਤਰ ਹੋਣ I ਬਸ ਸੱਤ ਪ੍ਰਕਾਰ ਦੇ ਅੰਨ ਹੋਣ ਤਾਂ ਕਾਫੀ ਹਨ I ਦੁੱਧ ਦੇਣ ਵਾਲੀ ਗਾਂ ਤੇ ਆਵਾਗਮਨ ਲਈ ਇੱਕ ਚੰਗੀ ਘੋੜੀ ਵੀ ਚਾਹੀਦੀ ਹੈ I  ਇੱਕ ਸੁਚੱਜੀ ਪਤਨੀ ਵੀ ਚਾਹੀਦੀ ਹੈ ਜੋ ਘਰ ਸੰਭਾਲ ਸਕੇ . ਭਗਤ ਧੰਨਾ ਜੀ ਨੇ ਪਰਮਾਤਮਾ ਨੂੰ ਬੇਨਤੀ ਕੀਤੀ ਕਿ ਬਸ ਇੰਨਾ ਹੀ ਮੈਨੂੰ ਚਾਹੀਦਾ ਹੈ I ਅੱਜ ਵੀ ਜੀਵਨ ਦੇ ਹਾਲਾਤ ਵੱਖ ਨਹੀ ਹਨ , ਮਨੁੱਖ ਦੇ ਲੋਭ , ਮੋਹ , ਹੰਕਾਰ , ਤ੍ਰਿਸ਼ਨਾ ਤੇ ਈਰਖਾ ਨੇ ਵਿਗਾੜ ਦਿੱਤੇ ਹਨ ਤੇ ਦੁੱਖਾਂ ਦੇ ਪਰਵਤ ਖੜੇ ਕਰ ਲਏ ਹਨ I ਆਪਣੀਆਂ ਲੋੜਾਂ ਸੀਮਤ ਕਰ ਤੇ ਵਾਧੂ ਕਾਮਨਾਵਾਂ ਨੂੰ ਤਿਆਗ ਕੇ ਸੰਸਾਰ ਦੇ ਹਾਲਾਤ ਬਦਲੇ ਜਾ ਸਕਦੇ ਹਨ I ਸ਼ਰਤ ਇੱਕੋ ਹੈ ਕਿ ਸੰਸਾਰ ਜਗਤ ਗੁਰੂ , ਗੁਰੂ ਨਾਨਕ ਸਾਹਿਬ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੇਧ ਬਿਨਾ ਦੁਵਿਧਾ , ਸ਼ੰਕਾ ਦੇ ਧਾਰਨ ਕਰੇ ਤੇ ਕਦੇ ਨਾ ਵਿਸਾਰੇ। ਮਨੁੱਖ ਗੁਰਮਤਿ ਅਨੁਸਾਰ ਬਦਲੇਗਾ ਤਾਂ  ਹੀ ਸੰਸਾਰ ਰਹਿਣ ਜੋਗ ਬਣੇਗਾ I

ਡਾ. ਸਤਿੰਦਰ ਪਾਲ ਸਿੰਘ   ਸਿਡਨੀ ਆਸਟ੍ਰੇਲੀਆ                                                                             

ਈ ਮੇਲ – [email protected]  

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

 

 

 

 

Previous article*ਮੈਂ ਪੰਜਾਬੀ ਬੋਲੀ* 
Next articleਦੀਪਤੀ ਸ਼ਰਮਾ WPL ਇਤਿਹਾਸ ਵਿੱਚ ਦੂਜੀ ਸਭ ਤੋਂ ਮਹਿੰਗੀ ਖਿਡਾਰਨ ਬਣ ਗਈ। ਪਤਾ ਕਰੋ ਕਿ ਕਿਹੜੀ ਖਿਡਾਰਨ ਕਿਸ ਟੀਮ ਵਿੱਚ ਹੈ?