HOME *ਮੈਂ ਪੰਜਾਬੀ ਬੋਲੀ* 

*ਮੈਂ ਪੰਜਾਬੀ ਬੋਲੀ* 

1
ਡਾ. ਸੁਰਿੰਦਰਪਾਲ ਸਿੰਘ
 (ਸਮਾਜ ਵੀਕਲੀ)  
ਮੈਂ ਹਾਂ ਗੁਰੂਆਂ ਦੀ ਪਾਕ ਤੇ ਪਵਿੱਤਰ ਬੋਲੀ
ਅੱਖਰਾਂ ਤੇ ਮਾਤਰਾਵਾਂ ਨਾਲ ਮੇਰੀ ਭਰੀ ਝੋਲੀ।
ਦੇਸ਼ਾਂ ਵਿਦੇਸ਼ਾਂ ਵਿੱਚ ਬੋਲੀ ਮੇਰੀ ਦੇ ਝੂਲਣ ਨਿਸ਼ਾਨ
ਸੰਸਾਰੀ ਬੋਲੀਆਂ ਅਣਗਿਣਤ ਮੇਰੀ ਵਿਲੱਖਣ ਪਹਿਚਾਣ।।
ਅੱਖਰਾਂ ਸੰਗ ਹੀ ਹੁੰਦੇ ਹਨ ਬੋਲੀ ਦੇ ਜਜ਼ਬਾਤ
ਬੋਲੀ ਸੰਗ ਗੁਲਜ਼ਾਰ ਬਿਨੁ ਬੋਲੀ ਸਾਹਿਤ ਕਾਲੀ ਰਾਤ।
ਅਕਲਾਂ ਵਾਲਿਓ ! ਕਲਮਾਂ ਵਾਲਿਓ ! ਸੁਣੋ ਮੇਰੀ ਪੁਕਾਰ
ਮੇਰਾ ਅਮੀਰ ਵਿਰਸਾ ਨਾ ਭੁੱਲ ਜਾਇਓ, ਕਰੋ ਸਤਿਕਾਰ।।
ਗੁਰੂ ਸਾਹਿਬ ਨੇ ਮੈਨੂੰ ਆਪਣੇ ਹੱਥੀ ਮੁੱਢੋਂ ਰੁਸ਼ਨਾਇਆ
ਪੀਰਾਂ ਪੈਗੰਬਰਾਂ ਤੇ ਸੰਤਾਂ ਰੱਚ ਬਾਣੀ ਗਲ ਲਾਇਆ।
ਪੈਂਤੀ ਅੱਖਰਾਂ ਸੰਗ ਸੋਹਂਦਾ ਮੇਰੀ ਵਰਨਮਾਲਾ ਦਾ ਪਰਿਵਾਰ
ਅੱਖਰਾਂ ਰਲ ਜੋੜੇ ਮੁਕਤਾ ਅੱਖਰ ਮਾਤਰਾਵਾਂ ਉਪਜੇ ਸ਼ਬਦੀਂ ਭੰਡਾਰ।
ਮੁਕਤੇ,ਕੰਨੇ, ਸਿਹਾਰੀਆਂ ਅਤੇ ਬਿਹਾਰੀਆਂ
ਅੱਖਰਾਂ ਸੰਗ ਫੱਬਣ ਮੇਰੀਆਂ ਸ਼ਬਦ ਕਿਆਰੀਆਂ।
ਔਂਕੜ ਸਮੇਤ ਦੁਲੈਂਕੜ ,ਲਾਵਾਂ ਅਤੇ ਦੁਲਾਵਾਂ
ਸ਼ਬਦੀ ਬਣਤਰ ਵਿੱਚ ਕਿਸ ਕਿਸ ਦਾ ਯੋਗਦਾਨ ਭੁਲਾਵਾਂ।
ਹੋੜੇ ਦੇ ਨਾਲ ਕਨੌੜੇ ਸਮੇਤ ਅੱਧਕ ਅਤੇ ਟਿੱਪੀਆਂ
ਸਾਹਿਤਿਕ ਫੁਲਕਾਰੀ ਦੀਆਂ ਸਭ ਨੇ ਅਨਮੋਲ ਸਿੱਪੀਆਂ।।
ਬੋਲ ਨੂੰ ਲਿਖਤ ਵਿੱਚ ਢਾਲਣ ਲਈ ਵਰਤੇ ਜਾਂਦੇ ਚਿੰਨ੍ਹ
ਕਹਿੰਦੇ ਇਹਨੂੰ ਲਿਪੀ ਤੇ ਹਰ ਭਾਸ਼ਾ ਦੇ ਹੁੰਦੇ ਭਿੰਨ।
ਲਿਪੀ ਹੀ ਹੁੰਦੀ ਹੈ ਹਰ ਬੋਲੀ ਦਾ ਹਾਰ-ਸ਼ਿੰਗਾਰ
ਲਿਪੀ ਬਖਸ਼ੇ ਪਿਆਰ ਤੇ ਮਨੁੱਖੀ ਭਾਵਾਂ ਨੂੰ ਦਿੰਦੀ ਨਿਖਾਰ।।
ਸ਼ਾਰਦਾ ਤੇ ਟਾਕਰੀ ਲਿਪੀ ਹਨ ਮੇਰੇ ਪੁਰਖੇ ਲਾਣੇ
ਪੁਰਾਤਨ ਇਤਿਹਾਸ ਚ ਦਰਜ ਲੰਡੇ ਆਖ ਵਰਤਦੇ ਸੀ ਸਿਆਣੇ।
ਗੁਰੂ ਨਾਨਕ ਸਾਹਿਬ ਨੇ ਪੱਟੀ ਬਾਣੀ ਵਿੱਚ ਅੱਖਰ ਉਚਾਰੇ
ਗੁਰੂ ਅੰਗਦ ਦੇਵ ਜੀ ਨੇ ਮੇਰੇ ਅੱਖਰ ਸਭ ਸਵਾਰੇ।।
ਸਵਰ ਤੇ ਵਿਅੰਜਨਾਂ ਵਿੱਚ ਵੰਡਿਆ ਅੱਖਰੀ ਪਰਿਵਾਰ
ਵਿਗਿਆਨਿਕ ਭਾਸ਼ਾ ਆਖ ਪੰਜਾਬੀ ਨੂੰ ਮਿਲਿਆ ਸਤਿਕਾਰ।
ਪੰਜਾਬ,ਪੰਜਾਬੀ ਤੇ ਪੰਜਾਬੀਅਤ ਲਈ ਸੁਰਿੰਦਰ ਜਾਨ ਵਾਰਦਾ
ਮਾਂ ਬੋਲੀ ਦੇ ਪੁੱਤ ,ਲੇਖੇ ਲਾਇਆ ਜੀਵਨ,ਵੇਖੋ ਮੁੱਲ ਤਾਰਦਾ।।
ਸੁਰਿੰਦਰਪਾਲ ਸਿੰਘ 
ਸ੍ਰੀ ਅੰਮ੍ਰਿਤਸਰ ਸਾਹਿਬ।
Previous articleਯੂਨੀਵਰਸਿਟੀ ਕਾਲਜ (ਲੜਕੀਆਂ), ਵਿਖੇ ਸੰਵਿਧਾਨ ਦਿਵਸ ਮੌਕੇ ਸੈਮੀਨਾਰ ਆਯੋਜਿਤ
Next articleਸੰਸਾਰ ਵਿੱਚ ਸ਼ਾਂਤੀ ਲਈ ਗੁਰਮਤਿ ਦੀ ਸਵੀਕਾਰਤਾ ਮਜਬੂਰੀ ਹੈ