ਵੈਨਕੂਵਰ (ਸਮਾਜ ਵੀਕਲੀ): ਕੈਨੇਡੀਅਨ ਰੱਖਿਆ ਸੇਵਾਵਾਂ ਵਿਚ ਇਸਤਰੀਆਂ ਨਾਲ ਹੁੰਦੇ ਕਥਿਤ ਸ਼ੋਸ਼ਣ ਦੇ ਮਾਮਲੇ ਨੂੰ ਠੀਕ ਤਰ੍ਹਾਂ ਨਾਲ ਨਾ ਨਜਿੱਠਣ ’ਤੇ ਵਿਰੋਧੀ ਪਾਰਟੀਆਂ ਨੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੂੰ ਨਿਸ਼ਾਨੇ ’ਤੇ ਲਿਆ ਹੈ।
ਪ੍ਰਧਾਨ ਮੰਤਰੀ ਦੀ ਗੈਰਹਾਜ਼ਰੀ ਵਿਚ ਤਿੰਨੋਂ ਵਿਰੋਧੀ ਪਾਰਟੀਆਂ ਨੇ ਕੱਲ ਸੰਸਦ ਵਿਚ ਸ੍ਰੀ ਸੱਜਣ ਵਿਰੁੱਧ ਨਿੰਦਾ ਮਤਾ ਪਾਸ ਕੀਤਾ। ਉਨ੍ਹਾਂ ਮੰਤਰੀ ਤੋਂ ਅਸਤੀਫ਼ਾ ਲੈਣ ਜਾਂ ਬਰਤਰਫ਼ ਕਰਨ ਦੀ ਮੰਗ ਕੀਤੀ ਹੈ। ਉਧਰ ਕਰੋਨਾ ਕਾਰਨ ਆਪਣੇ ਘਰ ਵਿਚ ਇਕਾਂਤਵਾਸ ਹੋਏ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਮੰਤਰੀ ਉੱਤੇ ਪੂਰਾ ਭਰੋਸਾ ਹੈ ਅਤੇ ਉਸ ਦੇ ਕੰਮਾਂ ਅਤੇ ਨਿਭਾਏ ਫਰਜ਼ਾਂ ਉੱਤੇ ਕਿੰਤੂ-ਪ੍ਰੰਤੂ ਕਰਕੇ ਵਿਰੋਧੀ ਧਿਰਾਂ ਦਾ ਕੰਮ ਆਪਣੀ ਹੋਂਦ ਦਰਸਾਉਣਾ ਹੈ। ਕੰਜ਼ਰਵੇਟਿਵ ਆਗੂ ਐਰਿਨ ਓ ਟੂਲ ਵਲੋਂ ਪੇਸ਼ ਮਤਾ ਬਲਾਕ ਕਿਊਬਕਵਾ ਪਾਰਟੀ ਅਤੇ ਐੱਨਡੀਪੀ ਦੇ ਸਮਰਥਨ ਨਾਲ ਪਾਸ ਹੋ ਗਿਆ। ਰੱਖਿਆ ਮੰਤਰੀ ਦੀਆਂ ਕਥਿਤ ਨਾਕਾਮੀਆਂ ਦੇ ਪੱਤਰੇ ਫਰੋਲਦਿਆਂ ਵਿਰੋਧੀ ਆਗੂਆਂ ਨੇ ਕਿਹਾ ਕਿ ਮੰਤਰੀ ਵਲੋਂ ਰੱਖਿਆ ਵਰਦੀ ਨੂੰ ਦਾਗ਼ਦਾਰ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਰੱਖਿਆ ਸੈਨਾਵਾਂ ਵਿਚ ਔਰਤਾਂ ਨਾਲ ਹੁੰਦੇ ਵਿਤਕਰੇ ਦੀਆਂ ਸ਼ਿਕਾਇਤਾਂ ’ਤੇ ਮੰਤਰੀ ਦੀ ਢਿੱਲੀ ਕਾਰਵਾਈ ਨਿੰਦਣਯੋਗ ਹੈ। ਟਰੂਡੋ ਨੇ ਕਿਹਾ ਕਿ ਸਰਕਾਰ ਵਿਰੁੱਧ ਕੋਈ ਮੁੱਦਾ ਨਾ ਲੱਭਣ ਕਾਰਣ ਵਿਰੋਧੀ ਪਾਰਟੀਆਂ ਲੋਕਾਂ ਦਾ ਧਿਆਨ ਖਿੱਚਣ ਦੇ ਯਤਨ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹਰਜੀਤ ਸਿੰਘ ਸੱਜਣ ਮੰਤਰੀ ਵਜੋਂ ਬਹੁਤ ਵਧੀਆ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਤੋਂ ਅਸਤੀਫ਼ਾ ਮੰਗਣ ਦੀ ਕੋਈ ਤੁੱਕ ਨਹੀਂ ਬਣਦੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly