ਸੰਜੀਵ ਸਿੰਘ ਸੈਣੀ, ਮੋਹਾਲੀ (ਸਮਾਜ ਵੀਕਲੀ): ਪੀ.ਐੱਸ. ਆਰਟਸ ਐਂਡ ਕਲਚਰਲ ਸੋਸਾਇਟੀ ਦੀ ਟੀਮ ਵੱਲੋਂ ਚੰਡੀਗੜ੍ਹ ਵਿੱਚ ਮੈਕਸੀਕੋ ਦੀ ਥੀਏਟਰ ਟੀਮ ਨਾਲ ਥੀਏਟਰ (ਕਲਚਰ ਐਕਸਚੇਂਜ਼) ਦੀ ਵਰਕਸ਼ਾਪ ਲਗਾਈ ਗਈ। ਅਕਸਰ ਹੀ ਪਰਵੀਨ ਸੰਧੂ ਥੀਏਟਰ ਵਰਕਸ਼ਾਪਾਂ, ਪੰਜਾਬੀ ਮਾਂ-ਬੋਲੀ ਅਤੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੁਲਿੱਤ ਕਰਨ ਲਈ ਵਿਦੇਸ਼ ਜਾਂਦੇ-ਆਉਂਦੇ ਰਹਿੰਦੇ ਹਨ। ਪਰਵੀਨ ਸੰਧੂ ਵੱਲੋਂ ਮੈਕਸੀਕਨ ਟੀਮ ਨੂੰ ਸੱਦਿਆ ਗਿਆ ਤਾਂ ਜੋ ਪੀ.ਐੱਸ. ਆਰਟਸ ਐਂਡ ਕਲਚਰਲ ਸੋਸਾਇਟੀ ਦੀ ਸਾਰੀ ਟੀਮ ਨੂੰ ਮੈਕਸੀਕਨ ਥੀਏਟਰ ਦੀ ਟਰੇਨਿੰਗ ਦਿੱਤੀ ਜਾ ਸਕੇ। ਪੀ.ਐੱਸ. ਆਰਟਸ ਐਂਡ ਕਲਚਰਲ ਸੋਸਾਇਟੀ ਵੱਲੋਂ ਮੈਕਸੀਕੋ ਦੀ ਥੀਏਟਰ ਟੀਮ ਦਾ ਭਰਵਾਂ ਸੁਆਗਤ ਕੀਤਾ ਗਿਆ। ਸੋਸਾਇਟੀ ਦੇ ਉਪ ਪ੍ਰਧਾਨ ਸ. ਬਲਕਾਰ ਸਿੱਧੂ ਵੱਲੋਂ ਉਹਨਾਂ ਨੂੰ ਸੋਸਾਇਟੀ ਦੀ ਸਾਰੀ ਨਾਲ ਜਾਣੂ ਕਰਵਾਇਆ ਗਿਆ।
ਮੈਕਸੀਕਨ ਟੀਮ ਦੀ ਡਾਇਰੈਕਟਰ ਐਲੋਇਸਾ ਏਆਲਾ ਨੇ ਮੈਕਸੀਕੋ ਟੀਮ ਨਾਲ ਸਾਰਿਆਂ ਨੂੰ ਜਾਣੂ ਕਰਵਾਇਆ। ਉਹਨਾਂ ਨੇ ਸਾਨੂੰ ਮੈਕਸੀਕਨ ਥੀਏਟਰ ਬਾਰੇ ਜਾਣਕਾਰੀ ਦਿੱਤੀ ਅਤੇ ਸੋਸਾਇਟੀ ਦੀ ਟੀਮ ਨੂੰ ਮੈਕਸੀਕਨ ਡਾਂਸ ਦੀ ਵੀ ਸਿਖਲਾਈ ਦਿੱਤੀ। ਸੋਸਾਇਟੀ ਦੇ ਉਪ ਪ੍ਰਧਾਨ ਬਲਕਾਰ ਸਿੱਧੂ ਵੱਲੋਂ ਉਹਨਾਂ ਨੂੰ ਪੰਜਾਬੀ ਥੀਏਟਰ ਅਤੇ ਪੰਜਾਬੀ ਸੱਭਿਆਚਾਰ ਬਾਰੇ ਜਾਣਕਾਰੀ ਦਿੱਤੀ ਗਈ। ਥੀਏਟਰ ਦੇ ਨਾਲ-ਨਾਲ ਹੀ ਉਹਨਾ ਨੂੰ ਭੰਗੜੇ ਦੀ ਸਿਖਲਾਈ ਵੀ ਦਿੱਤੀ। ਪੀ.ਐੱਸ. ਆਰਟਸ ਐਂਡ ਕਲਚਰਲ ਸੋਸਾਇਟੀ ਦੀ ਜਨਰਲ ਸਕੱਤਰ ਰਾਜਦੀਪ ਕੌਰ, ਮੈਂਬਰ ਪ੍ਰੀਤੀ ਜੈਨ, ਸੰਦੀਪ ਸੈਂਡੀ, ਨਰਿੰਦਰ ਕੌਰ ਨੇ ਮਿਲ ਕੇ ਉਹਨਾਂ ਨੂੰ ਗਿੱਧੇ ਦੀ ਸਿਖਲਾਈ ਦਿੱਤੀ, ਜਿਸ ਵਿੱਚ ਮੈਕਸੀਕਨ ਔਰਤਾਂ ਨੇ ਵੀ ਚੰਗੀ ਪ੍ਰਤੀਕਿਰਿਆ ਦਿੱਤੀ। ਪ੍ਰੈਸ ਸਕੱਤਰ ਸ਼ਾਇਰ ਭੱਟੀ ਵੱਲੋਂ ਅਪਨਾ ਸ਼ਾਇਰੀ ਅੰਦਾਜ਼ ਪੇਸ਼ ਕੀਤਾ ਗਿਆ, ਉਹਨਾ ਨੇ ਕਿਹਾ ਕਿ ਮੈਂ ਬਹੁਤ ਪ੍ਰੋਗਰਾਮਾਂ ਵਿੱਚ ਸ਼ਿਰਕਤ ਕੀਤੀ, ਪਰ ਇਸ ਪ੍ਰੋਗਰਾਮ ਵਿੱਚ ਵੱਖਰਾ ਹੀ ਆਨੰਦ ਆਇਆ ਅਤੇ “ਪਰਵੀਨ ਸੰਧੂ ਨੇ ਤਾਂ ਅੱਜ ਸ਼ਾਇਰ ਵੀ ਨੱਚਾ ਦਿੱਤੇ”।
ਸੋਸਾਇਟੀ ਦੇ ਮੈਂਬਰ ਰਿੰਕੂ ਜੈਨ ਨੇ ਕਲੋਨਿੰਗ ਕਰਕੇ ਸਾਰਿਆਂ ਦਾ ਮਨ ਮੋਹ ਲਿਆ। ਸੋਸਾਇਟੀ ਦੀ ਸਹਾਇਕ ਸਕੱਤਰ ਸ਼੍ਰੀਮਤੀ ਮਨਜੀਤ ਕੌਰ ਮੀਤ, ਮੈਂਬਰ ਅੰਕੁਸ਼ ਨੇ ਵੀ ਥੀਏਟਰ ਵਰਕਸ਼ਾਪ ਵਿੱਚ ਸ਼ਿਰਕਤ ਕੀਤੀ ਅਤੇ ਵਰਕਸ਼ਾਪ ਤੋਂ ਮੈਕਸੀਕਨ ਸੱਭਿਆਚਾਰ ਬਾਰੇ ਜਾਣਕਾਰੀ ਹਾਸਿਲ ਕੀਤੀ। ਮੈਕਸੀਕਨ ਲੋਕ ਪੰਜਾਬੀ ਸੱਭਿਆਚਾਰ ਤੋਂ ਬਹੁਤ ਪ੍ਰਭਾਵਿਤ ਹੋਏ। ਉਹਨਾਂ ਨੇ ਸੋਸਾਇਟੀ ਦੇ ਪ੍ਰਧਾਨ ਪਰਵੀਨ ਸੰਧੂ ਨੂੰ ਅਗਾਂਹ ਵੀ ਉਹਨਾਂ ਨਾਲ ਇਸ ਤਰ੍ਹਾਂ ਦੀਆਂ ਵਰਕਸ਼ਾਪਾਂ ਲਗਾਉਣ ਲਈ ਹੱਲਾਸ਼ੇਰੀ ਦਿੱਤੀ। ਉਹਨਾ ਨੇ ਖੂਭ ਪੰਜਾਬੀ ਸੱਭਿਆਚਾਰ ਅਤੇ ਥੀਏਟਰ ਬਾਰੇ ਜਾਣਕਾਰੀ ਹਾਸਿਲ ਕੀਤੀ, ਉਹ ਪੰਜਾਬੀ ਸੱਭਿਆਚਾਰ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਵਾਰ ਵਾਰ ਪੰਜਾਬੀ ਗਾਣੇ ਲਵਾ ਕੇ ਨੱਚ ਰਹੇ ਸੀ ਅਤੇ ਅਪਨੀ ਖੁਸ਼ੀ ਜਾਹਿਰ ਕਰ ਰਹੇ ਸੀ।