ਪਾਰਟੀ ਪ੍ਰਧਾਨ ‘ਤੇ ਜਨਤਾ ਦੀਆਂ ਵੋਟਾਂ

ਰਸ਼ਪਿੰਦਰ ਕੌਰ ਗਿੱਲ

ਰਸ਼ਪਿੰਦਰ ਕੌਰ ਗਿੱਲ

(ਸਮਾਜ ਵੀਕਲੀ) ਰੂਬੀ ਇੱਕ ਸਿਆਸੀ ਪਾਰਟੀ ਦੀ ਅਹੁੱਦੇਦਾਰ ਬਣ ਗਈ ਸੀ। ਹੁਣ ਉਸ ਨੂੰ ਲੱਗਾ ਕਿ ਉਹ ਸਮਾਜ ਭਲਾਈ ਦੇ ਕੰਮ ਵੱਧ ਚੜ ਕੇ ਇੱਕ ਟੀਮ ਨਾਲ ਮਿਲ ਕੇ ਕਰ ਸਕੇਗੀ। ਇੱਕ ਮਿਸਾਲ ਬਣੇਗੀ ਕਿ ਹਰ ਲੀਡਰ ਚਾਹੇ ਤਾਂ ਜਨਤਾ ਦੇ ਭਲੇ ਲਈ ਬਹੁਤ ਕਾਰਜ ਕਰ ਸਕਦਾ ਹੈ। ਪਰ ਅੱਜ ਦੇ ਲੀਡਰ ਸਿਰਫ ਆਪਣੀ ਐਸ਼ ਪ੍ਰਸਤੀ ਵਿੱਚ ਲੱਗੇ ਹੋਏ ਹਨ। ਰੂਬੀ ਨਵੀਂ ਸੋਚ ਅਤੇ ਨਵੇਂ ਉਤਸ਼ਾਹ ਨਾਲ ਸਿਆਸਤ ਦੀ ਦੁਨੀਆ ਵਿੱਚ ਕੁੱਦ ਗਈ। ਪਾਰਟੀ ਦੀਆਂ ਮੀਟਿੰਗਾਂ ਵਿੱਚ ਜਾਣਾ, ਪਾਰਟੀ ਦੇ ਅਜੰਡਿਆਂ ਨੂੰ ਸਮਝਣਾ, ਪਾਰਟੀ ਦੇ ਬਾਕੀ ਮੈਂਬਰਾਂ ਨਾਲ ਮਿਲ ਕੇ ਕੰਮ ਕਰਨੇ ਸ਼ੁਰੂ ਹੋ ਗਏ। ਜਿਵੇਂ-ਜਿਵੇਂ ਰੂਬੀ ਪਾਰਟੀ ਦੇ ਮੈਂਬਰਾਂ ਨਾਲ ਵਿਚਰ ਰਹੀ ਸੀ ਉਸਨੂੰ ਕੁਝ ਦਿਨਾਂ ਵਿੱਚ ਹੀ ਪਾਰਟੀ ਆਪਣੀ ਰਸੋਈ ਵਰਗੀ ਜਾਪਣ ਲੱਗ ਪਈ। ਜਿਵੇਂ ਰਸੋਈ ਵਿੱਚ ਭਾਂਡੇ ਖੜਕਣ ਦੀ ਅਵਾਜ਼ ਆਉਂਦੀ ਰਹਿੰਦੀ ਹੈ ਉਸੇ ਤਰਾਂ ਪਾਰਟੀ ਵਿੱਚੋਂ ਵੀ ਖਟਕਣ ਦੀਆਂ ਅਵਾਜ਼ਾਂ ਆਉਣ ਲੱਗ ਪਈਆਂ। ਕਿੱਧਰੇ ਪਤੀਲੇ ਦੀ ਅਵਾਜ਼, ਕਿੱਧਰੇ ਚਮਚੇ ਦੀ, ਕਿੱਧਰੇ ਬਿਨਾਂ ਭਾਂਡੇ ਦਾ ਢੱਕਣ ਪਿਆ ਦਿੱਸਣਾ ਤੇ ਕਿੱਧਰੇ ਜੱਗ ਭਰਿਆ ਦਿੱਖਣਾ, ਕਿੱਧਰੇ ਟੁੱਟੇ ਹੋਏ ਕੱਪ ਚੋਂ ਚਾਹ ਰਿੱਸਦੀ ਦਿੱਖਣੀ ਤੇ ਕਿੱਧਰੇ ਦਾਲ ਨਾਲ ਭਰੀ ਕੋਲ੍ਹੀ ਮਿਲ ਜਾਣੀ, ਕਿੱਧਰੇ ਪਲੇਟ ਜੂਠੀ ਦਿੱਖ ਜਾਣੀ ਤੇ ਕਿੱਧਰੇ ਪਰਾਤ ਲਿੱਬੜੀ ਮਿਲ ਜਾਣੀ, ਕਈ ਵਾਰ ਕੜਾਹੀ ਵਿੱਚ ਤੜਕਾ ਭੁੱਜਦਾ ਦਿਸਣਾ ਤੇ ਕਈ ਵਾਰ ਕੜਛ੍ਹੀ ਦਾਲ ਵਰਤਾਉਂਦੀ ਦਿੱਸ ਜਾਣੀ, ਵੇਲਣੇ ਤੇ ਚਕਲੇ ਨਾਲ ਕਦੀ ਗੋਲ-ਗੋਲ ਰੋਟੀਆਂ ਵਿੱਲਦੀਆਂ ਵੀ ਦਿੱਖ ਜਾਣੀਆਂ। ਕਿੱਧਰੇ ਢੱਕਣ ਆਪਣੀ ਬਚੀ-ਖੁਚੀ ਖਿਚੜੀ ਢੱਕ ਕੇ ਬੈਠਾ ਦਿਸ ਜਾਣਾ। ਕਈ ਵਾਰ ਚੁੱਲ੍ਹਾ ਢੱਠ੍ਹਾ ਦਿੱਖ ਜਾਣਾ ਤੇ ਕਦੇ ਚੁੱਲ੍ਹੇ ਨੂੰ ਲੇਪ ਲੱਗਿਆ ਮਿਲ ਜਾਣਾ। ਰੂਬੀ ਨੇ ਤਾਂ ਆਪਣੇ ਘਰ ਦੀ ਰਸੋਈ ਦੇ ਭਾਂਡਿਆਂ ਦੇ ਨਾਮ ਵੀ ਰੱਖ ਦਿੱਤੇ ਸਨ। ਸਭ ਗੱਲਾਂ ‘ਤੇ ਹੱਸ ਕੇ ਅਣਦੇਖਾ ਕਰਕੇ ਸਮਾਜ ਭਲਾਈ ਦੇ ਕੰਮ ਕਰਣ ਦੀ ਚਾਹਵਾਨ ਰੂਬੀ ਪਾਰਟੀ ਨਾਲ ਜੁੜ ਕੇ ਕੁਝ ਨਵਾਂ ਕਰਣ ਬਾਰੇ ਸੋਚਣ ਲੱਗ ਗਈ। ਜਿਸ ਨਾਲ ਜਨਤਾ ਦਾ ਭਲਾ ਹੋ ਜਾਵੇ ਅਤੇ ਜਨਤਾ ਉਨ੍ਹਾਂ ਦੀ ਪਾਰਟੀ ਦੀ ਮੁਰੀਦ ਬਣ ਜਾਵੇ। ਪਾਰਟੀ ਦੇ ਕੁਝ ਮੈਂਬਰਾਂ ਦਾ ਰੂਬੀ ਦੀ ਸੋਚ ਨੂੰ ਸਾਥ ਮਿਲਿਆ ਤੇ ਕੁਝ ਮੈਂਬਰਾਂ ਦਾ ਰੂਬੀ ਨੂੰ ਵਿਰੋਧ ਮਿਲਿਆ। ਵਿਰੋਧ ਸਾਥ ਉੱਤੇ ਹਾਵੀ ਹੋਣ ਲੱਗ ਪਿਆ। ਸਾਥ ਵੀ ਰੂਬੀ ਵਾਂਗ ਖੁਦ ਨੂੰ ਮਜਬੂਰ ਸਮਝਣ ਲੱਗ ਪਿਆ। ਕੈਦ ਵਿੱਚ ਕੁਝ ਨਾ ਕਰ ਸਕਣ ਦੇ ਹਾਲਾਤ ਵਿੱਚ ਬਗਾਵਤ ਪੈਦਾ ਹੋਣੀ ਲਾਜ਼ਮੀ ਹੁੰਦੀ ਹੈ। ਸਭ ਮੈਂਬਰਾਂ ਦੀ ਨਰਾਜ਼ਗੀ ਦੇਖਦੇ ਹੋਏ ਪਾਰਟੀ ਵੱਲੋਂ ਇੱਕ ਮੀਟਿੰਗ ਬੁਲਾਈ ਗਈ। ਸਭ ਮੈਂਬਰਾਂ ਦੀਆਂ ਸ਼ਿਕਾਇਤਾਂ ਸੁਣੀਆਂ ਗਈਆਂ। ਪਾਰਟੀ ਦੇ ਪ੍ਰਧਾਨ ਨੇ ਪਾਰਟੀ ਨੂੰ ਚਲਾਉਣ ਲਈ ਕੁਝ ਆਪਣੀਆਂ ਵੀ ਮਜਬੂਰੀਆਂ ਸੁਣਾ ਦਿੱਤੀਆਂ। ਮੀਟਿੰਗ ਵਿੱਚ ਬੈਠੇ-ਬੈਠੇ ਰੂਬੀ ਨੂੰ ਇੰਝ ਮਹਿਸੂਸ ਹੋਇਆ ਕਿ ਉਹ ਪਾਰਟੀ ਦੇ ਦਫ਼ਤਰ ਵਿੱਚ ਨਹੀਂ ਬੈਠੀ। ਉਹ ਸ਼ੰਭੂ ਬਾਰਡਰ ‘ਤੇ ਕਿਸਾਨ ਅੰਦੋਲਨ ਵਿੱਚ ਬੈਠੀ ਹੈ। ਹਰ ਸੂਬੇ ਦੇ ਕਿਸਾਨ ਆਗੂ ਉਸਨੂੰ ਦਿਖ ਰਹੇ ਸਨ। ਉਨ੍ਹਾਂ ਦੀਆਂ ਮੰਗਾਂ ਦਿੱਸ ਰਹੀਆਂ ਸਨ। ਕਰਜ਼ੇ ਨਾਲ ਮਰ ਰਹੇ ਕਿਸਾਨ ਦਿੱਖ ਰਹੇ ਸਨ। ਕਿਸਾਨਾਂ ਨੂੰ ਉਨ੍ਹਾਂ ਦੀ ਲਾਗਤ ਦਾ ਮੁੱਲ MSP ਨਾ ਮਿਲਣ ਕਾਰਣ ਸੜਕਾਂ ਉੱਤੇ ਧਰਨੇ ਲਾਈ ਬੈਠੇ ਕਿਸਾਨ ਦਿੱਖ ਰਹੇ ਸਨ। ਦੂਜੇ ਪਾਸੇ ਭਾਰਤ ਸਰਕਾਰ ਦਾ ਕਾਪਰੇਟ ਘਰਾਣਿਆਂ ਦੀ ਕੈਦ ਵਿੱਚ ਹੋਣਾ ਸਾਫ ਸਮਝ ਆ ਰਿਹਾ ਸੀ ਕਿਉਂਕਿ ਕਾਪਰੇਟ ਘਰਾਣਿਆਂ ਤੋਂ ਬਿਨ੍ਹਾਂ ਸਰਕਾਰ ਨਹੀਂ ਚੱਲ ਸਕਦੀ। ਅੱਜ ਰੂਬੀ ਨੂੰ ਪਾਰਟੀ ਦਾ ਪ੍ਰਧਾਨ ਵੀ ਭਾਰਤ ਸਰਕਾਰ ਵਾਂਗ ਹੀ ਦਿੱਖ ਰਿਹਾ ਸੀ। ਜੋ ਕਾਪਰੇਟ ਘਰਾਣਿਆਂ ਤੇ ਕਿਸਾਨ ਆਗੂਆਂ ਵਿੱਚ ਫੱਸਿਆ ਹੋਇਆ। ਕਾਪਰੇਟ ਘਰਾਣਿਆਂ ਤੋਂ ਬਿਨਾਂ ਉਸਦੀ ਸਰਕਾਰ ਨਹੀਂ ਚੱਲਣੀ ਤੇ ਕਿਸਾਨ ਆਗੂਆਂ ਨੇ ਕਾਪਰੇਟ ਘਰਾਣਿਆਂ ਦੀ ਅਧੀਨਤਾ ਨਹੀਂ ਮੰਨਣੀ। ਕਿਸਾਨ ਆਗੂਆਂ ਨੂੰ ਖੁਦ ਮੁਖਤਿਆਰੀ ਚਾਹਿਦੀ ਹੈ। ਆਪਣੀ ਮਿਹਨਤ ਨਾਲ ਬੀਜੀ ਫਸਲ ਦਾ ਪੂਰਾ ਮੁੱਲ ਚਾਹਿਦਾ ਹੈ। ਤੇ ਕਾਪਰੇਟ ਘਰਾਣੇ ਨੂੰ ਫ਼ਸਲ ਦਾ ਵੱਧ ਤੋਂ ਵੱਧ ਹਿੱਸਾ ਆਪਣੇ ਨਾਂ ਲਗਵਾਉਣਾ ਹੈ। ਨਾ ਭਾਰਤ ਸਰਕਾਰ ਨੇ ਕੁਝ ਫੈਂਸਲਾ ਕੀਤਾ ਨਾ ਪਾਰਟੀ ਪ੍ਰਧਾਨ ਨੇ। ਗੱਲ ਬੱਸ ਦੋਨੋਂ ਪਾਸੇ ਬਾਰਡਰ ਤੇ ਅੜੀ ਖੜੀ ਹੈ। ਰੂਬੀ ਦੀ ਇੱਕ ਅੱਖ ਪਾਰਟੀ ਦੇ ਦਫ਼ਤਰ ਵਿੱਚ ਹੈ ਤੇ ਇੱਕ ਅੱਖ ਕਿਸਾਨ ਅੰਦੋਲਣ ਵਿੱਚ। ਦੋਨਾਂ ਅੱਖਾਂ ਵਿੱਚ ਰੂਬੀ ਦਾ ਖੁਦ ਦਾ ਨੱਕ ਵੀ ਹੈ। ਜਿਸ ਨੂੰ ਸਾਹ ਲੈਣਾ ਔਖਾ ਹੋ ਰਿਹਾ ਹੈ। ਰੂਬੀ ਦਾ ਦਮ ਘੁੱਟ ਰਿਹਾ ਹੈ। ਰੂਬੀ ਨੂੰ ਆਕਸੀਜਨ ਦੀ ਲੋੜ ਹੈ। ਸਿਆਸੀ ਪਾਰਟੀ ਦੀ ਗੱਲ ਤੁਰਦੀ-ਤੁਰਦੀ ਰਸੋਈ ਦੇ ਭਾਂਡਿਆਂ ਤੋਂ ਹੁੰਦੀ ਕਿਸਾਨ ਅੰਦੋਲਣ ਅਤੇ ਪਾਰਟੀ ਦਫ਼ਤਰ ਵਿੱਚ ਜਾ ਕੇ ਰੁੱਕ ਗਈ। ਇੱਕ ਦਮ ਰੂਬੀ ਦੇ ਕੰਨਾਂ ਨੂੰ ਨਾਹਰਿਆਂ ਦੀ ਅਵਾਜ਼ ਸੁਣੀ। ਕਿਸਾਨ ਅੰਦੋਲਣ ਵਿੱਚ ਸਰਕਾਰ ਨੂੰ ਬਦਲਣ ਦੇ ਨਾਹਰੇ ਲੱਗ ਰਹੇ ਸੀ ਤੇ ਪਾਰਟੀ ਦਫ਼ਤਰ ਵਿੱਚ ਇੱਕ ਆਗੂ ਨੂੰ ਬਦਲਣ ਦੇ। ਹੋ ਸਕਦਾ ਵਜ਼ਾਰਤ ਬਦਲਣ ਨਾਲ ਕਿਸਾਨਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਮਿਲ ਜਾਵੇ ਤੇ ਇੱਕ ਆਗੂ ਬਦਲਣ ਨਾਲ ਪਾਰਟੀ ਮੈਂਬਰਾਂ ਨੂੰ ਉਨ੍ਹਾਂ ਦਾ ਬਣਦਾ ਸਤਿਕਾਰ ਮਿਲ ਜਾਵੇ। ਇਹ ਖਿਆਲ ਰੂਬੀ ਨੂੰ ਉਸਦੇ ਘੁੱਟ ਰਹੇ ਦਮ ਲਈ ਆਕਸੀਜ਼ਨ ਦਾ ਕੰਮ ਰਿਹਾ ਸੀ। ਉਸਨੂੰ ਕੁਝ ਸਾਹ ਆਇਆ ਸੀ, ਕੁਝ ਉਮੀਦ ਜਾਗੀ ਸੀ, ਕੋਈ ਮਸਲੇ ਦਾ ਹੱਲ ਦਿਖਿਆ ਸੀ। ਪਰ ਦਫ਼ਤਰ ਦਾ ਫੈਂਸਲਾ ਪਾਰਟੀ ਪ੍ਰਧਾਨ ਦੇ ਉੱਤੇ ਅਤੇ ਕਿਸਾਨਾਂ ਦਾ ਫੈਂਸਲਾ ਜਨਤਾ ਦੀ ਵੋਟਾਂ ਉੱਤੇ ਨਿਰਭਰ ਹੈ। ਜੇਕਰ ਜਨਤਾ ਨੇ ਵੋਟਾਂ ਪਾ ਕੇ ਵਜ਼ਾਰਤ ਨਾ ਬਦਲੀ? ਜੇਕਰ ਪਾਰਟੀ ਪ੍ਰਧਾਨ ਨੇ ਆਗੂ ਨਾ ਬਦਲਿਆ? ਰੂਬੀ ਹੁਣ ਮੁਸਕਰਾ ਰਹੀ ਸੀ ਕਿਉਂਕਿ ਹਰ ਮਸਲੇ ਦਾ ਹੱਲ ਤਾਂ ਸਾਹਮਣੇ ਪਿਆ ਹੋਇਆ ਹੈ। ਬੱਸ ਸਿਆਸੀ ਪਾਰਟੀ ਤੇ ਵੋਟਾਂ ਵਿੱਚ ਅੜਿਆ ਹੋਇਆ ਹੈ। ਰੂਬੀ ਦੇ ਘੁੱਟ ਰਹੇ ਦਮ ਨੂੰ ਆਕਸੀਜ਼ਨ ਮਿਲ ਗਈ ਸੀ। ਇਹ ਆਕਸੀਜ਼ਨ ਉਹ ਉਮੀਦ ਹੀ ਹੈ ਜੋ ਪਾਰਟੀ ਪ੍ਰਧਾਨ ਅਤੇ ਜਨਤਾ ਦੀਆਂ ਵੋਟਾਂ ਤੋਂ ਲਗਾਈ ਜਾ ਸਕਦੀ ਹੈ। ਰੂਬੀ ਸੋਚ ਰਹੀ ਸੀ ਕਿ ਫੈਂਸਲਾ ਕਰਣਾ ਇੰਨ੍ਹਾਂ ਮੁਸ਼ਕਿਲ ਨਹੀਂ ਹੈ। ਨਾ ਪਾਰਟੀ ਪ੍ਰਧਾਨ ਲਈ ਨਾ ਭਾਰਤ ਸਰਕਾਰ ਲਈ। ਮੁਸ਼ਕਿਲ ਤਾਂ ਆਪਣੇ ਸਵਾਰਥ ਤੋਂ ਉੱਤੇ ਉੱਠ ਕੇ ਦੂਜਿਆਂ ਬਾਰੇ ਸੋਚਣ ਵਿੱਚ ਹੈ। ਜੇਕਰ ਭਾਰਤ ਸਰਕਾਰ ਕਾਪਰੇਟ ਘਰਾਣਿਆਂ ਨਾਲ ਯਾਰੀ ਵੀ ਨਿਭਾਈ ਜਾਵੇ ਅਤੇ ਕਿਸਾਨਾਂ ਨੂੰ ਉਨ੍ਹਾਂ ਦਾ ਹੱਕ ਵੀ ਦੇ ਦੇਵੇ ਤਾਂ ਦੇਸ਼ ਵਿੱਚ ਸ਼ਾਂਤੀ ਹੋ ਸਕਦੀ ਹੈ। ਪਾਰਟੀ ਪ੍ਰਧਾਨ ਵੀ ਉਸ ਇੱਕ ਆਗੂ ਤੇ ਬਾਕੀ ਮੈਂਬਰਾਂ ਵਿੱਚ ਇੱਕ ਹੋਰ ਆਗੂ ਲਾ ਦੇਵੇ ਤਾਂ ਪਾਰਟੀ ਵਿੱਚ ਵੀ ਸ਼ਾਂਤੀ ਹੋ ਜਾਵੇ। ਹਰ ਮਸਲਾ ਸ਼ੁਰੂ ਹੁੰਦਾ ਹੀ ਸਵਾਰਥ ਕਰਕੇ ਹੈ। ਰੂਬੀ ਘਰ ਆ ਕੇ ਆਪਣੀ ਰਸੋਈ ਵਿੱਚ ਖੜੀ ਹੋ ਕੇ ਸੋਚ ਰਹੀ ਸੀ, ਕਿਸਨੂੰ ਕਿਸ ਦੇ ਵਿੱਚ ਪਕਾਵੇ। ਰੂਬੀ ਨੂੰ ਵੀ ਇਸ ਵਿੱਚ ਆਪਣੀ ਭੁੱਖ ਦਾ ਸਵਾਰਥ ਦਿਖ ਰਿਹਾ ਸੀ। ਰੂਬੀ ਸੋਚ ਰਹੀ ਸੀ ਹਰ ਕਿਸੇ ਦਾ ਸਵਾਰਥ ਤਾਂ ਪੂਰਾ ਹੋ ਹੀ ਜਾਵੇਗਾ ਪਰ ਮਸਲੇ ਦਾ ਹੱਲ ਕਦੋਂ ਨਿਕਲੇਗਾ?

ਰਸ਼ਪਿੰਦਰ ਕੌਰ ਗਿੱਲ

ਸੰਸਥਾਪਕ ਅਤੇ ਪ੍ਰਧਾਨ

ਪੀਂਘਾਂ ਸੋਚ ਦੀਆਂ

ਸਾਹਿਤ ਮੰਚਪਬਲੀਕੇਸ਼ਨਮੈਗਜ਼ੀਨ

+91-9888697078

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਡਾਰ ਚਿੜੀਆਂ ਦੀ
Next articleSAMAJ WEEKLY = 15/07/2024