(ਸਮਾਜ ਵੀਕਲੀ)
ਜੇ ਮੈਥੋਂ ਕੋਈ ਪੁੱਛੇ
ਕਿ ਵਿਦਿਅਕ ਸੰਸਥਾਵਾਂ ਦੇ ਕੀ ਮਾਹਨੇ ਹੁੰਦੇ ਨੇ!
ਮੈ ਕਹਾਂਗਾ—
ਫੈਕਟਰੀਆਂ ਹੁੰਦੀਆਂ ਨੇ ਜਾਂ ਕਾਰਖਾਨੇ ਹੁੰਦੇ ਨੇ
ਜਿਨ੍ਹਾਂ ‘ਚ ਸਰਕਾਰੀ ਮਸ਼ੀਨਰੀ ਦੇ
ਪੁਰਜ਼ੇ ਬਣਾਏ ਜਾਂਦੇ ਨੇ
ਰੇਤੀ ਮਾਰੀ ਜਾਂਦੀ ਹੈ
ਘਾਸੇ ਪਾਏ ਜਾਂਦੇ ਨੇ
‘ਪੈਕਿੰਗ’ ਕੀਤੀ ਜਾਂਦੀ ਹੈ
‘ਲੇਬਲ’ ਲਾਏ ਜਾਂਦੇ ਨੇ
ਖੋਦਿਆ ਜਾਂਦਾ ਹੈ ਹਰ ਪੁਰਜ਼ੇ ‘ਤੇ
ਮੇਡ ਇਨ ਯੂਨੀਵਰਸਿਟੀ ਪੁਰਜ਼ਾ
ਕੀਮਤ ਪੈਂਤੀ ਸੌ ਰੁਪਏ
‘ਲੋਕਲ ਟੈਕਸ’ ਐਕਸਟਰਾ
ਇਹ ਕਾਰਖਾਨਿਆਂ ‘ਚ ਨੁਕਸ ਹੈ
ਜਾਂ ਮਜ਼ਦੂਰਾਂ ਦੀ ਅਣਗਹਿਲੀ ਹੈ
ਕਿ ਪੁਰਾਜ਼ੇ ਜਦ ਮੰਡੀ ਵਿਚ ਜਾਂਦੇ ਨੇ
ਸਿਰਫ 5 ਫੀਸਦੀ ਹੀ ਆਪਣੀ ਕੀਮਤ ਪੁਆਂਦੇ ਨੇ
ਬਾਕੀ ਅਨਫਿਟ ਹੋ ਜਾਂਦੇ ਨੇ..
ਉਨ੍ਹਾਂ ਨੂੰ ਸਿਕਲੀਗਰ ਲੈ ਜਾਂਦੇ ਨੇ
ਉਨ੍ਹਾਂ ਦੇ ‘ਬੱਠਲ’ ਬਣਾਂਦੇ ਨੇ
ਬਠਲਾਂ ‘ਚ ਗੋਹਾ ਪਾਂਦੇ ਨੇ
‘ਬੱਠਲ’ ਬੜਾ ਸ਼ਰਮਾਂਦੇ ਨੇ
ਜਦੋਂ ਕੋਲੋਂ ਦੀ “ਇੰਜਣ” ਲੰਘ ਜਾਂਦੇ ਨੇ…
ਜੇ ਤੁਸੀਂ ਇੰਨ੍ਹਾਂ ਸੰਸਥਾਵਾਂ ਦੇ
ਜਨਮ ਦਾਤਿਆਂ ਤੋਂ ਇਨ੍ਹਾਂ ਦੇ ਮਾਹਨੇ ਪੁੱਛੋ
ਉਹ ਕਹਿਣਗੇ—ਇਹ ਡੂੰਘੇ ਸਮੁੰਦਰ ਨੇ
ਜਿੱਥੇ ਹੰਸ ਮੋਤੀ ਚੁਗਦੇ ਨੇ
ਇਹ ਬਹਾਰਾਂ ਦੇ ਗੁਲਸ਼ਨ ਨੇ
ਜਿੱਥੇ ਗੁਲਾਬ ਉਗਦੇ ਨੇ
ਜੋ ਇਕੇਰਾਂ ਇਨ੍ਹਾਂ ‘ਚੋਂ ਗੁਜਰ ਜਾਂਦਾ ਏ
ਉਹ ਰੁਤਬੇ ਪਾਂਦਾ ਏ
ਜ਼ਿੰਦਗੀ ਸਫਲ ਬਣਾਂਦਾ ਏ.!!!
ਪਰ ਉਨ੍ਹਾਂ ਤੋਂ ਇਹ ਤਾਂ ਪੁੱਛੋ—
ਕਿ ਅਰਥ ਸ਼ਾਸਤਰ ਦਾ “ਕੀਮਤ ਸਿਧਾਂਤ”
ਕਿਥੋਂ ਦੀ ਲੰਘਦਾ ਹੈ
ਜਦੋਂ ਕੋਈ ਕਿਲੋ ਖੰਡ ਦੇ
ਤਰਤਾਲੀ ..ਮੰਗਦਾ ਹੈ…?
ਉਨ੍ਹਾਂ ਤੋਂ ਇਹ ਤਾਂ ਪੁੱਛੋ – – –
ਕਿ ਕਿੱਥੇ ਛੁਪ ਜਾਂਦੀ ਏ
ਸੰਵਿਧਾਨ ਦੀ “39ਵੀਂ ਧਾਰਾ”
ਪੈਦਲ ਤੁਰਦੇ ਨੂੰ ਕੁਚਲ ਕੇ
ਲੰਘ ਜਾਂਦਾ ਜਦੋਂ ਕਾਰ ਵਾਲਾ..?
ਪਰ ਉਹ ਕੀ ਦੱਸਣਗੇ?
ਉਹ ਤਾਂ ਜਿਉਂਦੇ ਹੀ ਮੁਰਦੇ ਨੇ
ਉਨ੍ਹਾਂ ਬਾਂਗ ਕੀ ਦੇਣੀ ਹੈ
ਉਹ ਤਾਂ ਗੂੰਗੇ ਮੁਰਗੇ ਨੇ
ਸਰਕਾਰੀ ਮਸ਼ੀਨਰੀ ‘ਚ
ਫਿਟ ਆਏ ਹੋਏ ਪੁਰਜ਼ੇ ਨੇ
ਬਸ ਜ਼ਰਾ ਕੁ ਖੜਕਦੇ ਨੇ
ਜਦ ਉਹ ਤੁਰਦੇ ਨੇ
ਥੋੜ੍ਹੇ ਦਿਨ ਹੋਰ ਉਡੀਕੋ
ਤੁਹਾਨੂੰ ਖੁਦ ਪਤਾ ਲੱਗ ਜਾਵੇਗਾ
ਜਦੋਂ ਤੁਸੀਂ ਪੁਰਜ਼ੇ ਬਣ ਜਾਵੋਗੇ
ਸੁਪੀਰੀਅਰ ਕੁਆਲਿਟੀ
ਦਾ ਲੇਬਲ ਲਾਵੋਗੇ–
ਪਰ ਜਦੋਂ ਮੰਡੀ ਵਿਚ ਜਾਵੋਗੇ
ਉੱਥੇ ਵਿਕ ਨਹੀਂ ਪਾਵੋਗੇ,
ਅਨਫਿਟਾਂ ਵਾਲੇ ਡੱਬੇ ਵਿਚ
ਸੁੱਟ ਦਿੱਤੇ ਜਾਵੋਗੇ
ਹੁਣ ਜੇ ਤੁਹਾਨੂੰ ਕੋਈ
ਸਿਕਲੀਗਰ ਵੀ ਲੈ ਜਾਵੇਗਾ
ਉਹ ਵੀ ਘਾਟੇ ‘ਚ ਹੀ ਆਵੇਗਾ
ਕਿ ਜਦੋਂ ਤੁਹਾਡਾ “ਬੱਠਲ” ਬਣਾਵੇਗਾ
ਲੋਹਾ ਘੱਟ ਜਾਵੇਗਾ
ਥਲਾ ਕਿਥੋਂ ਲਾਵੇਗਾ
ਚੁੱਕ ਕੇ ਹੀ ਪਛਤਾਵੇਗਾ
ਕਿਸੇ ਰੂੜੀ ‘ਤੇ ਸੁੱਟ ਆਵੇਗਾ
ਹੁਣ ਤੁਸੀਂ ਗੰਦ ‘ਚ ਰੁਲੀ ਜਾਵੋਂਗੇ
ਜੇ ਸੜਕ ‘ਤੇ ਆਵੋਂਗੇ
ਤਾਂ ਠੇਡੇ ਖਾਵੋਂਗੇ
ਓ ਅੱਧ-ਬਣੇ ਪੁਰਜ਼ਿਓ !
ਸਾਂਚਿਆਂ ‘ਚੋਂ ਬਾਹਰ ਆਵੋ
ਕੁਠਾਲੀ ‘ਚ ਡਿੱਗ ਪਵੋ
ਹਥੌੜੇ ਬਣ ਜਾਵੋ
ਉਸ ਢਾਂਚੇ ‘ਤੇ ਕਰਾਰੀ ਸੱਟ ਲਾਵੋ
ਜੋ ਕੱਚ ਦਾ ਬਣਿਆ ਹੈ
ਜਿਸ ਇਹ ਸਭ ਜਣਿਆ ਹੈ…||||
ਮਹਿੰਦਰਪਾਲ ਭੱਠਲ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly