ਸੰਸਦ ‘ਮੁਲਕ ਦੇ ਲੋਕਤੰਤਰ ਦਾ ਮੰਦਰ’: ਕੋਵਿੰਦ

President Ram Nath Kovind

 

  • ਰਾਸ਼ਟਰਪਤੀ ਨੇ ਆਜ਼ਾਦੀ ਦਿਹਾੜੇ ਤੋਂ ਪਹਿਲਾਂ ਦੇਸ਼ਵਾਸੀਆਂ ਨੂੰ ਕੀਤਾ ਸੰਬੋਧਨ
  • ਕਿਸਾਨਾਂ ਨੂੰ ਖੇਤੀ ਕਾਨੂੰਨਾਂ ਨਾਲ ਫਸਲ ਦਾ ਵਾਜਿਬ ਮੁੱਲ ਮਿਲਣ ਦਾ ਕੀਤਾ ਦਾਅਵਾ

ਨਵੀਂ ਦਿੱਲੀ (ਸਮਾਜ ਵੀਕਲੀ): ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਕਿਹਾ ਹੈ ਕਿ ਸੰਸਦ ‘ਮੁਲਕ ਦੇ ਲੋਕਤੰਤਰ ਦਾ ਮੰਦਰ’ ਹੈ ਜੋ ਵਿਚਾਰ ਵਟਾਂਦਰੇ, ਬਹਿਸ ਅਤੇ ਲੋਕਾਂ ਦੀ ਭਲਾਈ ਦੇ ਮੁੱਦਿਆਂ ਨੂੰ ਸੁਲਝਾਉਣ ਦਾ ਸਭ ਤੋਂ ਵੱਡਾ ਮੰਚ ਪ੍ਰਦਾਨ ਕਰਦੀ ਹੈ। ਉਨ੍ਹਾਂ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਮੌਨਸੂਨ ਇਜਲਾਸ ਦੌਰਾਨ ਸੰਸਦ ਦੇ ਦੋਵੇਂ ਸਦਨਾਂ ’ਚ ਲਗਾਤਾਰ ਜ਼ੋਰਦਾਰ ਹੰਗਾਮਾ ਅਤੇ ਕਾਰਵਾਈ ਠੱਪ ਹੁੰਦੀ ਰਹੀ। ਆਜ਼ਾਦੀ ਦਿਹਾੜੇ ਦੀ 75ਵੀਂ ਵਰ੍ਹੇਗੰਢ ਦੀ ਪੂਰਬਲੀ ਸ਼ਾਮ ਕੌਮ ਦੇ ਨਾਮ ਆਪਣੇ ਸੁਨੇਹੇ ’ਚ ਰਾਸ਼ਟਰਪਤੀ ਨੇ ਕਰੋਨਾ ਦੀ ਦੂਜੀ ਲਹਿਰ ਦਾ ਹਵਾਲਾ ਵੀ ਦਿੱਤਾ ਅਤੇ ਕਿਹਾ ਕਿ ਦੇਸ਼ ਨੇ ਅਜੇ ਇਸ ਅਲਾਮਤ ਦੇ ਮਾੜੇ ਅਸਰ ਤੋਂ ਬਾਹਰ ਨਿਕਲਣਾ ਹੈ। ਉਨ੍ਹਾਂ ਕਿਹਾ ਕਿ ਅਜੇ ਵਾਧੂ ਧਿਆਨ ਅਤੇ ਸਾਵਧਾਨੀ ਰੱਖਣ ਦਾ ਵੇਲਾ ਹੈ ਅਤੇ ਲੋਕਾਂ ਨੂੰ ਪੂਰੀ ਇਹਤਿਆਤ ਰੱਖਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਦੇਸ਼ ’ਚ 50 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਕਰੋਨਾ ਤੋਂ ਬਚਾਅ ਦਾ ਟੀਕਾ ਲੱਗ ਚੁੱਕਾ ਹੈ ਅਤੇ ਬਾਕੀ ਲੋਕਾਂ ਨੂੰ ਵੀ ਤੁਰੰਤ ਵੈਕਸੀਨ ਲਗਵਾਉਣੀ ਚਾਹੀਦੀ ਹੈ। ਉਨ੍ਹਾਂ ਮਾਲਕਾਂ ਨੂੰ ਕਿਹਾ ਕਿ ਉਹ ਮਜ਼ਦੂਰਾਂ ਦੀਆਂ ਲੋੜਾਂ ਵੱਲ ਧਿਆਨ ਦੇਣ ਕਿਉਂਕਿ ਲੌਕਡਾਊਨ ਕਰਕੇ ਉਨ੍ਹਾਂ ਨੂੰ ਕਈ ਤਕਲੀਫ਼ਾਂ ਦਾ ਸਾਹਮਣਾ ਕਰਨਾ ਪਿਆ ਹੈ। ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਕਰ ਰਹੀਆਂ ਕਿਸਾਨ ਜਥੇਬੰਦੀਆਂ ਦਾ ਮੁੱਦਾ ਆਪਣੇ ਭਾਸ਼ਣ ਦੌਰਾਨ ਉਠਾਉਂਦਿਆਂ ਸ੍ਰੀ ਕੋਵਿੰਦ ਨੇ ਕਿਹਾ ਕਿ ਖੇਤੀ ਮੰਡੀ ਸੁਧਾਰਾਂ ਦੀ ਲੜੀ ਨਾਲ ‘ਅੰਨਦਾਤੇ’ ਕਿਸਾਨ ਮਜ਼ਬੂਤ ਹੋਣਗੇ ਅਤੇ ਉਨ੍ਹਾਂ ਨੂੰ ਆਪਣੀ ਫ਼ਸਲ ਦਾ ਵਧੀਆ ਭਾਅ ਮਿਲਣ ’ਚ ਸਹਾਇਤਾ ਮਿਲੇਗੀ। ਹੁਣੇ ਜਿਹੇ ਨੇਪਰੇ ਚੜ੍ਹੀਆਂ ਟੋਕੀਓ ਓਲੰਪਿਕਸ ਖੇਡਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੇਸ਼ ਦੇ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ। ਉਨ੍ਹਾਂ ਖੇਡਾਂ ’ਚ ਧੀਆਂ ਦੀ ਸਫ਼ਲਤਾ ਨੂੰ ਦੇਖਦਿਆਂ ਮਾਪਿਆਂ ਨੂੰ ਬੇਨਤੀ ਕੀਤੀ ਕਿ ਧੀਆਂ ਨੂੰ ਉਨ੍ਹਾਂ ਦੀ ਪਸੰਦ ਦੇ ਖੇਤਰ ’ਚ ਜਾਣ ਦੇ ਮੌਕੇ ਦਿੱਤੇ ਜਾਣ।

ਰਾਸ਼ਟਰਪਤੀ ਨੇ ਕਿਹਾ ਕਿ ਜਦੋਂ ਦੇਸ਼ ਨੂੰ ਆਜ਼ਾਦੀ ਮਿਲੀ ਸੀ ਤਾਂ ਕਈਆਂ ਨੇ ਖ਼ਦਸ਼ਾ ਪ੍ਰਗਟਾਇਆ ਸੀ ਕਿ ਭਾਰਤ ’ਚ ਜਮਹੂਰੀਅਤ ਨਹੀਂ ਟਿਕੇਗੀ। ‘ਉਹ ਨਹੀਂ ਜਾਣਦੇ ਸਨ ਕਿ ਲੋਕਤੰਤਰ ਦੀਆਂ ਜੜ੍ਹਾਂ ਇਥੋਂ ਦੀ ਧਰਤੀ ’ਚ ਪੁਰਾਤਨ ਸਮਿਆਂ ਤੋਂ ਹੀ ਵੱਧ-ਫੁੱਲ ਰਹੀਆਂ ਹਨ ਅਤੇ ਆਧੁਨਿਕ ਸਮੇਂ ’ਚ ਵੀ ਭਾਰਤ ਕਈ ਪੱਛਮੀ ਮੁਲਕਾਂ ਨਾਲੋਂ ਸਾਰੇ ਬਾਲਗਾਂ ਨੂੰ ਬਿਨਾਂ ਕਿਸੇ ਵਿਤਕਰੇ ਦੇ ਸਹੂਲਤਾਂ ਦੇ ਰਿਹਾ ਹੈ।’ ਉਨ੍ਹਾਂ ਕਿਹਾ ਕਿ ਸਾਰੇ ਭਾਰਤੀਆਂ ਲਈ ਇਹ ਵੱਡੇ ਮਾਣ ਵਾਲੀ ਗੱਲ ਹੈ ਕਿ ਸਾਡੀ ਸੰਸਦ ਛੇਤੀ ਹੀ ਨਵੀਂ ਇਮਾਰਤ ’ਚ ਚਲੀ ਜਾਵੇਗੀ। ਉਨ੍ਹਾਂ ਕਿਹਾ ਕਿ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਸੰਸਦ ਦੀ ਨਵੀਂ ਇਮਾਰਤ ਦਾ ਉਦਘਾਟਨ ਦੁਨੀਆ ਨਾਲ ਕਦਮ ਮਿਲਾ ਕੇ ਚੱਲਣ ਵਾਂਗ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਨਾਬਰਾਬਰੀ ਵਾਲੀ ਦੁਨੀਆ ’ਚ ਵਧੇਰੇ ਬਰਾਬਰੀ ਵੱਲ ਜ਼ੋਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਗੇ ਦਾ ਰਾਹ ਸੁਖਾਲਾ ਨਹੀਂ ਹੈ ਪਰ ਅਨੇਕਤਾ ’ਚ ਏਕਤਾ ਦੀ ਭਾਵਨਾ ਨਾਲ ਸਹੀ ਰਾਹ ਮਿਲੇਗਾ।

ਸ੍ਰੀ ਕੋਵਿੰਦ ਨੇ ਜੰਮੂ ਕਸ਼ਮੀਰ ਦੇ ਨੌਜਵਾਨਾਂ ਨੂੰ ਕਿਹਾ ਕਿ ਉਹ ਲੋਕਰਾਜੀ ਸੰਸਥਾਵਾਂ ਰਾਹੀਂ ਆਪਣੀਆਂ ਖਾਹਿਸ਼ਾਂ ਦੀ ਪੂਰਤੀ ਕਰਨ। ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ’ਚ ਨਵੀਂ ਸਵੇਰ ਹੋਈ ਹੈ ਅਤੇ ਸਰਕਾਰ ਨੇ ਲੋਕਤੰਤਰ ’ਚ ਭਰੋਸਾ ਰੱਖਣ ਵਾਲੀਆਂ ਸਾਰੀਆਂ ਧਿਰਾਂ ਨਾਲ ਗੱਲਬਾਤ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਆਪਣੇ ਲੱਦਾਖ ਦੌਰੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਬਾਰਾਮੂਲਾ ’ਚ ‘ਡੈਗਰ ਜੰਗੀ ਯਾਦਗਾਰ’ ’ਤੇ ਸੁਨੇਹਾ ਲਿਖਿਆ ਹੋਇਆ ਹੈ, ‘ਮੇਰਾ ਹਰ ਕਾਮ ਦੇਸ਼ ਕੇ ਨਾਮ’ ਅਤੇ ਸਾਰਿਆਂ ਨੂੰ ਇਸ ਮੰਤਰ ਨੂੰ ਧਿਆਨ ’ਚ ਰਖਦਿਆਂ ਦੇਸ਼ ਦੇ ਵਿਕਾਸ ਲਈ ਕੰਮ ਕਰਨਾ ਚਾਹੀਦਾ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleOMCs continue to hold petrol, diesel prices as global crude rates ease
Next articleਪਿਯੂਸ਼ ਵੱਲੋਂ ਕੰਪਨੀਆਂ ਅਤੇ ਵਿਰੋਧੀ ਧਿਰ ਵੱਲੋਂ ਸਰਕਾਰ ਦੀ ਆਲੋਚਨਾ