ਭੁਪਾਲ (ਸਮਾਜ ਵੀਕਲੀ): ਕੌਮੀ ਰਾਜਧਾਨੀ ਦਿੱਲੀ ਦੇ ਜੰਤਰ-ਮੰਤਰ ’ਤੇ ਜੁੜੀ ‘ਕਿਸਾਨ ਸੰਸਦ’ ਦੇ ਸੰਦਰਭ ਵਿਚ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਹੈ ਕਿ ‘ਸੰਸਦ ਤਾਂ ਇਕ ਹੀ ਹੁੰਦੀ ਹੈ ਜਿਸ ਨੂੰ ਜਨਤਾ ਚੁਣ ਕੇ ਭੇਜਦੀ ਹੈ।’ ਉਨ੍ਹਾਂ ਇਕ ਵਾਰ ਮੁੜ ਕਿਹਾ ਕਿ ਕਿਸਾਨਾਂ ਨੂੰ ਅੰਦੋਲਨ ਦਾ ਰਾਹ ਛੱਡ ਕੇ ਗੱਲਬਾਤ ਦਾ ਰਾਹ ਫੜਨਾ ਚਾਹੀਦਾ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਸੰਸਦ ਤਾਂ ਜਨਤਾ ਵੱਲੋਂ ਚੁਣੀ ਜਾਂਦੀ ਹੈ। ਕਿਸਾਨ ਜਥੇਬੰਦੀਆਂ ਦੇ ਜਿਹੜੇ ਲੋਕ ‘ਕਿਸਾਨ ਸੰਸਦ’ ਲਾ ਰਹੇ ਹਨ, ਉਸ ਦਾ ਕੋਈ ਅਰਥ ਨਹੀਂ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਕਿਸਾਨਾਂ ਨੂੰ ਸਰਕਾਰ ਗੱਲਬਾਤ ਦੀ ਅਪੀਲ ਕਰ ਚੁੱਕੀ ਹੈ।
ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਕਿਸਾਨਾਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ‘ਭਾਰਤ ਦੀ ਆਤਮਾ ਨੂੰ ਬਚਾਉਣ ਲਈ ਸਾਰੇ ਇਕਜੁੱਟ ਹੋਣ। ਉਨ੍ਹਾਂ ਕਿਹਾ ਕਿ ਜੇ ਕਿਸਾਨ ਬਚੇਗਾ ਤਾਂ ਹੀ ਭਾਰਤੀ ਦੀ ਆਤਮਾ ਤੇ ਆਜ਼ਾਦੀ ਬਚੇਗੀ। ਆਪਣੇ ਇਕ ਹੋਰ ਟਵੀਟ ਵਿਚ ਟਿਕੈਤ ਨੇ ਕਿਹਾ ਕਿ ‘ਕਿਸਾਨ ਸੰਸਦ ਨਾਲ ਕਿਸਾਨਾਂ ਨੇ ਗੂੰਗੀ-ਬੋਲੀ ਸਰਕਾਰ ਨੂੰ ਜਗਾਉਣ ਦਾ ਕੰਮ ਕੀਤਾ ਹੈ।’ ਉਨ੍ਹਾਂ ਕਿਹਾ ਕਿ ਕਿਸਾਨ ਸੰਸਦ ਚਲਾਉਣਾ ਵੀ ਜਾਣਦਾ ਹੈ ਤੇ ਅਣਦੇਖੀ ਕਰਨ ਵਾਲਿਆਂ ਨੂੰ ਪਿੰਡਾਂ ਵਿਚ ਸਬਕ ਸਿਖਾਉਣਾ ਵੀ ਜਾਣਦਾ ਹੈ। ਇਸ ਲਈ ਕੋਈ ਭੁਲੇਖੇ ਵਿਚ ਨਾ ਰਹੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly