ਕਾਲੇ ਧਨ ਨੂੰ ਚਿੱਟਾ ਕਰਨ ਦੇ ਮਾਮਲੇ ’ਚ ਸ਼ਾਹਬਾਜ਼ ਸ਼ਰੀਫ਼ ਨੂੰ ਜੇਲ੍ਹ ਭੇਜਿਆ

ਲਾਹੌਰ (ਸਮਾਜ ਵੀਕਲੀ) : ਪਾਕਿਸਤਾਨ ਮੁਸਲਿਮ ਲੀਗ ਨਵਾਜ਼ (ਪੀਐੱਮਐੱਲ-ਐੱਨ) ਦੇ ਮੁਖੀ ਅਤੇ ਕੌਮੀ ਅਸੈਂਬਲੀ ਵਿਚ ਵਿਰੋਧੀ ਧਿਰ ਦੇ ਆਗੂ ਸ਼ਾਹਬਾਜ਼ ਸ਼ਰੀਫ਼ ਨੂੰ ਕਾਲੇ ਧਨ ਨੂੰ ਸਫ਼ੇਦ ਕਰਨ ਦੇ ਇਕ ਮਾਮਲੇ ਵਿਚ ਅੱਜ ਲਾਹੌਰ ਦੀ ਕੋਟ ਲਖਪਤ ਜੇਲ੍ਹ ਭੇਜ ਦਿੱਤਾ ਗਿਆ।  ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਛੋਟੇ ਭਰਾ ਸ਼ਾਹਬਾਜ਼ ਨੂੰ ਕੌਮੀ ਜਵਾਬਦੇਹੀ ਬਿਊਰੋ (ਐੱਨਏਬੀ) ਨੇ 28 ਸਤੰਬਰ ਨੂੰ ਗ੍ਰਿਫ਼ਤਾਰ ਕੀਤਾ ਸੀ। 700 ਕਰੋੜ ਦੇ ਕਾਲੇ ਧਨ ਨੂੰ ਚਿੱਟਾ ਕਰਨ ਦੇ ਮਾਮਲੇ ਵਿਚ ਇਕ ਅਦਾਲਤ ਨੇ ਉਨ੍ਹਾਂ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਸੀ।

ਅਗਲੇ ਦਿਨ 29 ਸਤੰਬਰ ਨੂੰ ਅਦਾਲਤ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ਼ਾਹਬਾਜ਼ (69) ਨੂੰ ਹਿਰਾਸਤ ਵਿਚ ਭੇਜ ਦਿੱਤਾ ਸੀ। ਲਾਹੌਰ ਦੀ ਜਵਾਬਦੇਹੀ ਅਦਾਲਤ ਨੇ ਅੱਜ ਐੱਨਏਬੀ ਦੀ ਉਸ ਅਰਜ਼ੀ ਨੂੰ ਖਾਰਜ ਕਰ ਦਿੱਤਾ, ਜਿਸ ਵਿਚ ਸ਼ਾਹਬਾਜ਼ ਦਾ ਰਿਮਾਂਡ ਵਧਾਉਣ ਦੀ ਅਪੀਲ ਕੀਤੀ ਗਈ ਸੀ। ਅੱਜ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼ਾਹਬਾਜ਼ ਨੇ ਨਵਾਜ਼ ਸ਼ਰੀਫ਼ ਦੇ ਜਵਾਈ ਮੁਹੰਮਦ ਸਫ਼ਦਰ ਦੀ ਗ੍ਰਿਫ਼ਤਾਰੀ ਲਈ ਇਮਰਾਨ ਖਾਨ ਦੀ ਅਗਵਾਈ ਵਾਲੀ ਸਰਕਾਰ ਦੀ ਨਿਖੇਧੀ ਕੀਤੀ। ਸ਼ਾਹਬਾਜ਼ ਨੇ ਇਮਰਾਨ ਖਾਨ ਅਤੇ ਐੱਨਏਬੀ ਵਿਚ ਮਿਲੀਭੁਗਤ ਹੋਣ ਅਤੇ ਵਿਰੋਧੀ ਧਿਰ ਦੇ ਆਗੂਆਂ ਖ਼ਿਲਾਫ਼ ਬਦਲੇ ਦੀ ਕਾਰਵਾਈ ਦੇ ਦੋਸ਼ ਲਾਏ।

Previous articleWest Bengal announces Rs 2 cr aid for flood-hit Telangana
Next articleExtortion syndicate running from Rohini jail busted