HOME ਅਜੋਕੇ ਬਚਪਨ ਵਿੱਚ ਮਾਪਿਆਂ ਦੀ ਹਿੱਸੇਦਾਰੀ

ਅਜੋਕੇ ਬਚਪਨ ਵਿੱਚ ਮਾਪਿਆਂ ਦੀ ਹਿੱਸੇਦਾਰੀ

1
ਬਰਜਿੰਦਰ ਕੌਰ ਬਿਸਰਾਓ
    (ਸਮਾਜ ਵੀਕਲੀ)  “ਘਰ-ਪਰਿਵਾਰ ” ਸ਼ਬਦ ਆਪਣੇ ਆਪ ਵਿੱਚ ਇੱਕ ਸੰਪੂਰਨ ਸ਼ਬਦ ਹੈ ਜਿਸ ਨੂੰ ਉਚਾਰਦਿਆਂ ਹੀ ਸਾਡੇ ਦਿਮਾਗ਼ ਵਿੱਚ ਇੱਕ ਘਰ ਦੀ ਚਾਰਦੀਵਾਰੀ ਅੰਦਰ ਇੱਕ ਸੋਹਣੇ ਜਿਹੇ ਪਰਿਵਾਰ ਦੀ ਤਸਵੀਰ ਘੁੰਮਣ ਲੱਗਦੀ ਹੈ ਜਿਸ ਵਿੱਚ ਵੱਡੇ ਬਜ਼ੁਰਗ ,ਮਾਤਾ, ਪਿਤਾ ਅਤੇ ਬੱਚੇ ਹੁੰਦੇ ਹਨ। ਜੇ ਦੇਖਿਆ ਜਾਵੇ ਤਾਂ ਜ਼ਮਾਨੇ ਦੇ ਬਦਲਣ ਨਾਲ ਪਰਿਵਾਰਾਂ ਦੇ ਢਾਂਚੇ,ਰਹਿਣ ਸਹਿਣ ਦੇ ਢੰਗ ਤਰੀਕੇ, ਬੱਚਿਆਂ ਦੀ ਪਰਵਰਿਸ਼ ਕਰਨ ਦੇ ਤੌਰ ਤਰੀਕੇ ਸਭ ਕੁਝ ਬਦਲ ਗਿਆ ਹੈ। ਅੱਜ ਦਾ ਬਚਪਨ ਪਹਿਲਾਂ ਵਾਲ਼ੇ ਬਚਪਨ ਦੇ ਮੁਕਾਬਲੇ ਬਹੁਤ ਸੁੱਖ ਸਹੂਲਤਾਂ ਨਾਲ ਭਰਪੂਰ ਅਰਾਮਦਾਇਕ ਬਚਪਨ ਬਣ ਗਿਆ ਹੈ। ਪਹਿਲਾਂ ਮਨੁੱਖ ਆਪਣੇ ਬਚਪਨ ਦੇ ਸਖ਼ਤ ਹਾਲਾਤਾਂ ਤੋਂ ਗੁਜ਼ਰਦਿਆਂ ਹੋਇਆਂ ਆਪਣੀ ਜ਼ਿੰਦਗੀ ਵਿੱਚ ਆਉਣ ਵਾਲੀਆਂ ਕਈ ਤਰ੍ਹਾਂ ਦੀਆਂ ਔਕੜਾਂ ਵਿੱਚੋਂ ਗੁਜ਼ਰਨਾ ਸਹਿਜ ਸੁਭਾਅ ਹੀ ਸਿੱਖ ਜਾਂਦਾ ਸੀ। ਅੱਜ ਕੱਲ੍ਹ ਦੇ ਮਾਪਿਆਂ ਵੱਲੋਂ ਔਲਾਦ ਨੂੰ ਮਹਿੰਗੇ ਕੱਪੜੇ, ਵਧੀਆ ਤੋਂ ਵਧੀਆ ਬਸਤੇ,ਮਹਿੰਗੀ ਸਟੇਸ਼ਨਰੀ ਪ੍ਰਦਾਨ ਕਰਨ ਤੋਂ ਸ਼ੁਰੂ ਹੋ ਕੇ ਕਾਲਜ ਵਿੱਚ ਪਹੁੰਚਦੇ ਪਹੁੰਚਦੇ ਵੱਡੀਆਂ ਵੱਡੀਆਂ ਕਾਰਾਂ ਜਾਂ ਮਹਿੰਗੇ ਮੋਟਰਸਾਈਕਲਾਂ ਤੱਕ ਪਹੁੰਚ ਜਾਂਦੀ ਹੈ। ਮਾਪਿਆਂ ਦੀ ਪਦਾਰਥਵਾਦੀ ਸੋਚ  ਬੱਚਿਆਂ ਨੂੰ ਵੀ ਪਦਾਰਥਵਾਦੀ ਸੋਚ ਦਾ ਧਾਰਨੀ ਇਸ ਤਰ੍ਹਾਂ ਬਣਾ ਦਿੰਦੀ ਹੈ ਕਿ ਉਹਨਾਂ ਨੂੰ ਆਪਣੇ ਆਲ਼ੇ ਦੁਆਲ਼ੇ ਵਿੱਚੋਂ ਕਿਸੇ ਕੋਲੋਂ ਵਧੀਆ ਗੱਲਾਂ, ਨੈਤਿਕ ਕਦਰਾਂ ਕੀਮਤਾਂ ਇਕੱਠੀਆਂ ਕਰਨ ਦਾ ਹੁਨਰ ਆਉਣ ਦੀ ਬਜਾਏ ਉਹ ਆਪਣੇ ਆਲ਼ੇ ਦੁਆਲ਼ੇ ਦੇ ਲੋਕਾਂ ਵਿੱਚੋਂ ਅਮੀਰ ਲੋਕਾਂ ਨੂੰ ਚੁਣ ਕੇ ਉਹਨਾਂ ਦੁਆਰਾ ਵਰਤੀਆਂ ਜਾਣ ਵਾਲੀਆਂ ਮਹਿੰਗੀਆਂ ਵਸਤੂਆਂ ਨੂੰ ਚੁਣਨ ਲੱਗਦਾ ਹੈ। ਫਿਰ ਉਹੀ ਵਸਤਾਂ ਇਕੱਠੀਆਂ ਕਰਨ ਦੀ ਲਾਲਸਾ ਕਰਨ ਲੱਗਦਾ ਹੈ । ਜਿਸ ਦਾ ਨਤੀਜਾ ਮਾਪਿਆਂ ਉੱਤੇ ਭਾਰੂ ਪੈਂਦਾ ਹੈ।
         ਮੰਨਿਆ ਕਿ ਸਮਿਆਂ ਦੇ ਸੰਗੀ ਬਣ ਕੇ ਚੱਲਣਾ ਹੀ ਪੈਂਦਾ ਹੈ ਪਰ ਇਸ ਦਾ ਇਹ ਮਤਲਬ ਹਰਗਿਜ਼ ਨਹੀਂ ਹੁੰਦਾ ਕਿ ਅਸੀਂ ਆਪਣੇ ਪਿਛੋਕੜ ਨੂੰ ਬਿਲਕੁਲ ਹੀ ਵਿਸਾਰ ਦੇਈਏ। ਅੱਜ ਕੱਲ੍ਹ ਦੇ ਮਾਪੇ ਤਾਂ ਬੱਚੇ ਨੂੰ ਜਨਮ ਤੋਂ ਪਹਿਲਾਂ ਹੀ ਫੋਟੋਸ਼ੂਟ ਕਰਵਾ ਕੇ ਉਸ ਨੂੰ ਅਮੀਰ ਹੋਣ ਦਾ ਅਹਿਸਾਸ ਕਰਵਾਉਣ ਲੱਗ ਪਏ ਹਨ, ਜੰਮਦਿਆਂ ਹੀ ਉਸ ਦੇ ਆਲ਼ੇ ਦੁਆਲ਼ੇ ਮਹਿੰਗੇ ਮਹਿੰਗੇ ਤੋਹਫ਼ਿਆਂ ਦੀ ਭਰਮਾਰ, ਜਨਮ ਦੀ ਸਾਲਗਿਰਹਾ ਦੀ ਥਾਂ ਹਰ ਮਹੀਨੇ ਜਨਮ ਦਿਨ ਮਨਾਉਣ ਦਾ ਰਿਵਾਜ ਤੋਰਨਾ ਮਹਿਜ਼ ਫੁਕਰੇਪਣ ਤੋਂ ਇਲਾਵਾ ਹੋਰ ਕੁਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਇਹਨਾਂ ਗੱਲਾਂ ਦਾ ਮਨੁੱਖ ਦੀ ਝੂਠੀ ਸ਼ੋਹਰਤ ਜਾਂ ਵਿਖਾਵੇ ਦੀ ਜ਼ਿੰਦਗੀ ਵਿੱਚ ਤਾਂ ਕੋਈ ਸਥਾਨ ਹੋ ਸਕਦਾ ਹੈ ਪਰ ਆਮ ਜ਼ਿੰਦਗੀ ਵਿੱਚ ਇਹਨਾਂ ਗੱਲਾਂ ਦਾ ਕੋਈ ਖਾਸ ਮਹੱਤਵ ਨਹੀਂ ਹੁੰਦਾ। ਆਪਣੇ ਵੱਡਿਆਂ ਦੇ ਹੱਥਾਂ ਦੇ ਝੂਲਿਆਂ ਵਿੱਚ ਝੂਲ ਝੂਲ ਕੇ, ਮਿੱਠੀਆਂ ਮਿੱਠੀਆਂ ਲੋਰੀਆਂ ਸੁਣਨ ਨਾਲ ਬੱਚਿਆਂ ਨੂੰ ਜਿਹੜਾ ਸਕੂਨ ਮਿਲਦਾ ਹੈ ਉਹ ਸੋਨੇ ਦੇ ਪੰਘੂੜਿਆਂ ਦੇ ਹੁਲਾਰਿਆਂ ਵਿੱਚ ਕਦੇ ਨਹੀਂ ਮਿਲ ਸਕਦਾ।
             ਬਚਪਨ ਇੱਕ ਉਹ ਅਵਸਥਾ ਹੈ ਜਿਸ ਵਿੱਚ ਮਾਪੇ ਆਪਣੇ ਬੱਚਿਆਂ ਨੂੰ ਆਉਣ ਵਾਲੀ ਜ਼ਿੰਦਗੀ ਦੇ ਲੰਮੇ ਪੈਂਡਿਆਂ ਦੇ ਸਫ਼ਰ ਲਈ ਤਿਆਰ ਕਰ ਰਹੇ ਹੁੰਦੇ ਹਨ। ਕੁਝ ਕੁ ਦਹਾਕੇ ਪਹਿਲਾਂ ਦੇ ਬੱਚੇ ਅੱਜ ਕੱਲ੍ਹ ਦੀਆਂ ਸੁੱਖ ਸਹੂਲਤਾਂ ਤੋਂ ਸੱਖਣੇ ਸਨ । ਉਹ ਆਪਣੇ ਆਪ ਹੀ ਖੇਡਾਂ ਬਣਾ ਲੈਂਦੇ ਸਨ ਤੇ ਆਪਣੇ ਆਪ ਹੀ ਆਲ਼ੇ ਦੁਆਲ਼ੇ ਵਿੱਚੋਂ ਕੁਝ ਸਮਾਨ ਇਕੱਠਾ ਕਰ ਕੇ ਖੇਡ ਲੈਂਦੇ ਸਨ , ਜਿਵੇਂ ਲੀਰਾਂ ਜਾਂ ਕਾਗਜ਼ਾਂ ਨੂੰ ਗੁੱਛਮੁੱਛ ਕਰਕੇ ਖੁੱਦੋ ਬਣਾ ਲੈਂਦੇ ਸਨ ਤੇ ਕੋਈ ਸੋਟੀ ਨੂੰ ਖੂੰਡੀ ਬਣਾ ਕੇ ਖਿੱਦੋ ਖੂੰਡੀ ਖੇਡ ਲੈਂਦੇ ਸਨ। ਦਰਖ਼ਤ ਦੀ ਟਾਹਣੀ ਨਾਲੋਂ ਅੰਗਰੇਜ਼ੀ ਦੇ “ਵਾਈ” ਅਕਾਰ ਦੀ ਛੋਟੀ ਜਿਹੀ ਟਾਹਣੀ ਤੋੜ ਕੇ ਗੁਲੇਲ ਬਣਾ ਲੈਂਦੇ ਸਨ ਉਸ ਨਾਲ ਛੋਟੇ ਪੱਥਰਾਂ ਨਾਲ ਨਿਸ਼ਾਨੇਬਾਜ਼ੀ ਸਿੱਖ ਜਾਂਦੇ ਸਨ ਜਾਂ ਅਨੇਕਾਂ ਇਹੋ ਜਿਹੀਆਂ ਹੋਰ ਖੇਡਾਂ ਖੇਡਦੇ ਸਨ। ਅੱਜ ਦੀਆਂ ਵੱਡੀਆਂ ਖੇਡਾਂ ਦਾ ਮੂਲ ਆਧਾਰ ਇਹੀ ਦੇਸੀ ਖੇਡਾਂ ਹਨ ਜੋ ਪੁਰਾਣਿਆਂ ਬਚਪਨਾਂ ਦੀ ਇਜਾਦ ਮੰਨੀਆਂ ਜਾ ਸਕਦੀਆਂ ਹਨ। ਬੱਚੇ ਕਈ ਇਹੋ ਜਿਹੀਆਂ ਖੇਡਾਂ ਜਿਵੇਂ ਕੋਟਲਾ ਛਪਾਕੀ,ਸ਼ਟਾਪੂ, ਭੰਡਾ ਭੰਡਾਰੀਆ ਆਦਿ ਆਪ ਹੀ ਬਣਾ ਲੈਂਦੇ ਸਨ ਜਿਸ ਵਿੱਚ ਕੋਈ ਸਮਾਨ ਦੀ ਜ਼ਰੂਰਤ ਹੀ ਨਾ ਪੈਂਦੀ। ਇਸ ਗੱਲ ਤੋਂ ਇਹੀ ਸਿੱਧ ਹੁੰਦਾ ਹੈ ਕਿ ਪਹਿਲਾਂ ਬੱਚੇ ਖੋਜੀ ਪ੍ਰਵਿਰਤੀ ਦੇ ਹੁੰਦੇ ਸਨ। ਉਹ ਆਪਣੇ ਆਪ ਹੀ ਹਾਲਾਤਾਂ ਨਾਲ ਸਮਝੌਤਾ ਕਰ ਲੈਂਦੇ ਸਨ । ਉਹ ਬਹੁਤ ਹੀ ਸਬਰ ਸੰਤੋਖ ਵਾਲ਼ੇ ਅਤੇ ਆਪੇ ਖੁਸ਼ੀਆਂ ਲੱਭਣ ਵਰਗੇ ਨੈਤਿਕ ਗੁਣ ਲੱਭ ਕੇ ਉਹਨਾਂ ਦੇ ਧਾਰਨੀ ਬਣ ਜਾਂਦੇ ਸਨ। ਪਰ ਅੱਜ ਕੱਲ੍ਹ ਦੇ ਬੱਚਿਆਂ ਨੂੰ ਸੁਰਤ ਸੰਭਾਲਦਿਆਂ ਹੀ ਪਦਾਰਥਾਂ ਦੀ ਅਹਿਮੀਅਤ ਦਿਖਾਈ ਦੇਣ ਲੱਗਦੀ ਹੈ ਜਿਸ ਨਾਲ ਇਹ ਸਭ ਕੁਝ ਉਹਨਾਂ ਉੱਤੇ ਐਨਾ ਭਾਰੂ ਹੋ ਜਾਂਦਾ ਹੈ ਕਿ ਉਹ ਛੋਟੀਆਂ ਛੋਟੀਆਂ ਗੱਲਾਂ ਲਈ ਦੂਜਿਆਂ ਉੱਤੇ ਜਾਂ ਵਸਤਾਂ ਤੇ ਨਿਰਭਰ ਹੋਣ ਲੱਗਦੇ ਹਨ । ਉਹਨਾਂ ਦੀ ਸੋਚ ਅੰਦਰ ਸੌੜਾਪਣ ਪੈਦਾ ਹੋ ਕੇ ਉਹ ਤੰਗ ਦਿਲ ਜਿਹੇ ਇਨਸਾਨ ਵਜੋਂ ਉਭਰਨ ਲੱਗਦੇ ਹਨ । ਇਹੀ ਕਾਰਨ ਹੈ ਕਿ ਅੱਜ ਦੀ ਦੁਨੀਆਂ ਬਹੁਤ ਤੰਗਦਿਲ ਲੋਕਾਂ ਦੀ ਬਣਦੀ ਜਾ ਰਹੀ ਹੈ । ਅੱਜ ਦੇ ਬੱਚਿਆਂ ਵਿੱਚ ਸਹਿਣਸ਼ੀਲਤਾ ਘਟਣ ਦਾ ਕਾਰਨ ਵੀ ਇਹੀ ਹੈ । ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਨਾ ਹੋਣ ਕਰਕੇ ਉਹਨਾਂ ਵਿੱਚ ਗੱਲ ਗੱਲ ਤੇ ਗੁੱਸਾ ਕਰਨ ਦੀ ਆਦਤ ਵਧ ਰਹੀ ਹੈ।
           ਜੇ ਸੱਚ ਮੁੱਚ ਮਾਪੇ ਆਪਣੇ ਬੱਚਿਆਂ ਨੂੰ ਇੱਕ ਦਮਦਾਰ ਸ਼ਖ਼ਸੀਅਤ ਦੇ ਮਾਲਕ ਬਣਾਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਮਹਿੰਗੀਆਂ ਵਸਤੂਆਂ ਖਰੀਦ ਕੇ ਦੇਣ ਦੀ ਥਾਂ ਪੁਰਾਣੇ ਬਚਪਨਾਂ ਵਾਂਗ ਖੁੱਲ੍ਹਾ ਡੁੱਲ੍ਹਾ ਮਾਹੌਲ ਸਿਰਜਣ ਦੀ ਲੋੜ ਹੈ ਜਿਸ ਵਿੱਚ ਉਹ ਆਪਣੇ ਆਪ ਨੂੰ ਮਾਨਸਿਕ ਤੌਰ ਤੇ ਅਜ਼ਾਦ ਮਹਿਸੂਸ ਕਰ ਸਕਣ। ਅੱਜ ਕੱਲ੍ਹ ਮਾਪਿਆਂ ਵੱਲੋਂ ਆਪਣੇ ਰੁਝੇਵਿਆਂ ਵਿਚੋਂ ਕੁਝ ਸਮਾਂ ਕੱਢਕੇ ਪਰਿਵਾਰਕ ਮਾਹੌਲ ਵਿੱਚ ਬੱਚਿਆਂ ਨੂੰ ਖੁੱਲ੍ਹ ਕੇ ਖੇਡਣ ਲਈ ਮੌਕੇ ਪ੍ਰਦਾਨ ਕੀਤੇ ਜਾਣ ਦੀ ਲੋੜ ਹੈ। ਉਹਨਾਂ ਅੰਦਰ ਆਪਣੇ ਦਿਲ ਦੀ ਗੱਲ ਖੁੱਲ੍ਹ ਕੇ ਦੱਸਣ ਦੇ ਮੌਕੇ ਪ੍ਰਦਾਨ ਕੀਤੇ ਜਾਣੇ ਚਾਹੀਦੇ ਹਨ। ਅੱਜ ਦਾ ਬਚਪਨ ਸਕੂਲ ਦੀ ਚਾਰਦੀਵਾਰੀ ਤੇ ਫਿਰ ਘਰ ਆ ਕੇ ਟਿਊਸ਼ਨਾਂ ਦੀ ਚਾਰਦੀਵਾਰੀ ਦੇ ਅੰਦਰ ਤੇ ਫਿਰ ਘਰ ਦੇ ਵਿੱਚ ਬੱਚਿਆਂ ਵਾਲੇ ਕਮਰੇ ਦੀ ਚਾਰਦੀਵਾਰੀ ਵਿੱਚ ਕੈਦ ਹੁੰਦਾ ਜਾ ਰਿਹਾ ਹੈ।
               ਐਕਟੀਵਿਟੀ (ਕਾਰਜਸ਼ੀਲ ਪੜ੍ਹਾਈ ਪ੍ਰਣਾਲੀ) ਦੇ ਨਾਂ ਤੇ ਹੋਣ ਵਾਲੀ ਪੜ੍ਹਾਈ ਦੇ ਵਿੱਚ ਬੱਚਾ ਐਨਾ ਉਲਝਿਆ ਹੁੰਦਾ ਹੈ ਕਿ ਉਹ ਮਾਪਿਆਂ ਜਾਂ ਹੋਰਾਂ ਦੀ ਮਦਦ ਨਾਲ ਉਸ ਕੰਮ ਨੂੰ ਪੂਰਾ ਕਰਦਾ ਨਜ਼ਰ ਆਉਂਦਾ ਹੈ । ਜਿਸ ਦੇ ਬੋਝ ਹੇਠ ਉਸ ਦੇ ਖੁੱਲ੍ਹ ਕੇ ਜਿਊਣ ਵਾਲ਼ਾ ਬਚਪਨ ਆਪਣੇ ਆਪ ਖ਼ਤਮ ਹੋ ਜਾਂਦਾ ਹੈ।  ਕਈ ਵਾਰ ਵੇਖਣ ਵਿੱਚ ਆਇਆ ਹੈ ਕਿ ਛੋਟੀਆਂ ਜਮਾਤਾਂ ਤੋਂ ਲੈਕੇ ਵੱਡੀਆਂ ਜਮਾਤਾਂ ਤੱਕ ਦੇ ਬੱਚਿਆਂ ਦੇ ਮਾਪੇ ਉਹਨਾਂ ਨੂੰ ਮੁੱਲ ਦੇ ਪ੍ਰੋਜੈਕਟ ਖਰੀਦ ਕੇ ਦਿੰਦੇ ਹਨ ਜਿਸ ਕਾਰਨ ਬੱਚਾ ਚੰਗੇ ਨੰਬਰ ਤਾਂ ਲੈ ਲੈਂਦਾ ਹੈ ਪਰ ਅਸਲੀ ਜਾਣਕਾਰੀ ਤੋਂ ਸੱਖਣਾ ਰਹਿ ਜਾਂਦਾ ਹੈ।  ਬੱਚਾ ਓਨਾ ਹੀ ਸਿੱਖਦਾ ਹੈ ਜਿੰਨਾ ਉਸ ਨੂੰ ਪੜ੍ਹਾਇਆ ਜਾਂ ਸਿਖਾਇਆ ਜਾਂਦਾ ਹੈ। ਇਸ ਵਿੱਚ ਕਿਧਰੇ ਵੀ ਸਹਿਣਸ਼ੀਲਤਾ,ਸਨੇਹ, ਰੁੱਸਣਾ ਮੰਨਣਾ ਵਰਗੇ ਗੁਣ ਨਹੀਂ ਲੱਭਦੇ ਹਨ। ਅੱਜ ਦੇ ਬਚਪਨ ਵਿੱਚ ਮਾਪਿਆਂ ਦੀ ਹਿੱਸੇਦਾਰੀ ਸਿਰਫ਼ ਪੈਸਾ, ਸੁੱਖ ਸਹੂਲਤਾਂ, ਵਧੀਆ ਸਕੂਲ, ਵਧੀਆ ਟਿਊਟਰ ਅਤੇ ਬੱਚਿਆਂ ਨੂੰ ਸਕੂਲ ਛੱਡਣ ਜਾਂ ਲਿਆਉਣ ਜਿੰਨੀ ਹੀ ਰਹਿ ਗਈ ਹੈ। ਇਸ ਸਭ ਕੁਝ ਨੂੰ  ਅੱਜ ਦੇ ਮਾਪੇ ਆਪਣੇ ਵੱਲੋਂ ਦਿੱਤੀ ਜਾਣ ਵਾਲੀ ਵਧੀਆ ਪਰਵਰਿਸ਼ ਦਾ ਨਾਂ ਦਿੰਦੇ ਹਨ ਜਦ ਕਿ ਇਹ ਸਭ ਕੁਝ ਕਾਫ਼ੀ ਨਹੀਂ ਹੈ ਅਤੇ ਉਹ ਆਪਣੇ ਬੱਚਿਆਂ ਨੂੰ ਪੂਰੀ ਤਰ੍ਹਾਂ ਉਹਨਾਂ ਦੇ ਅਸਲੀ ਹੱਕਾਂ ਤੋਂ ਵਾਂਝਿਆਂ ਰੱਖ ਰਹੇ ਹੁੰਦੇ  ਹਨ। ਅੱਜ ਦਾ ਬਚਪਨ ਖੁੱਲ੍ਹੇ ਅਸਮਾਨਾਂ ਦੀਆਂ ਹਵਾਵਾਂ ਵਿੱਚ ਖੁੱਲ੍ਹ ਕੇ ਜਿਊਣ ਤੋਂ ਵਾਂਝਾ ਹੋ ਗਿਆ ਹੈ। ਜਿਸ ਨਾਲ ਉਹ ਜਵਾਨੀ ਵਿੱਚ ਭਟਕਣ ਮਹਿਸੂਸ ਕਰਦਾ ਹੋਇਆ ਕੁਰਾਹੇ ਪੈ ਜਾਂਦਾ ਹੈ। ਉਹ ਇਸ ਸਭ ਦੀ ਕਮੀ ਆਪਣੇ ਦੋਸਤਾਂ ਨਾਲ਼ ਅੱਧੀ ਅੱਧੀ ਰਾਤ ਤੱਕ ਘੁੰਮ ਫਿਰ ਕੇ ਪੂਰੀ ਕਰਦਾ ਹੈ। ਲੋੜ ਹੈ ਅੱਜ ਦੇ ਮਾਪਿਆਂ ਵੱਲੋਂ ਆਪਣੇ ਬੱਚਿਆਂ ਦੇ ਬਚਪਨ ਨੂੰ ਸੰਭਾਲਣ ਦੀ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਹੀ ਮਾਰਗਦਰਸ਼ਨ ਕਰਕੇ ਫਿਰ ਤੋਂ ਇੱਕ ਨਰੋਆ ਸਮਾਜ ਸਿਰਜਣ ਦੇ ਯੋਗ ਹੋ ਸਕੀਏ।
ਬਰਜਿੰਦਰ ਕੌਰ ਬਿਸਰਾਓ…
9988901324
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਕਰਤਾਰ ਕਾਨਵੈਂਟ ਸਕੂਲ ‘ਚ ਬੱਚਿਆਂ ਨੇ ਮੈਜਿਕ ਸ਼ੋਅ ਦਾ ਅਨੰਦ ਮਾਣਿਆ
Next articleमुख्य न्यायाधीश गवई पर हमला आपराधिक आक्रामकता को राष्ट्रवादी गुण के रूप में प्रस्तुत करता है